59 views 12 secs 0 comments

ਭਗਉਤੁ ਜਾਂ ਭਗਉਤੀ ਤੋਂ ਭਾਵ

ਲੇਖ
June 10, 2025

ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ॥
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੯੩)
ਪੰਚ ਖਾਲਸਾ ਦੀਵਾਨ ਭਸੌੜ ਵੱਲੋਂ ਭਗੌਤੀ/ਭਗਉਤੀ ਸ਼ਬਦ ਬਾਰੇ ਗਲਤ ਪ੍ਰਚਾਰ ਨੇ ਕੁਝ ਕੁ ਸਿੱਖ ਸੰਗਤਾਂ ਦੇ ਮਨਾਂ ਵਿਚ ਸ਼ੰਕੇ ਦਾ ਤੱਕਲਾ ਗੱਡ ਦਿੱਤਾ, ਇਸੇ ਕਰਕੇ ਇੱਕਾ ਦੁੱਕਾ ਗੁੰਮਰਾਹੀਆਂ ਵੱਲੋਂ “ਪ੍ਰਿਥਮ ਭਗਉਤੀ ਸਿਮਰ ਕੈ” ਪੰਥਕ ਅਰਦਾਸ ਦੀ ਪਹਿਲੀ ਪਉੜੀ ’ਚੋਂ ‘ਭਗਉਤੀ’ ਦੇ ਸਹੀ ਅਰਥਾਂ ਦਾ ਰੂਪ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜੇਕਰ ਅਸੀਂ ਸਭ ਤੋਂ ਪਹਿਲਾਂ ‘ਸਮ ਅਰਥ ਕੋਸ਼’ ਤੋਂ ਅਰਥ ਵਾਚੀਏ ਤਾਂ ਵਾਹਿਗੁਰੂ ਸ਼ਬਦ ਦੇ ੧੭੦ ਸਮ ਅਰਥੀ ਸ਼ਬਦਾਂ ਵਿਚ ਜਿੱਥੇ– ੴ☬, ਅਕਾਲ, ਸਾਈਂ, ਖੁਦਾ, ਗੋਪਾਲ, ਜਗਜੀਵਨ, ਜਗੰਨਾਥ, ਨਰਾਇਣ, ਨਿਰੰਕਾਰ, ਪਾਰਬ੍ਰਹਮ, ਬੀਠਲ, ਰਮਈਆ, ਮਉਲਾ, ਮਧਸੂਦਨ ਆਦਿ ਹਨ, ਉੱਥੇ ਭਗਉਤ, ਭਗਉਤੀ, ਭਗਵਤ, ਭਾਗਉਤੀ ਆਦਿ ਸ਼ਬਦ ਵੀ ਪਰਮਾਤਮਾ ਲਈ ਹਨ। ਇਸੇ ਤਰ੍ਹਾਂ ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ੬ ਅਰਥ ਕੀਤੇ ਹਨ, ਜਿਵੇ:- “ਭਗਉਤੀ ੧. ਭਗਵਤ-ਕਰਤਾਰ ਦਾ ਉਪਾਸ਼ਕ, ੨. ਭਗਵਤ ਦੀ, ੩. ਭਗਵਤੀ, ੪. ਖੜਗ, ਸ੍ਰੀ ਸਾਹਿਬ, ਤਲਵਾਰ, ੫. ਮਹਾਂਕਾਲ (ਭਾਵ ਪਰਮਾਤਮਾ) ੬. ਇਕ ਛੰਦ।”
‘ਸ੍ਰੀ ਗੁਰੂ ਗੰ੍ਰਥ ਕੋਸ਼’ (ਕ੍ਰਿਤ ਗਿ: ਹਜਾਰਾ ਸਿੰਘ) ਵਿਚ ‘ਭਗਉਤੀ’ ਦੇ ਤਿੰਨ ਅਰਥ ਹਨ ‘ਭਗਉਤੀ (ਸੰਸਕ੍ਰਿਤ ਭਗਵਤੀ) ਪੂਜਾ ਯੋਗ, ਆਦਰਯੋਗ, ਭਗਵਾਨ, ੨. ਇਕ ਪੰਥ ਦਾ ਨਾਮ ਹੈ ਵੈਸ਼ਨਵ ਜੋ ਭਗਵਤ ਪਰਾਇਣ ਹੋਵੇ, ੩. (ਸੰਸਕ੍ਰਿਤ ਭਕਤਰੀ) ਉਪਾਸ਼ਨਾ ਜਾਂ ਭਕਤੀ ਕਰਨ ਵਾਲਾ। ਇਸੇ ਤਰ੍ਹਾਂ (ਸੰਸਕ੍ਰਿਤ ਭਗਵਤ= ਰੱਬ) ਭਗਵੰਤ, ਪਰਮਾਤਮਾ।
‘ਗੁਰਮਤਿ ਮਾਰਤੰਡ’ ਭਾਗ ਦੂਜਾ ਵਿਚ ਹੋਰ ਵਿਸਤਾਰ ਵੀ ਹੈ, “ਗੁਰਬਾਣੀ ਵਿਚ ਅਤੇ ਸਿੱਖ ਧਰਮ ਸੰਬੰਧੀ ਗੰ੍ਰਥਾਂ ਵਿਚ ਭਗਉਤੀ ਸ਼ਬਦ– ਕਰਤਾਰ ਦਾ ਭਗਤ, ਭਗਵਤ ਦੀ, ਭਗਵਤੀ, ਸ੍ਰੀ ਸਾਹਿਬ (ਖੜਗ), ਸੰਘਾਰ ਕਰਤਾ, ਮਹਾਂਕਾਲ ਪ੍ਰਸੰਗ ਅਨੁਸਾਰ ਅਰਥ ਰੱਖਦਾ ਹੈ। ਇਸ ਤੋਂ ਅੱਗੇ ਭਾਈ ਕਾਨ੍ਹ ਸਿੰਘ ਨਾਭਾ ਨੇ ਪ੍ਰਿਥਮ ਭਗੌਤੀ ਸਿਮਰ ਕੈ ਸੰਬੰਧੀ ਵੇਰਵਾ ਦਿੱਤਾ ਹੈ ਕਿ ਇਸ ਥਾਂ ‘ਭਗੌਤੀ’ ਸ਼ਬਦ ਦਾ ਅਰਥ ‘ਪਾਰਬ੍ਰਹਮ’ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮਹਲਾ ਤੀਜਾ ਅਤੇ ਮਹਲਾ ਪੰਜਵਾਂ ਸਿਰਲੇਖ ਹੇਠ ‘ਭਗਉਤੀ’ ਸ਼ਬਦ ‘ਕਰਤਾਰ ਦੇ ਉਪਾਸ਼ਕ’ ਦੇ ਅਰਥਾਂ ਵਿਚ ਵੀ ਹੈ ਅਤੇ ਇਕ
ਵਾਰ ਭਗਵਾਨ ਦੇ ਭਾਵ ਅਰਥਾਂ ਵਿਚ ਵੀ ਹੈ। ਪਹਿਲੀਆਂ ਪੰਕਤੀਆਂ ਵਿਚ ਅਰਥ ਭਗਤੀ ਕਰਨ ਵਾਲਾ (ਭਗਉਤੀ) ਤੋਂ ਹੈ:
-ਸੋ ਭਗਉਤੀ ਜੁੋ ਭਗਵੰਤੈ ਜਾਣੈ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੮੮)
-ਅੰਤਰਿ ਕਪਟੁ ਭਗਉਤੀ ਕਹਾਏ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੮੮)
-ਐਸਾ ਭਗਉਤੀ ਉਤਮੁ ਹੋਇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੮੮)
-ਭਗਉਤੀ ਭਗਵੰਤ ਭਗਤਿ ਕਾ ਰੰਗੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੨੭੪)
-ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੨੭੪)
-ਤਿਸੁ ਭਗਉਤੀ ਕੀ ਮਤਿ ਊਤਮ ਹੋਵੈ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੨੭੪)
-ਕੋਈ ਕਹਤਉ ਅਨੰਨਿ ਭਗਉਤੀ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੯੧੨)
ਇਸੇ ਤਰ੍ਹਾਂ ਅਗਲੇਰੀ ਪੰਕਤੀ ਵਿਚ ਭਗਉਤੀ ਦੇ ਅਰਥ ‘ਭਗਵਾਨ’ ਹਨ:
ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ॥
ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੩੪੮)
ਇੱਥੇ ਪ੍ਰੋ. ਸਾਹਿਬ ਸਿੰਘ ਜੀ ਨੇ ਭਗਉਤੀ ਮੁਦ੍ਰਾ ਦੇ ਅਰਥ ਵਿਸ਼ਨੂ ਭਗਤੀ ਦੇ ਚਿਹਨ ਕੀਤੇ ਹਨ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ ‘ਗੁਰਮਤਿ ਮਾਰਤੰਡ’ ਵਿਚ ਭਗਵਾਨ ਦੀ ਮੁਦ੍ਰਾ ਕੀਤੇ ਹਨ। ਪਰ ਭਾਵ ਅਰਥ ਭਗਵਾਨ ਪ੍ਰਥਾਇ ਹੀ ਹਨ।
ਅਸੀਂ ਜੋ ਰੋਜ਼ਾਨਾ ਪੰਥਕ ਮਰਯਾਦਾ ਅਨੁਸਾਰ ਅਰਦਾਸ ਕਰਦੇ ਹਾਂ ਉਸ ਦੀ ਪਹਿਲੀ ਪਉੜੀ ਇੱਥੋਂ ਅਰੰਭ ਹੁੰਦੀ ਹੈ, “ੴ☬ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ॥ ਸ੍ਰੀ ਭਗੌਤੀ ਜੀ ਸਹਾਇ॥ ਵਾਰ ਸ੍ਰੀ ਭਗੌਤੀ ਜੀ ਕੀ। ਪਾਤਸ਼ਾਹੀ ੧੦॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ॥ . . . ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥ ਸਭ ਥਾਈਂ ਹੋਇ ਸਹਾਇ॥”
ਇਹ ਉਪਰੋਕਤ ਪਉੜੀ ਸ੍ਰੀ ਦਸਮ ਗੰ੍ਰਥ ਦੇ ਪੰਨਾ ੧੧੯ ਉੱਪਰ ਸੁਭਾਇਮਾਨ ਹੈ। ਇੱਥੇ ਵੀ ਭਗਉਤੀ ਦੇ ਅਰਥ ਮੂਲ ਪਾਠ ਦੇ ਫੁੱਟ ਨੋਟ ਵਿਚ ‘ਮਹਾਂਕਾਲ’ ਲਿਖੇ ਹਨ। ਇਸ ਗੰ੍ਰਥ ਵਿਚ ਭਗਉਤੀ ਦਾ ਮੰਗਲਾਚਰਣ ਅਨੇਕ ਵਾਰ ਆਇਆ ਹੈ। ਉਦਾਹਰਨ ਵਜੋਂ:
-ੴ☬ ਸਤਿਗੁਰ ਪ੍ਰਸਾਦਿ॥ ਸ੍ਰੀ ਭਗਉਤੀ ਜੀ ਸਹਾਇ॥ (ਸ੍ਰੀ ਦਸਮ ਗੰ੍ਰਥ, ਪੰਨਾ ੧੨੭)
-ਅਥ ਪਰਸਰਾਮ ਅਵਤਾਰ ਕਥਨੰ॥ ਸ੍ਰੀ ਭਗਉਤੀ ਜੀ ਸਹਾਇ॥ (ਪੰਨਾ ੧੬੯)
-ਸ੍ਰੀ ਭਗਉਤੀ ਜੀ ਸਹਾਇ॥ ਅਥ ਬ੍ਰਹਮ ਅਵਤਾਰ ਕਥਨੰ॥ (ਪੰਨਾ ੧੭੨)
-ਸ੍ਰੀ ਭਗਉਤੀ ਜੀ ਸਹਾਇ॥ ਅਥ ਗਉਰ ਬਧਹ ਕਥਨੰ॥ (ਪੰਨਾ ੧੭੫)
-ਸ੍ਰੀ ਭਗਉਤੀ ਜੀ ਸਹਾਇ॥ਚੌਪਈ॥ (ਪੰਨਾ ੧੭੯, ੧੮੧, ੧੮੨)
-ਅਥ ਮਨੁ ਰਾਜਾ ਅਵਤਾਰ ਕਥਨੰ॥ ਸ੍ਰੀ ਭਗਉਤੀ ਜੀ ਸਹਾਇ॥ (ਪੰਨਾ ੧੮੪)
-ਅਥ ਸੂਰਜ ਅਵਤਾਰ ਕਥਨੰ॥ ਸ੍ਰੀ ਭਗਉਤੀ ਜੀ ਸਹਾਇ॥ (ਪੰਨਾ ੧੮੫)
-ਅਥ ਚੰਦ ਅਵਤਾਰ ਕਥਨੰ॥ ਸ੍ਰੀ ਭਗਉਤੀ ਜੀ ਸਹਾਇ॥ (ਪੰਨਾ ੧੮੭)
-ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣ ਲਿਖਅਤੇ॥
ਸ੍ਰੀ ਭਗਉਤੀ ਜੀ ਸਹਾਇ॥ ਪਾਤਸ਼ਾਹੀ ੧੦॥ (ਪੰਨਾ ੭੧੭)
ਇਸ ਪ੍ਰਕਾਰ ਇੱਥੇ ਭਗਉਤੀ ਤੋਂ ਭਾਵ ਪਰਮਾਤਮਾ ਜਾਂ ਮਹਾਂਕਾਲ ਹੈ। ਉਂਜ ਵੀ ਕਿਸੇ ਸ਼ਬਦ ਦੇ ਅਰਥ ਪਰਕਰਣ ਅਨੁਸਾਰ ਸਮਝਾਏ ਜਾਂਦੇ ਹਨ। ਜਿਵੇਂ ‘ਲਈ ਭਗਉਤੀ ਦੁਰਗਸ਼ਾਹ’ ਇੱਥੇ ਭਗਉਤੀ ਦੇ ਅਰਥ ਕਿਰਪਾਨ ਜਾਂ ਸ੍ਰੀ ਸਾਹਿਬ ਹਨ। ਭਾਈ ਗੁਰਦਾਸ ਜੀ ਨੇ ਵੀ ੨੫ਵੀਂ ਵਾਰ ਵਿਚ ਕਿਰਪਾਨ ਲਈ ‘ਭਗਉਤੀ’ ਸ਼ਬਦ ਵਰਤਿਆ ਹੈ:
ਨਾਉ ਭਗਉਤੀ ਲੋਹੁ ਘੜਾਇਆ।
ਉਦਾਹਰਨ ਵਜੋਂ ‘ਹਰਿ’ ਸ਼ਬਦ ਦੇ ਕੋਸ਼ ਵਿਚ ੪੪ ਅਰਥ ਹਨ। ਹਰਿ ਦਾ ਅਰਥ ਹਰੀ ਜਾਂ ਪਰਮਾਤਮਾ ਵੀ ਹੈ ਪਰ ਹਰਿ ਦਾ ਅਰਥ ਡੱਡੂ, ਪਾਣੀ, ਪਹਾੜ, ਸੱਪ ਆਦਿ ਵੀ ਹੈ। ਇਸੇ ਪ੍ਰਕਾਰ ‘ਭਗਉਤੀ’ ਸ਼ਬਦ ਨੂੰ ਸਮਝਣ ਦੀ ਲੋੜ ਹੈ। ਗੁਰਬਾਣੀ ਦੀ ਦ੍ਰਿਸ਼ਟੀ ਤੋਂ ਵਿਚਾਰ ਕਰੀਏ ਤਾਂ ਜੋ ਭਗਤ ਰਵਿਦਾਸ ਜੀ ਦਾ ਸ਼ਬਦ ਹਥਲੇ ਲੇਖ ਦੇ ਅਰੰਭ ਵਿਚ ਦਰਜ ਹੈ, ਉਸ ਦਾ ਭਾਵ ਅਰਥ ਹੈ:-
ਹੇ ਭਾਈ! ਤਰ ਤਾਰਿ (ਤਾੜੀ ਦੇ ਰੁੱਖ) ਅਪਵਿੱਤਰ ਮੰਨੇ ਜਾਂਦੇ ਹਨ, ਉਸੇ ਤਰ੍ਹਾਂ ਉਨ੍ਹਾਂ ਰੁੱਖਾਂ ਤੋਂ ਬਣੇ ਕਾਗਜ਼ਾਂ (ਕਾਸਰਾ) ਬਾਰੇ ਲੋਕ ਵਿਚਾਰ ਕਰਦੇ ਹਨ। ਪਰ ਜਦੋਂ ਭਗਵਾਨ ਦੀ ਸਿਫਤ ਸਲਾਹ (ਭਗਤਿ ਭਗਉਤੁ) ਉਨ੍ਹਾਂ ਉੱਤੇ ਭਾਵ ਤਾੜੀ ਦੇ ਰੁੱਖ ਦੇ ਕਾਗਜ਼ਾਂ ਉੱਪਰ ਲਿਖੀ ਜਾਂਦੀ ਹੈ ਤਾਂ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਇੱਥੇ ਭਗਉਤੁ ਤੋਂ ਅਰਥ ਪਰਮਾਤਮਾ ਹੈ।
ਇਤਿਹਾਸਿਕ ਦ੍ਰਿਸ਼ਟੀ ਤੋਂ ਭਗਤ ਰਵਿਦਾਸ ਜੀ ਦਾ ਜੀਵਨ-ਕਾਲ ੧੪ਵੀਂ ਸਦੀ ਦੇ ੮ਵੇਂ ਦਹਾਕੇ ਤੋਂ ੧੫ਵੀਂ ਸਦੀ ਦੇ ੯ਵੇਂ ਦਹਾਕੇ ਤਕ ਮੰਨਿਆ ਗਿਆ ਹੈ। ਸਪੱਸ਼ਟ ਹੈ ਕਿ ਉਸ ਸਮੇਂ ‘ਭਗਉਤੀ’ ਦਾ ਅਰਥ ਪਰਮਾਤਮਾ ਲਿਆ ਗਿਆ। ਇਧਰ ਦਸਮ ਪਾਤਸ਼ਾਹ ਜੀ ਦਾ ਜੀਵਨ-ਕਾਲ ੧੭ਵੀਂ ਸਦੀ ਦੇ ੭ਵੇਂ ਦਹਾਕੇ ਤੋਂ ੧੮ਵੀਂ ਸਦੀ ਦੇ ਪਹਿਲੇ ਦਹਾਕੇ ਤਕ ਹੈ। ਕੀ ਇਸ ਸਮੇਂ ਭਗਉਤੀ ਦਾ ਅਰਥ ਪਰਮਾਤਮਾ ਬਦਲ ਗਿਆ?
ਤੱਤਸਾਰ ਵਜੋਂ ਜਦ ਗੁਰੂ ਪੰਥ ਦੇ ਸਤਿਕਾਰਤ ਵਿਦਵਾਨਾਂ ਤੇ ਧਾਰਮਿਕ ਸ਼ਖ਼ਸੀਅਤਾਂ ਨੇ ‘ਸਿੱਖ ਰਹਿਤ ਮਰਯਾਦਾ’ ਤਿਆਰ ਕੀਤੀ ਤਾਂ ‘ਭਗਉਤੀ’ ਸ਼ਬਦ ਉੱਪਰ ਕੋਈ ਕਿੰਤੂ ਨਹੀਂ ਸੀ, ਕਿਉਕਿ ਇਸ ਦੇ ਹੋਰ ਅਰਥਾਂ ਤੋਂ ਇਲਾਵਾ ਇਕ ਅਰਥ ਪਰਮਾਤਮਾ ਵੀ ਹੈ। ਇਸ ਲਈ ਦਸਮ ਪਾਤਸ਼ਾਹ ਜੀ ਰਚਿਤ ਪਉੜੀ ਸ਼ਰਧਾ, ਭਾਵਨਾ ਤੇ ਭਰੋਸੇ ਨਾਲ ਪੜ੍ਹੀ ਜਾਵੇ। ਇਸ ਨੂੰ ਬਦਲਣ ਵਾਲਿਆਂ ਨੂੰ ਪੰਥ ਨੇ ਨਕਾਰ ਦਿੱਤਾ ਹੈ। ‘ਭਗਉਤੀ’ ਸ਼ਬਦ ਦੇ ਸਹੀ ਭਾਵ-ਅਰਥ ਨੂੰ ਬਿਬੇਕ ਬੁੱਧੀ ਨਾਲ ਸਮਝਣ, ਸਮਝਾਉਣ ਤੇ ਪ੍ਰਚਾਰਨ ਦੀ ਲੋੜ ਹੈ। ਤਾਂਕਿ ਭਵਿੱਖ ਵਿਚ “ਪ੍ਰਿਥਮ ਭਗੌਤੀ ਸਿਮਰਿ ਕੈ” ਵਾਲੀ ਅਰਦਾਸ ਦੀ ਪਉੜੀ ਨੂੰ ਬਦਲਣ ਜਾਂ ਵਿਗਾੜਨ ਦੀ ਕੋਈ ਗਲਤੀ ਨਾ ਕਰੇ।

-ਡਾ. ਇੰਦਰਜੀਤ ਸਿੰਘ ਗੋਗੋਆਣੀ*