ਭਾਈ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ, ਜੋ ਪਿਛਲੇ ਲਗਭਗ ਦੋ ਸਾਲਾਂ ਤੋਂ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ‘ਚ ਬੰਦ ਸਨ, ਨੂੰ ਅੱਜ ਪੰਜਾਬ ਪੁਲਿਸ ਵੱਲੋਂ ਪੰਜਾਬ ਬਦਲੀ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਹ ਬਦਲੀ ਉਨ੍ਹਾਂ ਦੀ ਰਿਹਾਈ ਨਹੀਂ ਬਲਕਿ ਉਨ੍ਹਾਂ ਨੂੰ ਹੋਰ ਦੇਰ ਤੱਕ ਨਜ਼ਰਬੰਦ ਰੱਖਣ ਦੀ ਨਵੀਂ ਯੋਜਨਾ ਜਾਪਦੀ ਹੈ।
ਇਨ੍ਹਾਂ ਸਾਰੇ ਸਿੰਘਾਂ ਨੂੰ ਕਿਸੇ ਵੀ ਠੋਸ ਸਬੂਤ ਤੋਂ ਬਿਨਾਂ ਗ੍ਰਿਫ਼ਤਾਰ ਕਰਕੇ ਗੈਰਕਾਨੂੰਨੀ ਤਰੀਕੇ ਨਾਲ NSA ਤਹਿਤ ਨਜ਼ਰਬੰਦ ਰੱਖਿਆ ਗਿ ਅਤੇ ਹੁਣ, ਜਦੋਂ ਐੱਨ.ਐੱਸ.ਏ. ਦੀ ਮਿਆਦ ਖ਼ਤਮ ਹੋਣ ਜਾ ਰਹੀ ਹੈ, ਤਾਂ ਪੰਜਾਬ ਪੁਲੀਸ ਨੇ ਨਵੇਂ ਮਾਮਲੇ ਲਗਾ ਕੇ ਉਨ੍ਹਾਂ ਨੂੰ ਦੁਬਾਰਾ ਜੇਲ੍ਹ ‘ਚ ਰੱਖਣ ਦਾ ਫ਼ੈਸਲਾ ਕਰ ਲਿਆ ਹੈ।
ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ‘ਤੇ ਪੰਜਾਬ ਪੁਲੀਸ ਨੇ 2023 ‘ਚ ਅੰਮ੍ਰਿਤਸਰ ਦੇ ਅਜਨਾਲੇ ਪੁਲੀਸ ਥਾਣੇ ‘ਤੇ ਹਮਲਾ ਕਰਨ ਦੇ ਦੋਸ਼ ਲਗਾਏ ਅਤੇ ਹੁਣ ਉਨ੍ਹਾਂ ਨੂੰ ਰਾਹਦਾਰੀ ਰਿਮਾਂਡ ‘ਤੇ ਪੰਜਾਬ ਲਿਆਂਦੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਸੱਤ ਬੰਦੀ ਸਿੰਘ – ਕੁਲਵੰਤ ਸਿੰਘ, ਹਰਜੀਤ ਸਿੰਘ, ਗੁਰਿੰਦਰ ਪਾਲ ਸਿੰਘ, ਗੁਰਮੀਤ ਸਿੰਘ, ਭਗਵੰਤ ਸਿੰਘ (ਉਰਫ਼ ਪ੍ਰਧਾਨ ਮੰਤਰੀ ਬਾਜੇਕੇ), ਦਲਜੀਤ ਸਿੰਘ ਕਲਸੀ ਅਤੇ ਬਸੰਤ ਸਿੰਘ – ਪਿਛਲੇ ਤਿੰਨ ਦਿਨਾਂ ਦੌਰਾਨ ਐੱਨ.ਐੱਸ.ਏ. ਤਹਿਤ ਰਿਹਾਅ ਹੋਣ ਦੇ ਬਾਵਜੂਦ, ਨਵੇਂ ਕੇਸਾਂ ਕਾਰਨ ਹੁਣ ਵੀ ਜੇਲ੍ਹ ‘ਚ ਹੀ ਰਹਿਣਗੇ।
ਪੰਜਾਬ ਪੁਲੀਸ ਦੀ 25 ਮੈਂਬਰੀ ਟੀਮ ਨੇ ਪਿਛਲੇ ਕੁਝ ਦਿਨਾਂ ਤੋਂ ਡਿਬਰੂਗੜ੍ਹ ‘ਚ ਡੇਰਾ ਲਾਇਆ ਹੋਇਆ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਉਡਾਣਾਂ ਰਾਹੀਂ ਪੰਜਾਬ ਲਿਆਉਣ ਦੀ ਕਾਰਵਾਈ ਜਾਰੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਇਸ਼ਾਰਾ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਤਿੰਨ ਬੰਦੀ ਵੀ 2025 ਦੇ ਅੱਧ ਤੱਕ ਪੰਜਾਬ ਬਦਲੀ ਹੋ ਸਕਦੇ ਹਨ ਪਰ ਉਨ੍ਹਾਂ ਦੀ ਰਿਹਾਈ ਦੀ ਕੋਈ ਸੰਭਾਵਨਾ ਨਹੀਂ।