
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ॥
(ਅੰਗ ੧੩੪)
ਰੁੱਤਾਂ ਦੀ ਵੰਡ ਅਨੁਸਾਰ ਸਾਵਣਿ ਤੇ ਭਾਦੁਇ ਦੋਨੋਂ ਵਰਖਾ ਰੁੱਤ ਦੇ ਮਹੀਨੇ ਹਨ।
ਭਾਦੁਇ ਦੇ ਭਾਵ ਅਰਥ ਦੋ ਭਾ ਵੀ ਲਏ ਜਾਂਦੇ ਹਨ ਕਿਉਂਕ ਇਸ ਮਹੀਨੇ ਮੌਸਮ ਦਾ ਮਿਜ਼ਾਜ ਦੋ ਰੰਗਾਂ ਦਾ ਹੁੰਦਾ ਹੈ। ਕਦੀ ਅੱਤ ਚੁਮਾਸਾ ਅਤੇ ਕਦੀ ਵਰਖਾ। ਇਸ ਨੂੰ ਵਰਖਾ ਰੁੱਤ ਦਾ ਦੂਜਾ ਮਹੀਨਾ ਵੀ ਕਿਹਾ ਜਾਂਦਾ ਹੈ। ਜੇਕਰ ਇਸ ਮਹੀਨੇ ਦੇ ਨਾਮਕਰਣ ਬਾਰੇ ਵਿਚਾਰੀਏ ਤਾਂ ‘ਮਹਾਨ ਕੋਸ਼’ ਅਨੁਸਾਰ ਜਿਸ ਦੀ ਪੂਰਨਮਾਸ਼ੀ ਨੂੰ ਭਾਦੁਪਦਾ ਨਕੜ ਦਾ ਯੋਗ ਹੁੰਦਾ ਹੈ। ‘ਸੰਖਿਆ ਕੋਸ਼’ ਅਨੁਸਾਰ ਸਤਾਈ ਨਛੱਤਰਾਂ ‘ਚੋਂ ਵੀਹਵਾਂ ਨਛੱਤਰ ਪੂਰਵਾ ਭਦ੍ਰਪਦਾ ਹੈ। ਇਸ ਨੂੰ ਆਮ ਉਚਾਰਣ ਵਿਚ ਅਸੀਂ ਭਾਦੋਂ ਦਾ ਮਹੀਨਾ ਕਹਿੰਦੇ ਹਾਂ ਤੇ ਇਸ ਦਾ ਨਾਮਕਰਣ ਭਾਦ੍ਰਪਦਾ ਨਛੱਤਰ ਤੋਂ ਪ੍ਰਚੱਲਿਤ ਹੋਇਆ ਹੈ। ‘ਸਮ ਅਰਥ ਕੋਸ਼’ ਵਿਚ ਇਸ ਦੇ ਸਮਾਨ-ਅਰਥੀ ਸ਼ਬਦ ਭਾਦੋ ਭ, ਨਭਸਯ, ਪ੍ਰੌਖਠਪਦ, ਭਾਦਉਂ, ਭਾਦਵ, ਭਾਦੁਇ, ਭਾਦੋਂ, ਭਾਦੂ ਤੇ ਭਾਦੁਪਦ ਆਦਿ ਹਨ।
ਬਾਰਹ ਮਾਹਾ ਤੁਖਾਰੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਮਹੀਨੇ ਰਾਹੀਂ ਇਉਂ ਉਪਦੇਸ਼ ਬਖ਼ਸ਼ਦੇ ਹਨ :
ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ॥ ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ॥
(ਅੰਗ ੧੧੦੮)
ਭਾਵ – ਭਾਦਰੋਂ ਦੇ ਮਹੀਨੇ ਜਿਹੜੀ ਜੀਵ ਰੂਪ ਇਸਤਰੀ ਭਰਮ ‘ਚ ਭੁੱਲੀ ਭਰ ਜੋਬਨ ਵਿਚ ਗਲਤੀ ਖਾ ਗਈ, ਉਸ ਨੂੰ ਪ੍ਰਭੂ ਦੇ ਵਿਛੋੜੇ ਵਿਚ ਪਛਤਾਉਣਾ ਹੀ ਪਿਆ। ਇਸ ਵਰਖਾ ਰੁੱਤੇ ਸਭ ਥਾਂ ਪਾਣੀ ਨਾਲ ਭਰੇ ਹੋਏ ਹਨ ਤੇ ਇਸ ਨਜ਼ਾਰੇ ਦਾ ਰੰਗ ਪ੍ਰਭੂ ਸੰਜੋਗ ਨਾਲ ਮਾਣਿਆ ਜਾ ਸਕਦਾ ਹੈ। ਅੱਗੇ ਇਸ ਮਹੀਨੇ ਦੇ ਕੁਦਰਤੀ ਰੰਗਾਂ ਦਾ ਚਿਤਰਨ ਹੈ :
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ॥
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ॥ (ਅੰਗ ੧੧੦੮)
ਭਾਵ – ਕਾਲੀ ਰਾਤ (ਨਿਸਿ ਕਾਲੀ) ਨੂੰ ਡੱਡੂ ਦਾਦਰ) ਤੇ ਮੋਰ ਬੋਲਦੇ ਹਨ। ਪਪੀਹਾ ਪ੍ਰਿਉ ਪ੍ਰਿਉ ਕਰਦਾ ਹੈ ਪਰ ਵਿਯੋਗੀ ਆਤਮਾ ਅਨੰਦਤ ਨਹੀਂ ਹੁੰਦੀ ਤੇ ਉਸ ਨੂੰ
ਜਾਪਦਾ ਹੈ ਕਿ ਸੱਪ (ਭੁਇਅੰਗਮ) ਡੰਗਦੇ ਫਿਰਦੇ ਹਨ। ਅੱਗੇ ਫੁਰਮਾਨ ਹੈ:
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ॥ ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ॥੧੦॥
(ਅੰਗ ੧੧੦੮)
ਮੱਛਰ ਡੰਗਦੇ ਹਨ, ਸਾਇਰ (ਸਰੋਵਰ-ਤਲਾਬ) ਪਾਣੀ ਨਾਲ ਭਰੇ ਹੋਏ ਹਨ ਪਰ ਪ੍ਰਭੂ ਸੰਜੋਗ ਤੋਂ ਬਗੈਰ ਸੁਖ ਨਹੀਂ ਪਾਇਆ ਜਾ ਸਕਦਾ। ਅੰਤ ਉਪਦੇਸ਼ ਹੈ ਕਿ ਹੇ ਨਾਨਕ ! 1 ਮੈਂ ਤਾਂ ਆਪਣੇ ਗੁਰੂ ਦੀ ਸਿੱਖਿਆ ‘ਤੇ ਤੁਰਾਂਗੀ, ਜਿੱਥੇ ਪ੍ਰਭੂ-ਪਤੀ ਮਿਲੇ ਉਥੇ ਹੀ ਜਾਵਾਂਗੀ। ਭਾਵ ਆਪਣੇ ਸਤਿਗੁਰਾਂ ਦੇ ਦੱਸੇ ਹੋਏ ਮਾਰਗ ਉੱਪਰ ਤੁਰਨਾ ਹੀ ਪ੍ਰਭੂ ਸੰਜੋਗ ਦਾ ਸੱਚਾ ਮਾਰਗ ਹੈ।
ਦਸਮ ਪਾਤਸ਼ਾਹ ਜੀ ਨੇ ਬਾਰਾਮਾਹ ਵਿਚ ‘ਭਾਦਵ ਮਾਹਿ’ ਲਿਖਿਆ ਹੈ, ਜਿਸ ਵਿਚ ਵਰਖਾ ਰੁੱਤ ਤੇ ਵਿਯੋਗ ਦਾ ਵਰਣਨ ਹੈ :
ਭਾਦਵ ਮਾਹਿ ਚੜਿਯੋ ਬਿਨ ਨਾਹਿ ਦਸੋ ਦਿਸ ਮਾਹਿ ਘਟਾ ਘਹਰਾਈ॥
ਦਯੋਸ ਨਿਸਾ ਨਹਿ ਜਾਨ ਪਰੈ ਤਮ ਬਿੱਜੁ ਛਟਾ ਰਵਿ ਕੀ ਛਬਿ ਪਾਈ॥
ਮੂਸਲਧਾਰ ਛੁਟੈ ਨਭਿ ਤੇ ਅਵਨੀ ਸਗਰੀ ਜਲ ਤੂਰਨਿ ਛਾਈ॥
ਐਸੇ ਸਮੇ ਤਜਿ ਯੋ ਹਮ ਕੋ ਟਸਕਯੋ ਨ ਹੀਯੋ ਕਸਕਯੋ ਨ ਕਸਾਈ ।।੯੧੯।।
(ਸ੍ਰੀ ਦਸਮ ਗ੍ਰੰਥ, ਪੰਨਾ ੩੭੭)
ਭਾਵ – ਭਾਦਰੋਂ ਦਾ ਮਹੀਨਾ ਚੜਿਆ ਤੇ ਅਸੀਂ ਮਾਲਕ ਤੋਂ ਬਿਨਾ ਹਾਂ ਅਤੇ ਦਸਾਂ ਦਿਸ਼ਾਵਾਂ ਵਿਚ ਘਟਾਂ ਚੜੀਆਂ ਹਨ। ਦਿਨ ਰਾਤ ਦਾ ਫ਼ਰਕ ਮਾਲੂਮ ਨਹੀਂ ਹੁੰਦਾ ਤੇ ਬਿਜਲੀ ਦੀ ਚਮਕ ਦੀ ਸੂਰਜ (ਰਵਿ) ਵਰਗੀ ਆਭਾ ਹੈ। ਮੋਹਲੇ ਜੇਡੀ ਪਾਣੀ ਦੀ ਧਾਰ ਅਕਾਸ਼ ਵਿੱਚੋਂ ਡਿੱਗਦੀ ਹੈ ਤੇ ਸਾਰੀ ਧਰਤੀ (ਅਵਨੀ ਸਗਰੀ) ਪੂਰੀ ਪਾਣੀ ਨਾਲ ਭਰੀ ਹੈ। ਅਜਿਹੇ ਭਾਵਕ ਸਮੇਂ ਵਿਚ ਸਾਨੂੰ ਪ੍ਰੀਤਮ ਛੱਡ ਕੇ ਚਲਾ ਗਿਆ ਹੈ ਤੇ ਉਸ ਦਾ ਹਿਰਦਾ ਰਤਾ ਭਰ ਨਹੀਂ ਝੁਕਿਆ (ਕਸਯੋ) ਤੇ ਨਾ ਹੀ ਸਾਡੀ ਕਸਿਕ ਜਾਂ ਖਿੱਚ ਹੈ।
ਇਸੇ ਤਰ੍ਹਾਂ ਸਾਡੇ ਸਮਾਜ ਵਿਚ ਭਾਦਰੋਂ ਦੇ ਮਹੀਨੇ ਪ੍ਰਤੀ ਅਨੇਕਾਂ ਭਰਮ ਵੀ ਕਲਪੇ ਹਨ ਜੋ ਪ੍ਰੋਹਤ ਜਮਾਤ ਦੀ ਲੁੱਟ-ਖਸੁੱਟ ਵੀ ਹੈ, ਜਿਵੇਂ ਭਾਦਰੋਂ ਦੇ ਮਹੀਨੇ ਸੂਈ ਗਾਂ ਪਰਿਵਾਰ ਲਈ ਹਾਨੀਕਾਰਕ ਮੰਨੀ ਗਈ ਹੈ ਕਿ ਇਸ ਦਾ ਗ੍ਰਹ (ਗ੍ਰਹਿ) ਘਰ ਦੇ ਕਿਸੇ ਜੀਅ ਉੱਪਰ ਪੈ ਜਾਂਦਾ ਹੈ। ਦੂਜੇ ਪਾਸੇ ਇਹੋ ਗਾਂ ਜੇਕਰ ਕਿਸੇ ਬ੍ਰਾਹਮਣ ਨੂੰ ਪੁੰਨ ਕਰ ਦਿਓ ਤਾਂ ਸਾਰਾ ਗ੍ਰਹ (ਗ੍ਰਹਿ) ਟਲ ਜਾਵੇਗਾ। ਕਿੰਨਾ ਭੋਲਾ ਸਮਾਜ ਸੀ ਤੇ ਅੱਜ ਵੀ ਹੈ ਜੋ ਦਿਨਾਂ-ਦਿਹਾਰਾਂ, ਗ੍ਰਹਿਆਂ (ਗ੍ਰਹਿਆਂ) ਤੇ ਟੇਵੇ-ਪਤਰੀਆਂ ਦੇ ਨਾਉਂ ਉਤੇ ਸਦਾ ਲੁੱਟਿਆ ਗਿਆ ਤੇ ਲੁੱਟਿਆ ਜਾ ਰਿਹਾ ਹੈ। ਇਸੇ ਮਹੀਨੇ ਚਾਨਣ ਪੱਖ ਦੀ ਇਕਾਦਸ਼ੀ (ਇਕਾਦਸ਼ੀ ਤੋਂ ਭਾਵ ਚੰਦ੍ਰ ਮਹੀਨੇ ਅੰਧੇਰੇ ਅਤੇ ਚਾਨਣੇ ਪੱਖ ਦੀ ਗਿਆਰਵੀਂ ਤਿਥਿ) ਨੂੰ ਨਿੱਜੀ ਲੋੜਾਂ ਤੇ ਲੋਕ
ਕਲਿਆਣ ਦੇ ਨਾਉਂ ‘ਤੇ ਕੁਝ ਲੋਕ ਵਰਤ ਰੱਖਦੇ ਹਨ। ਇਸ ਸਮੇਂ ਅੱਠ ਪਹਿਰ ਜਗਰਾਤਾ ਕੱਟਣ ਦੀ ਵਿਧੀ ਹੈ। ਇਕ ਵਿਸ਼ੇਸ਼ ਕਥਾ ਸੁਣਨ ਤੋਂ ਬਾਅਦ ਵਰਤ ਖੋਲ੍ਹਿਆ ਜਾਂਦਾ ਹੈ। ਇਸੇ ਤਰ੍ਹਾਂ ਭਾਦਰੋਂ ਮਹੀਨੇ ਜੂਨਾਂ ਤੋਂ ਮੁਕਤੀ ਲਈ ਹਨੇਰੇ ਪੱਖ ਦੀ ਇਕਾਦਸ਼ੀ ਨੂੰ ਵਰਤ ਰੱਖਣ ਦਾ ਭਰਮ ਹੈ। ਬਾਕੀ ਟੇਵੇ-ਪੱਤਰੀਆਂ ਵਾਲਿਆਂ ਕਿਸੇ ਵੀ ਮਹੀਨੇ, ਕਿਸੇ ਵੀ ਮਨੁੱਖ ਨੂੰ ਬਖ਼ਸ਼ਿਆ ਨਹੀਂ। ਹਰੇਕ ਮਹੀਨੇ ਪ੍ਰਤੀ ਅਨੇਕਾਂ ਡਰ ਤੇ ਭਰਮ ਹਨ। ਆਮ ਮਨੁੱਖ ਇਹ ਸੋਚਦਾ ਕਿ ਸ਼ਾਇਦ ਮਹੀਨੇ ਬਦਲਣ ਨਾਲ ਹੀ ਦੁੱਖਾਂ-ਸੁੱਖਾਂ ਦਾ ਚੱਕਰ ਚੱਲ ਰਿਹਾ ਹੈ। ਸਿੱਖ ਸੱਭਿਆਚਾਰ ਵਿਚ ਗੁਰਮਤਿ ਅਨੁਸਾਰ ਇਸ ਤਰ੍ਹਾਂ ਦਾ ਕੋਈ ਭਰਮ-ਕਰਮ ਨਹੀਂ ਕਰਨਾ, ਬਸ ਇਕ ਪ੍ਰਭੂ ਉੱਪਰ ਭਰੋਸਾ ਰੱਖਣਾ ਹੈ। ਸਿੱਖੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਸਮਝਾਇਆ ਹੈ :
ਗੁਰ ਸਿਖ ਸੰਗਤਿ ਮਿਲਾਪ ਕੋ ਪ੍ਰਤਾਪ ਐਸੋ,
ਪਤਿਬਤ ਏਕ ਟੇਕ ਦੁਬਿਧਾ ਨਿਵਾਰੀ ਹੈ॥
ਪੂਛਤ ਨ ਜੋਤਕ ਅਉ ਬੇਦ ਬਿਤਿ ਬਾਰ ਕਛੁ,
ਗ੍ਰਿਹ ਅਉ ਨਖਤ੍ਰ ਕੀ ਨ ਸੰਕਾ ਉਰਧਾਰੀ ਹੈ॥
ਜਾਨਤ ਨ ਸਗਨ ਲਗਨ ਆਨ ਦੇਵ ਸੇਵ
ਸਬਦ ਸੁਰਤਿ ਲਿਵ ਨੇਹੁ ਨਿਰੰਕਾਰੀ ਹੈ॥
ਸਿਖ ਸੰਤ ਬਾਲਕ ਸ੍ਰੀ ਗੁਰ ਪ੍ਰਤਿਪਾਲਕ ਹੁਇ,
ਜੀਵਨ ਮੁਕਤਿ ਗਤਿ ਬ੍ਰਹਮ ਬਿਚਾਰੀ ਹੈ॥
(ਕਬਿੱਤ ਸਵੱਯੇ : ੪੪੮)
ਭਾਵ – ਗੁਰੂ ਨਾਲ ਸਿੱਖ ਦੀ ਸੰਗਤ ਦਾ ਪ੍ਰਤਾਪ ਇਉਂ ਹੈ ਜਿਵੇਂ ਪਤੀਬ੍ਰਤਾ ਇਸਤਰੀ ਦੂਜਾਪਣ ਤਿਆਗ ਕੇ ਕੇਵਲ ਆਪਣੇ ਪਤੀ ਦੀ ਟੇਕ ਰੱਖਦੀ ਹੈ। ਇਸੇ ਤਰ੍ਹਾਂ ਇਕ ਪ੍ਰਭੂ ਦੀ ਟੇਕ ਰੱਖਣ ਵਾਲਾ ਨਾ ਜੋਤਕ (ਜੋਤਸ਼) ਤੇ ਨਾ ਵੇਦ, ਥਿਤ ਵਾਰ ਤੇ ਗ੍ਰਹਿਆਂ ਨਛੱਤਰਾਂ ਦੀ ਸ਼ੰਕਾ ਹਿਰਦੇ ਵਿਚ ਲਿਆਉਂਦਾ ਹੈ। ਉਹ ਸ਼ਗਨ (ਚੰਗੇ ਮੰਦੇ ਫਲ ਦੱਸਣ ਵਾਲੇ ਚਿੰਨ੍ਹ) ਲਗਨ (ਰਾਸ਼ੀਆਂ ਦਾ ਉਦੈ) ਤੇ ਹੋਰ ਦੇਵੀ-ਦੇਵਤਿਆਂ ਦੀ ਸੇਵਾ ਜਾਣਦਾ ਹੀ ਨਹੀਂ, ਸਗੋਂ ਸੁਰਤ ਵਿਚ ਸ਼ਬਦ ਨੂੰ ਟਿਕਾ ਕੇ ਉਸ ਵਿਚ ਲਿਵ ਲਾਈ ਰੱਖਦਾ ਹੈ। ਇਸ ਪ੍ਰਕਾਰ ਸ੍ਰੇਸ਼ਟ ਗੁਣਾਂ ਵਾਲੇ ਗੁਰਸਿੱਖ ਬਾਲਕਾਂ ਦੀ ਸਤਿਗੁਰੂ ਜੀ ਪਾਲਣਾ ਕਰਦੇ ਹਨ ਤੇ ਉਨ੍ਹਾਂ ਨੂੰ ਜਿਊਂਦੇ ਜੀਅ ਸਭ ਫੋਕਟ ਕਰਮਾਂ ਤੋਂ ਛੁਡਾ ਕੇ ਇਕ ਵਾਹਿਗੁਰੂ ਦੀ ਵਿਚਾਰ ਵਾਲੇ ਬਣਾ ਦਿੰਦੇ ਹਨ। ਭਾਵ ਉਹ ਫਿਰ ਗੁਰਬਾਣੀ ਅਨੁਸਾਰ ਜੀਵਨ ਜਿਊਂਦੇ ਹਨ।
ਚੱਲਦੀ ਵਿਚਾਰ ਅਨੁਸਾਰ ਭਾਦੁਇ ਮਹੀਨੇ ਰਾਹੀਂ ਬਾਰਹ ਮਾਹਾ ਮਾਂਝ ਵਿਚ ਪੰਚਮ ਪਾਤਸ਼ਾਹ ਜੀ ਦਾ ਉਪਦੇਸ਼ ਹੈ ਕਿ ਜਿਵੇਂ ਭਾਦਰੋਂ ਦੇ ਮਹੀਨੇ ਹੁੰਮਸ ਵਿਚ ਮਨੁੱਖ ਘਬਰਾਉਂਦਾ ਹੈ, ਏਵੇਂ ਜੋ ਜੀਵ ਰੂਪ ਇਸਤਰੀ ਇਕ ਪ੍ਰਭੂ-ਪਤੀ ਤੋਂ ਇਲਾਵਾ ਕਿਸੇ ਦੂਸਰੇ ਹਿੱਤ ਵਿਚ ਜੀਵੇ, ਉਹ ਜੀਵਨ ਦੇ ਸਹੀ ਮਾਰਗ ਤੋਂ ਭਟਕ ਜਾਂਦੀ ਸ਼ਿੰਗਾਰ ਕੀਤੇ ਕਿਸੇ ਕੰਮ ਨਹੀਂ ਆਉਂਦੇ। ਜਿਸ ਦਿਨ ਇਸ ਸਰੀਰ ਨੇ ਨਾਸ਼ ਹੋਣਾ ਤਦ ਸਭਅੰਗ ਸਾਕ ਇਸ ਨੂੰ ਅਪਵਿੱਤਰ ਕਹਿੰਦੇ ਹਨ। ਜਦ ਜਮਦੂਤ ਇਸ ਜਿੰਦ ਨੂੰ ਅੱਗੇ ਲਾ ਲੈਂਦੇ ਹਨ ਤਾਂ ਕਿਸੇ ਨੂੰ ਭੇਤ ਨਹੀਂ ਦੱਸਦੇ। ਫਿਰ ਸਭ ਸਨਬੰਧੀ ਪਲਾਂ ਵਿਚ ਸਾਥ ਛੱਡ ਜਾਂਦੇ ਹਨ। ਮੌਤ ਨੂੰ ਦੇਖ ਕੇ ਅੰਤ ਸਮੇਂ ਇਨਸਾਨ ਪਛਤਾਉਂਦਾ ਹੈ, ਔਖਾ ਹੋਇਆ ਸਰੀਰ ਕਾਲੇ ਤੋਂ ਚਿੱਟਾ ਰੰਗ ਵਟਾਉਂਦਾ ਹੈ। ਸਤਿਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਸਰੀਰ ਮਨੁੱਖ ਦਾ ਕਰਮ ਰੂਪੀ ਖੇਤ ਹੈ, ਜੋ ਕੁਝ ਅਸੀਂ ਬੀਜਦੇ ਹਾਂ, ਉਹ ਫਲ ਪਾਉਂਦੇ ਹਾਂ। ਅੰਤ ਤੱਤਸਾਰ ਹੈ। ਕਿ ਜੋ ਮਨੁੱਖ ਗੁਰੂ ਦੀ ਸ਼ਰਨ ਵਿਚ ਆ ਜਾਂਦੇ ਹਨ ਤਾਂ ਗੁਰੂ ਉਨ੍ਹਾਂ ਨੂੰ ਪ੍ਰਭੂ ਦੇ ਚਰਨਾਂ ਰੂਪੀ ਜਹਾਜ਼ ਵਿਚ ਚੜਾ ਦਿੰਦਾ ਹੈ ਤੇ ਜਿਨ੍ਹਾਂ ਦਾ ਰਾਖਾ ਗੁਰੂ ਹੁੰਦਾ ਹੈ, ਉਹ ਨਰਕਾਂ ਵਿਚ ਨਹੀਂ ਪੈਂਦੇ। ਇਸ ਲਈ ਸਾਨੂੰ ਸਭਨਾਂ ਨੂੰ ਭਾਦਰੋਂ ਮਹੀਨੇ ਰਾਹੀਂ ਮਿਲਿਆ ਗੁਰ ਉਪਦੇਸ਼ ਹਿਰਦੇ ਵਿਚ ਵਸਾਉਣਾ ਚਾਹੀਦਾ ਹੈ।
ਡਾ. ਇੰਦਰਜੀਤ ਸਿੰਘ ਗੋਗੋਆਣੀ