
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ॥੮੬ ॥ (ਅੰਗ ੧੩੬੯)
‘ਮਨ’ ਸੂਖਮ ਰੂਪ ਵਿਚ ਫੁਰਨਿਆਂ ਤੇ ਵਿਚਾਰਾਂ ਦਾ ਵਜੂਦ ਹੈ। ਦਰਅਸਲ ਮਾਨਵੀ ਵਿਚਾਰ-ਸ਼ਕਤੀ ਹੀ ਹਰੇਕ ਮਨੁੱਖ ਦੀ ਸ਼ਖ਼ਸੀਅਤ ਹੈ। ਦਾਨਿਆਂ ਦਾ ਕਥਨ ਹੈ :
ਬੈਠੀਏ ਸਾਥ ਬਢਨ ਕੇ, ਹੋਤ ਬਢਨ ਸਿਉ ਮੇਲ। ਸਭੈ ਜਾਨਤ ਬਢਤ ਹੈ, ਬ੍ਰਿਛ ਬਰਾਬਰ ਵੇਲ।
ਵਿਚਾਰ-ਸ਼ਕਤੀ ਕਰਕੇ ਉੱਚੀ ਸੁਰਤ ਵਾਲਿਆਂ ਦਾ ਸੰਗ ਕਰੀਏ ਤਾਂ ਸੁਰਤੀ ਉੱਚੀ ਹੁੰਦੀ ਹੈ। ਜਿਵੇਂ ਵੇਲ ਉਨੀ ਹੀ ਉੱਚੀ ਹੁੰਦੀ ਹੈ, ਜਿੰਨਾ ਕੁ ਰੁੱਖ ਉੱਚਾ ਹੁੰਦਾ ਹੈ। ਇਸ ਲਈ ਵਿਚਾਰ-ਸ਼ਕਤੀ ਵੇਲ ਦੀ ਤਰ੍ਹਾਂ ਹੈ ਅਤੇ ਸੰਗਤ ਉਸ ਰੁੱਖ ਦੀ ਤਰ੍ਹਾਂ ਹੈ ਜੋ ਵੇਲ ਨੂੰ ਉਚਾਈਆਂ ‘ਤੇ ਲੈ ਕੇ ਜਾਂਦੀ ਹੈ। ਲੋਕ ਅਖਾਣ ਹੈ- ‘ਜੈਸੀ ਸੰਗਤ ਵੈਸੀ ਰੰਗਤ।”
ਜਿਵੇਂ ਤਨ ਦੀ ਖੁਰਾਕ ਦਾ ਆਪਣਾ ਪ੍ਰਭਾਵ ਹੁੰਦਾ ਹੈ। ਚੰਗੀ ਤੇ ਸ਼ਕਤੀਸ਼ਾਲੀ ਖੁਰਾਕ ਤਨ ਨੂੰ ਸੁੰਦਰ ਤੇ ਸੁਡੌਲ ਬਣਾਉਂਦੀ ਹੈ। ਦੂਜੇ ਪਾਸੇ ਬਾਸੀ ਤੇ ਬੁਰੀ ਖੁਰਾਕ ਅਨੇਕਾਂ ਰੋਗਾਂ ਦਾ ਕਾਰਨ ਬਣ ਕੇ ਚੰਗੇ ਭਲੇ ਸਰੀਰ ਦਾ ਸੱਤਿਆਨਾਸ ਕਰ ਦਿੰਦੀ ਹੈ। ਇਸੇ ਤਰ੍ਹਾਂ ਮਨ ਦੀ ਖੁਰਾਕ ਚੰਗੇ ਵਿਚਾਰ ਹਨ। ਚੰਗੇ ਵਿਚਾਰ ਚੰਗਿਆਂ ਦੀ ਸੰਗਤ ਤੋਂ ਹੀ ਪ੍ਰਾਪਤ ਹੋਣਗੇ। ਭਲਿਆਂ ਤੋਂ ਭਲਿਆਈ ਤੇ ਬੁਰਿਆਂ ਤੋਂ ਬੁਰਿਆਈ ਦੀ ਸਿੱਖਿਆ ਮਿਲਦੀ ਹੈ।
ਗੁਰਬਾਣੀ ਵਿਚ ਵਾਰ-ਵਾਰ ਤਾਕੀਦ ਕੀਤੀ ਗਈ ਹੈ :
ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥
(ਅੰਗ ੧੦)
ਜੀਵਨ ਦਾ ਤੱਤ ਗਿਆਨ ਹੈ ਕਿ ਪਾਣੀ ਜਿੰਨੀ ਜਲਦੀ ਨਿਵਾਣ ਨੂੰ ਜਾਂਦਾ ਹੈ, ਉਨੀ ਜਲਦੀ ਉਚਾਈ ਵੱਲ ਕਦੇ ਨਹੀਂ ਜਾ ਸਕਦਾ। ਇਸੇ ਤਰ੍ਹਾਂ ਮਨੁੱਖੀ ਮਨ ਜਿੰਨੀ ਜਲਦੀ ਬੁਰੇ ਵਿਚਾਰਾਂ ਵੱਲ ਖਚਿਤ ਹੁੰਦਾ ਹੈ, ਉਨੀ ਜਲਦੀ ਚੰਗੇ ਵਿਚਾਰਾਂ ਵੱਲ ਨਹੀਂ ਲੱਗਦਾ। ਪਰ ਅੰਤ ਚੰਗਿਆਈ ਤੇ ਭਲਿਆਈ ਹੀ ਫਲਦੀ ਹੈ ਤੇ ਸਤਿਕਾਰ ਵੀ ਚੰਗੀ ਜੀਵਨ-ਜਾਚ ਵਾਲਿਆਂ ਦਾ ਹੁੰਦਾ ਹੈ। ਅਸੀਂ ਅਗਿਆਨ ਤੋਂ ਗਿਆਨ ਵੱਲ ਅਤੇ ਔਗੁਣਾਂ ਤੋਂ ਗੁਣਾਂ ਵੱਲ ਵਿਕਾਸ ਕਰਨਾ ਹੈ। ਮਨ ਦੀ ਚੰਗੀ ਤੇ ਸੰਤੁਲਤ ਖੁਰਾਕ ਦੇ ਕੁਝ ਮੂਲ ਸਰੋਤ ਹਨ।
ਸੱਭਿਆਚਾਰ ਦਾ ਉਥੋਂ ਦੇ ਵਸਨੀਕਾਂ ਦੇ ਮਨਾਂ ਉੱਪਰ ਪ੍ਰਭਾਵ ਹੁੰਦਾ ਹੈ। ਸਤਿਗੁਰਾਂ ਨੇ ਭਾਰਤੀ ਸੱਭਿਆਚਾਰ ਵਿਚ ਸਿੱਖ ਸੱਭਿਆਚਾਰ ਸਿਰਜਿਆ ਜੋ ਚੜ੍ਹਦੀ-ਕਲਾ ਤੇ ਸਰਬੱਤ ਦੇ ਭਲੇ ਦੀ ਭਾਵਨਾ ਪੈਦਾ ਕਰ ਕੇ ਸਾਡੇ ਮਨ ਨੂੰ ਮਜ਼ਬੂਤ ਕਰਦਾ ਹੈ। ਦੂਜੇ ਪਾਸੇ ਜੇਕਰ ਊਚ-ਨੀਚ ਤੇ ਜਾਤ-ਪਾਤ ਦੇ ਭੇਦ ਭਾਵ ਹੋਣਗੇ ਤਾਂ ਲੋਕਾਂ ਦੇ ਮਨ ਵੀ ਨਫ਼ਰਤਵਾਦੀ ਹੋਣਗੇ। ਗੁਰਬਾਣੀ ਅਧਿਆਤਮਿਕ ਤੇ ਮਾਨਸਿਕ ਸ਼ਕਤੀ ਹੈ ਜਿਸ ਦੇ ਸਿਮਰਨ ਤੇ ਗਿਆਨ ਕਰਕੇ ਅਸੀ ਫੈਕਟ ਕਰਮ-ਕਾਂਡਾਂ ਤੋਂ ਵੀ ਮੁਕਤ ਹੋਏ ਹਾਂ। ਸਿੱਖ ਇਤਿਹਾਸ ਤੇ ਗੁਰਬਾਣੀ ਫਲਸਫਾ ਸਾਡੇ ਮਨ ਦੀ ਖੁਰਾਕ ਹੈ। “ਸਭਨਾ ਜੀਆ ਕਾ ਇਕੁ ਦਾਤਾ’ ਦੀ ਸੋਚ ਰੱਖਣ ਵਾਲਾ ਮਨੁੱਖ ਮਨ ਕਰ ਕੇ ਕਮਜ਼ੋਰ ਨਹੀਂ ਹੋ ਸਕਦਾ। ਸੱਭਿਆਚਾਰ ਤੋਂ ਅੱਗੇ ਮਾਪਿਆਂ ਦਾ ਪ੍ਰਭਾਵ, ਉਨ੍ਹਾਂ ਦੀ ਜੀਵਨ-ਜਾਚ ਤੇ ਪੂਜਾ-ਅਰਚਨਾ ਕਿਸੇ ਮਨੁੱਖ ਦੇ ਮਨ ਨੂੰ ਪੂਰੀ ਤਰਾਂ ਪ੍ਰਭਾਵਿਤ ਕਰਦੀ ਹੈ। ਇਸ ਲਈ ਮਾਪਿਆਂ ਦਾ ਧਰਮ-ਕਰਮ, ਗਿਆਨ ਜਾਂ ਅਗਿਆਨ ਬੱਚੇ ਦੇ ਮਨ ਦੀ ਖੁਰਾਕ ਬਣਦਾ ਹੈ। ਜਿਹੜੇ ਮਾਪੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਥ ਨੂੰ ਸਮਰਪਿਤ ਹਨ ਉਨ੍ਹਾਂ ਦੀ ਔਲਾਦ ਕਿਸੇ ਕਬਰ, ਮੜ੍ਹੀ, ਜੰਤਰ-ਮੰਤਰ-ਤੰਤਰ, ਫੈਕਟ ਭਰਮ ਜਾਂ ਦੇਹਧਾਰੀ ਗੁਰੂ ਡੰਮੂ ਵੱਲ ਨਹੀਂ ਜਾਏਗੀ। ਸ਼ਬਦ ਦੀ ਸ਼ਕਤੀ ਨੂੰ ਮੰਨਣ ਵਾਲਾ ਟੇਵਿਆਂ-ਪੱਤਰੀਆਂ ਪਿੱਛੇ ਸਮਾਂ ਬਰਬਾਦ ਨਹੀਂ ਕਰਦਾ। ਇਸ ਦੇ ਨਾਲ ਵਿੱਦਿਅਕ ਅਦਾਰੇ ਵੀ ਮਾਨਸਿਕ ਖੁਰਾਕ ਜਾਂ ਮਾਨਸਿਕ ਸ਼ਕਤੀ ਦੇ ਸੋਮੇ ਹਨ। ਜਿਨ੍ਹਾਂ ਅਦਾਰਿਆਂ ਵਿਚ ਗੁਰਬਾਣੀ ਸ਼ਬਦ ਗਾਇਨ ਕਰ ਕੇ, ਫਿਰ ਅਰਦਾਸ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਹੈ (ਨਾਲ ਭਾਵ-ਅਰਥ ਵੀ ਸਮਝਾਏ ਜਾਣ) ਤਾਂ ਵਿਦਿਆਰਥੀਆਂ ਦਾ ਮਨ ਪ੍ਰਭਾਵਿਤ ਜ਼ਰੂਰ ਹੁੰਦਾ ਹੈ। ਨਿੱਜੀ ਤੌਰ ‘ਤੇ ਚੰਗੀਆਂ ਪੁਸਤਕਾਂ ਦਾ ਪੜ੍ਹਨਾ, ਵਿਚਾਰਨਾ ਤੇ ਸਵੈ-ਚਿੰਤਨ ਸਭ ਮਾਨਸਿਕ ਖੁਰਾਕ ਹਨ।
ਸਵੈ-ਵਿਸ਼ਵਾਸ, ਆਸ਼ਾਵਾਦੀ ਸੋਚ, ਚੜ੍ਹਦੀ-ਕਲਾ ‘ਚ ਰਹਿਣਾ, ਬਾਣੀ-ਬਾਣੇ ਉੱਪਰ ਦ੍ਰਿੜਤਾ, ਸੱਚੀ ਕਿਰਤ, ਉੱਦਮਸ਼ੀਲ ਸੁਭਾਅ, ਸੇਵਾ-ਭਾਵਨਾ, ਸ਼ਰਧਾ, ਵਿਸ਼ਵਾਸ, ਗੁਰੂ-ਭਰੋਸਾ, ਸਰਬੱਤ ਦੇ ਭਲੇ ਦੀ ਭਾਵਨਾ ਆਦਿ ਸਭ ਮਾਨਸਿਕ ਖੁਰਾਕ ਹੈ।
ਭਾਵੇਂ ਚੁਗਲੀ, ਨਿੰਦਿਆ, ਈਰਖਾ, ਦੂਈ-ਦਵੈਤ ਵੀ ਕਈਆਂ ਦੇ ਮਨ ਦੀ ਖੁਰਾਕ ਹੋਵੇਗੀ ਪਰ ਇਹ ਖੁਰਾਕ ਬੇਹੇ-ਤਬੇਹੇ ਭੋਜਨ ਦੀ ਤਰ੍ਹਾਂ ਹੈ ਜੋ ਮਨ ਨੂੰ ਰੋਗੀ ਤੇ ਕਮਜ਼ੋਰ ਕਰਦੀ ਹੈ। ਸਹਿਜ ਸ਼ਬਦਾਂ ਵਿਚ ਤੰਦਰੁਸਤ ਤਨ ਲਈ ਸ਼ਕਤੀਸ਼ਾਲੀ ਖੁਰਾਕ ਅਤੇ ਤੰਦਰੁਸਤ ਮਨ ਲਈ ਸ਼ਕਤੀਸ਼ਾਲੀ ਵਿਚਾਰਾਂ ਦੀ ਲੋੜ ਹੁੰਦੀ ਹੈ।
ਇਸ ਲਿਖਤ ਦੇ ਅਰੰਭ ਵਿਚ ਦਿੱਤਾ ਸਲੋਕ ਭਗਤ ਕਬੀਰ ਜੀ ਰਚਿਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਗ ੧੩੬੯ ਉੱਪਰ ਸੁਭਾਇਮਾਨ ਹੈ, ਜਿਸ ਵਿਚ ਮਾਨਵਤਾ ਨੂੰ ਮਨ ਦੀ ਖੁਰਾਕ ਸੰਬੰਧੀ ਸੰਦੇਸ਼ ਇਉਂ ਦਿੱਤਾ ਹੈ ਕਿ “ਹੇ ਕਬੀਰ ! ਮਨੁੱਖੀ ਮਨ ਪੰਛੀ ਦੀ ਤਰ੍ਹਾਂ ਹੈ ਜੋ ਭਟਕ-ਭਟਕ ਕੇ ਦਸੀਂ ਪਾਸੀਂ ਦੌੜਦਾ ਹੈ। ਇਹ ਕੁਦਰਤ ਦਾ ਨਿਯਮ ਵੀ ਹੈ ਕਿ ਜਿਸ ਨੂੰ ਜਿਹੋ ਜਿਹੀ ਸੰਗਤ ਮਿਲਦੀ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ ਤੇ ਉਹ ਉਸ ਦੀ ਖੁਰਾਕ ਬਣ ਜਾਂਦੀ ਹੈ।” ਇੱਥੇ ਮਨ ਦੀ ਖੁਰਾਕ ਲਈ ਚੰਗੀ ਸੰਗਤ ਕਰਨ ਦੀ ਪ੍ਰੇਰਨਾ ਹੈ।
ਡਾ. ਇੰਦਰਜੀਤ ਸਿੰਘ ਗੋਗੋਆਣੀ