66 views 3 secs 0 comments

ਮਨ ਪਵਿੱਤਰ ਕਿਵੇਂ ਹੋਵੇ?

ਲੇਖ
July 01, 2025

ਲੋਕਾਂ ਦੇ ਸੁਭਾਉ ਨੂੰ ਜਿਹੜੀ ਗੱਲ ਬਹੁਤ ਤਕੜੀ ਤਰ੍ਹਾਂ ਨਿਖੇੜਦੀ ਹੈ ਉਹ ਇਹ ਹੈ ਕਿ ਪਵਿੱਤਰਤਾ ਬਾਰੇ ਉਹਨਾਂ ਦੇ ਕੀ ਵਿਚਾਰ ਹਨ।
ਸਾਡਾ ਮਨ ਪਿਛਲੇ ਜਨਮਾਂ ਦੇ ਸੰਸਕਾਰਾਂ ਨਾਲ ਪਲੀਤ ਹੈ । ਕੁਝ ਹੁਣ ਮਾੜੇ ਵਿਚਾਰਾਂ ਦੀ ਵਿਖੇਪ ਇਸ ‘ਤੇ ਲੱਗ ਰਹੀ ਹੈ। ਜੇ ਪਿਛਲੇ ਸੰਸਕਾਰਾਂ ਦੀ ਮੈਲ ਲਾਹੁਣ ਦਾ ਉਪਰਾਲਾ ਨਾ ਕੀਤਾ ਅਤੇ ਹੋਰ ਲੱਗ ਰਹੀ ਮੈਲ ਨੂੰ ਰੋਕਿਆ ਨਾ ਤਾਂ ਫਿਰ ਮਨ ਉੱਤੇ ਮਲੀਨਤਾ ਦੇ ਵਿਖੇਪ ਬਹੁਤ ਜ਼ਿਆਦਾ ਚੜ੍ਹ ਜਾਣਗੇ। ਮਨ ਦੀ ਮਲੀਨਤਾ ਜਨਮਾਂ-ਜਨਮਾਂਤਰਾਂ ਦਾ ਵਿਛੋੜਾ ਆਪਣੇ ਪ੍ਰਭੂ ਨਾਲੋਂ ਪਵਾ ਦੇਵੇਗੀ।
ਲੋਕ-ਵਿਖਾਵੇ ਲਈ ਬੰਦਾ ਆਪਣੇ ਮਨ ਨੂੰ ਪਵਿੱਤਰ ਸਾਬਤ ਕਰਨ ਦਾ ਯਤਨ ਕਰਦਾ ਹੈ, ਪਰ ਮਨ ਉਸ ਦਾ ਅਜੇ ਵੀ ਸੰਸੇ ਵਿਚ ਹੈ। ਸੰਸਾ-ਬਿਰਤੀ ਵੀ ਮਨ ਨੂੰ ਮਲੀਨ ਕਰਦੀ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ:

ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ॥
(ਅਨੰਦੁ ਰਾਮਕਲੀ ਮ: ੩, ਅੰਗ ੯੧੯)

ਸੰਸਾ ਤਾਂ ਮਨ ਨੂੰ ਮਲੀਨ ਕਰਨ ਵਾਲਾ ਹੀ ਹੈ। ਪਵਿੱਤਰ ਮਨ ਦੀ ਨਿਸ਼ਾਨੀ ਕੀ ਹੈ ? ਜੇ ਨਾਮ ਜਪਣਾ ਚੰਗਾ ਲੱਗਦਾ ਹੈ, ਨਾਮ ਜਪਦਿਆਂ ਨਾਮ ਰਸ ਆਉਂਦਾ ਹੈ, ਸਮਝੋ ਮਨ ਪਵਿੱਤਰ ਹੈ। ਗੁਰਬਾਣੀ ਪੜ੍ਹਦਿਆਂ ਗੁਰਬਾਣੀ ਰਸਦਾਇਕ ਤੇ ਮਿੱਠੀ ਲੱਗਦੀ ਹੈ। ਸਮਝੋ ਮਨ ਪਵਿੱਤਰ ਹੋ ਰਿਹਾ ਹੈ। ਮਨ ਜਾਗੇ ਦੀ, ਪਵਿੱਤਰ ਮਨ ਦੀ ਨਿਸ਼ਾਨੀ ਹੀ ਇਹ ਹੈ ਕਿ ਉਸ ਨੂੰ ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼ ਮਿੱਠਾ ਲੱਗਦਾ ਹੈ।
ਸ੍ਰੇਸ਼ਟ ਮਨ ਦੀ ਇਕ ਹੋਰ ਨਿਸ਼ਾਨੀ ਇਹ ਹੈ ਕਿ ਉਸ ਨੂੰ ਸ੍ਰੇਸ਼ਟ ਸੰਗਤ ਚੰਗੀ ਲੱਗਣ ਲੱਗਦੀ ਹੈ। ਪਵਿੱਤਰ ਮਨ ਵਾਲੇ ਦੀਆਂ ਵਾਸ਼ਨਾਵਾਂ ਖ਼ਤਮ ਹੋ ਜਾਂਦੀਆਂ ਹਨ। ਪਵਿੱਤਰ ਮਨ ਵਾਲਾ ਕਦੀ ਕਿਸੇ ਦੇ ਤਨ ਨੂੰ, ਧਨ ਨੂੰ, ਮਨ ਨੂੰ ਬੁਰੀ ਨਿਗਾਹੇ ਨਹੀਂ ਵੇਖਦਾ। ਪਵਿੱਤਰ ਮਨ ਹਮੇਸ਼ਾ ਸਭ ਤੋਂ ਨਿਰਮਲ, ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਉਹ ਕਦੇ ਵੀ ਅਪਵਿੱਤਰ ਫੁਰਨੇ ਨੇੜੇ ਫਟਕਣ ਨਹੀਂ ਦਿੰਦਾ। ਐਸੇ ਮਨ ਵਾਲਾ ਕੂੜ ਨਾਲੋਂ ਆਪਣਾ ਨਾਤਾ ਤੋੜ ਲੈਂਦਾ ਹੈ। ਪਵਿੱਤਰ ਮਨ ਦੀਆਂ ਜੋ ਨਿਸ਼ਾਨੀਆਂ ਸ੍ਰੀ ਗੁਰੂ ਅਮਰਦਾਸ ਜੀ ਨੇ ‘ਅਨੰਦੁ ਸਾਹਿਬ’ ਵਿਚ ਦਰਜ ਕੀਤੀਆਂ ਹਨ, ਉਹਨਾਂ ਨੂੰ ਪੜ੍ਹਨ ਨਾਲ ਪਤਾ ਚੱਲਦਾ ਹੈ ਕਿ ਸਾਡਾ ਮਨ ਪਵਿੱਤਰ ਹੈ ਜਾਂ ਮਲੀਨ।

ਜੀਅਹੁ ਨਿਰਮਲ ਬਾਹਰਹੁ ਨਿਰਮਲ ।।
ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ॥
ਕੂੜ ਕੀ ਸੋਇ ਪਹੁਚੈ ਨਾਹੀ  ਮਨਸਾ ਸਚਿ ਸਮਾਣੀ ॥
ਜਨਮੁ ਰਤਨੁ ਜਿਨੀ ਖਟਿਆ
ਭਲੇ ਸੇ ਵਣਜਾਰੇ॥ ਕਹੈ ਨਾਨਕੁ ਜਿਨ ਮੰਨੁ ਨਿਰਮਲੁ
ਸਦਾ ਰਹਹਿ ਗੁਰ ਨਾਲੇ ॥
(ਅਨੰਦੁ ਰਾਮਕਲੀ ਮ: ੩, ਅੰਗ 919)

ਡਾ. ਜਸਵੰਤ ਸਿੰਘ ਨੇਕੀ