-ਭਾਈ ਰੇਸ਼ਮ ਸਿੰਘ ਸੁਖਮਨੀ ਸੇਵਾ ਵਾਲੇ
ਇਸ ਫਾਨੀ ਸੰਸਾਰ ਵਿਚ ਮਨੁੱਖ ਨੇ ਬਹੁਤ ਹੀ ਪਿਆਰੇ ਰਿਸ਼ਤੇ ਬਣਾਏ ਹਨ। ਪਰ ਇਨ੍ਹਾਂ ਸਾਰੇ ਰਿਸ਼ਤਿਆਂ ਵਿੱਚੋਂ ਅਤਿ ਪਿਆਰਾ ਰਿਸ਼ਤਾ ਹੁੰਦਾ ਹੈ, ਮਾਂ ਅਤੇ ਪਿਉ ਦਾ। ਕੋਈ ਵੀ ਮਨੁੱਖ ਇਸ ਜਨਮ ਵਿਚ ਆਪਣੇ ਮਾਂ ਪਿਉ ਦਾ ਕਰਜ਼ ਕਦੇ ਵੀ ਨਹੀਂ ਉਤਾਰ ਸਕਦਾ, ਪਰ ਅੱਜ ਸਾਡੇ ਸਮਾਜ ਵਿਚ ਜਦੋਂ ਕਦੇ ਕਦਾਈਂ ਕਿਸੇ ਪੁੱਤ ਧੀ ਵੱਲੋਂ ਆਪਣੇ ਮਾਤਾ-ਪਿਤਾ ਦੀ ਸੇਵਾ ਨੂੰ ਆਪਣੇ ’ਤੇ ਬੋਝ ਸਮਝਦੇ ਹੋਏ, ਇਸ ਬਹੁਤ ਹੀ ਪਿਆਰੇ ਰਿਸ਼ਤੇ ਦੀ ਨਿਰਾਦਰੀ ਕਰਦੇ ਹੋਏ ਪੜ੍ਹੀਦਾ, ਸੁਣੀਦਾ ਜਾਂ ਵੇਖੀਦਾ ਹੈ ਤਾਂ ਹਰ ਆਮ ਮਨੁੱਖ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਸੋ ਪਿਆਰਿਓ, ਇਸੇ ਕਰਕੇ ਹੀ ਭਾਈ ਗੁਰਦਾਸ ਜੀ ਆਪਣੀ ਪਵਿੱਤਰ ਵਾਰ ਵਿਚ ਮਾਂ ਪਿਉ ਦੀ ਸੇਵਾ ਬਾਰੇ ਆਪਣਾ ਬਹੁਤ ਹੀ ਪਿਆਰਾ ਉਪਦੇਸ਼ ਦੇ ਰਹੇ ਹਨ:
ਮਾਂ ਪਿਉ ਪਰਹਰਿ ਸੁਣੈ ਵੇਦੁ ਭੇਦੁ ਨ ਜਾਣੈ ਕਥਾ ਕਹਾਣੀ।
ਮਾਂ ਪਿਉ ਪਰਹਰਿ ਕਰੈ ਤਪੁ ਵਣਖੰਡਿ ਭੁਲਾ ਫਿਰੈ ਬਿਬਾਣੀ। (ਵਾਰ ੩੭:੧੩)
ਭਾਈ ਗੁਰਦਾਸ ਜੀ ਉਪਦੇਸ਼ ਕਰਦੇ ਹਨ ਕਿ ਜਿਹੜਾ ਮਨੁੱਖ ਆਪਣੇ ਘਰ ਵਿਚ ਮਾਂ ਪਿਉ ਦੀ ਸੇਵਾ ਨਹੀਂ ਕਰਦਾ, ਐਸਾ ਮਨੁੱਖ ਜਿੰਨੇ ਮਰਜ਼ੀ ਧਰਮ ਗ੍ਰੰਥ, ਵੇਦ ਸ਼ਾਸਤਰ ਜਾਂ ਹੋਰ ਧਾਰਮਿਕ ਕਿਤਾਬਾਂ ਆਦਿ ਸਦਾ ਪੜ੍ਹਦਾ ਰਹੇ, ਪਰ ਜੇ ਉਹ ਉਨ੍ਹਾਂ ‘ਤੇ ਅਮਲ ਨਹੀਂ ਕਰਦਾ ਤਾਂ ਸਮਝ ਲਵੋ ਕਿ ਉਹ ਉਨ੍ਹਾਂ ਨੂੰ ਸਿਰਫ ਕਹਾਣੀਆਂ ਵਾਂਗੂੰ ਹੀ ਪੜ੍ਹ ਰਿਹਾ ਹੈ ਕਿਉਂਕਿ ਘਰ ਵਿਚ ਮਾਂ ਪਿਉ ਦੀ ਸੇਵਾ ਹੀ, ਰੱਬ ਦੀ ਪੂਜਾ ਹੁੰਦੀ ਹੈ ਅਤੇ ਐਸਾ ਮਨੁੱਖ ਜੰਗਲਾਂ ਆਦਿ ਵਿਚ ਜਾ ਕੇ ਰੱਬ ਦੇ ਨਾਮ ਦਾ ਤਪ ਆਦਿ ਵੀ ਕਰਦਾ ਫਿਰੇ, ਉਹ ਸਮਝ ਲਵੇ ਕਿ ਬੀਆਬਾਨ ਵਿਚ ਸਿਰਫ ਤੇ ਸਿਰਫ ਭਟਕਦਾ ਹੀ ਫਿਰਦਾ ਹੈ। ਭਾਈ ਗੁਰਦਾਸ ਜੀ ਅੱਗੇ ਫੁਰਮਾਅ ਰਹੇ ਹਨ-
ਮਾਂ ਪਿਉ ਪਰਹਰਿ ਕਰੈ ਪੂਜੁ ਦੇਵੀ ਦੇਵ ਨ ਸੇਵ ਕਮਾਣੀ।
ਮਾਂ ਪਿਉ ਪਰਹਰਿ ਨ੍ਹਾਵਣਾ ਅਠਸਠਿ ਤੀਰਥ ਘੁੰਮਣਵਾਣੀ।
ਜਿਹੜਾ ਮਨੁੱਖ ਆਪਣੇ ਮਾਂ ਪਿਉ ਦੀ ਸੇਵਾ ਨਹੀਂ ਕਰਦਾ, ਐਸਾ ਮਨੁੱਖ ਦੇਵੀ ਦੇਵਤਿਆਂ ਦੀ ਵੀ ਜਿੰਨੀ ਮਰਜ਼ੀ ਪੂਜਾ ਜਾਂ ਸੇਵਾ ਆਦਿ ਕਰਦਾ ਰਹੇ, ਦੇਵੀ ਦੇਵਤੇ ਵੀ ਇਸ ਦੀ ਕੀਤੀ ਹੋਈ ਪੂਜਾ ਜਾਂ ਸੇਵਾ ਨੂੰ ਬਿਲਕੁਲ ਹੀ ਪ੍ਰਵਾਨ ਨਹੀਂ ਕਰਦੇ ਅਤੇ ਐਸਾ ਮਨੁੱਖ ਇਸ ਦੁਨੀਆ ਵਿਚ ੬੮ ਤੀਰਥਾਂ ’ਤੇ ਜਾ ਕੇ ਵੀ ਇਸ਼ਨਾਨ ਕਰਦਾ ਫਿਰੇ, ਉਹ ਸਮਝ ਲਵੇ ਕਿ ਉਹ ਪਾਣੀ ਦੀ ਘੁੰਮਣਵਾਲੀ ਵਿਚ ਘਿਰਿਆ ਸਿਰਫ ਗੋਤੇ ਹੀ ਖਾਂਦਾ ਫਿਰਦਾ ਹੈ:
ਮਾਂ ਪਿਉ ਪਰਹਰਿ ਕਰੈ ਦਾਨ ਬੇਈਮਾਨ ਅਗਿਆਨ ਪਰਾਣੀ।
ਮਾਂ ਪਿਉ ਪਰਹਰਿ ਵਰਤ ਕਰਿ ਮਰਿ ਮਰਿ ਜੰਮੈ ਭਰਮਿ ਭੁਲਾਣੀ।
ਗੁਰੁ ਪਰਮੇਸਰੁ ਸਾਰੁ ਨ ਜਾਣੀ ॥੧੩॥
(ਵਾਰ ੩੭:੧੩)
ਪਵਿੱਤਰ ਬਾਣੀ ਐਸੇ ਮਨੁੱਖ ਨੂੰ, ਜੋ ਆਪਣੇ ਮਾਂ ਪਿਉ ਦੀ ਸੇਵਾ ਤਾਂ ਨਹੀਂ ਕਰਦਾ, ਸਗੋਂ ਸੇਵਾ ਨਾ ਕਰ ਕੇ ਉਨ੍ਹਾਂ ਦੀ ਨਿਰਾਦਰੀ ਕਰਦਾ ਰਹਿੰਦਾ ਹੈ, ਪਵਿੱਤਰ ਬਾਣੀ ਨੇ ਐਸੇ ਮਨੁੱਖ ਨੂੰ ਬਹੁਤ ਵੱਡੇ ਬੇਈਮਾਨ, ਅਗਿਆਨੀ ਅਤੇ ਭੇਖੀ ਮਨੁੱਖ ਦਾ ਦਰਜਾ ਦਿੱਤਾ ਹੈ, ਮਾਂ ਪਿਉ ਦੀ ਸੇਵਾ ਨਾ ਕਰਨ ਵਾਲੇ ਐਸੇ ਮਨੁੱਖ ਦਾ ਕੀਤਾ ਹੋਇਆ ਦਾਨ-ਪੁੰਨ ਜਾਂ ਸੇਵਾ ਸਭ ਵਿਅਰਥ ਹੀ ਜਾਂਦਾ ਹੈ, ਸਮਾਜ ਵਿਚ ਐਸਾ ਮਨੁੱਖ ਸਿਰਫ ਲੋਕ ਦਿਖਾਵਾ ਹੀ ਕਰਦਾ ਫਿਰਦਾ ਹੈ ਅਤੇ ਮਾਂ ਪਿਉ ਦੀ ਸੇਵਾ ਨੂੰ ਛੱਡ ਕੇ ਉਹ ਜਿੰਨੇ ਮਰਜ਼ੀ ਜਪ ਤਪ ਅਤੇ ਵਰਤ ਨੇਮ ਆਦਿ ਕਰਦਾ ਫਿਰੇ, ਉਹ ੮੪ ਲੱਖ ਜੂਨਾਂ ਵਿਚ ਭਟਕਦਾ ਹੋਇਆ, ਸਦਾ ਜੰਮਦਾ ਮਰਦਾ ਹੀ ਰਹੇਗਾ। ਮਾਂ ਪਿਉ ਦੀ ਸੇਵਾ ਨਾ ਕਰਨ ਵਾਲਾ ਐਸਾ ਮਨੁੱਖ, ਸਤਿਗੁਰੂ ਜੀ ਦੇ ਉਪਦੇਸ਼ਾਂ ਦੀ ਵੀ ਕੋਈ ਸਾਰ ਨਹੀਂ ਜਾਣੇਗਾ। ਸੋ ਹਰ ਮਨੁੱਖ ਨੂੰ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਕਿ ਪਿਆਰਿਆ, ਜੇ ਤੇਰੇ ਘਰ ਵਿਚ ਤੇਰੇ ਪਿਆਰੇ ਮਾਂ ਪਿਉ ਮੌਜੂਦ ਹਨ ਤਾਂ ਸਮਝ ਲਵੀਂ ਕਿ ਤੇਰੇ ਲਈ ਰੱਬ ਤੇਰੇ ਘਰ ਵਿਚ ਹੀ ਮੌਜੂਦ ਹੈ। ਬੁਢੇਪਾ ਆਉਣ ’ਤੇ ਤੇਰੇ ਮਾਤਾ ਪਿਤਾ ਜੀ ਤੇਰੇ ’ਤੇ ਬਹੁਤ ਹੀ ਆਸਾਂ ਲਾਈ ਬੈਠੇ ਹਨ, ਵੇਖੀਂ ਕਿਤੇ, ਉਨ੍ਹਾਂ ਦੀਆਂ ਪਿਆਰੀਆਂ ਅਤੇ ਸ਼ੁਭ ਆਸਾਂ ’ਤੇ ਕਿਤੇ ਪਾਣੀ ਨਾਂ ਫੇਰ ਦੇਵੀਂ। ਹਾਂ, ਇੱਥੇ ਹਰ ਘਰ ਵਿਚ ਰਹਿੰਦੇ ਹੋਏ ਮਾਤਾ ਪਿਤਾ ਜੀ ਨੂੰ ਵੀ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਪੁੱਤਰਾਂ ਧੀਆਂ ਅਤੇ ਨੂੰਹਾਂ ਦੇ ਛੋਟੇ ਮੋਟੇ ਅਉਗਣਾਂ ਵੱਲ ਬਿਲਕੁਲ ਹੀ ਧਿਆਨ ਨਾ ਦੇਣ ਅਤੇ ਉਨ੍ਹਾਂ ਨੂੰ ਆਪਣੇ ਪਿਆਰੇ ਬੱਚੇ ਜਾਣ ਕੇ ਬਹੁਤ ਹੀ ਹਲੇਮੀ ਅਤੇ ਪਿਆਰ ਨਾਲ ਸਮਝਾ ਕੇ, ਆਪਣੇ ਘਰ ਨੂੰ ਸ਼ਾਂਤੀ ਦਾ ਖ਼ਜ਼ਾਨਾ ਆਪ ਹੀ ਬਣਾ ਲੈਣ ਅਤੇ ਆਪਣੀ ਸੇਵਾ ਕਰਾਉਣ ਦੇ ਆਪ ਹੀ ਸਦਾ ਪਾਤਰ ਬਣ ਜਾਣ। ਸੋ ਇਸ ਸਮਾਜ ਵਿਚ ਵਿਚਰਦਿਆਂ ਹੋਇਆਂ ਆਮ ਹੀ ਕਈ ਘਰਾਂ ਵਿਚ ਜਦੋਂ ਮਾਤਾ ਪਿਤਾ ਦਾ ਬਹੁਤ ਹੀ ਸਤਿਕਾਰ ਹੁੰਦਾ ਅਤੇ ਸੇਵਾ ਹੁੰਦੀ ਵੇਖੀਦੀ ਹੈ ਤਾਂ ਐਸੇ ਕਰਮਾਂ ਵਾਲੇ ਪੁੱਤਾਂ, ਧੀਆਂ ਅਤੇ ਨੂੰਹਾਂ ਦੇ ਵਿਵਹਾਰ ਵੱਲ ਦੇਖ ਕੇ ਸਤਿਕਾਰ ਨਾਲ ਹਰ ਆਦਮੀ ਦਾ ਉਨ੍ਹਾਂ ਅੱਗੇ ਸਿਰ ਝੁਕ ਜਾਂਦਾ ਹੈ, ਸੋ ਪਿਆਰਿਓ, ਗੁਰੂ-ਘਰ ਵਿਚ ਮਾਂ ਪਿਉ ਦੀ ਪਿਆਰੀ ਅਸੀਸ ਨੂੰ ਬਹੁਤ ਵੱਡੀ ਅਸੀਸ ਕਰਕੇ ਮੰਨਿਆ ਗਿਆ ਹੈ।
ਸੋ ਪਿਆਰਿਓ, ਅੱਜ ਤੋਂ ਸਾਡਾ ਹਰ ਇਕ ਦਾ ਬਹੁਤ ਵੱਡਾ ਫ਼ਰਜ਼ ਬਣਦਾ ਹੈ ਕਿ ਆਪਣੇ ਮਾਂ ਪਿਉ ਦੀ ਸੇਵਾ ਨੂੰ ਰੱਬ ਦੀ ਸੇਵਾ ਜਾਣਕੇ ਸਦਾ ਕਰਦੇ ਰਹੀਏ। ਸੋ ਜਦੋਂ ਵੀ ਕੋਈ ਮਨੁੱਖ ਪਵਿੱਤਰ ਗੁਰਬਾਣੀ ਦੇ ਇਸ ਪਿਆਰੇ ਉਪਦੇਸ਼ ਮੁਤਾਬਕ ਆਪਣੇ ਮਾਂ ਪਿਉ ਦੀ ਸੇਵਾ ਨੂੰ ਧਰਮ ਦਾ ਸਭ ਤੋਂ ਵੱਡਾ ਕਰਮ ਸਮਝ ਕੇ ਕਰਨ ਲੱਗ ਜਾਵੇਗਾ ਤਾਂ ਐਸੇ ਪਿਆਰੇ ਮਨੁੱਖ ਨੂੰ ਇਸ ਸੰਸਾਰ ਵਿਚ ਸਤਿਗੁਰੂ ਜੀ ਆਪਣੀਆਂ ਪਿਆਰੀਆਂ ਬਖਸ਼ਿਸ਼ਾਂ ਕਰਕੇ ਉਸ ਮਨੁੱਖ ਦੇ ਘਰ ਬਰਕਤਾਂ ਹੀ ਬਰਕਤਾਂ ਦੇ ਦੇਣਗੇ।