੨੬ ਫਰਵਰੀ ਨੂੰ ਵਿਆਹ ਪੁਰਬ ‘ਤੇ ਵਿਸ਼ੇਸ਼
-ਡਾ. ਗੁਰਪ੍ਰੀਤ ਸਿੰਘ
ਬਾਬਾ ਬੁੱਢਾ ਜੀ ਗੁਰੂ-ਘਰ ਦੇ ਅਨਿਨ ਸੇਵਕ ਹੋਣ ਦੇ ਨਾਲ-ਨਾਲ ਗ੍ਰਹਿਸਥੀ ਵੀ ਸਨ। ਉਨ੍ਹਾਂ ਨਾਲ ਗ੍ਰਹਿਸਥ ਦਾ ਕਾਰਜ ਉਨ੍ਹਾਂ ਦੀ ਪਤਨੀ ਮਾਤਾ ਮਿਰੋਆ ਜੀ ਨੇ ਸੰਭਾਲਿਆ।
ਮਾਤਾ ਮਿਰੋਆ ਜੀ ਕਰਕੇ ਹੀ ਬਾਬਾ ਬੁੱਢਾ ਜੀ ਗ੍ਰਹਿਸਥ ਦੇ ਨਾਲ-ਨਾਲ ਗੁਰੂ-ਘਰ ਦੀ ਸੇਵਾ ਸੰਭਾਲਦੇ ਰਹੇ। ਮਾਤਾ ਮਿਰੋਆ ਜੀ ਦਾ ਪੇਕਾ ਘਰ ਅੱਚਲ ਵਟਾਲਾ ਸੀ।
ਮਾਤਾ ਮਿਰੋਆ ਜੀ ਦਾ ਰਿਸ਼ਤਾ ਬਾਬਾ ਬੁੱਢਾ ਜੀ ਨਾਲ ਮਾਤਾ ਸੁਲੱਖਣੀ ਜੀ ਨੇ ਵਿਚੋਲੇ ਬਣ ਕੇ ਕਰਵਾਇਆ ਸੀ । ਬਾਬਾ ਬੁੱਢਾ ਜੀ ਦਾ ਵਿਆਹ ਮਾਤਾ ਮਿਰੋਆ ਜੀ ਨਾਲ ੧੫ ਫੱਗਣ ੧੫੮੦ ਬਿਕ੍ਰਮੀ (੧੫੨੩ ਈ.) ਨੂੰ ਅੱਚਲ ਵਿਖੇ ਹੋਇਆ ਸੀ। ਮਾਤਾ ਮਿਰੋਆ ਜੀ ਵਿਆਹ ਕੇ ਕੱਥੂਨੰਗਲ ਆਏ ਸਨ ਪਰ ਕੁਝ ਸਮੇਂ ਬਾਅਦ ਇਸ ਪਰਿਵਾਰ ਨੇ ਰਮਦਾਸ ਪਿੰਡ ਵਿਚ ਘਰ ਬਣਾ ਲਿਆ ਸੀ। ਮਾਤਾ ਮਿਰੋਆ ਜੀ ਦੀ ਕੁੱਖੋਂ ਚਾਰ ਪੁੱਤਰ-ਸੁਧਾਰੀ, ਭਿਖਾਰੀ, ਮਹਿਮੂ ਤੇ ਭਾਨਾ ਪੈਦਾ ਹੋਏ। ਪਹਿਲਾ ਪੁੱਤਰ ਤੇ ਭਾਈ ਸੁਧਾਰੀ ੧੫੨੮ ਈ. ਵਿਚ ਪੈਦਾ ਹੋਇਆ। ਭਾਈ ਸੁਧਾਰੀ ਦਾ ਵਿਆਹ ਦਰਿਆ ਬਿਆਸ ਕੰਢੇ ਪਿੰਡ ਭਗਤੂ (ਹੁਣ ਜ਼ਿਲ੍ਹਾ ਤਰਨ ਤਾਰਨ) ਵਿਖੇ ਹੋਇਆ।
ਦੂਜਾ ਪੁੱਤਰ ਭਿਖਾਰੀ ੧੫੩੧ ਈ. ਵਿਚ ਜਨਮਿਆ। ਇਸਦਾ ਵਿਆਹ ਪਿੰਡ ਸਮਰਾ (ਨੇੜੇ ਡੇਰਾ ਬਾਬਾ ਨਾਨਕ) ਦੇ ਭਾਈ ਨਰੈਣੇ ਬਸਰੇ ਦੀ ਲੜਕੀ ਨਾਲ ੧੫੪੫ ਈ. ਵਿਚ ਹੋਇਆ। ਤੀਜਾ ਪੁੱਤਰ ਭਾਈ ਮਹਿਮੂ ੧੫੩੩ ਈ. ਵਿਚ ਪੈਦਾ ਹੋਇਆ ਤੇ ਇਸਦਾ ਵਿਆਹ ੧੫੫੦ ਈ. ਵਿਚ ਤਲਵੰਡੀ ਭਿੰਡਰ ਵਿਖੇ ਹੋਇਆ। ਮਾਤਾ ਮਿਰੋਆ ਦਾ ਚੌਥਾ ਪੁੱਤਰ ਭਾਈ ਭਾਨਾ ੧੫੩੬ ਈ. ਵਿਚ ਜਨਮਿਆ ਅਤੇ ਇਸਦਾ ਵਿਆਹ ਜ਼ਿਲ੍ਹਾ ਜਲੰਧਰ ਦੇ ਪਿੰਡ ਢਿਲਵਾਂ ਦੇ ਢਿੱਲੋਂ ਜ਼ਿਮੀਦਾਰਾਂ ਦੀ ਬੇਟੀ ਗੌਰਾ ਨਾਲ ੧੫੫੪ ਈ. ਵਿਚ ਹੋਇਆ ।
ਮਾਤਾ ਮਿਰੋਆ ਜੀ ਨੇ ਬਾਬਾ ਬੁੱਢਾ ਜੀ ਦੀ ਗ਼ੈਰ-ਹਾਜ਼ਰੀ ਵਿਚ ਵੀ ਆਪਣੇ ਬੱਚਿਆਂ ਨੂੰ ਸਿੱਖ ਧਰਮ ਦੀ ਅਜਿਹੀ ਸਿੱਖਿਆ ਦਿੱਤੀ ਕਿ ਉਹ ਬਾਬਾ ਬੁੱਢਾ ਜੀ ਤੋਂ ਬਾਅਦ ਗੁਰੂ-ਘਰ ਵਿਚ ਗੁਰਿਆਈ ਦੀ ਰਸਮ ਅਦਾ ਕਰਨ ਦੀ ਸੇਵਾ ਕਰਦੇ ਰਹੇ। ਮਾਤਾ ਮਿਰੋਆ ਜੀ ੭੩ ਸਾਲ ਦੀ ਉਮਰ ਵਿਚ ੧੬੩੮ ਬਿਕਰਮੀ (੧੫੮੧ ਈ.) ਮਾਘ ਵਦੀ ਪੰਜ ਨੂੰ ਪਿੰਡ ਭਾਨਾ ਤਲਵੰਡੀ (ਰਮਦਾਸ) ਵਿਖੇ ਚੜ੍ਹਾਈ ਕਰ ਗਏ । ਸਿੱਖ ਇਸਤਰੀਆਂ ਨੂੰ ਮਾਤਾ ਮਿਰੋਆ ਜੀ ਦੇ ਜੀਵਨ ਤੋਂ ਹਮੇਸ਼ਾਂ ਸੇਧ ਮਿਲਦੀ ਰਹੇਗੀ।