153 views 6 secs 0 comments

ਮਿਸਲ ਸ਼ਹੀਦਾਂ ਤਰਨਾ ਦਲ (ਹਰੀਆਂ ਬੇਲਾਂ) ਅਤੇ ਦਮਦਮੀ ਟਕਸਾਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ

ਲੇਖ
January 20, 2025

-ਸ. ਰਣਧੀਰ ਸਿੰਘ

ਕਿਸੇ ਵੀ ਕੌਮ ਦਾ ਮਾਣਮੱਤਾ ਇਤਿਹਾਸ ਹੀ ਉਸ ਦਾ ਦਰਪਣ ਹੁੰਦਾ ਹੈ। ਸਿੱਖ ਇਤਿਹਾਸ ਵਕਤੀ ਜ਼ੁਲਮ ਦੇ ਖਿਲਾਫ਼ ਜੂਝਦੇ ਹੋਏ ਆਗੂਆਂ ਦੀਆਂ ਕੁਰਬਾਨੀਆਂ ਅਤੇ ਵਕਤੀ ਹਾਕਮਾਂ ਦੁਆਰਾ ਕੀਤੇ ਜ਼ੁਲਮਾਂ ਨਾਲ ਭਰਿਆ ਪਿਆ ਹੈ। ਸਿੱਖ ਕੌਮ ਦੇ ਸਿਰਲੱਥ ਯੋਧੇ ਤੇ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਸਿੱਖ ਕੌਮ ਦੀ ਅਣਖ ਲਈ ਸ਼ਹੀਦੀ ਪ੍ਰਾਪਤ ਕੀਤੀ। ਆਪ ਦਾ ਜਨਮ ੨੬ ਜਨਵਰੀ ਸੰਨ ੧੬੮੨ ਨੂੰ ਪਹੂਵਿੰਡ ਵਿਖੇ ਪਿਤਾ ਸ੍ਰੀ ਭਗਤੂ ਜੀ ਤੇ ਮਾਤਾ ਜਿਉਣੀ ਜੀ ਦੇ ਘਰ ਹੋਇਆ। ਆਪ ਮਾਪਿਆਂ ਦੀ ਇਕਲੌਤੀ ਔਲਾਦ ਸਨ। ਆਪ ਦਾ ਨਾਂਅ ਦੀਪ ਰੱਖਿਆ ਗਿਆ। ਜਦੋਂ ਆਪ ਦੀ ਉਮਰ ੧੨ ਸਾਲ ਸੀ ਤਾਂ ਆਪ ਆਪਣੇ ਮਾਤਾ- ਪਿਤਾ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਗਏ। ਆਪ ਜੀ ਨੇ ਮਾਤਾ ਪਿਤਾ ਸਹਿਤ ਦਸ਼ਮੇਸ਼ ਪਿਤਾ ਜੀ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ। ਫਿਰ ਆਪ ਜੀ ਉਥੇ ਗੁਰੂ ਜੀ ਕੋਲ ਹੀ ਰਹਿ ਗਏ ਅਤੇ ਆਪ ਨੇ ਸਿੱਖ ਫਿਲਾਸਫੀ ਤੇ ਵਿੱਦਿਆ ਦਾ ਡੂੰਘਾ ਅਧਿਐਨ ਕੀਤਾ। ਆਪ ਨੇ ਘੋੜਸਵਾਰੀ ਤੇ ਹਥਿਆਰ ਚਲਾਉਣ ਵਿੱਚ ਨਿਪੁੰਨਤਾ ਹਾਸਲ ਕੀਤੀ। ੧੮ ਸਾਲ ਦੀ ਉਮਰ ਵਿਚ ਸੰਨ ੧੭੦੦ ਵਿਚ ਆਪ ਗੁਰੂ ਜੀ ਪਾਸੋਂ ਅੰਮ੍ਰਿਤ ਛੱਕ ਕੇ ਦੀਪ ਤੋਂ ਦੀਪ ਸਿੰਘ ਬਣ ਗਏ।

ਗੁਰੂ ਜੀ ਦੀ ਸੰਗਤ ਵਿਚ ਰਹਿ ਕੇ ਆਪ ਨੇ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਤੇ ਹੱਕ-ਸੱਚ ਲਈ ਲੜਨ ਦੀ ਪ੍ਰਤਿਗਿਆ ਕੀਤੀ। ਸੰਨ ੧੭੦੨ ਵਿਚ ਆਪ ਗੁਰੂ ਜੀ ਦੀ ਆਗਿਆ ਨਾਲ ਵਾਪਸ ਆਪਣੇ ਪਿੰਡ ਮਾਤਾ-ਪਿਤਾ ਦੀ ਸੇਵਾ ਲਈ ਆ ਗਏ। ਉਸੇ ਸਾਲ ਹੀ ਆਪ ਜੀ ਦੀ ਸ਼ਾਦੀ ਹੋ ਗਈ। ੧੭੦੪ ਵਿਚ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ, ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸ਼ਹੀਦ ਹੋ ਗਏ ਤਾਂ ਆਪ ਤੁਰੰਤ ਆਪਣੇ ਪਿੰਡੋਂ ਗੁਰੂ ਸਾਹਿਬ ਨੂੰ ਮਿਲਣ ਲਈ ਚੱਲ ਪਏ। ਤਲਵੰਡੀ ਸਾਬੋ ਵਿਖੇ ਆਪ ਗੁਰੂ ਜੀ ਨੂੰ ਮਿਲੇ ਤਾਂ ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਗਿਆ ਵਿੱਚ ਭਾਈ ਮਨੀ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕਰ ਕੇ ਸੰਪੂਰਨ ਲਿਖਣਾ ਕੀਤਾ।

ਚਾਰ ਹੱਥ ਲਿਖਤ ਬੀੜਾਂ ਗੁਰਮੁਖੀ ਵਿਚ ਤੇ ਇਕ ਬੀੜ ਅਰਬੀ ਵਿਚ ਲਿਖੀ ਜੋ ਅਰਬ ਦੇਸ਼ਾਂ ਵਿਚ ਉਥੋਂ ਦੇ ਲੋਕਾਂ ਲਈ ਭੇਜੀ ਗਈ। ੧੭੦੬ ਵਿਚ ਜਦੋਂ ਗੁਰੂ ਸਾਹਿਬ ਦਿੱਲੀ ਵਿਚ ਚਲੇ ਗਏ ਤਾਂ ਗੁਰੂ ਹੁਕਮ ਅਨੁਸਾਰ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਵਿਚ ਭੇਜਿਆ ਗਿਆ ਤੇ ਆਪ ਨੂੰ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਸੌਂਪੀ ਗਈ। ਇਥੇ ਰਹਿ ਕੇ ਆਪ ਬਾਣੀ ਦੀਆਂ ਹੱਥਲਿਖਤ ਪੋਥੀਆਂ ਲਿਖਣ ਦੀ ਸੇਵਾ ਵਿਚ ਰੁੱਝੇ ਰਹੇ।

੧੭੦੯ ਵਿਚ ਬੰਦਾ ਸਿੰਘ ਬਹਾਦਰ ਜੀ ਨਾਲ ਮਿਲ ਕੇ ਸਰਹਿੰਦ ਤੇ ਸਢੌਰੇ ਦੀਆਂ ਜੰਗਾਂ ਲੜੀਆਂ, ਜਿਥੇ ਵਜ਼ੀਰ ਖਾਨ ਮਾਰਿਆ ਗਿਆ ਸੀ। ੧੭੩੨ ਵਿਚ ਬਾਬਾ ਆਲਾ ਸਿੰਘ ਜੀ ਦੀ ਲੜਾਈ ਵਿਚ ਆਪ ਨੇ ਮਦਦ ਕੀਤੀ। ੧੭੩੩ ਵਿਚ ਜਦੋਂ ਸ. ਕਪੂਰ ਸਿੰਘ ਨੂੰ ਨਵਾਬੀ ਮਿਲੀ ਤਾਂ ਸਾਰੀ ਫੌਜ ਨੂੰ ਇਕੱਠਾ ਕਰ ਕੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ। ਅੱਗੇ ਇਸ ਨੂੰ ਬੁੱਢਾ ਦਲ ਤੇ ਤਰਨਾ ਦਲ ਵਿਚ ਵੰਡਿਆ ਗਿਆ ਜਦੋਂ ਮਿਸਲ ਸ਼ਹੀਦਾਂ ਸਥਾਪਤ ਹੋਈ ਤਾਂ ੧੯੪੮ ਵਿਚ ਆਪ ਨੂੰ ਮਿਸਲ ਸ਼ਹੀਦਾਂ ਦਾ ਮੁਖੀ ਥਾਪਿਆ ਗਿਆ। ਜਿਸ ਦਾ ਹੈੱਡ ਕੁਆਰਟਰ ਤਲਵੰਡੀ ਸਾਬੋ ਨੂੰ ਬਣਾਇਆ ਗਿਆ।

ਸੰਨ ੧੭੫੫-੧੭੫੬ ਵਿਚ ਜਦੋਂ ਅਬਦਾਲੀ ਨੇ ਭਾਰਤ ਉਤੇ ਚੌਥਾ ਹਮਲਾ ਕੀਤਾ ਤੇ ਬੇਸ਼ੁਮਾਰ ਸੋਨਾ- ਚਾਂਦੀ ਲੁੱਟ ਕੇ ਹਜਾਰਾਂ ਨੌਜਵਾਨ ਲੜਕੇ-ਲੜਕੀਆਂ ਬੰਦੀ ਬਣਾ ਕੇ ਨਾਲ ਲੈ ਤੁਰਿਆ ਤਾਂ ਕੁਰੂਕਸ਼ੇਤਰ ਵਿਖੇ ਮਾਰਕੰਡਾ ਦਰਿਆ ਦੇ ਕਿਨਾਰੇ ਖਾਲਸਾ ਫੌਜ ਵੱਲੋਂ ਅਚਾਨਕ ਹਮਲਾ ਕਰਕੇ ਉਸ ਦੀ ਫੌਜ ਨੂੰ ਤਹਿਸ- ਨਹਿਸ ਕੀਤਾ ਗਿਆ। ਨੌਜਵਾਨ ਬੱਚਿਆਂ ਨੂੰ ਛੁਡਾ ਕੇ ਘਰੋ-ਘਰੀਂ ਭੇਜਿਆ ਗਿਆ। ਉਸ ਵੇਲੇ ਇਹ ਕੰਮ ਬਹਾਦਰ ਰਾਜਪੂਤ ਤੇ ਮਰਾਠੇ ਨਹੀਂ ਕਰ ਸਕੇ। ਖਾਲਸੇ ਦੇ ਸਾਹਸੀ ਦੇ ਵਰਤਾਰੇ ਕਰਕੇ ਹੀ ‘ਮੋੜੀਂ ਬਾਬਾ ਕੱਛ ਵਾਲਿਆ, ਨਹੀਂ ਰਨ ਗਈ ਬਸਰੇ ਨੂੰ ਆਖਣ ਸ਼ੁਰੂ ਹੋਇਆ। ਜਦੋਂ ਅਹਿਮਦ ਸ਼ਾਹ ਦੁਰਾਨੀ ਦਾ ਪੁੱਤਰ ਖਾਨ ਲਾਹੌਰ ਦਾ ਨਾਇਕ ਬਣਿਆ ਤਾਂ ਸਿੱਖਾਂ ਉਪਰ ਜ਼ੁਲਮਾਂ ਦਾ ਪਹਾੜ ਟੁੱਟ ਪਿਆ।

੧੭੫੭ ਵਿਚ ਜਹਾਨ ਸ਼ਾਹ ਨੇ ਖਾਲਸੇ ਦੇ ਪ੍ਰੇਰਨਾ ਸਰੋਤ ਹਰਿਮੰਦਰ ਸਾਹਿਬ ਜੀ ਬੇਹੁਰਮਤੀ ਕੀਤੀ। ੭੫ ਸਾਲ ਦੀ ਉਮਰ ਵਿਚ ਇਹ ਕੁਝ ਸੁਣ ਕੇ ਬਾਬਾ ਜੀ ਦਾ ਖੂਨ ਖੌਲ ਉਠਿਆ। ਆਪ ਹਰਿਮੰਦਰ ਸਾਹਿਬ ਨੂੰ ਦੁਸ਼ਮਣ ਤੋਂ ਆਜਾਦ ਕਰਵਾਉਣ ਲਈ ਪ੍ਰਤਿਗਿਆ ਕੀਤੀ ਤੇ ਅਰਦਾਸ ਕਰਕੇ ਆਪ ਆਪਣੇ ਨਾਲ ਸਿੰਘ ਲੈ ਕੇ ਅੰਮ੍ਰਿਤਸਰ ਵੱਲ ਚੱਲ ਪਏ।

ਤਰਨ ਤਾਰਨ ਤੱਕ ਪਹੁੰਚਦਿਆਂ ੫੦੦੦ ਸਿੱਖ ਆਪ ਨਾਲ ਹੋ ਤੁਰੇ। ਇਥੇ ਆਪ ਨੇ ਖੰਡੇ ਨਾਲ ਲਕੀਰ ਖਿੱਚ ਕੇ ਸਿੰਘਾਂ ਨੂੰ ਵੰਗਾਰਿਆ ਕਿ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਨੂੰ ਆਜਾਦ ਕਰਾਉਣ ਲਈ ਜਾਨਾਂ ਵਾਰਨੀਆਂ ਹਨ, ਲਕੀਰ ਟੱਪ ਜਾਓ।

ਜਉ ਤਉ ਪ੍ਰੇਮ ਖੇਲਣ ਕਾ ਚਾਉ॥

ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥

ਸਿਰੁ ਦੀਜੈ ਕਾਣਿ ਨ ਕੀਜੈ॥

ਸਾਰੇ ਸਿੰਘ ਲਕੀਰ ਟੱਪ ਗਏ ਅਤੇ ਅੰਮ੍ਰਿਤਸਰ ਦਾ ਘੋਰ ਯੁੱਧ ਹੋਇਆ। ਅੰਮ੍ਰਿਤਸਰ ਦੇ ਬਾਹਰ-ਬਾਹਰ ਗੋਹਲਵਾੜ ਵਿਖੇ ਜਹਾਨ ਖਾਨ ਦੀ ੨੦ ਹਜ਼ਾਰ ਫੌਜ ਨਾਲ ਆਪ ਦੀ ਟੱਕਰ ਹੋਈ ਅਤੇ ਦੁਸ਼ਮਣ ਦੀ ਫੌਜ ਨੂੰ ਭਾਂਜ ਦਿੱਤੀ। ਦੁਵੱਲ ਹਮਲੇ ਵਿਚ ਜਮਾਲ ਖਾਨ ਤੇ ਆਪ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਜ਼ਖ਼ਮੀ ਹੋਣ ਦੇ ਬਾਵਜੂਦ ਆਪ ਨੇ ਖੱਬੇ ਹੱਥ ਨਾਲ ਆਪਣੇ ਸੀਸ ਨੂੰ ਸਹਾਰਾ ਦੇ ਕੇ ਸੱਜੇ ਹੱਥ ਨਾਲ ੧੮ ਸ਼ੇਰ ਦੇ ਖੰਡੇ ਦੇ ਨਾਲ ਦੁਸ਼ਮਣ ਦੇ ‘ ਆਹੂ ਲਾਹੁੰਦੇ ਹੋਏ ਹਰਿਮੰਦਰ ਸਾਹਿਬ ਦੀ ਪਰਿਕਰਮਾ ਤੱਕ ਪਹੁੰਚ ਕੇ ਆਪ ਨੇ ਆਪਣੀ ਪ੍ਰਤਿਗਿਆ ਪੂਰੀ ਕੀਤੀ ਅਤੇ ਸ਼ਹਾਦਤ ਪਾਈ।

ਸ੍ਰੀ ਅੰਮ੍ਰਿਤਸਰ ਵਿਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਾਲੇ ਸਥਾਨ ’ਤੇ ਆਪ ਦਾ ਸਸਕਾਰ ਕੀਤਾ ਗਿਆ। ਆਪ ਨੇ ਅਣਖ ਲਈ ਲੜ ਮਰਨ ਦੇ ਦ੍ਰਿੜ ਨਿਸ਼ਚੇ ਨੂੰ ਪੂਰਾ ਕਰਕੇ ਲਾਸਾਨੀ ਸ਼ਹਾਦਤ ਦਿੱਤੀ, ਕੀਤੀ ਅਰਦਾਸ ਆਤਮ ਵਿਸ਼ਵਾਸ ਨਾਲ ਪੂਰਾ ਕਰਨ ਲਈ ਆਪ ਮਜ਼ਬੂਤ ਇਰਾਦੇ ਅੱਗੇ ਮੌਤ ਨੂੰ ਵੀ ਰੁਕਣਾ ਪਿਆ। ਗੁਰੂ ਜੀ ਵੱਲੋਂ ਸਾਜੇ ਸੱਚੇ ਸਿਰਲੱਥ ਜੋਧਾ ਤੇ ਅਨੋਖੇ ਸ਼ਹੀਦ ਸਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦੀ ਸ਼ਹੀਦੀ ਸਮੇਂ-ਸਮੇਂ ‘ਤੇ ਸਿੱਖਾਂ ਵਿਚ ਅਣਖ ਲਈ ਜਿਉਣ ਤੇ ਮਰਨ ਦਾ ਬਲ ਪੈਦਾ ਕਰਦੀ ਰਹੀ ਹੈ। ਆਪ ਜੀ ਦਮਦਮੀ ਟਕਸਾਲ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਜਥੇਦਾਰ ਹੋਏ ਹਨ।