
ਬਾਰ੍ਹਾਂ ਮਿਸਲਾਂ: ਮਿਸਲ ਸ਼ਹੀਦਾਂ (ਨਿਹੰਗਾਂ)
ਡਾ. ਗੁਰਪ੍ਰੀਤ ਸਿੰਘ
ਇਸ ਮਿਸਲ ਦਾ ਮੋਢੀ ਸੁਧਾ ਸਿੰਘ ਸੀ। ਉਹ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਸੇਵਾਦਾਰ ਸੀ। ਜਲੰਧਰ ਦੇ ਮੁਸਲਮਾਨ ਗਵਰਨਰ ਵਿਰੁੱਧ ਲੜਦਿਆਂ ਉਹ ਸ਼ਹੀਦ ਹੋ ਗਿਆ ਸੀ। ਉਹ ਸ਼ਹੀਦ ਨਾਮ ਨਾਲ ਮਸ਼ਹੂਰ ਹੋ ਗਿਆ। ਇਸ ਕਰਕੇ ਮਿਸਲ ਦਾ ਨਾਮ ਸ਼ਹੀਦ ਮਿਸਲ ਰੱਖਿਆ ਗਿਆ। ਸੋਹਣ ਸਿੰਘ ਸੀਤਲ ਅਨੁਸਾਰ ਬਾਬਾ ਦੀਪ ਸਿੰਘ ਜੀ ਇਸ ਮਿਸਲ ਦੇ ਮੋਢੀ ਸੀ। ਇਨ੍ਹਾਂ ਦਾ ਜਥਾ ਹਮੇਸ਼ਾਂ ਅੱਗੇ ਹੋ ਕੇ ਲੜਦਾ ਤੇ ਸ਼ਹੀਦ ਹੁੰਦਾ ਜਿਸ ਕਰਕੇ ਮਿਸਲ ਦਾ ਨਾਮ “ਸ਼ਹੀਦਾਂ ਮਿਸਲ” ਪਿਆ।
ਬਾਬਾ ਦੀਪ ਸਿੰਘ ਜੀ 1757 ਈ. ਵਿਚ ਜਹਾਨ ਖਾਨ ਦੀਆਂ ਫ਼ੌਜਾਂ ਨਾਲ ਅੰਮ੍ਰਿਤਸਰ ਵਿਖੇ ਲੜਦੇ ਸ਼ਹੀਦ ਹੋ ਗਏ ਸਨ। ਬਾਬਾ ਦੀਪ ਸਿੰਘ ਜੀ ਤੋਂ ਪਿਛੋਂ ਸੱਦਾ ਸਿੰਘ ਇਸ ਮਿਸਲ ਦਾ ਲੀਡਰ ਬਣਿਆ ਜੋ ਦਕੋਹੇ ਪਿੰਡ (ਜਲੰਧਰ) ਕੋਲ ਲੜਦਾ ਸ਼ਹੀਦ ਹੋ ਗਿਆ। 1762 ਈ. ਦੇ ਲਗਭਗ ਕਰਮ ਸਿੰਘ ਇਸ ਮਿਸਲ ਦਾ ਲੀਡਰ ਬਣਿਆ। ਲਗਭਗ ਹਰ ਮੁਹਿੰਮ ਵਿਚ ਇਹ ਮਿਸਲ ਪੰਥ ਨਾਲ ਸ਼ਾਮਲ ਰਹੀ। ਇਸ ਮਿਸਲ ਨੇ ਸ਼ਾਹਜ਼ਾਦਪੁਰ, ਮਾਜ਼ਰਾ, ਤਰਾਵੜੀ, ਰਣੀਆਂ, ਦਮਦਮਾ ਸਾਹਿਬ ਆਦਿ ਇਲਾਕੇ ਆਪਣੇ ਕਬਜ਼ੇ ਹੇਠ ਲਿਆਂਦੇ ਸਨ। 1773 ਈ. ਵਿਚ ਜਲਾਲਾਬਾਦ ਦੇ ਹਾਕਮ ਹਸਨ ਖ਼ਾਂ ਨੇ ਇਕ ਗਰੀਬ ਪੰਡਿਤ ਦੀ ਲੜਕੀ ਖੋਹ ਲਈ ਸੀ ਤਾਂ ਉਹ ਅਕਾਲ ਤਖ਼ਤ ਫਰਿਆਦੀ ਹੋਇਆ ਸੀ।
ਉਸ ਵੇਲੇ ਇਸ ਮਿਸਲ ਦੇ ਜਥੇਦਾਰ ਕਰਮ ਸਿੰਘ ਦੀ ਅਗਵਾਈ ਹੇਠ ਜਲਾਲਾਬਾਦ ‘ਤੇ ਹਮਲਾ ਕਰ ਕੇ ਲੜਕੀ ਛੁਡਾਈ ਗਈ ਸੀ। 1784 ਈ. ਵਿਚ ਕਰਮ ਸਿੰਘ ਚੜਾਈ ਕਰ ਗਿਆ ਅਤੇ ਉਸਦਾ ਪੁੱਤਰ ਗੁਲਾਬ ਸਿੰਘ ਮਿਸਲਦਾਰ ਬਣਿਆ। 1804 ਈ. ਵਿਚ ਗੁਲਾਬ ਸਿੰਘ ਨੇ ਅੰਗਰੇਜ਼ਾਂ ਕੋਲ ਰੱਖਿਆ ਵਾਸਤੇ ਦਰਖਾਸਤ ਕੀਤੀ । 3 ਮਈ 1809 ਈ. ਨੂੰ ਅੰਗਰੇਜ਼ੀ ਸਰਕਾਰ ਨੇ ਮਾਲਵੇ ਦੀਆਂ ਸਾਰੀਆ ਰਿਆਸਤਾਂ ਆਪਣੀ ਰਾਖੀ ਅਧੀਨ ਕਰ ਲਈਆਂ। 1844 ਈ. ਵਿਚ ਗੁਲਾਬ ਸਿੰਘ ਚੜਾਈ ਕਰ ਗਿਆ ਅਤੇ ਸ਼ਿਵ ਕਿਰਪਾਲ ਸਿੰਘ ਮਾਲਕ ਬਣਿਆ। 1871 ਈ. ਵਿਚ ਸ਼ਿਵ ਕਿਰਪਾਲ ਸਿੰਘ ਵੀ ਚੜਾਈ ਕਰ ਗਿਆ ਤੇ ਉਸਦਾ ਪੁੱਤਰ ਜੀਵਨ ਸਿੰਘ ਜਾਗੀਰਦਾਰ ਬਣਿਆ। ਇਸ ਘਰਾਣੇ ਵਾਲੇ ਸ਼ਾਹਜ਼ਾਦਪੁਰੀਏ ਸਰਦਾਰ ਅਖਵਾਉਂਦੇ ਹਨ।
ਇਸ ਤਰ੍ਹਾਂ ਅੰਗਰੇਜ਼ਾਂ ਤੋਂ ਰਾਖੀ ਲੈ ਕੇ ਇਹ ਮਿਸਲ ਲੰਮਾ ਸਮਾਂ ਚਲਦੀ ਰਹੀ।