11 views 1 sec 0 comments

ਮੈਕਸ ਆਰਥਰ ਮੈਕਾਲਿਫ਼

ਲੇਖ
September 09, 2025
ਮੈਕਸ ਆਰਥਰ ਮੈਕਾਲਿਫ਼ ਦਾ ਜਨਮ ੧੦ ਸਤੰਬਰ, ੧੮੪੧ ਈ. ਨੂੰ ਨਿਊਕੈਸਲ ਵੈਸਟ, ਆਇਰਲੈਂਡ ਵਿਚ ਹੋਇਆ। ਸੰਨ ੧੮੬੨ ਈ. ਵਿਚ ਬੀ.ਐਸ.ਸੀ. ਦੇ ਇਮਤਿਹਾਨ ਉਪਰੰਤ ਉਹ ਭਾਰਤੀ ਸਿਵਲ ਸਰਵਿਸਜ਼ (ਆਈ.ਸੀ.ਐਸ.) ਲਈ ਚੁਣਿਆ ਗਿਆ। ਉਹ ਫਰਵਰੀ ੧੮੬੪ ਈ. ਵਿਚ ਡਿਊਟੀ ‘ਤੇ ਹਾਜ਼ਿਰ ਹੋਇਆ। ੧੮੮੨ ਈ. ਤਕ ਮੈਕਾਲਿਫ਼ ਡਿਪਟੀ ਕਮਿਸ਼ਨਰ ਦੇ ਅਹੁਦੇ ਤਕ ਪਹੁੰਚ ਗਏ ਤੇ ੧੮੮੪ ਈ. ਵਿਚ ਡਿਵੀਜ਼ਨਲ ਜੱਜ ਬਣ ਗਏ। ਨਵੰਬਰ ੧੮੮੨ ਈ. ਵਿਚ ਮੈਕਾਲਿਫ਼ ਇਕ ਹਫਤੇ ਦੀ ਛੁੱਟੀ ਲੈ ਕੇ ਲਾਹੌਰ ਗਿਆ, ਜਿੱਥੇ ਉਹ ਪ੍ਰੋ. ਗੁਰਮੁਖ ਸਿੰਘ ਤੇ ਗਿ. ਦਿੱਤ ਸਿੰਘ ਨੂੰ ਮਿਲਿਆ। ਇਸ ਮੁਲਾਕਾਤ ਤੋਂ ਬਾਅਦ ਮੈਕਾਲਿਫ਼ ਦੀ ਰੁਚੀ ਸਿੱਖ ਧਰਮ ਵਿਚ ਹੋ ਗਈ। ੧੮੮੫ ਈ. ਵਿਚ ਮੈਕਾਲਿਫ਼ ਨੇ ਮਹਾਰਾਜਾ ਹੀਰਾ ਸਿੰਘ ਨਾਲ ਮੁਲਾਕਾਤ ਕਰ ਕੇ ਭਾਈ ਕਾਨ੍ਹ ਸਿੰਘ ਨਾਭਾ ਪਾਸੋਂ ਸਿੱਖ ਧਰਮ ਬਾਰੇ ਪੜ੍ਹਨ ਦੀ ਇਜਾਜ਼ਤ ਲੈ ਲਈ। ਇਸ ਕੰਮ ਲਈ ਭਾਈ ਕਾਨ੍ਹ ਸਿੰਘ ਨਾਭਾ ਦੋ ਸਾਲ ਰਾਵਲਪਿੰਡੀ ਠਹਿਰੇ ਸਨ। ੧੮੯੩ ਈ. ਵਿਚ ਮੈਕਾਲਿਫ਼ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਸਿੱਖ ਧਰਮ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਉਸਨੇ ਸਿੱਖ ਧਰਮ ਦੇ ਗਿਆਨੀਆਂ ਕੋਲੋਂ ਸਿੱਖ ਧਰਮ ਬਾਰੇ ਜਾਣਕਾਰੀ ਇਕੱਤਰ ਕੀਤੀ। ਮੈਕਾਲਿਫ਼ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਕੋਈ ੨੦ ਸਾਲ ਸਿੱਖ ਅਧਿਐਨ ਲਈ ਲਾਏ ਤੇ ੧੯੦੯ ਈ. ਵਿਚ ‘ਠਹੲ ਸ਼ਕਿਹ ੍ਰੲਲਗਿiੋਨ’ ਨਾਮ ਹੇਠ ਛੇ ਜਿਲਦਾਂ ਵਿਚ ਸਿੱਖ ਧਰਮ ਬਾਰੇ ਕਿਤਾਬ ਲਿਖੀ। ਇਸ ਕਿਤਾਬ ਵਿਚ ਮੈਕਾਲਿਫ਼ ਨੇ ਗੁਰੂ ਸਾਹਿਬਾਨ, ਬਾਬਾ ਬੰਦਾ ਸਿੰਘ ਬਹਾਦਰ ਅਤੇ ਭਗਤ ਸਾਹਿਬਾਨ ਦਾ ਇਤਿਹਾਸ ਪੇਸ਼ ਕੀਤਾ ਹੈ। ਮੈਕਾਲਿਫ਼ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਹਿੱਸੇ ਦਾ ਅੰਗਰੇਜ਼ੀ ਅਨੁਵਾਦ ਸਿੱਖ ਸਿਧਾਂਤਾਂ ਅਨੁਸਾਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਾਰੇ ਕੰਮ ’ਤੇ ਮੈਕਾਲਿਫ਼ ਦਾ ਏਨਾ ਖਰਚਾ ਹੋ ਗਿਆ ਕਿ ਉਸ ਨੂੰ ਦੋ ਲੱਖ ਰੁਪਏ ਉਸ ਵਕਤ ਆਪਣੀ ਜੇਬ ਵਿੱਚੋਂ ਖਰਚਣੇ ਪਏ ਸਨ। ਆਪਣੇ ਅਖੀਰਲੇ ਸਮੇਂ ਉਹ ਸਿੱਖ ਧਰਮ ਨੂੰ ਸਵੀਕਾਰ ਕਰਦੇ ਹੋਏ ਸਿੱਖ ਸਜ ਗਿਆ ਸੀ ਅਤੇ ਉਸਨੇ ਜਪੁ ਜੀ ਸਾਹਿਬ ਦਾ ਪਾਠ ਹਰ ਰੋਜ਼ ਨਿੱਤਨੇਮ ਨਾਲ ਕਰਨਾ ਸ਼ੁਰੂ ਕਰ ਦਿੱਤਾ। ਮੈਕਾਲਿਫ਼ ੧੫ ਮਾਰਚ, ੧੯੧੩ ਈ. ਨੂੰ ਲੰਡਨ ਵਿਖੇ ਆਪਣੇ ਘਰ ੧੦ ਸਿਕਕਲੇਅਰ ਗਾਰਡਨਜ਼ ਵੈਸਟ ਕੈਨਸਿੰਗਟਨ ਵਿਖੇ ਅਕਾਲ ਚਲਾਣਾ ਕਰ ਗਏ। ਮੈਕਾਲਿਫ਼ ਨੇ ਵਿਸ਼ਵ ਨੂੰ ਸਿੱਖ ਧਰਮ ਬਾਰੇ ਅੰਗਰੇਜ਼ੀ ਵਿਚ ਬਹੁਤ ਸਹੀ ਜਾਣਕਾਰੀ ਪੇਸ਼ ਕੀਤੀ।
-ਡਾ. ਗੁਰਪ੍ਰੀਤ ਸਿੰਘ