
ਸਿੱਖੀ ਨੇ ਜੋ ਪੈਂਡਾ ਗੁਰੂ ਨਾਨਕ ਦੇਵ ਜੀ ਤੋਂ ਦਸਮੇਸ਼ ਪਿਤਾ ਤੱਕ ਤੈਅ ਕੀਤਾ ਜੇ ਉਸ ਨੂੰ ਚਾਰ ਸ਼ਬਦਾਂ ਵਿਚ ਦੱਸਣਾ ਹੋਵੇ ਤਾਂ ਆਖ ਸਕਦੇ ਹਾਂ ‘ਰਬਾਬ ਤੋਂ ਨਗਾਰਾ ਤੱਕ।
ਗੁਰੂ ਨਾਨਕ ਦੇਵ ਜੀ ਨੇ ਅੰਦਰਲਾ ਜਗਾਉਣ ਲਈ ਰਬਾਬ ਦੀ ਸੁਰ ਨਾਲ ਸ਼ਬਦ ਐਸੇ ਢੰਗ ਨਾਲ ਗਾਇਆ ਕਿ ਜੋ ਮਨ ਮਾਇਆ ਦੇ ਸਵਾਦ ਵਿਚ ਸੁੱਤਾ ਹੋਇਆ ਸੀ ਸਾਵਧਾਨ ਹੋ ਉਠਿਆ। ਸ਼ਬਦ ਸੁਣਦੇ ਹੀ ਪਹਿਲਾਂ ‘ਵਾਹਿਗੁਰੂ ਦੀ ਹੋਂਦ ਦਾ ਅਹਿਸਾਸ’ ਹੋਇਆ। ਫਿਰ ਹਜੂਰੀ ਦਾ ਐਸਾ ਪ੍ਰਕਾਸ਼ ਹੋਇਆ ਕਿ ਵਾਹਿਗੁਰੂ ਦਾ ਪ੍ਰਤੱਖ ਦੀਦਾਰ ਕਰਨ ਜੋਗਾ ਹੋ ਗਿਆ। ਇਹ ਹੀ ਹੈ ਨਾਮ ਦਾ ਪ੍ਰਗਟ ਹੋਣਾ। ਜਦ ਅਸੀਂ ਅਰਦਾਸ ਦੇ ਆਖ਼ਰੀ ਸ਼ਬਦ ‘ਨਾਨਕ ਨਾਮ ਚੜ੍ਹਦੀ ਕਲਾ’ ਕਹਿੰਦੇ ਹਾਂ ਤਾਂ ਉਸ ਦਾ ਵੀ ਭਾਵ ਇਹ ਹੀ ਲਗਦਾ ਹੈ ਕਿ ਨਾਮ ਨੇ ਹੀ ਚੜ੍ਹਦੀ ਕਲਾ ਬਖ਼ਸ਼ਣੀ ਹੈ। ਬਾਕੀ ਸਭ ਜੋਸ਼ ਹੈ ਜੋ ਖਿਨ ਪਲ ਲਈ ਹੁੰਦਾ ਹੈ। ਚੜ੍ਹਦੀ ਕਲਾ ਕਦੇ ਘਟਦੀ ਨਹੀਂ। ਹਰ ਹਾਲ ਇਕੋ ਜਿਹਾ ਰਹਿੰਦਾ ਹੈ ਨਾਮ ਵਾਲਾ। ਗੁਰੂ ਨਾਨਕ ਦੇਵ ਜੀ ਜਦ ਵੀ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਹਿੰਦੇ ਤਾਂ ਪੁਰਾਤਨ ਜਨਮ ਸਾਖੀ ਅਨੁਸਾਰ ਸਿਰਫ਼ ਇਹ ਕਹਿੰਦੇ ਸਨ:
ਛੇੜ ਮਰਦਾਨਿਆ ਰਬਾਬ! ਕਾਈ ਸਿਫ਼ਤ ਖ਼ੁਦਾ ਦੇ ਦੀਦਾਰ ਦੀ ਕਰੀਏ!
ਇਹ ਨਹੀਂ ਕਿ ਬਾਣੀ ਆਈ ਹੈ। ਇਹ ਵੀ ਗਵਾਹੀ ਹੈ ਕਿ ਜਦ ਵੀ ਸ਼ਬਦ ਗਾਇਆ ਜਾਂਦਾ, ਪਸ਼ੂ ਪੰਛੀ ਕੀ ਜਲ ਤੱਕ ਸ਼ਾਂਤ ਹੋ ਵਹਿਣ ਲੱਗ ਪੈਂਦਾ।
ਫਿਰ ਗੁਰੂ ਹਰਿਗੋਬਿੰਦ ਜੀ ਨੇ ਢਾਡੀ ਅਬਦੁੱਲਾ ਤੇ ਨੱਥ ਮਲ ਨੂੰ ਸ੍ਰੀ ਅਕਾਲ ਤਖ਼ਤ ਦੀ ਸਿਰਜਨਾ ਹੋ ਜਾਣ ਉਪਰੰਤ ਇਹ ਹੁਕਮ ਦਿੱਤੇ ਸਨ ਕਿ ਉਥੇ ਖੜ੍ਹੇ ਹੋ ਕੇ ਢੱਡ ਨਾਲ ਵਾਰਾਂ ਗਾਈਆਂ ਜਾਣ। ਉਨ੍ਹਾਂ ਦੋਵਾਂ ਬਾਰੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਲਿਖਿਆ ਹੈ ਕਿ ਉਹ ਵਾਰਾਂ ਇਸ ਜੋਸ਼ ਤੇ ਤਰਜ਼ ਨਾਲ ਗਾਉਂਦੇ ਸਨ ਕਿ ਸੁਣਦੇ ਸਾਰ ਹੀ ਕਾਇਰਾਂ ਦੇ ਡੋਲ੍ਹੇ ਫੜਕਣ ਲੱਗ ਪੈਂਦੇ ਸਨ:-
ਐਸੇ ਢੰਗ ਰੰਗ ਸਿਉਂ ਉਚਰੇ।
ਸੁਣਿ ਕਾਇਰ ਰਣ ਮਾਡੇ।
ਗੁਰੂ ਗੋਬਿੰਦ ਸਿੰਘ ਜੀ ਨੇ ਤਖ਼ਤ ‘ਤੇ ਬੈਠਦੇ ਹੀ ਜਿੱਥੇ ਹੋਰ ਹੁਕਮ ਕੀਤੇ ਉਥੇ ਇਕ ਉਚੇਚਾ ਹੁਕਮ ‘ਨਗਾਰਾ ਬਣਾਉਣ ਦਾ ਕੀਤਾ ਸੀ।
ਨਗਾਰਾ ਬਣਨ ਤੇ ਵੱਜਣ ਨਾਲ ਪਹਾੜੀ ਰਾਜਿਆਂ ਤੇ ਸਮੇਂ ਦੀ ਹਕੂਮਤ ਨੂੰ ਤਾਂ ਰੋਹ ਚੜ੍ਹਨਾ ਹੀ ਸੀ ਪਰ ਮਸੰਦ ਵੀ ਬੜੇ ਚਿੰਤਾਤੁਰ ਹੋਏ। ਉਹਨਾਂ ਮਾਤਾ ਗੁਜਰੀ ਜੀ ਨੂੰ ਜਾ ਕਿਹਾ ਕਿ ਇਕ ਤਾਂ ਅੱਗੇ ‘ਦੇਗ’ ਦਾ ਖ਼ਰਚ ਬਹੁਤ ਸੀ ਉਤੋਂ ‘ਤੇਗ’ ਦਾ ਆ ਪਿਆ ਹੈ। ਇਹ ਤਾਂ ਭਲਾ ਕਿਸੇ-ਨਾ-ਕਿਸੇ ਢੰਗ ਨਾਲ ਦੋਵੇ ਖਰਚੇ ਉਠਾ ਲਵਾਂਗੇ ਪਰ ਜੇ ਇਹ ਨਗਾਰਾ ਵੱਜਣਾ ਸ਼ੁਰੂ ਹੋ ਗਿਆ ਤਾਂ ਇਸ ਨਾਲ ਇਤਨੇ ਝਗੜੇ ਉਤਪੰਨ ਹੋ ਜਾਣੇ ਹਨ ਕਿ ਕੁਝ ਵੀ ਪਾਸ ਨਹੀਂ ਰਹਿਣਾ।
‘ਇਸ ਤੋਂ ਹੋਵਤ ਉਤਪਾਤ ਬਿਸਾਲਾ।
ਚਢੇ ਬਜਾਇ ਕਰਿ ਜਿਸ ਕਾਲਾ ‘
ਪਹਾੜੀ ਰਾਜੇ ਅੱਗ ਬਗੋਲਾ ਹੋ ਜਾਣਗੇ।
ਮਾਤਾ ਜੀ ਨੇ ਵੀ ਆ ਕੇ ਕਿਹਾ ਕਿ ਸੁਣਿਆ,
ਤੁਸੀਂ ਨਗਾਰਾ ਬਣਾਉਣ ਲੱਗੇ ਹੋ। ਸਭ ਆ ਕਹਿੰਦੇ ਹਨ ਕਿ ਨਗਾਰਾ ਵੱਜਣ ਨਾਲ ਉਪੱਦਰ ਉਠਣ ਦੀ ਸ਼ੰਕਾ ਹੈ।
ਮਹਾਰਾਜ ਨੇ ਕਿਹਾ : ਮਾਂ ! ਕਿਸੇ ਚਿੰਤਾ ਦੀ ਲੋੜ ਨਹੀਂ। ਮੈਂ ਕਿਸੇ ਦਾ ਰਾਜ ਨਹੀਂ ਹਥਿਆਵਣ ਲੱਗਾ ਪਰ ਜੇ ਕੋਈ ਆ ਪਿਆ ਤਾਂ ਫਿਰ ਇਕ ਗੱਲ ਤੁਸੀਂ ਜਾਣਦੇ ਹੋ-
ਦੇਸ਼ ਰਾਜ ਕੇ ਧਰਹਿ ਗਰੂਰ।
ਕਰਤਾ ਪੁਰਖ ਕਰਹਿ ਤਿਸ ਚੂਰ।
ਗੁਰੂ ਘਰ ਦਾ ਆਦਰਸ਼ ਇਹ ਹੈ ਕਿ ਪਹਿਲਾਂ ਕਿਸੇ ਨਾਲ ਵਿਰੋਧ ਨਹੀਂ ਪਰ ਜੇ ਕੋਈ ਲੜਨਾ ਹੀ ਚਾਹੇ ਤਾਂ ਫਿਰ ਇਧਰ ਵੀ ਕਿਸੇ ਨੇ ਚੂੜੀਆਂ ਨਹੀਂ ਪਾਈਆਂ ਹੋਈਆਂ-
ਪ੍ਰਿਥਮ ਬਿਰੋਧ ਨਹੀਂ ਕਿਮ ਕਰੋ।
ਮਿਲਹਿ ਤੋ ਮਿਲਹਿ, ਲਗਹਿ ਤੋ ਲਰੇ।
ਪੂਰਬ ਧਰਹਿ ਨ ਕਿਸੇ ਸੇ ਬੈਰ।
ਹੰਕਾਰੀ ਕੋ ਕਬਹੂ ਨ ਖ਼ੈਰ।
ਗੁਰੂ ਘਰ ਤਾਂ ਸ਼ੀਸੇ ਨਿਆਈ ਹੈ, ਜਿਹੋ ਜਿਹਾ ਕੋਈ ਮੂੰਹ ਬਣਾਏਗਾ ਤਿਹੋ ਜਿਹਾ ਹੀ ਉਸਨੂੰ ਦਿੱਸੇਗਾ।
ਭਾਈ ਸੰਗੋ ਜੀ (ਭੂਆ ਦੇ ਪੁੱਤਰ ਆਏ ਤਾਂ ਉਨ੍ਹਾਂ ਹੋਰ ਉਤਸ਼ਾਹ ਦਿੱਤਾ। ਉਹਨਾਂ ਕਿਹਾ ਕਿ ਜੇ ਪਹਾੜੀਏ ਬਿਲਾ ਵਜ੍ਹਾ ਆ ਪਏ ਤਾਂ ਲਿਤਾੜ ਕੇ ਮਿੱਟੀ ਵਿਚ ਮੇਲ ਦਿਆਂਗੇ। ‘ਲਬੇਰ ਪਥੇਰੋਂ।
ਕਲਗੀਧਰ ਨੇ ਇਹ ਵੀ ਕਿਹਾ ਕਿ ਅਕਾਲ ਪੁਰਖ ਦੀ ਆਗਿਆ ਗੁਰੂ ਨਾਨਕ ਦੇਵ ਜੀ ਨੂੰ ਹੋਈ ਸੀ ਕਿ ਸਭ ਦਾ ਰੁਖ਼ ਵਾਹਿਗੁਰੂ ਵੱਲ ਮੋੜੋ ਤੇ ਹੁਣ ਅਕਾਲ ਪੁਰਖ ਬਾਚ ਹੋਆ ਹੈ ਕਿ ਵਾਹਿਗੁਰੂ ਦੇ ਰੁਖ਼ ਦੀ ਗੱਲ ਕਰਨੀ।
“ਆਗਯਾ ਹਮਹਿ ਅਕਾਲ ਪੁਰਖ ਕੀ।
ਕਰਹਿ ਬਾਰਤਾ ਕਰਤੇ ਰੁਖ ਕੀ।
ਨਗਾਰਾ ਅਕਾਲ ਪੁਰਖ ਦੀ ਹੋਂਦ ਦਾ ਹੀ ਜੈਕਾਰਾ ਹੈ। ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰ ਕੇ ਦਿਨ ਚੜ੍ਹੇ ਵਜਾਓ-
‘ਸੋ ਸਿਮਰ ਗੁਰੂ ਨਾਨਕ ਬਜਾਵਹੁ।
ਭਾਈ ਕੋਇਰ ਸਿੰਘ ਜੀ ਨੇ ਲਿਖਿਆ ਹੈ ਕਿ ਨਗਾਰਾ ਅਨੰਦਪੁਰ ਸਾਹਿਬ ਵੱਜਣ ਲੱਗਾ। ਪਹਾੜ ਨਗਾਰੇ ਦੀ ਆਵਾਜ਼ ਨਾਲ ਗੂੰਜਣ ਲੱਗਾ ਤੇ ਪਹਾੜੀਆਂ ਦੇ ਦਿਲ ਦਹਿਲਣ ਲੱਗੇ।
ਇਕ ਦਿਨ ਕਹਿਲੂਰ ਦੇ ਰਾਜੇ ਨੇ ਅਨੰਦਪੁਰ ਦੀ ਜੂਹ ਲਾਗੇ ਆ ਛਾਉਣੀ ਪਾਈ। ਉਸ ਦਾ ਆਉਣਾ ਸੁਣ ਕਮਜ਼ੋਰ ਮਨਾਂ ਨੂੰ ਫਿਰ ਫ਼ਿਕਰ ਹੋਇਆ ਕਿ ਜੇ ਨਗਾਰਾ ਨਿੱਤ ਦੀ ਤਰ੍ਹਾਂ ਵੱਜਿਆ ਤਾਂ ਉਹ ਆਵਾਜ਼ ਸੁਣ ਚੜ੍ਹਾਈ ਕਰ ਦੇਵੇਗਾ। ਉਹਨਾਂ ਦੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰੀ ਜੀ ਤੱਕ ਪੁੱਜਣ ਦੀ ਜੁਰਅੱਤ ਨਾ ਹੋਈ ਪਰ ਮਾਤਾ ਨਾਨਕੀ (ਕਲਗੀਧਰ ਦੀ ਦਾਦੀ) ਜੀ ਪਾਸ ਆ ਤਰਲਾ ਕੱਢਿਆ ਅਤੇ ਕਿਹਾ ਕਿ ਨਗਾਰਾ ਵੱਜਣ ਨਾਲ ਕਈ ਪੁਆੜੇ ਪੈਣਗੇ। ਮਾਤਾ ਨਾਨਕੀ ਜੀ ਨੇ ਨਗਾਰਾ ਨਾ ਵਜਾਉਣ ਲਈ ਆਗਿਆ ਕਰ ਦਿੱਤੀ।
ਅੰਮ੍ਰਿਤ ਵੇਲੇ ਜਦ ਦਸਮੇਸ਼ ਪਿਤਾ ਜੀ ਹਮੇਸ਼ਾ ਦੀ ਤਰ੍ਹਾ ਜਾਗੇ ਅਤੇ ਨਗਾਰਾ ਵੱਜਣ ਦੀ ਆਵਾਜ਼ ਨਾ ਸੁਣੀ ਤਾਂ ਪੁੱਛਿਆ :
‘ਨੋਬਤ ਕਿਮ ਯਾਰ ਨਾ ਕੀਨਾ ।
ਨਗਾਰਚੀ ਨੇ ਕਿਹਾ : ਮਾਤਾ ਜੀ ਦੀ ਆਗਿਆ ਹੋਈ ਸੀ ਕਿ ਅੱਜ ਨਗਾਰਾ ਨਹੀਂ ਵਜਾਉਣਾ।
ਮਹਾਰਾਜ ਨੇ ਕਿਹਾ ਕਿ ਦਾਦੀ ਦਾ ਪੋਤਰੇ ਲਈ ਦਿਲ ਵਿਚ ਫ਼ਿਕਰ ਸੁਭਾਵਕ ਹੈ।
‘ਮਾਈ ਸੁਭਾਉ ਕੋ ਤ੍ਰਾਸ ਸਨੰਤਰ’
ਪਰ ਮਾਤਾ ਜੀ ਨੂੰ ਪੁੱਛਣਾ ਕਿ ਵਾਹਿਗੁਰੂ ਦਾ ਤਾਂ ਹੁਕਮ ਹੈ ਕਿ ‘ਮ੍ਰਿਤ ਲੋਕ ਤੇ ਮੋਨ ਨ ਰਹਿਓ। ਕਿਤਨੀ ਦੇਰ ਹੋਰ ਛੁੱਪ-ਕਟੀ ਕਰਨੀ ਹੈ:
ਅਕਾਲ ਪਠਯੋ ਹਮ ਕੋ ਅਬ ਤਾਵਤ।
ਕੇਤਕ ਕਾਲ ਲੁਕੇ ਹਮ ਭੀਜੈ। ੧।
ਕਿਉਂ ਤੁਸੀਂ ਸਾਰੇ ਭੁੱਲ ਜਾਂਦੇ ਹੋ ਕਿ ਇਹ ਗੁਰੂ ਨਾਨਕ ਦਾ ਸਿੰਘਾਸਨ ਹੈ। ਅਕਾਲ ਪੁਰਖ ਦਾ ਉਹ ਰੂਪ ਹਨ ਤੇ ਜਗਤ ਨੂੰ ਸੁਖ ਦੇਣ ਲਈ ਆਏ ਹਨ।
ਸਿੰਘਾਸਨ ਹੈ ਗੁਰੂ ਨਾਨਕ ਕੋ
ਜਿਹ ਰੂਪ ਅਕਾਲ ਕੋ ਹੈ ਸੁੱਖ ਕਾਰੀ।
ਫਿਰ ਦਸਮ ਪਿਤਾ ਨੇ ਕਿਹਾ : ਮੈਂ ਕਈ ਵਾਰੀ ਇਹ ਜ਼ਿੰਮੇਵਾਰੀ ਉਠਾਉਣ ਤੋਂ ਨਾਂਹ ਕੀਤੀ ਸੀ ਪਰ ਜਦ ਹੁਕਮ ਹੋ ਗਿਆ ਤਾਂ ਫਿਰ ਪਿੱਛੇ ਹਟਣ ਦਾ ਸੁਆਲ ਹੀ ਨਹੀਂ ਸੀ।
ਨਾ ਹੀ ਮੈਂ ਵਾਹਿਗੁਰੂ ਵਲੋਂ ਹੋਈ ਆਗਿਆ ਨੂੰ ਉਲਟਾ ਸਕਦਾ ਹਾਂ।
ਸੋ ਸੰਸੈ ਵਿਚ ਨਹੀਂ ਪੈਣਾ ਤੇ ਨਗਾਰਾ ਵਜਾਓ।
ਜਦ ਰਣਜੀਤ ਨਗਾਰੇ ਨੇ ਗੂੰਜਾਂ ਪਾਈਆਂ ਤਾਂ :
ਕਾਂਪਤ ਭਯੋ ਤਿਨ ਕੋ ਸੁਣ ਕੇ ਸਭ।
ਪਾਰ ਪਹਾਰ ਕੀ ਤ੍ਰਾਸ ਅਪਾਰੀ।
ਨਗਾਰਾ ਵੱਜਣ ਤੋਂ ਔਰੰਗਜ਼ੇਬ ਕਿਤਨਾ ਦੁਖੀ ਹੁੰਦਾ ਸੀ ਉਸ ਦੀ ਤਾਰੀਖ਼ ਨੇ ਸ਼ਾਹਦੀ ਭਰੀ ਹੈ।
ਬਹਾਦਰ ਸ਼ਾਹ ਨੇ ਜਦ ਕਾਬਲ ਦੀ ਨਵਾਬੀ ਸੰਭਾਲਣ ਵੇਲੇ ਨਗਾਰਾ ਵਜਾਇਆ ਸੀ ਤਾਂ ਖ਼ੁਫ਼ੀਆਂ ਨੇ ਔਰੰਗਜ਼ੇਬ ਨੂੰ ਇਤਲਾਹ ਦਿੱਤੀ ਸੀ। ਖ਼ਬਰ ਪਾ ਔਰੰਗਜ਼ੇਬ ਨੇ ਬੇਟੇ ਨੂੰ ਲਿਖਿਆ ਸੀ ਕਿ ਤੈਨੂੰ ਕਦਾਚਿਤ ਨਗਾਰਾ ਨਹੀਂ ਵਜਾਉਣਾ ਚਾਹੀਦਾ। ਸਿਰਫ਼ ਢੋਲ ਵਜਾਣੇ ਚਾਹੀਦੇ ਸਨ। ਅੱਲਾ ਜਦ ਤੈਨੂੰ ਤਖ਼ਤ-ਨਸ਼ੀਂ ਕਰੇਗਾ ਤਾਂ ਬੇਸੱਕ ਨਗਾਰਾ ਵਜਾਈਂ।
ਜੋ ਆਪਣੇ ਪੁੱਤਰ ਦੇ ਨਗਾਰਾ ਵਜਾਉਣ ‘ਤੇ ਦੁਖੀ ਹੋ ਸਕਦਾ ਸੀ ਉਹ ਅਨੰਦਪੁਰ ਦੀਆਂ ਪਹਾੜੀਆਂ ਵਿਚ ਰਣਜੀਤ ਨਗਾਰੇ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਸੀ।
ਰਬਾਬ ਨੇ ਅੰਦਰਲਾ ਜਗਾਇਆ ਤੇ ਨਗਾਰੇ ਨੇ ਸਭ ਤ੍ਰਾਸ ਮਿਟਾ ਕੇ ਕੌਮ ਨੂੰ ਨਿਰਭਉ ਕਰ ਦਿੱਤਾ।
ਪ੍ਰਿੰ. ਸਤਿਬੀਰ ਸਿੰਘ