97 views 2 secs 0 comments

*ਰੂੜਾ*

ਲੇਖ
June 14, 2025

ਰੂੜਾ ਪੰਜਾਬੀ ਭਾਸ਼ਾ ਦਾ ਇੱਕ ਸ਼ਬਦ ਜੋ ਅਕਸਰ ਕਵਿਤਾਵਾਂ ਜਾਂ ਗੀਤਾ ਦੇ ਵਿੱਚ ਵਰਤਿਆ ਜਾਂਦਾ ਹੈ ।ਇਹ ਸ਼ਬਦ ਕਿਸੇ ਵੀ ਪਿਆਰੀ ਚੀਜ਼ ਜਾਂ ਵਿਅਕਤੀ ਦੇ ਹਵਾਲੇ ਨਾਲ ਪਿਆਰ ਜਾਂ ਸੁੰਦਰਤਾ ਦਰਸਾਉਣ ਲਈ ਵਰਤਿਆ ਜਾਂਦਾ ਹੈ।. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂੜਾ ਸ਼ਬਦ ਪੰਜ ਵਾਰ ਮੌਜੂਦ ਹੈ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੱਖਣੀ ਓੰਕਾਰ ਦੀ ਪਾਵਨ ਬਾਣੀ ਦੇ ਵਿੱਚ ਰਾੜੇ ਅੱਖਰ ਤੋਂ ਇਹ ਉਪਦੇਸ਼ ਬਿਆਨ ਕਰਦੇ ਨੇ ਕਿ ਪਰਮਾਤਮਾ ਬਹੁਤ ਰੂੜਾ ਹੈ:-
ੜਾੜੈ ਰੂੜਾ ਹਰਿ ਜੀਉ ਸੋਈ ||
( ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 929 )
ਰੂੜੇ ਸ਼ਬਦ ਨੂੰ ਸਮਝਣ ਦੇ ਵਾਸਤੇ ਜਦੋਂ ਅਸੀਂ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਮਹਾਨ ਕੋਸ਼ ਪੜਦੇ ਹਾਂ,ਤਾਂ ਪਤਾ ਚੱਲਦਾ ਕਿ ਉਹਨਾਂ ਨੇ ਇਹਦੇ ਅਰਥ ਪ੍ਰਸਿੱਧ ਅਤੇ ਸ੍ਰੇਸ਼ਟ ਲਿਖੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਡਾ.;ਗੁਰਚਰਨ ਸਿੰਘ ਅਰਥ ਸੋਹਣਾ, ਸੁੰਦਰ ਕਰਦੇ ਨੇ, ਪ੍ਰੋ . ਸਾਹਿਬ ਸਿੰਘ ਗੁਰਬਾਣੀ ਪਾਠ ਦਰਪਣ ਦੇ ਵਿੱਚ ਵੀ ਅਰਥ ਸੋਹਣਾ ਹੀ ਕਰਦੇ ਹਨ।ਅਰਥਾਂ ਦੇ ਤਲ ‘ਤੇ ਤਾਂ ਸਾਰੇ ਵਿਦਵਾਨ ਰੂੜਾ ਦੀ ਵਿਆਖਿਆ ਬਿਲਕੁਲ ਠੀਕ ਕਰਦੇ ਨੇ ਪਰ ਸ਼ਬਦ ਨੂੰ ਪੂਰਨ ਤੌਰ ‘ਤੇ ਨਹੀਂ ਖੋਲਦੇ!
ਅਸਲ ਵਿਚ ਰੂੜਾ ਰੂਪ ਬੜਾ ਦਾ ਸੰਖੇਪ ਹੈ।
ਗੁਰੂ ਸਾਹਿਬਾਨ ਆਪਣੇ ਪਾਵਨ ਉਪਦੇਸ਼ਾਂ ਦੇ ਵਿੱਚ ਸੰਖੇਪ ਸ਼ੈਲੀ ਦੀ ਵਰਤੋਂ ਕਰਦੇ ਹਨ, ਜਦ ਕਿ ਆਮ ਸਧਾਰਨ ਮਨੁੱਖ ਆਪਣੀ ਬੋਲ ਚਾਲ ਦੇ ਵਿੱਚ ਜਦ ਵੀ ਕਿਸੇ ਬੱਚੇ ਜਾਂ ਜਵਾਨ ਇਸਤਰੀ ਦੀ ਗੱਲ ਕਰਦੇ ਹਨ ਤਾਂ ਸਹਿਜ ਸੁਭਾਅ ਹੀ ਕਹਿੰਦੇ,ਕਿ ਫਲਾਣੇ ਦੇ ਧੀ ਪੁੱਤ ਦਾ ਤਾਂ ਬੜਾ ਰੂਪ ਸੀ ਭਾਵ ਕਿ ਬਹੁਤ ਸੁੰਦਰ ਸੀ।
ਭਗਤ ਕਬੀਰ ਜੀ ਪਰਮਾਤਮਾ ਨੂੰ ਸਾਵਲ ਸੁੰਦਰ ਕਹਿ ਕੇ ਸੰਬੋਧਨ ਕਰਦੇ ਹਨ:
ਸਾਵਲ ਸੁੰਦਰ ਰਾਮਈਆ ।।
ਮੇਰਾ ਮਨੁ ਲਾਗਾ ਤੋਹਿ।। ੧।।ਰਹਾਉ|

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਉਸਤਤ ਦੇ ਵਿੱਚ ਫੁਰਮਾਨ ਹੈ ਕਿ ਹੇ ਪਰਮਾਤਮਾ ਤੂੰ ਰੂਪ ਨੂੰ ਵੀ ਰੂਪ ਦੇਣ ਵਾਲਾ ਹੈ, ਬੜਾ ਸੁੰਦਰ ਹੈ:-
ਤੇਜ ਹੂੰ ਕੋ ਤਰੁ ਹੈਂ ਕਿ ਰਾਜਸੀ ਕੋ ਸਰੁ ਹੈਂ
ਕਿ ਸੁੱਧਤਾ ਕੋ ਘਰੁ ਹੈਂ ਕਿ ਸਿੱਧਤਾ ਕੀ ਸਾਰ ਹੈਂ।।
ਕਾਮਨਾ ਕੀ ਖਾਨ ਹੈਂ ਕਿ ਸਾਧਨਾ ਕੀ ਸਾਨ ਹੈਂ,
ਬਿਰਕਤਾ ਕੀ ਬਾਨ ਹੈਂ ਕਿ ਬੁੱਧਿ ਕੋ ਉਦਾਰ ਹੈ ।।
ਸੁੰਦਰ ਸਰੂਪ ਹੈਂ ਕਿ ਭੂਪਨ ਕੇ ਭੂਪ ਹੈਂਂ
ਕਿ ਰੂਪ ਹੂੰ ਕੋ ਰੂਪ ਹੈਂ ਕਿ ਕੁਮਤਿ ਕੋ ਪ੍ਰਹਾਰ ਹੈਂ ।।
ਦੀਨਨ ਕੋ ਦਾਤਾ ਹੈਂ ਗਨੀਮਨ ਕੋ ਗਾਰਕ ਹੈਂ
ਸਾਧਨ ਕੇ ਰੱਛਕ ਹੈਂ ਗੁਨਨ ਕੋ ਪ੍ਰਹਾਰ ਹੈ ।।

*ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ*