118 views 9 secs 0 comments

ਰੋ ਰਹੇ ਹਵਾ, ਪਾਣੀ ਤੇ ਧਰਤੀ ਦੀ ਪੁਕਾਰ ਸੁਣੋ

ਲੇਖ
April 26, 2025

-ਭਗਤ ਪੂਰਨ ਸਿੰਘ

ਦੁਨੀਆ ਦੇ ਬੰਦਿਓ! ਪ੍ਰਾਣੀ-ਮਾਤਰ ਦੀ ਹੋਂਦ ਨੂੰ ਕਾਇਮ ਰੱਖਣ ਵਾਲੇ ਧਰਤੀ, ਪਾਣੀ ਤੇ ਹਵਾ, ਤਿੰਨਾਂ ਪਦਾਰਥਾਂ ਨੂੰ ਤਬਾਹ ਕਰਦੇ ਹੋਏ ਤੁਸੀਂ ਆਪਣੇ ਮੌਤ ਦੇ ਵਾਰੰਟਾਂ ’ਤੇ ਦਸਤਖ਼ਤ ਕਰ ਰਹੇ ਹੋ। ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਭਾਰੀ ਮੁਸੀਬਤਾਂ ਤੇ ਤਬਾਹੀਆਂ ਪੈਦਾ ਕਰਦੇ ਹੋਏ ਉਨ੍ਹਾਂ ਨੂੰ ਜਨਮ ਲੈਣ ਤੋਂ ਰੋਕਣ ਲਈ ਦਰਵਾਜ਼ੇ ਬੰਦ ਕਰ ਰਹੇ ਹੋ। ਧਰਤੀ, ਪਾਣੀ ਤੇ ਹਵਾ ਸ੍ਰਿਸ਼ਟੀ ਦੀ ਰਚਨਾ ਦੇ ਸਮੇਂ ਤੋਂ ਨਵੇਂ-ਨਰੋਏ ਤੇ ਸਹੀ ਸਲਾਮਤ ਚੱਲੇ ਆ ਰਹੇ ਸਨ, ਪਰ ਪੱਥਰ ਦੇ ਕੋਲੇ, ਡੀਜ਼ਲ ਤੇਲ, ਪੈਟਰੋਲ ਤੇ ਬਿਜਲੀ ਨਾਲ ਚੱਲਣ ਵਾਲੇ ਅਨੇਕ ਪ੍ਰਕਾਰ ਦੇ ਇੰਜਣਾਂ ਨੇ ਹੋਂਦ ਵਿਚ ਆ ਕੇ ਹਵਾ, ਪਾਣੀ, ਧਰਤੀ ਤੇ ਜੀਵਜੰਤੂਆਂ ਨੂੰ ਤਬਾਹ ਕਰਨਾ ਅਰੰਭਿਆ ਹੋਇਆ ਹੈ। ਇਨ੍ਹਾਂ ਇੰਜਣਾਂ, ਮਸ਼ੀਨਾਂ ਦੀ ਉਮਰ ਸਵਾ ਦੌ ਸੌ ਸਾਲਾਂ ਤੋਂ ਵੱਧ ਨਹੀਂ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਹਵਾ, ਪਾਣੀ ਤੇ ਧਰਤੀ ਤਬਾਹ ਨਾ ਹੋਣ ਤੇ ਹੜ੍ਹਾਂ, ਸੋਕਿਆਂ, ਹਨੇਰੀਆਂ, ਅੰਨ ਸੰਕਟ ਵਾਲੇ ਕਾਲਾਂ, ਭੂਚਾਲਾਂ, ਅਤਿ ਦੀ ਗਰਮੀ, ਅਤਿ ਦੀ ਸਰਦੀ, ਤੇਜ਼ਾਬ ਦੀ ਵਰਖਾ ਦੀਆਂ ਮੁਸੀਬਤਾਂ ਨਾ ਪੈਦਾ ਹੋਣ ਤੇ ਧਰਤੀ, ਪਾਣੀ ਤੇ ਹਵਾ ਦੀ ਹੁੰਦੀ ਜਾ ਰਹੀ ਤਬਾਹੀ ਰੁਕ ਜਾਵੇ ਤਾਂ ਤੁਹਾਨੂੰ ਭਾਰੇ ਫ਼ਿਕਰਾਂ ਨਾਲ ਜਿਊਣਾ ਪਵੇਗਾ ਤੇ ਕੋਈ ਅਜਿਹਾ ਮਹਾਨ ਧਰਮ ਅਸਥਾਨ ਲੱਭਣਾ ਪਵੇਗਾ ਜਿੱਥੋਂ ਤੁਹਾਨੂੰ ਉੱਪਰ ਲਿਖੇ ਖ਼ਤਰਿਆਂ ਦਾ ਗਿਆਨ ਮਿਲ ਸਕੇ। ਆਦਿ ਜੁਗਾਦਿ ਤੋਂ ਸੰਸਾਰ ਪ੍ਰਸਿੱਧ ਤੀਰਥਾਂ ਤੋਂ ਹੀ ਮਨੁੱਖ ਜਾਤੀ ਨੂੰ ਅਨੇਕਾਂ ਖ਼ਤਰਿਆਂ ਤੋਂ ਆਪਣੇ ਬਚਾਓ ਦਾ ਗਿਆਨ ਮਿਲਦਾ ਰਿਹਾ ਹੈ। ਲੰਘ ਰਹੇ ਸਮੇਂ ਵਿਚ ਵੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜੈਸੇ ਧਰਮ ਅਸਥਾਨਾਂ ਤੋਂ ਹੀ ਉਹ ਗਿਆਨ ਮਿਲੇਗਾ। ਕਿਤੇ ਟੈਲੀਵਿਜ਼ਨ, ਰੇਡੀਓ ਤੇ ਅਖ਼ਬਾਰ ਦੇ ਭੁਲੇਖੇ ਵਿਚ ਨਾ ਪੈ ਜਾਣਾ। ਟੈਲੀਵਿਜ਼ਨ ਲੋਕਾਂ ਦੇ ਆਚਰਣ ਡੇਗਣ ਵਾਲੇ ਇਸਤਰੀਆਂ ਦੇ ਨਾਚ ਦਿਖਾ ਕੇ, ਮੋਟਰਕਾਰਾਂ, ਮੋਟਰਸਾਈਕਲਾਂ, ਫ਼ਰਿੱਜਾਂ, ਮਹਿੰਗੇ ਸਾਬਣਾਂ, ਸਾੜ੍ਹੀਆਂ, ਖ਼ੁਸ਼ਬੂਆਂ ਜੈਸੀਆਂ ਅਮੀਰਾਂ ਦੀਆਂ ਧਨ-ਉਜਾੜੂ ਅੱਯਾਸ਼ੀ ਦੀਆਂ ਵਸਤਾਂ ਦੇ ਇਸ਼ਤਿਹਾਰ ਦਿਖਾ ਕੇ ਦੇਸ਼ ਦੇ ਲੋਕਾਂ ਨੂੰ ਅਨੇਕਾਂ ਤਬਾਹੀਆਂ ਵਾਲੇ ਪਾਸੇ ਤੋਰ ਰਿਹਾ ਹੈ। ਨਾਮੁਰਾਦ ਵਿਦੇਸ਼ੀ ਖੇਡ ਕ੍ਰਿਕਟ ਦੇ ਮੈਚਾਂ ਤੇ ੬-੬ ਘੰਟੇ ਦਾ ਸਮਾਂ ਖ਼ਰਚ ਕੇ ਦੇਸ਼ ਦੇ ਰੁਪਏ ਨੂੰ ਬਰਬਾਦ ਕਰ ਰਿਹਾ ਹੈ। ਵੇਲਾ ਬੀਤਦਾ ਜਾ ਰਿਹਾ ਹੈ ਤੇ ਖ਼ਤਰੇ ਹੱਦਾਂ ਟੱਪਣ ਵਾਲੇ ਹਨ। ਜੇ ਤੁਸੀਂ ਹੰਕਾਰ ਦਾ ਪ੍ਰਗਟਾਵਾ ਕਰਨ ਵਾਲੀਆਂ ਆਪਣੇ ਸੁੱਖ-ਆਰਾਮਾਂ ਨੂੰ ਵਧਾਉਣ ਵਾਲੀਆਂ ਦਿਨ-ਪ੍ਰਤੀ-ਦਿਨ ਹੋਂਦ ਵਿਚ ਆ ਰਹੀਆਂ ਨਵੀਆਂ ਵਸਤਾਂ ਨੂੰ ਇਸੇ ਤਰ੍ਹਾਂ ਵਰਤਦੇ ਰਹੇ ਤਾਂ ਇਸ ਹੱਦ ਤਕ ਤਬਾਹੀ ਵਧ ਜਾਵੇਗੀ ਜਿਵੇਂ ਧਰਤੀ ਰੇਤਾ ਹੋ ਜਾਵੇ, ਮੁੜ ਕੇ ਹਜ਼ਾਰਾਂ ਸਾਲਾਂ ਤਕ ਠੀਕ ਨਾ ਹੋਵੇ, ਪਾਣੀ ਜ਼ਹਿਰੀਲਾ ਹੋ ਜਾਵੇ, ਪਾਣੀ ਮੁੱਕ ਜਾਵੇ ਤੇ ਹਵਾ ਵੀ ਜ਼ਹਿਰੀਲੀ ਹੋ ਜਾਵੇ। ਇੰਨੀਆਂ ਤਬਾਹੀਆਂ ਪੈਦਾ ਹੋ ਚੁੱਕੀਆਂ ਹਨ ਅਤੇ ਵਧਦੀਆਂ ਜਾ ਰਹੀਆਂ ਹਨ ਕਿ ਹਰ ਬੰਦੇ ਨੂੰ ਬੇਫ਼ਿਕਰੀ ਵਾਲੀ ਜੀਵਨ ਦੀ ਚਾਲ’ ਛੱਡਣੀ ਪਵੇਗੀ। ਹੁਣ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੇਠ ਲਿਖੇ ਸ਼ਬਦਾਂ ਨੂੰ ਮਨ ਵਿਚ ਵਸਾਉਣਾ ਪਵੇਗਾ:

-ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ (ਪੰਨਾ ੪੧੭)

-ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥

ਅਕਲੀ ਪੜਿ੍ ਕੈ ਬੁਝੀਐ ਅਕਲੀ ਕੀਚੈ ਦਾਨੁ॥ (ਪੰਨਾ ੧੨੪੫)

-ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ॥ (ਪੰਨਾ ੨੬੨)

ਇਕ ਬਹੁਤ ਵੱਡੀ ਤਬਾਹੀ ਜਿਹੜੀ ਦੁਨੀਆ ਵਿਚ ਪੈਦਾ ਹੋ ਰਹੀ ਹੈ, ਉਹ ਮੋਟਰਕਾਰਾਂ, ਮੋਟਰਸਾਈਕਲਾਂ, ਬੱਸਾਂ, ਰੇਲਵੇ ਇੰਜਣਾਂ, ਕਾਰਖ਼ਾਨਿਆਂ ਦੇ ਇੰਜਣਾਂ ਵਿਚ ਡੀਜ਼ਲ ਤੇਲ, ਪੱਥਰ ਦਾ ਕੋਇਲਾ’ ਪੈਟਰੋਲ ਸੜਨ ਨਾਲ ਪੈਦਾ ਹੋ ਰਹੀ ਹੈ। ਉਹ ਕੁਝ ਜ਼ਹਿਰੀਲੀਆਂ ਗੈਸਾਂ ਹਨ ਜਿਨ੍ਹਾਂ ਵਿਚ ਇਕ ਕਾਰਬਨ ਮੋਨੋ-ਆਕਸਾਈਡ ਹੈ ਜਿਹੜੀ ਪੈਟਰੋਲ ਤੇ ਡੀਜ਼ਲ ਸੜਨ ਨਾਲ ਪੈਦਾ ਹੁੰਦੀ ਹੈ। ਸਭ ਤੋਂ ਵੱਧ ਖ਼ਤਰਾ ਕਾਰਬਨ ਡਾਇਆਕਸਾਈਡ ਗੈਸ ਦਾ ਹੈ। ਇਹ ਗੈਸ ਵਧਦੀ-ਵਧਦੀ ਇਸ ਹੱਦ ਤਕ ਵਧ ਸਕਦੀ ਹੈ ਕਿ ਇਹ ਸੰਸਾਰ ਦੇ ਸਾਰੇ ਜੀਵਾਂ ਨੂੰ ਸਮਾਪਤ ਕਰ ਦੇਵੇ। ਸਾਰੇ ਜੀਵਾਂ ਨੂੰ ਸਮਾਪਤ ਕਰਨ ਦੀ ਹਾਲਤ ਤਕ ਪੁੱਜਣ ਤੋਂ ਪਹਿਲਾਂ ਸੰਨ ੨੦੨੦ਤਕ ਜਿਸ ਵਿਚ ਲੰਘ ਰਹੇ ਸੰਨ ੧੯੯੨ ਤੋਂ ਕੇਵਲ ੨੮* ਸਾਲ ਬਾਕੀ ਰਹਿ ਗਏ ਹਨ, ਇਹ ਸਮੁੰਦਰਾਂ ਵਿਚ ਖੜ੍ਹੇ ਹੋਏ ਬਰਫ਼ ਦੇ ਪਹਾੜਾਂ ਨੂੰ ਪਿਘਲਾ ਕੇ ਸਮੁੰਦਰ ਦੇ ਪਾਣੀ ਨੂੰ ੨੪ਫੁੱਟ ਉੱਚਾ ਕਰ ਦੇਵੇਗੀ, ਜਿਸ ਦੇ ਕਾਰਨ ਸਮੁੰਦਰਾਂ ਦੇ ਕਿਨਾਰਿਆਂ ਦੇ ਲਾਗੇ ਰਹਿਣ ਵਾਲੇ ਅਨੇਕਾਂ ਸ਼ਹਿਰ ਤੇ ਬਸਤੀਆਂ ਪਾਣੀ ਵਿਚ ਡੁੱਬ ਜਾਣਗੇ। ਜੇ ਇਨ੍ਹਾਂ ਤਬਾਹੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਸਾਦਾ ਜੀਵਨ ਬਤੀਤ ਕਰੋ। ਨਵੀਂ ਮਸ਼ੀਨੀ ਸੱਭਿਅਤਾ ਦੀਆਂ ਅਨੇਕਾਂ ਵਸਤਾਂ ਛੱਡਣੀਆਂ ਪੈਣਗੀਆਂ। ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਸ਼ਕਤੀ ਪ੍ਰਾਪਤ ਕਰ ਕੇ ਖਾਲਸਾ ਜੀ ਨੇ ਕਈ ਸੌ ਸਾਲ ਤਕ ਭਾਰਤ ਵੱਲ ਨੂੰ ਕਾਬਲ ਪਾਸੇ ਤੋਂ ਆਉਣ ਵਾਲੇ ਧਾੜਵੀਆਂ ਦੇ ਦਰਿਆ ਦੇ ਵਹਿਣ ਨੂੰ ਭਾਰਤ ਵਾਲੇ ਪਾਸੇ ਤੋਂ ਉਲਟਾ ਕੇ ਕਾਬਲ ਵਾਲੇ ਪਾਸੇ ਨੂੰ ਮੋੜ ਦਿੱਤਾ ਸੀ। ਇੱਥੇ ਹੀ ਬਸ ਨਹੀਂ ਸੀ ਕੀਤੀ, ਕਾਬਲ ਦੇ ਨਾਲ ਲੱਗਦੇ ਸਰਹੱਦੀ ਥਾਂਵਾਂ ਗਿਲਗਿਤ ਤੇ ਜਮਰੌਦ ਦੇ ਕਿਿਲ੍ਹਆਂ ਉੱਤੇ ਖਾਲਸਾਈ ਨਿਸ਼ਾਨ ਵੀ ਲਹਿਰਾ ਦਿੱਤੇ ਸਨ। ਮੇਰੇ ਬਚਪਨ ਦੇ ਸਮੇਂ ਤੋਂ ਮੇਰੇ ਹਿਰਦੇ ਵਿਚ ਵਾਹਿਗੁਰੂ ਦਾ ਅਰਦਲੀ ਹੋਣ ਦੀ ਜਬਰਦਸਤ ਇੱਛਾ ਪੈਦਾ ਹੋ ਚੁੱਕੀ ਸੀ। ਆਪਣੀ ਉਸ ਇੱਛਿਆ ਦੀ ਤ੍ਰਿਪਤੀ ਲਈ ਮੈਨੂੰ ਆਪਣੀ ਵੀਹਾਂ ਸਾਲਾਂ ਦੀ ਉਮਰ ਤੋਂ ਸ਼ਹੀਦਾਂ ਦੇ ਸਿਰਤਾਜ ਪੰਚਮ-ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋਤੀ-ਜੋਤ ਸਮਾਉਣ ਦੇ ਮਹਾਨ ਸਥਾਨ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਦੀ ਛਤਰ-ਛਾਇਆ ਹੇਠ ਪ੍ਰਾਣ-ਮਾਤਰ ਦੀ ਸੇਵਾ ਲਈ ਜੀਵਨ ਅਰਪਣ ਕਰਨ ਦੀ ਲੋੜ ਪੈ ਗਈ ਸੀ। ਵਾਹਿਗੁਰੂ ਦੇ ਡੇਹਰਾ ਸਾਹਿਬ ਦੇ ਦਰਬਾਰ ਦੀ ਅਰਦਲ ਵਿਚ ਰਹਿੰਦਿਆਂ ਹੋਇਆਂ ਮੈਨੂੰ ਦੇਸ਼ ਤੇ ਦੁਨੀਆ ਦੀਆਂ ਚਿੰਤਾਜਨਕ ਸਮੱਸਿਆਵਾਂ ਦਾ ਗਿਆਨ ਪ੍ਰਾਪਤ ਕਰਨ ਦੀ ਲੋੜ ਵੀ ਪੈ ਗਈ ਸੀ। ਸ੍ਰੀ ਦਰਬਾਰ ਸਾਹਿਬ ਦਾ ਧਿਆਨ ਧਰ ਕੇ ਮੈਂ ਸਵਾਸਸਵਾਸ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦਾ ਰਹਿੰਦਾ ਹਾਂ ਕਿ ਮੈਨੂੰ ਸ੍ਰੀ ਦਰਬਾਰ ਸਾਹਿਬ ਤੋਂ ਉਹ ਸ਼ਕਤੀ ਤੇ ਸਮਰੱਥਾ ਪ੍ਰਾਪਤ ਹੋਵੇ ਜਿਸ ਨਾਲ ਮੈਂ ਆਪਣੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੇ ਇਸ਼ਤਿਹਾਰਾਂ ਤੇ ਕਿਤਾਬਚਿਆਂ ਦੀ ਮੁਫ਼ਤ ਵੰਡਾਈ ਨਾਲ ਦੇਸ਼ ਦੇ ਬੰਦਿਆਂ ਨੂੰ ਸਮੇਂ ਦੀਆਂ ਹੋ ਰਹੀਆਂ ਅਨੇਕਾਂ ਤਬਾਹੀਆਂ ਤੋਂ ਬਚਾਉਣ, ਖ਼ਾਸ ਕਰਕੇ ਪਾਣੀ ਤੇ ਹਵਾ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣ ਤੇ ਧਰਤੀ ਨੂੰ ਰੇਤੇ ਦਾ ਮਾਰੂਥਲ ਹੋਣ ਤੋਂ ਬਚਾਉਣ ਦਾ ਗਿਆਨ ਦੇ ਸਕਾਂ।

(ਧੰਨਵਾਦ ਸਹਿਤ ਪੁਸਤਕ ਪਵਣੁ ਗੁਰੂ ਪਾਣੀ ਪਿਤਾ ਵਿੱਚੋਂ)

*ਗੁਰਪੁਰਵਾਸੀ

*ਇਹ ਲੇਖ ਭਗਤ ਪੂਰਨ ਸਿੰਘ ਜੀ ਨੇ 1992 ਵਿਚ ਲਿਖਆ ਸੀ, ਹੁਣ ਕੇਵਲ 2 ਸਾਲ ਹੀ ਰਹਿ ਗਏ ਹਨ, ਜੇਕਰ ਅੱਜ ਵੀ ਸੰਭਲ
ਜਾਈਏ ਤਾਂ ਸ਼ਾਇਦ ਕੋਈ ਬਚਾਅ ਹੋ ਜਾਏ।

-ਸੰਪਾਦਕ