
ਲੁੱਧਰ ਇਕ ਕਿਸਮ ਦੇ ਜਾਨਵਰ ਹੁੰਦੇ ਹਨ ਜਿਨ੍ਹਾਂ ਦਾ ਹਾਲ ਲੋਕਾਂ ਵਿਚ ਇਸ ਪ੍ਰਕਾਰ ਪ੍ਰਸਿੱਧ ਹੈ। ਆਖਦੇ ਹਨ ਕਿ ਉਹ ਸਾਰੇ ਮਿਲ ਕੇ ਦਰਯਾ ਵਿੱਚੋਂ ਮੱਛੀਆਂ ਕੱਢ-ਕੱਢ ਕੇ ਕਨਾਰੇ ਪਰ ਢੇਰ ਲਾਉਂਦੇ ਰਹਿੰਦੇ ਹਨ ਅਰ ਜਦ ਅਪਨੀ ਭੁੱਖ ਦੇ ਦੂਰ ਕਰਨ ਵਾਸਤੇ ਕਾਫੀ ਸਮਝਦੇ ਹਨ ਤਦ ਸਾਰੇ ਬੈਠ ਕੇ ਵੰਡਨ ਲੱਗ ਜਾਂਦੇ ਹਨ ਅਰ ਜਦ ਵੰਡਦੇ-ਵੰਡਦੇ ਇਕ ਮੱਛੀ ਭੀ ਘਟ ਵਧ ਹੋ ਜਾਂਦੀ ਹੈ ਤਦ ਉਹ ਸਾਰੀਆਂ ਨੂੰ ਹੀ ਚੁੱਕ ਕੇ ਦਰਯਾ ਵਿਚ ਸੁੱਟ ਦੇਂਦੇ ਹਨ ਅਰ ਨਵੇਂ ਸਿਰੇ ਤੇ ਫੇਰ ਉੱਦਮ ਆਰੰਭ ਦੇਂਦੇ ਹਨ। ਏਸੇ ਤਰ੍ਹਾਂ ਉਹ ਮੱਛੀਆਂ ਦੇ ਕਮ ਜ਼ਿਆਦਾ ਹੋਨ ਪਰ ਸਾਰਾ ਦਿਨ ਖਪ-ਖਪ ਕੇ ਮਰਦੇ ਰਹਿੰਦੇ ਹਨ, ਪਰੰਤੂ ਜੇ ਉਨ੍ਹਾਂ ਦੇ ਸਿਰ ਵਿਚ ਇਤਨੀ ਅਕਲ ਆ ਜਾਏ ਕਿ ਜੋ ਮੱਛੀ ਵਧ ਯਾ ਘਟ ਹੈ ਓਹੋ ਦਰਯਾ ਵਿਚ ਸੁੱਟ ਦੇਈਏ ਅਰ ਜੋ ਆਪਸ ਵਿਚ ਪੂਰੀਆਂ ਹਨ ਸੋ ਰਲ ਕੇ ਵੰਡ ਲਈਏ ਤਦ ਕਿਆ ਹੀ ਹੱਛਾ ਹੋਵੇ, ਕਿੰਤੁ ਇਤਨੀ ਹੀ ਅਕਲ ਦੀ ਕਮੀ ਹੋਨ ਤੇ ਸਾਰਾ ਦਿਨ ਟੱਕਰਾਂ ਮਾਰਦੇ ਹਨ ਅਤੇ ਪ੍ਰਯੋਜਨ ਕੁਝ ਭੀ ਸਿੱਧ ਨਹੀਂ ਹੁੰਦਾ।
ਜਦ ਅਸੀਂ ਵਿਚਾਰ ਕੇ ਦੇਖਦੇ ਹਾਂ ਤਦ ਸਾਡੇ ਕੰਮ ਭੀ ਉਨ੍ਹਾਂ ਲੁੱਧਰਾਂ ਵਾਂਗ ਹੀ ਅਪਨੀ ਸੂਰਤ ਦਖਾਉਂਦੇ ਹਨ, ਜਿਸ ਦਾ ਨਮੂਨਾ ਇਸ ਤਰ੍ਹਾਂ ਹੈ ਕਿ ਪਹਲੇ ਤਾਂ ਅਸੀਂ ਬਿਨਾਂ ਪ੍ਰੇਮ ਅਤੇ ਇਕ ਭਾਵ ਹੋਨੇ ਦੇ ਸਾਰੇ ਮਿਲ ਕੇ ਕਿਸੇ ਪੰਥ ਉੱਨਤੀ ਦੇ ਕੰਮ ਨੂੰ ਆਰੰਭ ਦੇਂਦੇ ਹਾਂ ਅਰ ਉਸ ਦੇ ਪੂਰਾ ਕਰਨ ਲਈ ਤਨ, ਮਨ ਅਤੇ ਧਨ ਤੇ ਯਤਨ ਕਰਦੇ ਹਾਂ, ਪ੍ਰੰਤੂ ਜਦ ਅਸੀਂ ਅਪਨੀ ਮਿਹਨਤਾਂ ਅਰ ਤਕਲੀਫਾਂ ਦਾ ਨਤੀਜਾ ਉਸ ਕਾਰਜ ਦੀ ਸਿੱਧੀ ਦੇਖਦੇ ਹਾਂ ਅਰ ਚਾਹੁੰਦੇ ਹਾਂ ਕਿ ਹੁਨ ਅਸੀਂ ਉਸ ਕਾਰਜ ਨੂੰ ਫਲਦਾ ਫੁਲਦਾ ਦੇਖੀਏ ਤਦ ਸਾਡੇ ਵਿਚ ਉਸ ਮੱਛੀ ਦੀ ਨ੍ਯਾਈਂ ਕੋਈ ਨਾ ਕੋਈ ਪ੍ਰਸਪਰ ਵਰੋਧ ਦਾ ਭਾਵ ਵਧ ਘਟ ਹੋ ਜਾਂਦਾ ਹੈ ਜਿਸ ਤੇ ਅਸੀਂ ਇਹ ਸਮਝਦੇ ਹਾਂ ਕਿ ਬਸ ਹੁਨ ਇਹ ਕੰਮ ਠੀਕ ਨਹੀਂ ਰਿਹਾ ਜਿਸ ਤੇ ਉਸ ਸਾਰੇ ਦੇ ਸਾਰੇ ਬਣੇ ਬਣਾਏ ਕਾਰਜ ਨੂੰ ਐਵੇਂ ਰਹਿਣ ਦੇਂਦੇ ਹਾਂ ਅਰ ਉਸ ਨੂੰ ਛੱਡ ਕੇ ਫਿਰ ਨਵੇਂ ਸਿਰੇ ਹੋਰ ਕਮੇਟੀ ਬਨਾ ਕੇ ਕੁਝ ਨਾ ਕੁਝ ਕੰਮ ਆਰੰਭ ਕਰ ਦੇਂਦੇ ਹਾਂ, ਜਿਸ ਤੇ ਸਾਡੇ ਦੇਖਨੇ ਵਿਚ ਆਇਆ ਹੈ ਜੋ ਸਾਡੇ ਦੇਸ ਅਤੇ ਪੰਥ ਹਿਤੈਸ਼ੀ ਸਿੰਘ ਭਾਈਆਂ ਨੇ ਸੈਂਕੜੇ ਕੰਮ ਆਰੰਭੇ ਸਨ ਅਰ ਆਰੰਭ ਰਹੇ ਹਨ, ਪ੍ਰੰਤੂ ਅੰਤ ਨੂੰ ਉਹ ਸਾਰੇ ਹੀ ਲੁੱਧਰਾਂ ਦੀ ਮੱਛੀਆਂ ਵਾਂਗ ਨਿਸਫਲ ਗਏ।
ਕਿੰਤੂ ਜੇ ਕਦੇ ਸਾਡੇ ਸਿੰਘ ਭਾਈਆਂ ਦੇ ਸਿਰ ਵਿਚ ਭੀ ਇਤਨੀ ਅਕਲ ਆ ਜਾਵੇ ਕਿ ਜੋ ਕਾਰਵਾਈ ਕਰੀਏ ਉਸ ਵਿਚ ਪੂਰਨ ਪ੍ਰੇਮ ਅਤੇ ਇਕ ਭਾਵ ਹੋਵੇ ਅਤੇ ਦਿਲ ਵਿਚ ਕਪਟ ਰੱਖ ਕੇ ਇਤਫਾਕ ਦੀ ਪੁਕਾਰ-ਪੁਕਾਰ ਨਾ ਕਰੀਏ ਅਤੇ ਜੇਕਰ ਖਾਸ ਖਾਸ ਆਦਮੀਆਂ ਨਾਲ ਪ੍ਰੇਮ ਹੈ ਤਾਂ ਉਨ੍ਹਾਂ ਨਾਲ ਹੀ ਕਾਰਜ ਆਰੰਭ ਕਰੀਏ ਫਿਰ ਉਸ ਕਾਰਜ ਦੀਆਂ ਹੋਰ ਜਿਤਨੀਆਂ ਬਾਤਾਂ ਪੰਥ ਨੂੰ ਲਾਭਦਾਇਕ ਹਨ ਉਨ੍ਹਾਂ ਪਰ ਇਤਫਾਕ ਕਰਕੇ ਯਤਨ ਕਰੀਏ ਤਦ ਦੇਖ ਸਕੀਦਾ ਹੈ ਜੋ ਅਸੀਂ ਕਿਤਨੀ ਛੇਤੀ ਉੱਨਤੀ ਕਰ ਸਕਦੇ ਹਾਂ ਅਰ ਕਿਸ ਤਰ੍ਹਾਂ ਕੌਮ ਨੂੰ ਲਾਭ ਪਹੁੰਚਾ ਸਕਦੇ ਹਾਂ।
ਅੱਜ ਕੱਲ ਦੇਖਨੇ ਵਿਚ ਆਇਆ ਹੈ ਕਿ ਜਦ ਇਕ ਕਮੇਟੀ ਵਿਚ ਪ੍ਰਸਪਰ ਵਰੋਧ ਹੋ ਜਾਂਦਾ ਹੈ ਤਾਂ ਇਸ ਤੇ ਕਈ ਭਾਈ ਤੰਗ ਆ ਜਾਂਦੇ ਹਨ ਤਦ ਉਸ ਕਮੇਟੀ ਯਾ ਸਭਾ ਨੂੰ ਛੱਡ ਕੇ ਅਪਨੀ ਨਵੀਂ ਤਿਆਰੀ ਆਰੰਭ ਦੇਂਦੇ ਹਨ ਇਸ ਦਾ ਕਾਰਨ ਇਹ ਹੈ ਕਿ ਉਸ ਕਾਰਜ ਨੂੰ ਯਾ ਕਮੇਟੀ ਨੂੰ ਪਹਿਲੇ ਸੋਚ ਕੇ ਨਹੀਂ ਚਲਾਇਆ ਜੇਕਰ ਇਕ ਭਾਵ ਅਤੇ ਰਾਇ ਦੇ ਆਦਮੀ ਮਿਲ ਕੇ ਕੰਮ ਕਰਨ ਤਾਂ ਠੀਕ ਹੁੰਦਾ ਹੈ, ਪਰੰਤੂ ਦਿਲਾਂ ਵਿਚ ਪ੍ਰਸਪਰ ਵਰੋਧ ਦੇ ਹੁੰਦਿਆਂ ਕੰਮ ਕਰਦੇ ਹਨ ਜਿਸ ਤੇ ਕੁਛ ਚਿਰ ਪਿੱਛੋਂ ਵਰੋਧ ਦੀ ਅਗਨੀ ਪ੍ਰਜਵਲਤ ਹੋ ਜਾਂਦੀ ਹੈ ਇਸੇ ਵਾਸਤੇ ਸਾਡੇ ਕੰਮ ਜਦ ਆਰੰਭੇ ਹੁੰਦੇ ਹਨ ਤਦ ਦੇਵਤੇ ਦੀ ਸੂਰਤ ਪਰ ਹੁੰਦੇ ਹਨ ਅਰ ਜਦ ਕੁਛਕ ਦੇਰ ਪੈ ਜਾਂਦੀ ਹੈ ਤਦ ਓਹੋ ਭੂਤਨੇ ਦੀ ਸ਼ਕਲ ਵਿਚ ਨਜ਼ਰ ਆਉਨ ਲੱਗ ਜਾਂਦੇ ਹਨ, ਜਿਨ੍ਹਾਂ ਪਰ ਦੂਸਰੇ ਲੋਗ ਦੇਖ ਕੇ ਹਾਸੀ ਕਰਦੇ ਹਨ ਅਰ “ਸਿੱਖਾਂ ਦੇ ਦਮਾਗ ਵਿਚ ਅਕਲ ਨਹੀਂ” ਆਖਨ ਦਾ ਹੌਸਲਾ ਕਰਦੇ ਹਨ। ਇਸ ਵਾਸਤੇ ਅਸੀਂ ਅਪਨੇ ਪੰਥ ਹਿਤੈਸ਼ੀਆਂ ਸੱਜਨਾਂ ਅੱਗੇ ਵੱਡੀ ਨਿਮ੍ਰਤਾ ਨਾਲ ਬੇਨਤੀ ਕਰਦੇ ਹਾਂ ਕਿ ਆਪ ਇਸ ਮਜ਼ਮੂਨ ਨੂੰ ਵੱਡੀ ਗਹਿਰੀ ਨਿਗਾ ਨਾਲ ਵਿਚਾਰੋ ਅਰ ਇਸ ਪਰ ਅਮਲ ਕਰਕੇ ਅਪਨੇ ਖ੍ਯਾਲ ਨੂੰ ਸੁਧਾਰੋ। ਆਸ਼ਾ ਹੈ ਕਿ ਸੱਜਣ ਜਨ ਇਸ ਬਾਤ ਨੂੰ ਜ਼ਰੂਰ ਵਿਚਾਰਨਗੇ॥
(ਖ਼ਾਲਸਾ ਅਖ਼ਬਾਰ ਲਾਹੌਰ, ੨੪ ਮਈ ੧੯੦੧, ਪੰਨਾ ੫-੬)
ਗਿਆਨੀ ਦਿੱਤ ਸਿੰਘ