9 views 5 secs 0 comments

ਲੰਕਾ  

ਲੇਖ
October 02, 2025

ਤ੍ਰੇਤੇ ਯੁੱਗ ਦੇ ਸ਼੍ਰੀ ਰਾਮ ਚੰਦਰ ਜੀ ਦੀ ਕਥਾ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੁਸਾਰ ਜੁਗੋ ਜੁਗ ਅਟੱਲ ਜਿਸ ਵਿੱਚ ਕੋਈ ਵੀ ਮੱਤਭੇਦ ਨਹੀਂ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿੱਥੇ ਰਾਮ ਚੰਦਰ ਜੀ ਨੂੰ ਬਨਵਾਸ ਮਿਲਣ ਦਾ, ਰਾਵਣ ਦਾ ਸੀਤਾ ਨੂੰ ਚੁੱਕ ਕੇ ਲਿਜਾਣ ਦਾ, ਹਨੂੰਮਾਨ ਦਾ ਰਾਵਣ ਦੀ ਲੰਕਾ ਨੂੰ ਸਾੜਨਾ, ਅਸ਼ੋਕ ਵਾਟਿਕਾ ਦੇ ਦਰੱਖਤਾਂ ਨੂੰ ਪੁੱਟਣਾ ਤੇ ਰਣ ਦੇ ਵਿੱਚ ਮੂਰਛਤ ਲਛਮਣ ਦੇ ਵਾਸਤੇ ਬੂਟੀ ਲਿਆਉਣ, ਰਾਵਣ ਦੇ ਮਰਨ ਤੋਂ ਬਾਅਦ ਭਭੀਖਣ ਰਾਜਾ ਬਣਾਉਣਾ, ਉੱਥੇ ਸੋਨੇ ਦੀ ਲੰਕਾ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ:
ਲੰਕਾ ਗਢੁ ਸੋਨੇ ਕਾ ਭਇਆ।।
(ਸ੍ਰੀ ਗੁਰੂ ਗ੍ਰੰਥ ਸਾਹਿਬ,੧੧੫੭)
ਸਰਬ ਸੋਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ।। (ਸ੍ਰੀ ਗੁਰੂ ਗ੍ਰੰਥ ਸਾਹਿਬ, ੬੯੨)
ਭਾਈ ਕਾਨ੍ਹ ਸਿੰਘ ਜੀ ਨਾਭਾ ‘ਮਹਾਨ ਕੋਸ਼’ ਦੇ ਅਨੁਸਾਰ ਸੰਸਕ੍ਰਿਤ ਦਾ ਸ਼ਬਦ ਲੰਕਾ ਸਿੰਹਲਦੀਪ ਅਤੇ ਉਸ ਦੀ ਇਤਿਹਾਸਿਕ ਪ੍ਰਸਿੱਧ ਰਾਜਧਾਨੀ, ਇਹ ਵਿਸ਼ਵਕਰਮਾ ਨੇ ਕੁਬੇਰ ਦੇ ਰਹਿਣ ਲਈ ਮਨੋਹਰ ਨਗਰੀ ਰਚੀ ਸੀ ਜੋ ਕਿ ਰਾਵਣ ਨੇ ਕੁਬੇਰ ਤੋਂ ਖੋਹ ਕੇ ਆਪਣੀ ਰਾਜਧਾਨੀ ਬਣਾ ਲਈ। ਇਸ ਦਾ ਨਾਮ ਤਾਮ੍ਰ ਪਰਣੀ ਭੀ ਹੈ, ਡਾਕਟਰ ਗੁਰਚਰਨ ਸਿੰਘ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਅਨੁਸਾਰ, ਲੰਕਾ ਇੱਕ ਨਗਰੀ/ਦੇਸ਼, ਜਿਸ ਦੇ ਰਾਜੇ ਰਾਵਣ ਨੇ ਬਣ ਦੇ ਵਿੱਚੋਂ ਸੀਤਾ ਨੂੰ ਚੁੱਕ ਕੇ ਲਿਆਂਦਾ ਸੀ। ਪ੍ਰੋਫੈਸਰ ਸਾਹਿਬ ਸਿੰਘ ‘ਗੁਰਬਾਣੀ ਪਾਠ ਦਰਪਣ’ ਦੇ ਦੇ ਵਿੱਚ ਇਸ ਦੇ ਅਰਥ ਕੇਵਲ ਲੰਕਾ ਹੀ ਕਰਦੇ ਹਨ।
ਗੁਰਬਾਣੀ ਵਿੱਚ ਲੰਕਾ ਦੇ ਨਿਰਮਾਣ ਸਨਾਤਨ ਮਤ ਦੇ ਗ੍ਰੰਥਾਂ ਤੋਂ ਵੱਖਰਾ ਬਿਆਨ ਕੀਤਾ ਗਿਆ ਹੈ, ਉਹ ਲੰਕਾ ਨੂੰ ਕਿਸੇ ਵੀ ਦੇਵਤੇ ਤੋਂ ਬਣਿਆ ਹੋਇਆ ਨਾ ਮੰਨ ਕੇ, ਰਾਵਣ ਨੂੰ ਹੀ ਕੰਚਨ ਦੇ ਕੋਟ ਗੜ ਬਣਾਉਣ ਵਾਲਾ ਹੈ ਮੰਨਦੀ ਹੈ। ਭਗਤ ਕਬੀਰ ਜੀ ਦੇ ਪਾਵਨ ਬਚਨ ਹਨ ਕਿ ਲੰਕਾ ਗੜ ਦੇ ਕੋਟ ਰਾਵਣ ਨੇ ਬਣਾਏ ਤੇ ਸਮਾਂ ਪਾ ਕਰਕੇ ਛੱਡ ਕੇ ਚਲਾ ਗਿਆ:
ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨ॥੧॥
ਜੇ ਰਾਵਣ ਨੇ ਲੰਕਾ ਕੁਬੇਰ ਜਾਂ ਕਿਸੇ ਹੋਰ ਤੋਂ ਖੋਹੀ ਹੁੰਦੀ ਤਾਂ ਰਾਮ ਚੰਦਰ ਜੀ ਨੇ ਉਸ ਨੂੰ ਜਰੂਰ ਵਾਪਸ ਕਰਨੀ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਬਾਲੀ ਦੁਆਰਾ ਸੁਗਰੀਵ ਦੀ ਖੋਹੀ ਗਈ ਪਤਨੀ, ਬਾਲੀ ਨੂੰ ਮਾਰ ਕੇ ਸੁਗਰੀਵ ਨੂੰ ਵਾਪਸ ਕਰ ਦਿੰਦੇ ਹਨ।
ਦੁਆਪਰ ਦੇ ਵਿੱਚ ਕੰਸ ਦੁਆਰਾ ਉਗਰਸੈਨ ਦਾ ਖੋਹਿਆ ਹੋਇਆ ਰਾਜ ਸ਼੍ਰੀ ਕ੍ਰਿਸ਼ਨ ਕੰਸ ਨੂੰ ਮਾਰ ਕੇ ਬਜ਼ੁਰਗ ਅਵਸਥਾ ਵਾਲੇ ਆਪਣੇ ਨਾਨੇ ਉਗ੍ਰਸੈਨ ਨੂੰ ਹੀ ਵਾਪਸ ਦੇ ਦਿੰਦੇ ਹਨ, ਗੁਰਬਾਣੀ ਦੇ ਵਿੱਚ ਦੋ ਵਾਰ ਇਸ ਦੇ ਪ੍ਰਮਾਣ ਮਿਲਦੇ ਹਨ.
ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ।।
( ਸ੍ਰੀ ਗੁਰੂ ਗ੍ਰੰਥ ਸਾਹਿਬ,੩੪੫)
-ਉਗ੍ਰਸੈਣ ਕਉ ਰਾਜ ਅਭੈ ਭਗਤਹ ਜਨ ਦੀਓ।।(ਸ੍ਰੀ ਗੁਰੂ ਗ੍ਰੰਥ ਸਾਹਿਬ, ੧੩੮੯)
ਪਰ ਲੰਕਾ ਦਾ ਰਾਜਾ ਰਾਵਣ ਦੇ ਛੋਟੇ ਭਰਾ ਭਭੀਖਣ ਨੂੰ ਰਾਮ ਚੰਦਰ ਜੀ ਆਪ ਥਾਪਦੇ ਹਨ:
ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ॥੪॥੨॥
( ਸ੍ਰੀ ਗੁਰੂ ਗ੍ਰੰਥ ਸਾਹਿਬ, ੬੫੭)
ਲੰਕਾ: ਲਾਟ ਰੰਗ ਚਮਕਾ ਦਾ ਸੰਖੇਪ ਹੈ।
ਭਾਵ ਉਹ ਨਗਰੀ, ਜੋ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਦੇ ਨਾਲ ਇਸ ਤਰ੍ਹਾਂ ਚਮਕਦੀ ਹੈ, ਜਿਵੇਂ ਅੱਗ ਦੇ ਵਿੱਚੋਂ ਨਿਕਲੀ ਹੋਈ ਲਾਟ ਦੇ ਵਿੱਚ ਚਮਕ ਹੁੰਦੀ ਹੈ, ਸੋਨੇ ਦੀ ਸਤ੍ਹਾ ਬਹੁਤ ਸਮਤਲ ਹੁੰਦੀ ਹੈ ਜਿਸ ਕਾਰਨ ਉਸ ‘ਤੇ ਪੈਣ ਵਾਲੀ ਰੌਸ਼ਨੀ ਜ਼ਿਆਦਾਤਰ ਪ੍ਰਵਿਰਤ ਹੋ ਜਾਂਦੀ ਹੈ ਤੇ ਸੋਨਾ ਚਮਕਦਾ ਹੈ ਸੋਨੇ ਵਿੱਚ ਇਲੈਕਟ੍ਰੋਨ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ, ਜਦੋਂ ਰੌਸ਼ਨੀ ਇਹਨਾਂ ‘ਤੇ ਪੈਂਦੀ ਹੈ ਤਾਂ ਇਹ ਇਲੈਕਟਰੋਨ ਉਸ ਰੋਸ਼ਨੀ ਨੂੰ ਵਾਪਸ ਪਰਤਾਉਂਦੇ ਹਨ ਜਿਸ ਕਰਕੇ ਸੋਨਾ ਪੀਲੇ ਰੰਗ ਦੇ ਵਿੱਚ ਚਮਕਦਾ ਹੈ। ਸੋਨੇ ‘ਤੇ ਹਵਾ ਜਾਂ ਨਮੀ ਦਾ ਅਸਰ ਨਹੀਂ ਹੁੰਦਾ ਤੇ ਇਸ ਨੂੰ ਜੰਗਾਲ ਵੀ ਨਹੀਂ ਲੱਗਦਾ।

ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ