
-ਸ. ਸੁਖਦੇਵ ਸਿੰਘ
ਸ਼ਾਂਤ ਗੁਰਬਾਣੀ ਅਨੁਸਾਰ ‘ਗੁਰਮੰਤਰ ਸਤਿਗੁਰੂ ਪਾਸੋਂ ਮਿਲਿਆ ਹੋਇਆ ‘ਮੰਤਰ’ ਹੁੰਦਾ ਹੈ। ਇਸ ਦੀਆਂ ਤਿੰਨ ਵਿਸ਼ੇਸ਼ਤਾਈਆਂ ਇਹ ਹਨ:
੧. ਗੁਰਮੰਤਰ ਕਿਸੇ ਦੇਵੀ-ਦੇਵਤੇ ਦੀ ਸਿਫਤ ਕਰਨ ਦੀ ਥਾਂ ’ਤੇ ਦੇਵੀ-ਦੇਵਤਿਆਂ ਨੂੰ ਪੈਦਾ ਕਰਨ ਵਾਲੀ ਸਰਬ-ਸਮਰੱਥ ਅਤੇ ਇੱਕੋ-ਇੱਕ ਪਰਮ-ਸ਼ਕਤੀ ਪਰਮਾਤਮਾ ਦੀ ਉਸਤਤ ਕਰਨ ਲਈ ਹੁੰਦਾ ਹੈ।
੨. ਗੁਰਮੰਤਰ ਦਾ ਮਨੋਰਥ ਕਿਸੇ ਸਿੱਧੀ ਦੀ ਪ੍ਰਾਪਤੀ ਕਰਨਾ ਨਹੀਂ ਹੁੰਦਾ ਕਿਉਂਕਿ ‘ਜਪੁ ਜੀ ਸਾਹਿਬ’ ਵਿਚ ‘ਰਿਧਿ ਸਿਧਿ ਅਵਰਾ ਸਾਦ’ ਦਾ ਉਪਦੇਸ਼ ਹੈ। ਗੁਰਮਤਿ ਅਨੁਸਾਰ ਗੁਰਮੰਤਰ ਦਾ ਅਸਲ ਮਨੋਰਥ ਪਰਮਾਤਮਾ ਦੀ ਸਿਫਤ-ਸਾਲਾਹ ਕਰ ਕੇ ਅਤੇ ਉਸ ਨੂੰ ਹਿਰਦੇ ਤੋਂ ਯਾਦ ਕਰ ਕੇ ਉਸ ਨਾਲ ਇੱਕਮਿਕ ਹੋਣਾ ਹੈ।
੩. ਗੁਰਮੰਤਰ ਕੋਈ ਗੁਪਤ ਸ਼ਬਦ ਜਾਂ ਗੁਪਤ ਵਾਕ ਨਹੀਂ ਹੈ ਜਿਸ ਨੂੰ ਹੋਰਨਾਂ ਤੋਂ ਲੁਕਾਇਆ ਜਾਵੇ। ਸਗੋਂ ਗੁਰਬਾਣੀ ਤਾਂ ਗੁਰਮੰਤਰ ਨੂੰ ਆਪ ਜਪਣ ਅਤੇ ਦੂਜਿਆਂ ਨੂੰ ਜਪਾਉਣ ਦੀ ਵੀ ਸਿੱਖਿਆ ਦਿੰਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਦਾ ਪਵਿੱਤਰ ਫੁਰਮਾਨ ਡੰਕੇ ਦੀ ਚੋਟ ਨਾਲ ਦੱਸ ਰਿਹਾ ਹੈ ਕਿ ਸਤਿਗੁਰੂ ਨੇ ਪਰਮਾਤਮਾ ਦੇ ਗੁਪਤ ਸਮਝੇ ਜਾਂਦੇ ਨਾਮ ਨੂੰ ਜਗ-ਜ਼ਾਹਿਰ ਕਰ ਦਿੱਤਾ ਹੈ:
ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੬੯੭)
ਕਿਉਂਕਿ ਗੁਰਮਤਿ ਵਿਚ ‘ਗੁਰਮੰਤਰ’ ਕੇਵਲ ਅਤੇ ਕੇਵਲ ਅਕਾਲ ਪੁਰਖ ਨੂੰ ਹੀ ਸਮਰਪਿਤ ਹੈ ਇਸ ਲਈ ਇਹ ਕਹਿਣਾ ਹੀ ਬਣਦਾ ਹੈ ਕਿ ਅਕਾਲ ਪੁਰਖ ਦਾ ਨਾਮ ਹੀ ਗੁਰਮਤਿ ਅਨੁਸਾਰ ਗੁਰਮੰਤਰ ਹੈ। ਇਸ ਸੰਬੰਧ ਵਿਚ ਗੁਰਬਾਣੀ ਦੇ ਪਵਿੱਤਰ ਫ਼ੁਰਮਾਨ ਹਨ:
-ਹਰਿ ਕਾ ਨਾਮੁ ਦੀਓ ਗੁਰਿ ਮੰਤ੍ਰੁ ॥ ਮਿਟੇ ਵਿਸੂਰੇ ਉਤਰੀ ਚਿੰਤ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੯੦)
-ਸਤਿਗੁਰਿ ਮੰਤ੍ਰੁ ਦੀਓ ਹਰਿ ਨਾਮ ॥ ਇਹ ਆਸਰ ਪੂਰਨ ਭਏ ਕਾਮ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੯੬)
-ਮੰਤ੍ਰੰ ਰਾਮ ਰਾਮ ਨਾਮੰ ਧਾਨੰ ਸਰਬਤ੍ਰ ਪੂਰਨਹ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੩੫੨)
–ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ ॥
ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨ ਕੋਇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੫੧)
ਉਪਰੋਕਤ ਫੁਰਮਾਨ ਸਪੱਸ਼ਟ ਦਰਸਾਅ ਰਹੇ ਹਨ ਕਿ ਪਰਮਾਤਮਾ ਦਾ ਨਾਮ ਹੀ ‘ਗੁਰਮੰਤਰ’ ਹੈ। ਇਹ ‘ਗੁਰਮੰਤਰ ‘ ਸਾਨੂੰ ਸਤਿਗੁਰੂ ਜੀ ਤੋਂ ਪ੍ਰਾਪਤ ਹੋਇਆ ਹੈ। ਇਹੀ ਨਾਮ ਰੂਪੀ ਗੁਰਮੰਤਰ ਸਾਡਾ ਆਸਰਾ ਹੈ। ਸਾਡੇ ਸਾਰੇ ਕਾਰਜਾਂ ਨੂੰ ਸਿਰੇ ਚੜ੍ਹਾਉਣ ਵਾਲਾ ਅਤੇ ਸਾਡੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲਾ ਹੈ। ਸਾਡੇ ਸਾਰਿਆਂ ਦੇ ਦੁੱਖਾਂ-ਕਲੇਸ਼ਾਂ ਦਾ ਹੱਲ ਇਹੀ ਪਰਮਾਤਮਾ ਦਾ ਨਾਮ ਰੂਪੀ ਗੁਰਮੰਤਰ ਹੈ। ਇਸ ਲਈ ਸਾਨੂੰ ਕਿਸੇ ਹੋਰ ਵਿਧੀ ਵਾਲੇ ਮੰਤਰ ਜਾਂ ਉਪਾਉ ਦੀ ਕੋਈ ਜ਼ਰੂਰਤ ਹੀ ਨਹੀਂ ਹੈ। ਨਾ ਹੀ ਸਾਨੂੰ ਕਿਸੇ ਜੰਤਰ ਅਤੇ ਤੰਤਰ ਦੇ ਚੱਕਰ ਵਿਚ ਪੈ ਕੇ ਤਵੀਤਾਂ, ਜਾਦੂ-ਟੂਣੇ, ਪੁੱਛਾਂ ਅਤੇ ਉਪਾਵਾਂ ਦੀ ਲੋੜ ਹੈ। ਰਿੱਧੀਆਂ- ਸਿੱਧੀਆਂ ਦੀ ਪ੍ਰਾਪਤੀ ਨਾਮ ਦੀ ਪ੍ਰਾਪਤੀ ਅੱਗੇ ਤੁੱਛ ਹੈ ਕਿਉਂਕਿ ਰਿੱਧੀਆਂ-ਸਿੱਧੀਆਂ ਦੀ ਲਾਲਸਾ ਮਨੁੱਖ ਨੂੰ ਪਰਮਾਤਮਾ ਤੋਂ ਤੋੜਦੀ ਹੈ। ਵਿਕਾਰ ਅਜਿਹੇ ਮਨੁੱਖ ’ਤੇ ਆਪਣੇ-ਆਪ ਹੀ ਹਾਵੀ ਹੋ ਜਾਂਦੇ ਹਨ। ਗੁਰਬਾਣੀ ਵਿਚ ਤਾਂਤ੍ਰਿਕਾਂ ਵੱਲੋਂ ਅਪਣਾਏ ਜਾਂਦੇ ਜੰਤਰ-ਮੰਤਰ-ਤੰਤਰ ਨੂੰ ਬਿਲਕੁਲ ਹੀ ਸਵੀਕਾਰ ਨਹੀਂ ਕੀਤਾ ਗਿਆ। ਇਸ ਸੰਬੰਧ ਵਿਚ ਸੁਚੇਤ ਰਹਿਣ ਲਈ ਸਾਨੂੰ ਗੁਰਬਾਣੀ ਦੇ ਹੇਠ ਲਿਖੇ ਫੁਰਮਾਨ ਸਦਾ ਧਿਆਨ ਵਿਚ ਰੱਖਣੇ ਚਾਹੀਦੇ ਹਨ:
-ਮਨਮੁਖਿ ਭਰਮਿ ਭਵੈ ਬੇਬਾਣਿ ॥ ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ॥
ਸਬਦੁ ਨ ਚੀਨੈ ਲਵੈ ਕੁਬਾਣਿ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੯੪੧)
-ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੭੬੬)
-ਕਹਿ ਕਬੀਰ ਜਾ ਕਾ ਨਹੀ ਅੰਤੁ ॥ ਤਿਸ ਕੇ ਆਗੇ ਤੰਤੁ ਨ ਮੰਤੁ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੯੭੧)
-ਅਵਰੁ ਨ ਅਉਖਧੁ ਤੰਤ ਨਾ ਮੰਤਾ ॥ ਹਰਿ ਹਰਿ ਸਿਮਰਣੁ ਕਿਲਵਿਖ ਹੰਤਾ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੪੧੬)
-ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥
ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ
ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥
ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ ਜਨ ਨਾਨਕ
ਜੋ ਅੰਤੀ ਅਉਸਰਿ ਲਏ ਛਡਾਇਆ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੬੮)
-ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥
ਤੰਤੁ ਮੰਤੁ ਨ ਜੋਹਈ ਤਿਤੁ ਚਾਖੁ ਨ ਲਾਗੈ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੮੧੭–੮੧੮)
-ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੫੮੪)
-ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿ ਨਾਮੁ ਪਰਾਪਤਿ ਹੋਇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੫੧੧)
-ਵੀਰਵਾਰਿ ਵੀਰ ਭਰਮਿ ਭੁਲਾਏ ॥ ਪ੍ਰੇਤ ਭੂਤ ਸਭਿ ਦੂਜੈ ਲਾਏ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੮੪੧)
ਗੁਰਬਾਣੀ ਦੇ ਉਪਰੋਕਤ ਪਵਿੱਤਰ ਫੁਰਮਾਨ ਬੜੇ ਸਪੱਸ਼ਟ ਸ਼ਬਦਾਂ ਵਿਚ ਸਾਨੂੰ ਸਮਝਾਅ ਰਹੇ ਹਨ ਕਿ ਜੀਵਨ ਦੇ ਸਾਰੇ ਸੁੱਖ-ਦੁੱਖ ਪਰਮਾਤਮਾ ਦੇ ਹੁਕਮ ਵਿਚ ਹੀ ਹਨ। ਹੋਰ ਕਿਸੇ ਦੀ ਇਹ ਸਮਰੱਥਾ ਨਹੀਂ ਹੈ ਕਿ ਉਹ ਜੰਤਰ-ਮੰਤਰ-ਤੰਤਰ ਰਾਹੀਂ ਕਿਸੇ ਨੂੰ ਸੁੱਖ-ਦੁੱਖ ਦੇ ਸਕੇ ਜਾਂ ਕਿਸੇ ਦਾ ਦੁੱਖ ਦੂਰ ਕਰ ਸਕੇ। ਕੋਈ ਸਰਾਪ ਜਾਂ ਕਿਸੇ ਦੀ ਭੈੜੀ ਨਜ਼ਰ ਪਰਮਾਤਮਾ ਦਾ ਨਾਮ ਜਪਣ ਵਾਲੇ ਵਿਅਕਤੀ ਸਾਹਵੇਂ ਕੋਈ ਅਰਥ ਨਹੀਂ ਰੱਖਦੇ। ਸਾਰੇ ਧਾਗੇ-ਤਵੀਤ, ਜਾਦੂ-ਟੂਣੇ ਜਾਂ ਉਪਾਅ ਉਸ ਦੀਆਂ ਨਜ਼ਰਾਂ ਵਿਚ ਵਿਅਰਥ ਅਤੇ ਬੇਅਸਰ ਹਨ ਕਿਉਂਕਿ ਉਸ ਕੋਲ ਪਰਮਾਤਮਾ ਦੇ ਨਾਮ ਰੂਪੀ ਪ੍ਰਕਾਸ਼ ਦਾ ਗਿਆਨ ਹੁੰਦਾ ਹੈ। ਨਾਮ- ਸਿਮਰਨ ਵਿਚ ਮਸਤ ਅਜਿਹਾ ਮਨੁੱਖ ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਨੂੰ ਵੀ ਫਜ਼ੂਲ ਅਤੇ ਤੁੱਛ ਸਮਝਦਾ ਹੈ। ਗੁਰਮਤਿ ਅਨੁਸਾਰੀ ਜੀਵਨ ਜੀਉਣ ਵਾਲਾ ਗੁਰਮੁਖ ਵਿਅਕਤੀ ਮੂਲ-ਮੰਤਰ, ਗੁਰਮੰਤਰ ਅਤੇ ਗੁਰਬਾਣੀ ਨਾਲ ਹੀ ਆਪਣੀ ਜ਼ਿੰਦਗੀ ਜੋੜ ਲੈਂਦਾ ਹੈ ਅਤੇ ਫਿਰ ਉਸ ਨੂੰ ਜੰਤਰ-ਮੰਤਰ-ਤੰਤਰ ਵਰਗੀਆਂ ਥੋਥੀਆਂ ਗੱਲਾਂ ਦੇ ਨੇੜੇ-ਤੇੜੇ ਖੜ੍ਹਨਾ ਵੀ ਠੀਕ ਨਹੀਂ ਲੱਗਦਾ। ਬਿਬੇਕ-ਬੁੱਧੀ ਦਾ ਚਾਨਣਾ ਉਸ ਦੇ ਜੀਵਨ ਵਿੱਚੋਂ ਅਗਿਆਨਤਾ, ਵਹਿਮ, ਭਰਮ, ਦੁਬਿਧਾ ਅਤੇ ਪੰਜੇ ਵਿਕਾਰਾਂ ਦੇ ਹਨ੍ਹੇਰੇ ਨੂੰ ਦੂਰ ਨਸਾ ਦਿੰਦਾ ਹੈ। ਉਸ ਦਾ ਮਨ ਪਰਉਪਕਾਰੀ ਅਤੇ ਨਿਰਮਲ ਹੋ ਜਾਂਦਾ ਹੈ।
ਗੁਰਮਤਿ ਵਿਚ ਗੁਰਮੰਤਰ (ਗੁਰਮੰਤ੍ਰ) ‘ਵਾਹਿਗੁਰੂ’ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਇਹ ਸ਼ਬਦ ‘ਵਾਹਗੁਰੂ’ ਕਰ ਕੇ ਵੀ ਆਇਆ ਹੈ। ਇਸ ਪਾਵਨ ਗ੍ਰੰਥ ਦੇ ਪਹਿਲੇ ਲਿਖਾਰੀ, ਇਸ ਪਵਿੱਤਰ ਗ੍ਰੰਥ ਦੇ ਪਹਿਲੇ ਵਿਆਖਿਆਕਾਰ ਅਤੇ ਖ਼ੁਦ ਗੁਰਬਾਣੀ ਦੀ ਕੁੰਜੀ-ਸਮਾਨ ਰਚਨਾ ਕਰਨ ਵਾਲੇ ਗੁਰਸਿੱਖ ਬ੍ਰਹਮ-ਗਿਆਨੀ ਵਿਦਵਾਨ ਭਾਈ ਗੁਰਦਾਸ ਜੀ ਗੁਰਮਤਿ ਦੇ ਗੁਰਮੰਤਰ ਬਾਰੇ ਸਪੱਸ਼ਟ ਸ਼ਬਦਾਂ ਵਿਚ ਲਿਖਦੇ ਹਨ :
ਵਾਹਿਗੁਰੂ ਗੁਰ ਮੰਤ੍ਰ ਹੈ ਜਪਿ ਹਉਮੈ ਖੋਈ।
(ਵਾਰ ੧੩:੨)
ਇਤਿਹਾਸਿਕ ਪੱਖ ਤੋਂ ਸੰਕੇਤ ਦਿੰਦੇ ਹੋਏ ਆਪ ਜੀ ਦੱਸਦੇ ਹਨ ਕਿ ‘ਵਾਹਿਗੁਰੂ’ ਗੁਰਮੰਤਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਸਿੱਖਾਂ ਨੂੰ ਦਿੱਤਾ ਜਦੋਂ ਗੁਰੂ ਜੀ ਨੇ ਉੱਥੇ ਧਰਮਸਾਲ ਬੰਨ੍ਹੀ ਅਤੇ ਸਤਿਸੰਗਤ ਦੇ ਰੂਪ ਵਿਚ ਸਚਖੰਡ ਦੀ ਸਥਾਪਨਾ ਕੀਤੀ। ਭਾਈ ਸਾਹਿਬ ਲਿਖਦੇ ਹਨ :
ਧਰਮਸਾਲ ਕਰਤਾਰਪੁਰ ਸਾਧਸੰਗਤਿ ਸਚ ਖੰਡੁ ਵਸਾਇਆ।
ਵਾਹਿਗੁਰੂ ਗੁਰ ਸਬਦੁ ਸੁਣਾਇਆ ॥
(ਵਾਰ ੨੪:੧)
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਲੌਕਿਕ ਰਚਨਾ ‘ਜਪੁ ਜੀ’ ਦੀ ਸੰਪੂਰਨਤਾ ਵਾਲੇ ਸਲੋਕ ਦੀ ਵਿਆਖਿਆ ਕਰਦੇ ਹੋਏ ਭਾਈ ਗੁਰਦਾਸ ਜੀ ਇਕ ਪਉੜੀ ਦੀ ਰਚਨਾ ਕਰਦੇ ਹਨ। ਇਸ ਪਉੜੀ ਦੀ ਅਰੰਭਲੀ ਪੰਕਤੀ ਵਿਚ ਹੀ ‘ਵਾਹਗੁਰੂ’ ਸ਼ਬਦ ਸੁਣਾਉਣ ਦੀ ਵੀ ਗੱਲ ਕਰਦੇ ਹਨ :
ਪਉਣੁ ਗੁਰੂ ਗੁਰ ਸਬਦੁ ਹੈ ਵਾਹਗੁਰੂ ਗੁਰ ਸਬਦੁ ਸੁਣਾਇਆ। (ਵਾਰ ੬:੫)
ਇਸੇ ਪ੍ਰਕਾਰ ਇੱਕ ਹੋਰ ਥਾਂ ਭਾਈ ਸਾਹਿਬ ਨੇ ਸਤਿਗੁਰੂ ਜੀ ਵੱਲੋਂ ਦਇਆਲ ਹੋ ਕੇ ਸੱਚਾ ਮੰਤਰ ‘ਵਾਹਿਗੁਰੂ’ ਸੁਣਾਉਣ ਦੀ ਗੱਲ ਵੀ ਕਹੀ ਹੈ
ਸਤਿਗੁਰੁ ਪੁਰਖ ਦਇਆਲੁ ਹੋਇ ਵਾਹਿਗੁਰੂ ਸਚੁ ਮੰਤ੍ਰ ਸੁਣਾਇਆ। (ਵਾਰ ੧੧:੩)
ਭਾਈ ਗੁਰਦਾਸ ਜੀ ਜਦੋਂ ‘ਵਾਹਿਗੁਰੂ’ ਜਾਂ ‘ਵਾਹਗੁਰੂ’ ਸ਼ਬਦ ਨੂੰ ‘ਗੁਰਮੰਤਰ’ ਕਹਿੰਦੇ ਹਨ ਤਾਂ ਉਨ੍ਹਾਂ ਦੇ ਸਾਹਮਣੇ ਇਸ ਦਾ ਬਕਾਇਦਾ ਤੌਰ ‘ਤੇ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ। ਇਸ ਤੋਂ ਇਲਾਵਾ ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਤੋਂ ਲੈ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤਕ ਚਾਰ ਗੁਰੂ ਸਾਹਿਬਾਨ ਦੀ ਸੰਗਤ ਨਿੱਜੀ ਤੌਰ ‘ਤੇ ਬਹੁਤ ਨੇੜੇ ਰਹਿ ਕੇ ਮਾਣੀ ਹੈ। ਨਿਰਸੰਦੇਹ ਆਪ ਜੀ ਨੇ ਗੁਰਮੰਤਰ ‘ਵਾਹਿਗੁਰੂ’ ਦੇ ਜਾਪ ਦਾ ਅਭਿਆਸ ਵੀ ਬਹੁਤ ਕੀਤਾ ਤਾਂ ਹੀ ਉਹ ਗੁਰਬਾਣੀ ਦੀਆਂ ਅਗਾਧ-ਬੋਧ ਸਚਾਈਆਂ ਦੀ ਵਿਆਖਿਆ ਇੰਨੇ ਗਹਿਰ-ਗੰਭੀਰ ਰੂਪ ਵਿਚ ਕਰ ਸਕੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਨੂੰ ਖ਼ੁਦ ਹੀ ‘ਬਾਣੀ ਮੰਤ੍ਰ ਮਹਾਂਪੁਰਖਨ ਕੀ’ ਕਿਹਾ ਹੈ। ਆਪ ਜੀ ਫੁਰਮਾਉਂਦੇ ਹਨ:
ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥
ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੦੮)
ਮੂਲਮੰਤਰ, ਗੁਰਮੰਤਰ ਅਤੇ ਨਿਰੰਕਾਰ ਸਭ ਗੁਰਬਾਣੀ ਤੋਂ ਹੀ ਪ੍ਰਾਪਤ ਹੁੰਦੇ ਹਨ ਕਿਉਂਕਿ ਇਹ ਬਾਣੀ ਹੈ ਹੀ “ਖਸਮ ਕੀ ਬਾਣੀ”। ਅਸਲ ਵਿਚ ਮੂਲ ਮੰਤਰ, ਗੁਰਮੰਤਰ ਅਤੇ ਨਿਰੰਕਾਰ ਆਪੋ ਵਿਚ ਅਭੇਦ ਹਨ ਅਤੇ ਇਹ ਇਕ ਹੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦਾ ਧੁਰਾ ਵੀ ਇਕ ਹੀ ਹੈ ਅਤੇ ਉਹ ਹੈ ੴ (ਇਕ ਓਅੰਕਾਰ)।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਵਾਹ, ਵਾਹਿ, ਵਾਹੁ, ਗੁਰ, ਗੁਰੁ, ਗੁਰੂ, ਵਾਹਗੁਰੂ ਅਤੇ ਵਾਹਿਗੁਰੂ ਸ਼ਬਦ ਗੁਰਮੰਤਰ ਦੇ ਸੰਬੰਧ ਵਿਚ ਆਏ ਹਨ। ਭਾਈ ਕਾਨ੍ਹ ਸਿੰਘ ਜੀ ਨਾਭਾ ‘ਗੁਰਮਤ ਮਾਰਤੰਡ’ ਦੇ ਭਾਗ ਦੂਜਾ ਵਿਚ ‘ਵਾਹਗੁਰੂ’ ਇੰਦਰਾਜ ਤਹਿਤ ਬਿਲਕੁਲ ਠੀਕ ਲਿਖਦੇ ਹਨ: “ਗੁਰੂ ਗ੍ਰੰਥ ਸਾਹਿਬ ਵਿਚ ਜਦੇ-ਜੁਦੇ ਸ਼ਬਦਾਂ ਵਿਚ ਇਸ ਦਾ ਰੂਪ ਹੈ- ਵਾਹੁ, ਗੁਰ, ਗੁਰੁ, ਇਕੱਠਾ ਸਰੂਪ ਹੈ, ਵਾਹਗੁਰੂ ਅਤੇ ਵਾਹਿਗੁਰੂ।” ਚਾਹੇ ਵਾਹਗੁਰੂ ਜਾਂ ਵਾਹਿਗੁਰੂ ਕਿਹਾ ਗਿਆ ਹੈ ਅਤੇ ਚਾਹੇ ਸੰਖੇਪ ਰੂਪਾਂ ਵਿਚ ਵਾਹ, ਵਾਹੁ, ਵਾਹਿ, ਗੁਰ, ਗੁਰੁ ਅਤੇ ਗੁਰੂ ਕਿਹਾ ਗਿਆ ਹੈ ਭਾਵ ਇੱਕ ਹੀ ਹੈ। ਗੁਰਬਾਣੀ ਵਿਚ ਚਾਹੇ ਸ਼ਬਦ ‘ਨਾਮ’ ਹੋਵੇ ਜਾਂ ‘ਸਤਿਨਾਮ’ ਹੋਵੇ ਅਤੇ ਜਾਂ ਫਿਰ ‘ਹਰਿਨਾਮ” ਭਾਵ ਇੱਕੋਹੀ ਹੈ; ਇੱਕੋ-ਇੱਕ ਪਰਮਾਤਮਾ ਦਾ ਨਾਮ। ਇੱਥੇ ਇਹ ਵੀ ਸਪੱਸ਼ਟ ਕਰਨਾ ਜ਼ਰੂਰੀ ਜਾਪਦਾ ਹੈ ਕਿ ਗੁਰਮੰਤਰ ਨਾਲ ਸੰਬੰਧਿਤ ਇਹ ਸਾਰੇ ਰੂਪ ਇੱਕੋ ਜੋਤਿ ਦਾ ਹੀ ਜਾਪ ਹਨ। ਨਿਰੰਕਾਰ ਪਰਮਾਤਮਾ ਦੀ ਜੋਤਿ ਦਾ ਹੀ ਰੂਪ ਹਨ ਗੁਰੂ ਅਤੇ ਗੁਰਬਾਣੀ। ਇਨ੍ਹਾਂ ਵਿਚ ਰੰਚਕ ਮਾਤਰ ਵੀ ਅੰਤਰ ਜਾਂ ਭੇਦ ਨਹੀਂ ਹੈ। ਗੁਰਮਤਿ ਦਾ ਇਹ ਇੱਕਰੂਪਤਾ ਦਾ ਸਿਧਾਂਤ ਹੇਠ ਲਿਖੇ ਗੁਰਬਾਣੀ ਦੇ ਪਵਿੱਤਰ ਕਥਨ ਜ਼ਾਹਰਾ ਤੌਰ ‘ਤੇ ਸਮਝਾਅ ਰਹੇ
ਹਨ :
-ਨਾਨਕ ਸੋਧੇ ਸਿੰਮ੍ਰਿਤਿ ਬੇਦ ॥ ਪਾਰਬ੍ਰਹਮ ਗੁਰ ਨਾਹੀ ਭੇਦ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੧੪੨)
-ਗੁਰ ਗੋਵਿੰਦੁ ਗੋਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੪੪੨)
-ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੯੮੨)
-ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੫੧੫)
ਇਸ ਲਈ ਜਦੋਂ ਸਵੱਈਏ ਉਚਾਰਦੇ ਸਮੇਂ ਭੱਟ ਸਾਹਿਬਾਨ ਆਪਣੀ ਬਾਣੀ ਵਿਚ “ਵਾਹੁ-ਵਾਹੁ’, ‘ਗੁਰੂ ਗੁਰੂ” ਅਤੇ ‘ਵਾਹਿਗੁਰੂ’ ਕਹਿ ਕੇ ਸਿਫ਼ਤ-ਸਲਾਹ ਕਰਦੇ ਹਨ ਤਾਂ ਉਹ ਭਾਵੇਂ ਪਰਮਾਤਮਾ ਲਈ ਸਿਫ਼ਤ ਦੇ ਸ਼ਬਦ ਵਰਤਦੇ ਹਨ, ਭਾਵੇਂ ਸਤਿਗੁਰੂ ਲਈ, ਭਾਵੇਂ ਗੁਰੂ ‘ ਸਾਹਿਬਾਨ ਭਾਵ ਮਹਲਾ ੧, ਮਹਲਾ ੨, ਮਹਲਾ ੩, ਮਹਲਾ ੪ ਅਤੇ ਮਹਲਾ ੫ ਲਈ ਅਤੇ ਭਾਵੇਂ ਗੁਰਬਾਣੀ ਲਈ ਸਿਫ਼ਤ-ਸਲਾਹ ਦੀ ਭਾਵਨਾ ਵਿਚ ਇੱਕੋ ਹੀ ਜੋਤਿ ਹੈ ਅਤੇ ਉਹ ਹੈ ਇੱਕੋ-ਇੱਕ ਪਰਮਾਤਮਾ ਦੀ ਜੋਤਿ। ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਉਚਾਰੀ ਗਈ ਬਾਣੀ ਵਿਚ ਵੀ ‘ਵਾਹੁ ਵਾਹੁ’ ਪਰਮਾਤਮਾ, ਗੁਰੂ ਅਤੇ ਗੁਰਬਾਣੀ ਦੀ ਕੀਤੀ ਹੋਈ ਹੈ। ਉੱਥੇ ਵੀ ਇਹ ‘ਵਾਹੁ ਵਾਹੁ’ ਅਸਲ ਵਿਚ ਇੱਕੋ-ਇੱਕ ਜੋਤਿ ਭਾਵ ਨਿਰੰਕਾਰ ਦੀ ਜੋਤਿ ਦੀ ਹੀ ਕੀਤੀ ਗਈ ਹੈ ਕਿਉਂਕਿ ਇਹੀ ਜੋਤਿ ਗੁਰੂ ਅਤੇ ਗੁਰਬਾਣੀ ਦੀ ਜੋਤਿ ਹੈ। ਹੁਣ ਅਸੀਂ ਗੁਰਮੰਤਰ ‘ਵਾਹਿਗੁਰੂ’ ਅਤੇ ਇਸ ਨਾਲ ਸੰਬੰਧਿਤ ਸੰਖੇਪ ਵਿਚ ਆਏ ਰੂਪਾਂ ਜਾਂ ਸ਼ਬਦਾਂ ‘ਵਾਹੁ’ ਅਤੇ ‘ਗੁਰੂ’ ਨਾਲ ਸੰਬੰਧਿਤ ਗੁਰਬਾਣੀ ਦੇ ਪਵਿੱਤਰ ਕਥਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਦੇਖਾਂਗੇ ਜਿਨ੍ਹਾਂ ਦੇ ਆਧਾਰ ’ਤੇ ਹੀ ਭਾਈ ਗੁਰਦਾਸ ਜੀ ਨੇ ‘ਵਾਹਿਗੁਰੂ ਗੁਰਮੰਤ੍ਰ ਹੈ’ ਆਖਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ :
-ਵਾਹੁ ਵਾਹੁ ਤਿਸ ਕਉ ਜਿਸ ਕਾ ਇਹੁ ਜੀਉ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੨੨੬)
-ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ ॥
ਤਿਸ ਕਉ ਵਾਹੁ ਵਾਹੁ ਜਿ ਸਬਦੁ ਸੁਣਾਵੈ ॥
ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੨੨੬)
-ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥
ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚੋਂ:
-ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ ॥
ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੫੧੫)
-ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ ॥
ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੭੬)
-ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥
-ਵਾਹੁ ਮੇਰੇ ਸਾਹਿਬਾ ਵਾਹੁ ॥
ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ॥੧॥ ਰਹਾਉ ॥
ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ ॥੧॥ ਰਹਾਉ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੭੫੪)
-ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥ ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥
ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੫੧੪)
-ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥
ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੫੧੫)
ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ:
-ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੫੮੫)
-ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥
ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥
ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ ॥
ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੋ ਨਾਮੁ ਪਰਾਪਤਿ ਹੋਇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੨੧)
-ਗੁਰੁ ਗੁਰੁ ਕਰਤ ਸਰਣਿ ਜੇ ਆਵੈ ਪ੍ਰਭੁ ਆਇ ਮਿਲੈ ਖਿਨੁ ਢੀਲ ਨ ਪਈਆ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੮੩੭)
-ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥
ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੩੧੩)
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚੋਂ :
-ਵੇਮੁਹਤਾਜਾ ਵੇਪਰਵਾਹੁ ॥
ਨਾਨਕ ਦਾਸ ਕਹਹੁ ਗੁਰ ਵਾਹੁ ॥
-ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੩੧੭)
-ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੫੨੨)
-ਮੇਰੇ ਮਨ ਗੁਰੁ ਗੁਰੁ ਗੁਰੁ ਸਦ ਕਰੀਐ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੨੧੩)
-ਗੁਰੂ ਗੁਰੂ ਜਪਿ ਮੀਤ ਹਮਾਰੇ ॥
ਮੁਖ ਊਜਲ ਹੋਵਹਿ ਦਰਬਾਰੇ ॥੧॥ਰਹਾਉ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੯੦)
-ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥
ਗੁਰੂ ਬਿਨਾ ਮੈ ਨਾਹੀ ਹੋਰ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੮੬੪)
-ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ ॥
ਜੀਅ ਕੀ ਅਰਦਾਸਿ ਗੁਰੂ ਪਹਿ ਪਾਈ ॥
ਭਗਤ ਕਬੀਰ ਜੀ ਦੀ ਬਾਣੀ ਵਿੱਚੋਂ:
ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ ॥
ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ ॥
ਭੱਟ ਸਾਹਿਬਾਨ ਦੀ ਬਾਣੀ ਵਿੱਚੋਂ
-ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧਾਇਯਉ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੦੫)
–ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੦੩)
-ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੦੩)
-ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੦੨)
-ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੂਹੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੦੨)
-ਗੁਰੂ ਗੁਰੁ ਗੁਰੁ ਗੁਰੁ ਗੁਰੂ ਜਪੁ ਪ੍ਰਾਨੀਅਹੁ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੦੦)
-ਜੋ ਗੁਰੂ ਗੁਰੂ ਅਹਿਨਿਸਿ ਜਪੈ ਦਾਸੁ ਭਟੁ ਬੇਨਤਿ ਕਹੈ ॥
ਜੋ ਗੁਰੂ ਨਾਮੁ ਰਿਦ ਮਹਿ ਧਰੈ ਸੋ ਜਨਮ ਮਰਣ ਦੁਹ ਥੇ ਰਹੈ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੩੯੯)
ਉਪਰੋਕਤ ਪਵਿੱਤਰ ਪੰਕਤੀਆਂ ਵਿੱਚੋਂ ਕੁਝ ਪੰਕਤੀਆਂ ਨੂੰ ਭੱਟ ਸਾਹਿਬਾਨ ਨੇ ਇੱਕ ਤੋਂ ਵੱਧ ਵਾਰ ਸਵੱਈਆਂ ਵਿਚ ਦੁਹਰਾਇਆ ਵੀ ਹੋਇਆ ਹੈ। ਸ੍ਰੀ ਗੁਰੂ ਅਮਰਦਾਸ ਜੀ ਬਾਰੇ ਭੱਟ ਬਲ੍ਹ ਜੀ ਵੱਲੋਂ ਇੱਕ ਬੜੀ ਇਤਿਹਾਸਿਕ ਮਹੱਤਵ ਵਾਲੀ ਸਚਾਈ ਦੱਸੀ ਗਈ ਹੈ ਕਿ ਗੁਰੂ ਜੀ ਨੇ ‘ਵਾਹੁ ਵਾਹੁ’ ਕਰ ਕੇ ਅਤੇ ‘ਵਾਹੁ ਵਾਹੁ’ ਧਿਆ ਕੇ ਕਰਤਾਰ ਨੂੰ ਆਪਣੇ ਵੱਸ ਵਿਚ ਕਰ ਲਿਆ ਸੀ। ਇਹ ਹੈ ਨਾਮ-ਸਿਮਰਨ ਅਤੇ ਨਾਮ ਨੂੰ ਜਪਣ ਦੀ ਵਡਿਆਈ। ਸਪੱਸ਼ਟ ਰੂਪ ਵਿਚ ‘ਗੁਰੂ ਗੁਰੂ’, ‘ਵਾਹੁ ਵਾਹੁ’ ਅਤੇ ‘ਵਾਹਿ’ ਸੰਖੇਪ ਰੂਪਾਂ ਦੇ ਨਾਲ-ਨਾਲ ਗੁਰਮੰਤਰ ਦਾ ਪੂਰਾ ਸਰੂਪ ‘ਵਾਹਗੁਰੂ’ ਜਾਂ ‘ਵਾਹਿਗੁਰੂ’ ਵੀ ਭੱਟ ਸਾਹਿਬਾਨ ਦੀ ਬਾਣੀ ਵਿਚ ਬਾਰ-ਬਾਰ ਆਇਆ ਹੈ। ਇਹ ਭਾਈ ਗੁਰਦਾਸ ਜੀ ਦੇ ਕਥਨ ‘ਵਾਹਿਗੁਰੂ ਗੁਰਮੰਤ੍ਰ ਹੈ’ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਲੱਗੀ ਹੋਈ ਪੱਕੀ ਮੋਹਰ ਹੈ। ਉਪਰੋਕਤ ਫ਼ਰਮਾਨ ਇਹ ਵੀ ਸਿੱਧ ਕਰਦੇ ਹਨ ਕਿ ਜਿੱਥੇ ਭੱਟ ਸਾਹਿਬਾਨ ਨੇ ਗੁਰੂ ਸਾਹਿਬ ਦੀ ਉਸਤਤ ਵਿਚ ‘ਵਾਹ ਵਾਹ” ਅਤੇ ‘ਗੁਰੂ ਗੁਰੂ’ ਕੀਤੀ ਹੋਈ ਹੈ, ਉੱਥੇ ਨਾਲ ਹੀ ਪਰਮਾਤਮਾ ਨੂੰ ‘ਵਾਹਿਗੁਰੂ’ ਕਹਿ ਕੇ ਸੰਬੋਧਨ ਕੀਤਾ ਹੈ। ਭੱਟ ਸਾਹਿਬਾਨ ਸਿਧਾਂਤਕ ਤੌਰ ‘ਤੇ ਬੜੇ ਸਪੱਸ਼ਟ ਹਨ ਅਤੇ ਉਹ ਜਾਣਦੇ ਹਨ ਕਿ ਪਰਮਾਤਮਾ ਅਤੇ ਸਤਿਗੁਰੂ ਵਿਚ ਕੋਈ ਅੰਤਰ ਨਹੀਂ ਹੈ। ਸਤਿਗੁਰੂ ਦੀ ਉਸਤਤ ਪਰਮਾਤਮਾ ਦੀ ਉਸਤਤ ਹੈ ਅਤੇ ਪਰਮਾਤਮਾ ਦੀ ਉਸਤਤ ਸਤਿਗੁਰੂ ਦੀ ਉਸਤਤ ਹੈ। ਜੋ ਪਰਮਾਤਮਾ ਦੇ ਗੁਣ ਹਨ ਉਹੀ ਸਤਿਗੁਰੂ ਦੇ ਗੁਣ ਹਨ। ਗੁਣਾਂ ਦੇ ਜਾਪ ਦੇ ਤੋਂ ਗੁਣ ਹੀ ਮਿਲਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਪਵਿੱਤਰ ਫੁਰਮਾਨ ਹੈ :
ਵੇਮੁਹਤਾਜਾ ਵੇਪਰਵਾਹੁ ॥ ਨਾਨਕ ਦਾਸ ਕਹਹੁ ਗੁਰ ਵਾਹੁ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੩੭੬)
ਜੇਕਰ ‘ਗੁਰ ਵਾਹੁ’ ਨੂੰ ਅਨਵੈ ਕਰ ਕੇ ਵਿਚਾਰੀਏ ਤਾਂ ਇਹ ‘ਵਾਹਗੁਰ’ ਬਣ ਜਾਂਦਾ ਹੈ।
‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਿਚ ‘ਵਾਹੁ” ਸ਼ਬਦ ਬਾਰੇ ਇਸ ਤਰ੍ਹਾਂ ਲਿਖਿਆ ਹੋਇਆ ਹੈ : ‘ਵਾਹੁ’ ਵਾਹਿਗੁਰੂ ਸ਼ਬਦ ਦਾ ਸੰਖੇਪ ਹੈ, ਭਾਵ ਕਰਤਾਰ ਦਾ ਪ੍ਰੇਮ ਨਾਲ ਜਸ ਕਰਨਾ, ਸਿਫਤ, ਸਿਮਰਨ।
ਸ਼ਬਦ ‘ਵਾਹੁ’ ਅਦਭੁਤ ਰਸ ਅਤੇ ਵਿਸਮਾਦ ਦੀ ਅਵਸਥਾ ਦੀ ਨਿਸ਼ਾਨੀ ਹੈ। ਪਰਮਾਤਮਾ ਦੀ ਰਚੀ ਕੁਦਰਤ ਇੱਕ ਅਸਚਰਜ ਅਤੇ ਅਦਭੁਤ ਰਚਨਾ ਹੈ। ਇਸ ਨੂੰ ਦੇਖ ਕੇ ਅਨੁਭਵੀ ਗੁਰਮੁਖ ਵਿਅਕਤੀਆਂ ਦੇ ਮੂੰਹੋਂ ਆਪ-ਮੁਹਾਰੇ ਹੀ ‘ਵਾਹ- ਵਾਹ ਨਿਕਲ ਜਾਂਦਾ ਹੈ। ਉਹ ਇਸ ਅਦਭੁਤ ਰਚਨਾ ਦੇ ਰਚਨਹਾਰ ਦੀ ਯਾਦ ਵਿਚ ਆਪ ਮੁਹਾਰੇ ਹੀ ਜੁੜ ਜਾਂਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਤੋਂ ਇਲਾਵਾ ਸਾਨੂੰ ‘ਵਾਹਿਗੁਰੂ’ ਗੁਰਮੰਤਰ ਬਾਰੇ ਭਾਈ ਗੁਰਦਾਸ ਜੀ (ਦੂਜੇ), ਭਾਈ ਨੰਦ ਲਾਲ ਜੀ, ਭਾਈ ਪ੍ਰਹਿਲਾਦ ਸਿੰਘ ਜੀ ਅਤੇ ਭਾਈ ਦੇਸਾ ਸਿੰਘ ਜੀ ਦੇ ਕਥਨਾਂ ਅਤੇ ਰਹਿਤਨਾਮਿਆਂ ਤੋਂ ਵੀ ਠੋਸ ਗਵਾਹੀ ਪ੍ਰਾਪਤ ਹੁੰਦੀ ਹੈ। ਇਹ ਕਥਨ ਹੇਠਾਂ ਦਰਜ ਕੀਤੇ ਜਾਂਦੇ ਹਨ:
-ਹਰਿ ਵਾਹਿਗੁਰੂ ਮੰਤਰ ਅਗੰਮ ਜਗ ਤਾਰਨਹਾਰਾ।
ਜੋ ਸਿਮਰਹਿ ਨਰ ਪ੍ਰੇਮ ਸਿਉ ਪਹੁਚੈ ਦਰਬਾਰਾ॥
(ਭਾਈ ਗੁਰਦਾਸ ਜੀ (ਦੂਜੇ) ਵਾਰ ਇਕਤਾਲੀਵੀਂ)
-ਗੁਰਸਿਖ ਰਹਿਤ ਸੁਨਹੁ ਮੇਰੇ ਮੀਤ। ਉਠਿ ਪ੍ਰਭਾਤ ਕਰੇ ਹਿਤ ਚੀਤ
ਵਾਹਿਗੁਰੂ ਪੁਨ ਮੰਤ੍ਰੁ ਸੁ ਜਾਪ। ਕਰਿ ਇਸਨਾਨ ਪੜ੍ਹੇ ਜਪੁ ਜਾਪੁ।
-ਵਾਹਿਗੁਰੂ ਗੁਰ ਜਾਪਈ ਵਾਹਿਗੁਰੂ ਕਰਿ ਧਿਆਨ।
(ਰਹਿਤਨਾਮਾ ਭਾਈ ਨੰਦ ਲਾਲ ਜੀ)
(ਰਹਿਤਨਾਮਾ ਭਾਈ ਨੰਦ ਲਾਲ ਜੀ)
ਮੁਕਤਿ ਲਾਭ ਮੋ ਹੋਇ ਹੈ ਗੁਰ ਸਿੱਖ ਰਿਦਿਮਹਿ ਮਾਨ।੨੩।
-ਸਤਿ ਅਕਾਲ ਸ੍ਰੀ ਵਾਹਿਗੁਰੂ ਧਰਮ ਬੀਜ ਯਹ ਮੰਤੁ
ਸਰਬ ਜਾਪ ਕਉ ਜਾਪੁ ਇਹ ਕਹਿਓ ਆਦਿ ਅਰੁ ਅੰਤ।੩੭।
(ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ)
-ਵਾਹ ਗੁਰੂ ਨਿਤ ਬਚਨ ਉਚਾਰੇ। ਵਾਹਗੁਰੂ ਕੋ ਹਿਰਦੈ ਧਾਰੇ।
ਆਗੈ ਆਵਤ ਸਿੰਘ ਜੋ ਪਾਵੈ। ਵਾਹਗੁਰੂ ਕੀ ਫਤਹਿ ਬੁਲਾਵੈ॥੧੦॥
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਹੁਣ ਤਕ ਵਿਚਾਰੇ ਗਏ ਅਤੇ ਦਰਸਾਏ ਗਏ ਸਾਰੇ ਪ੍ਰਮਾਣਾਂ ਤੋਂ ਇਹ ਭਲੀ-ਭਾਂਤ ਸਿੱਧ ਹੁੰਦਾ ਹੈ ਕਿ ਗੁਰਮਤਿ ਅਨੁਸਾਰ ਗੁਰਮੰਤਰ ‘ਵਾਹਿਗੁਰੂ’ ਨਾਮ ਹੈ। ਇਸ ਦਾ ਜਾਪ ਰਸਨਾ ਨਾਲ ਵੀ ਕਰਨਾ ਹੈ ਅਤੇ ਇਸ ਨੂੰ ਹਿਰਦੇ ਨਾਲ ਵੀ ਧਿਆਉਣਾ ਹੈ। ਇਸ ਬਾਰੇ ਬੜਾ ਸਪੱਸ਼ਟ ਆਦੇਸ਼ ਹੈ :
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥
ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ ਕਉ ਦੇਉ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੫੧੫)
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਦੇ ਸਮੇਂ ਨਾਲ ਸੰਬੰਧਿਤ ਪਵਿੱਤਰ ਕਥਨ ਬੜੇ ਠੋਸ ਪ੍ਰਮਾਣ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਨ੍ਹਾਂ ਸਾਰੇ ਪ੍ਰਮਾਣਾਂ ਦਾ ਪ੍ਰਮਾਣ ਹੈ। ਇਸੇ ਕਰਕੇ ਹੀ ‘ਸਿੱਖ ਰਹਿਤ ਮਰਯਾਦਾ” ਵਿਚ ਗੁਰਮੰਤਰ ‘ਵਾਹਿਗੁਰੂ ਦੇ ਸੰਬੰਧ ਵਿਚ ਇਹ ਸ਼ਬਦ ਅੰਕਿਤ ਕੀਤੇ ਹੋਏ ਹਨ : (ਞ) ਉਪਰੰਤ ਪੰਜੇ ਪਿਆਰੇ ਰਲ ਕੇ ਇੱਕੋ ਅਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ‘ਵਾਹਿਗੁਰੂ’ ਦਾ ਨਾਮ ਦੱਸ ਕੇ ਮੂਲ ਮੰਤ੍ਰ ਸੁਣਾਉਣ ਤੇ ਉਹਨਾਂ ਪਾਸੋਂ ਇਸ ਦਾ ਰਟਨ ਕਰਾਉਣ। (ਸਿੱਖ ਰਹਿਤ ਮਰਯਾਦਾ, ਪੰਥਕ ਰਹਿਣੀ, ੨. ਅੰਮ੍ਰਿਤ ਸੰਸਕਾਰ)
‘ਸਿੱਖ ਰਹਿਤ ਮਰਯਾਦਾ’ ਵਿਚ ਇਹ ਵੀ ਲਿਖਿਆ ਹੋਇਆ ਹੈ: ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ‘ਵਾਹਿਗੁਰੂ’ ਨਾਮ ਜਪੇ। (ਸਿੱਖ ਰਹਿਤ ਮਰਯਾਦਾ, ਸ਼ਖ਼ਸੀ ਰਹਿਣੀ, ੧. ਨਾਮ ਬਾਣੀ ਦਾ ਅਭਿਆਸ)
‘ਸਿੱਖ ਰਹਿਤ ਮਰਯਾਦਾ’ ‘ ਅਨੁਸਾਰ ‘ਨਾਮ ਬਾਣੀ ਦਾ ਅਭਿਆਸ’ ਵਿਚ ਗੁਰਮੰਤਰ ‘ਵਾਹਿਗੁਰੂ’ ਦਾ ਜਾਪ ਅਤੇ ਨਿਤਨੇਮ ਦੀਆਂ ਬਾਣੀਆਂ ਦਾ ਰੋਜ਼ਾਨਾ ਪਾਠ ਦੋਵੇਂ ਹੀ ਸ਼ਾਮਲ ਹਨ। ਇਸ ਲਈ ਗੁਰਸਿੱਖ ਲਈ ਇਹ ਦੋਵੇਂ ਹੀ ਜ਼ਰੂਰੀ ਹਨ ਅਤੇ ਉਸ ਦੇ ਨਿੱਤਨੇਮ ਦਾ ਅਟੁੱਟ ਅੰਗ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ‘ਜਾਪੁ ਸਾਹਿਬ’ ਵਿਚ ਪਰਮਾਤਮਾ ਦੇ ਅਨੇਕਾਂ ਹੀ ਨਾਮ ਦਰਜ ਹਨ। ਇਨ੍ਹਾਂ ਸਾਰਿਆਂ ਦਾ ਅੰਤਰੀਵੀ ਭਾਵ ਕੇਵਲ ਅਤੇ ਕੇਵਲ ਇੱਕੋ- ਇੱਕ ਪਰਮਾਤਮਾ ਹੀ ਹੈ। ਹੋਰ ਧਰਮਾਂ ਨੂੰ ਮੰਨਣ ਵਾਲੇ ਉਹ ਵਿਅਕਤੀ ਜਿਹੜੇ ਇੱਕੋ-ਇੱਕ ਪਰਮ-ਹਸਤੀ ਪਰਮਾਤਮਾ ਨੂੰ ਭਾਵੇਂ ਕਿਸੇ ਵੀ ਨਾਮ ਨਾਲ ਜਪਦੇ ਅਤੇ ਸਿਮਰਦੇ ਹਨ ਸਾਡੇ ਲਈ ਧੰਨਤਾ ਅਤੇ ਸਤਿਕਾਰ ਦੇ ਯੋਗ ਹਨ।
ਹਵਾਲਾ ਪੁਸਤਕਾਂ:
੧. ਗੁਰਮਤ ਮਾਰਤੰਡ (ਭਾਗ ਦੂਜਾ), ਭਾਈ ਕਾਨ੍ਹ ਸਿੰਘ ਜੀ ਨਾਭਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਜਨਵਰੀ ੨੦੧੪
੨. ਭਾਈ ਨੰਦ ਲਾਲ ਗ੍ਰੰਥਾਵਲੀ (ਸੰਪਾਦਕ ਡਾ. ਗੰਡਾ ਸਿੰਘ ਜੀ), ਮਲਾਕਾ, ਮਲੇਸ਼ੀਆ, ੧੯੬੮
੩. ਰਹਿਤਨਾਮੇ (ਸੰਪਾਦਕ ਪਿਆਰਾ ਸਿੰਘ ਪਦਮ ਜੀ), ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੧੦
੪. ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਅਗਸਤ ੨੦੧੬
੫. ਸਿੱਖ ਰਹਿਤ ਮਰਯਾਦਾ, ਧਰਮ ਪ੍ਰਚਾਰ ਕਮੇਟੀ (ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮ੍ਰਿਤਸਰ।