106 views 2 secs 0 comments

ਵੰਡ ਛਕਣ ਦੀ ਕਰਾਮਾਤ

ਲੇਖ
January 31, 2025

-ਸੁਖਦੇਵ ਸਿੰਘ ਸ਼ਾਂਤ

ਬਾਬਾ ਫ਼ਰੀਦ ਜੀ ਮੁਲਤਾਨ ਵਿਚ ਰਹਿੰਦੇ ਸਨ। ਇਕ ਵਾਰ ਉਥੇ ਮੌਲਾਨਾ ਰੂਮੀ ਜੀ ਆਏ। ਬਹੁਤ ਸਾਰੇ ਲੋਕ ਉਨ੍ਹਾਂ ਦੇ ਦਰਸ਼ਨਾਂ ਲਈ ਪਹੁੰਚੇ। ਬਾਬਾ ਫ਼ਰੀਦ ਜੀ ਵੀ ਦਰਸ਼ਨਾਂ ਲਈ ਆਏ। ਜਲਾਲ-ਉੱਦ-ਦੀਨ ਜੀ ਦੀ ਨਜ਼ਰ ਫ਼ਰੀਦ ਜੀ ’ਤੇ ਆ ਟਿਕੀ। ਰਹਿਮਤ ਹੋਈ। ਮੌਲਾਨਾ ਰੂਮੀ ਜੀ ਜਲਾਲ-ਉੱਦ-ਦੀਨ ਜੀ ਨੇ ਬਖਸ਼ਿਸ਼ ਕਰਦਿਆਂ ਇਕ ਅਨਾਰ ਫ਼ਰੀਦ ਜੀ ਵੱਲ ਵਧਾਇਆ। ਬਾਬਾ ਫ਼ਰੀਦ ਜੀ ਨੇ ਅਨਾਰ ਦੇ ਦਾਣੇ ਕੱਢੇ ਅਤੇ ਉਥੇ ਖੜ੍ਹੇ ਲੋਕਾਂ ਵਿਚ ਵੰਡਣੇ ਸ਼ੁਰੂ ਕਰ ਦਿੱਤੇ। ਅਖੀਰ ਵਿਚ ਇਕ ਦਾਣਾ ਬਚਿਆ ਅਤੇ ਉਹ ਵੀ ਜ਼ਮੀਨ ’ਤੇ ਡਿੱਗ ਪਿਆ। ਫਰੀਦ ਜੀ ਨੇ ਝੁਕ ਕੇ ਉਹ ਦਾਣਾ ਚੁੱਕਿਆ ਅਤੇ ਮੂੰਹ ਵਿਚ ਪਾ ਲਿਆ ।

ਬਾਬਾ ਜੀ ਨੇ ਉਹ ਦਾਣਾ ਕੀ ਖਾਧਾ ਕਿ ਉਨ੍ਹਾਂ ਦਾ ਤਨ-ਮਨ ਖਿੜ ਗਿਆ। ਆਪ ਨੇ ਰੂਮੀ ਜੀ ਤੋਂ ਪੁੱਛਿਆ, “ਇਸ ਅਨਾਰ ਦੇ ਦਾਣੇ ਨੇ ਤਾਂ ਮੈਨੂੰ ਅਨੰਦ ਨਾਲ ਭਰ ਦਿੱਤਾ ਹੈ। ਅਜਿਹਾ ਰਸ ਪਹਿਲਾਂ ਕਦੇ ਵੀ ਮੈਨੂੰ ਸਾਰੀ ਜ਼ਿੰਦਗੀ ਨਹੀਂ ਆਇਆ। ਇਸ ਵਿਚ ਕੀ ਅਜਿਹੀ ਗੱਲ ਸੀ?”

ਮੌਲਾਨਾ ਰੂਮੀ ਜੀ ਹੱਸ ਕੇ ਬੋਲੇ, “ਅਸਾਂ ਆਪ ਨੂੰ ਅਨਾਰ ਦਿੱਤਾ ਸੀ। ਆਪ ਚਾਹੁੰਦੇ ਤਾਂ ਇਹ ਘਰ ਲੈ ਜਾਂਦੇ ਅਤੇ ਸਾਰਾ ਅਨਾਰ ਇਕੱਲੇ ਹੀ ਖਾ ਲੈਂਦੇ। ਪਰ ਆਪ ਨੇ ਇਹ ਅਨਾਰ ਸਾਰੇ ਲੋਕਾਂ ਵਿਚ ਵੰਡ ਦਿੱਤਾ ਹੈ। ਇਹ ਜੋ ਰਸ ਆਪ ਬਿਆਨ ਕਰ ਰਹੇ ਹੋ, ਵੰਡ ਛਕਣ ਦੀ ਕਰਾਮਾਤ ਹੈ।”