
ਸੋਲਾਂ ਕਲਾਵਾਂ
-ਡਾ. ਇੰਦਰਜੀਤ ਸਿੰਘ ਗੋਗੋਆਣੀ
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥.
ਮਾਨਵੀ ਜੀਵਨ ਦੀਆਂ ਸੋਲਾਂ ਸ਼ਕਤੀਆਂ ਵਿੱਚੋਂ ਤੇਰ੍ਹਵੀਂ ਕਲਾ ‘ਸਤ ਕਲਾ’ ਹੈ। ਸਤ ਤੋਂ ਭਾਵ ਸੱਚ ਹੈ। ਆਮ ਤੌਰ ‘ਤੇ ਜਤੀ ਸਤੀ ਸ਼ਬਦ ਇਕੱਠਾ ਵੀ ਆਉਂਦਾ ਹੈ। ਭਾਵ ਜਤ ਉੱਪਰ ਸਤ ਨਾਲ ਪਹਿਰਾ ਦੇਣਾ। ਸਤ ਸ਼ਬਦ ਦੇ ‘ਮਹਾਨ ਕੋਸ਼’ ਵਿਚ ਵੀ ਅਨੇਕ ਭਾਵ ਅਰਥ ਹਨ। ਪ੍ਰਭੂ ਨਾਮ ਦੀ ਸਿਫਤੀ ਵਿਚ ਜੇਕਰ ਸ਼ਬਦ ‘ਸਤਿਨਾਮ’ ਹੈ ਤਾਂ ਭਲੇ ਲੋਕਾਂ ਦੀ ਸੰਗਤ ਲਈ ਸ਼ਬਦ ‘ਸਤ ਸੰਗਤਿ ਹੈ। ਇਸੇ ਤਰ੍ਹਾਂ ਉੱਤਮ ਦਾ ਸੰਗ ਕਰਨ ਵਾਲਾ ‘ਸਤਿ ਸੰਗਤੀ’ ਹੈ। ਸਤਯ ਰੂਪ ਕਰਤਾਰ ਦੇ ਉਪਾਸ਼ਕ ‘ਸਤ ਕਰਤਾਰੀਏ” ਹਨ ਤਾਂ ਉੱਤਮ ਉਪਦੇਸ਼ ਦੇਣ ਵਾਲਾ ਆਚਾਰਯ ‘ਸਤਗੁਰ’ ਹੈ। ਜਦੋਂ ਸੱਚ ਪ੍ਰਧਾਨ ਹੋਵੇ ਤਾਂ ‘ਸਤਿਯੁਗ’ ਤੇ ਜਦ ਧਰਮ ਕਿਰਤ ਵਿੱਚੋਂ ਦਾਨ ਕਰੋ ਤਾਂ ‘ਸਤਦਾਨ’ ਹੈ। ਸਤਿਨਾਮ ਦਾ ਉਪਾਸਕ ‘ਸਤਨਾਮੀ’ ਹੈ ਤੇ ਸੱਚੇ ਨੇਮ ਦਾ ਧਾਰਨ ਵਾਲਾ ‘ਸਤਤ’ ਹੈ। ਅੱਤ ਉੱਤਮ ‘ਸੱਤਮ ਹੈ ਤੇ ਸੱਚ ਦੇ ਸਰੂਪ ਵਾਲਾ ਸਤਿ ਸਰੂਪ ਹੈ। ਭਾਵ ਸਤ ਜਾਂ ਸੱਚ ਉਹ ਸ਼ਕਤੀ ਹੈ ਜਿਸ ਤੋਂ ਸ਼ਬਦਾਂ ਦਾ ਵੀ ਵੱਡਾ ਪਰਵਾਰ ਪੈਦਾ ਹੁੰਦਾ ਹੈ। ‘ਸਤ’ ਸ਼ਬਦ ਦੇ ਸਮਾਨ ਅਰਥੀ ਸ਼ਬਦ ‘ਅਕੂਰ, ਅਵਿਭੂਤ, ਸਤਮ, ਸੱਚ, ਸਤਯੰ, ਸ਼ਪਥ, ਸਮਯਕ ਸਾਚ, ਤਥੋਕਤ, ਤਥਯ, ਤਦਵਤ, ਯਥਾਰਥ ਆਦਿ ਹਨ।
ਸਤ ਜਾਂ ਸੱਚ ਦੀ ਸ਼ਕਤੀ ਨੂੰ ਪ੍ਰਗਟ ਕਰਦੇ ਸਾਡੇ ਲੋਕ-ਅਖਾਣ ਹਨ “ਅੰਦਰ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ” ਭਾਵ ਸੱਚ ਨੂੰ ਡਰਨ ਦੀ ਲੋੜ ਨਹੀਂ। ਇਸੇ ਤਰ੍ਹਾਂ ਸੱਚ ਦੀ ਸ਼ਕਤੀ ਦਾ ਅਹਿਸਾਸ ਇਉਂ ਵੀ ਕਰਵਾਇਆ ਜਾਂਦਾ ਹੈ, ‘ਸੱਚ ਸੱਤ ਪਰਦਿਆਂ ਹੇਠ ਵੀ ਨਹੀਂ ਛੁਪਦਾ” ਜਾਂ ‘ਸੱਚ ਦੀ ਸਦਾ ਹੀ ਜੈ”, ‘ਸੱਚ ਨੂੰ ਆਂਚ ਨਹੀਂ”, ‘ਸੱਚ ਮਿਰਚਾਂ ਝੂਠ ਗੁੜ’, ‘ਸੱਚੀ ਗੱਲ ਸਦਾ ਕੌੜੀ”, ‘ਸੱਚੇ ਦਾ ਬੋਲ ਬਾਲਾ’ ਆਦਿ ਲੋਕ ਬੋਲ ਸਭ ਦੀ ਸ਼ਕਤੀ ਨੂੰ ਸਹਿਜ ਰੂਪ ਵਿਚ ਸਮਝਾਉਣ ਦਾ ਢੰਗ ਹਨ। ਇਸ ਤੋਂ ਇਲਾਵਾ ਗੁਰਬਾਣੀ ਵਿਚ ਬਹੁਤ ਪੰਕਤੀਆਂ ਅਜਿਹੀਆਂ ਹਨ ਜੋ ਆਮ ਲੋਕ ਬੋਲ-ਚਾਲ ‘ਚ ਸ਼ਾਮਲ ਹੋ ਕੇ ‘ਸਤ ਕਲਾ’ ਦੀ ਸ਼ਕਤੀ ਦ੍ਰਿੜ੍ਹ ਕਰਵਾਉਦੀਆਂ ਹਨ ਜਿਵੇਂ: “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ”, “ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ” “ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ” ਆਦਿ।
ਸਾਹਿਤ ਦੇ ਤਿੰਨ ਮੁੱਖ ਗੁਣਾਂ ਵਿੱਚੋਂ ਪਹਿਲਾ ਗੁਣ ‘ਸਤਯਮ” ਹੈ। ਭਾਵ ਸਾਹਿਤ ਵਿਚ ਸੱਚ ਹੋਵੇ, ਜੇ ਸਤ ਹੀ ਨਹੀਂ ਤਾਂ ਉਸ ਦਾ ਕੋਈ ਅਸਰ ਵੀ ਨਹੀਂ ਹੋਵੇਗਾ। ਇਸੇ ਲਈ ਨਿਰਾਰਥਕ ਗੱਲਾਂ, ਨਿਰਾਰਥਕ ਗੀਤ, ਨਿਰਾਰਥਕ ਵਿਚਾਰ, ਨਿਰਾਰਥਕ ਜੀਵਨ, ਨਿਰਾਰਥਕ ਸੋਚ, ਸਭ ਬਰਬਾਦੀ ਦਾ ਸਾਮਾਨ ਹਨ। ਜਿਸ ਵਿਚ ਸਤ ਦੀ ਸ਼ਕਤੀ ਹੀ ਨਹੀਂ ਉਸ ਝੂਠ ਜਾਂ ਮਿਥ ਨਾਲ ਕੋਈ ਜੀਵਨ ਨਹੀਂ ਸੰਵਾਰੇਗਾ। ਸਾਡੀ ਲੋਕ ਭਾਸ਼ਾ ‘ਚ ਕਰਤਾਰ ਸਿੰਘ ਕਲਾਸਵਾਲੀਏ ਨੇ ਸਤ ਕਲਾ ਬਾਰੇ ਇਉਂ ਵਿਚਾਰ ਦਿੱਤੇ ਹਨ: