views 9 secs 0 comments

ਸਫਲ ਜੀਵਨ – ਰੁੱਖਾਂ ਨਾਲ ਪਿਆਰ

ਲੇਖ
October 19, 2025

ਸਾਡੇ ਸਮਾਜ ਵਿਚ ‘ਇਕ ਰੁੱਖ ਸੌ ਸੁੱਖ’ ਲੋਕ ਮੁਹਾਵਰਾ ਪ੍ਰਚੱਲਤ ਹੈ। ਫਿਰ ਇਹ ਸੌ ਸੁੱਖ ਕੀ ਹਨ? ਰੁੱਖ ਸਾਡੀ ਜ਼ਿੰਦਗੀ ਦੇ ਸਦੀਵੀ ਸਾਥੀ ਹਨ। ਸਾਡੇ ਪੂਰਵਜ਼ਾਂ ਦਾ ਰੋਟੀ, ਕੱਪੜਾ, ਮਕਾਨ ਆਦਿ ਸਭ ਕੁਝ ਰੁੱਖ ਹੀ ਸਨ। ਸਾਡਾ ਬਹੁਤਿਆਂ ਦਾ ਬਚਪਨ, ਜਵਾਨੀ ਇਨ੍ਹਾਂ ਦਿਆਂ ਟਾਹਣਾਂ ਉਤੇ ਖੇਡ ਮੱਲ੍ਹ ਕੇ, ਛਾਵਾਂ ਮਾਣ ਕੇ ਤੇ ਪੀਂਘਾਂ ਝੂਟ ਕੇ ਬੀਤਿਆ ਹੈ। ਇਨ੍ਹਾਂ ਫੁੱਲ ਤੇ ਫਲ ਦਿੱਤੇ, ਕੀਮਤੀ ਲੱਕੜੀ ਦਿੱਤੀ, ਘਰਾਂ ਲਈ ਸਜਾਵਟੀ ਫਰਨੀਚਰ ਦਿੱਤਾ ਤੇ ਵਾਤਾਵਰਨ ਸਵੱਛ ਰੱਖਿਆ। ਧਰਤੀ ਉਤੇ ਸਾਡੇ ਜੀਉਣ ਲਈ ਇਹ ਆਕਸੀਜਨ ਦਾ ਮੁੱਖ ਅਧਾਰ ਹਨ। ਇਹ ਹਰਿਆਲੀ ਤੇ ਸੁੰਦਰਤਾ ਨਾਲ ਕਾਇਨਾਤ ਨੂੰ ਅਨੰਦਿਤ ਕਰਦੇ ਹਨ। ਰੁੱਖਾਂ ਤੋਂ ਰੋਗ ਮੁਕਤੀ ਲਈ ਦਵਾਈਆਂ, ਕਾਗਜ਼, ਰਬੜ, ਘਰ ਬਣੇ ਅਤੇ ਮਾਚਸ ਦੀ ਤੀਲੀ ਤੋਂ ਲੈ ਕੇ ਢੋਆ ਢੁਆਈ ਤੱਕ ਦੇ ਸੰਦ ਇਨ੍ਹਾਂ ਦੀ ਬਦੌਲਤ ਹਨ। ਰੁੱਖਾਂ ਨੇ ਤਪਦੇ ਮਨੁੱਖ ਨੂੰ ਠੰਡਕ ਤੇ ਠਰਦੇ ਨੂੰ ਆਪਾ ਜਲਾ ਕੇ ਨਿੱਘ ਵੀ ਦਿੱਤਾ। ਇਨ੍ਹਾਂ ਤੋਂ ਸਾਜ ਬਣੇ, ਸੰਗੀਤ ਹੋਂਦ ‘ਚ ਆਇਆ ਤੇ ਬੇਅੰਤ ਲੋਕ ਗੀਤ ਰੁੱਖਾਂ ਨੂੰ ਸੰਬੋਧਨ ਹਨ। ਸਭ ਤੋਂ ਵੱਡੀ ਗੱਲ ਕਿ ਬਾਲਪਨ ਦੇ ਪੰਘੂੜੇ ਤੋਂ ਲੈ ਕੇ ਅੰਤਮ ਕਿਰਿਆ ਤੱਕ ਇਹ ਸਾਡੇ ਨਾਲ ਸਤੀ ਹੁੰਦੇ ਹਨ।

ਜੇਕਰ ਰੁੱਖ ਸ਼ਬਦ ਦੇ ਅਰਥ ਬਾਰੇ ਜਾਣੀਏ ਤਾਂ ‘ਮਹਾਨ ਕੋਸ਼ ਅਨੁਸਾਰ ਰੁੱਖ ਦੀ ਸੰਗਯਾ ਰੂਹ, ਬਿਰਛ, ਰੁੱਖ। ਸ੍ਰੀ ਗੁਰੂ ਗ੍ਰੰਥ ਕੋਸ਼ ਅਨੁਸਾਰ ਰੁੱਖ (ਸੰਸਕ੍ਰਿਤ-ਵਿਕਸ਼), ਬ੍ਰਿਛ, ਬੂਟੇ। ‘ਸਮ ਅਰਥ ਕੋਸ਼’ ਵਿਚ ਰੁੱਖ ਦੇ ਸਮਾਨ-ਅਰਥੀ 89 ਸ਼ਬਦ ਹਨ। ਕੁਝ ਚੋਣਵੇਂ ਸ਼ਬਦਾਂ ਤੋਂ ਅਰਥ ਹੋਰ ਵੀ ਸਪੱਸ਼ਟ ਹੋ ਜਾਣਗੇ, ਜਿਵੇਂ : ਉਤਭੁਜ, ਅਗਮ, ਸੁਖ ਆਲ, ਤਰਵਰ, ਤਾਰਖਸ਼, ਦਰੱਖ਼ਤ, ਧਰਨੀ ਪਤਿ, ਧਰਾ ਨਾਇਕ, ਪਟਲ, ਪੇਡ, ਪੇੜ, ਫਲਧਰ, ਫਲ ਨਾਇਕ, ਬਿਰਖ, ਬੂਟਾ, ਬਿਰਵਾ, ਬਿੱਛ, ਭੂਮ ਰੁਹ ਤੇ ਧਰਾ ਪਾਲਕ ਵੀ ਰੁੱਖ ਲਈ ਸ਼ਬਦ ਹਨ। ਧਰ (ਧਰਤੀ) ਪਾਲਕ ਭਾਵ ਧਰਤੀ ਨੂੰ ਖੁਰਨ ਤੋਂ ਬਚਾਉਂਦੇ, ਜੜਾਂ . ਨਾਲ ਜਕੜ ਕੇ ਰੱਖਦੇ ਤੇ ਜੀਵ-ਜੰਤੂਆਂ ਤੋਂ ਲੈ ਕੇ ਮਨੁੱਖਾਂ ਤੱਕ ਦੀ ਖੁਰਾਕ ਵੀ ਹਨ। ਬਾਰਸ਼, ਹਰਿਆਲੀ, ਸੁੰਦਰਤਾ ਦਾ ਮੁੱਖ ਸੋਮਾ ਵੀ ਹਨ। ਰੁੱਖ ਲਈ ‘ਧਰਾ ਧਰ’ ਸ਼ਬਦ ਵੀ ਹੈ ਭਾਵ ਧਰਾ (ਧਰਤੀ) ਦਾ ਧਰ (ਧਿਰ ਜਾਂ ਆਸਰਾ) ਹੈ। ਇਹ ਸਾਨੂੰ ਧਰਤੀ ਉੱਪਰ ਵੱਸਣ ਵਾਲਿਆਂ ਨੂੰ ਚੇਤੰਨ ਕਰਨ ਵਾਲੇ ਸ਼ਬਦ ਹਨ।
ਰੁੱਖ ਦੀ ਮਹਿਮਾ ਬਿਆਨ ਕਰਦਿਆਂ ਭਾਈ ਗੁਰਦਾਸ ਜੀ ਨੇ ਵਾਰ ੧੪ਵੀਂ ਵਿਚ ਸਮੂਹ ਮਾਨਵਤਾ ਨੂੰ ਇਉਂ ਸਮਝਾਇਆ ਹੈ :

ਧਰਤੀ ਉਤੈ ਰੁਖ ਸਿਰ ਤਲਵਾਇਆ।

ਆਪਿ ਸਹੰਦੇ ਦੁਖ ਜਗੁ ਵਰੁਸਾਇਆ ਫਲ ਦੇ ਲਾਹਨਿ ਭੁਖ ਵਟ ਵਗਾਇਆ।

ਛਾਵ ਘਣੀ ਬਹਿ ਸੁਖ ਮਨੁ ਪਰਚਾਇਆ।

ਭਾਵ ਧਰਤੀ ਉਤੇ ਰੁੱਖ ਉਲਟਾ ਹੋ ਕੇ ਸਿਰ ਭਾਰ ਉੱਗਦੇ ਹਨ। ਆਪ ਦੁੱਖ ਸਹਿੰਦੇ ਤੇ ਜੱਗ ਲਈ ਪਰਉਪਕਾਰ ਕਰਦੇ ਹਨ। ਵੱਟੇ ਮਾਰਨ ਵਾਲਿਆਂ ਨੂੰ ਵੀ ਫਲ ਦੇ ਕੇ ਭੁੱਖ ਦੂਰ ਕਰਦੇ ਹਨ ਤੇ ਸੰਘਣੀ ਛਾਂ ਦੇ ਕੇ ਲੋਕ-ਮਨਾਂ ਨੂੰ ਸੁੱਖ ਦਿੰਦੇ ਹਨ।

ਗਿ: ਦਿੱਤ ਸਿੰਘ ਨੇ ‘ਨੀਤੀ ਬਚਨਾਂ’ ਵਿਚ ਇਕ ਦੋਹਰਾ ਲਿਖਿਆ ਹੈ ਕਿ ਜਿਵੇਂ ਬ੍ਰਿਖ ਆਪਣੇ ਸਿਰ ਪਰ ਕਸ਼ਟ, ਧੁੱਪ ਸਹਾਰ ਕੇ ਦੂਸਰਿਆਂ ਨੂੰ ਸੁੱਖ ਦਿੰਦਾ ਹੈ, ਇਸੇ ਤਰ੍ਹਾਂ ਦੇ ਭਲੇ ਲੋਕ ਹੁੰਦੇ ਹਨ ਜੋ ਕਰੋੜਾਂ ਦੁੱਖ ਸਹਾਰ ਕੇ ਦੂਜਿਆਂ ਨੂੰ ਸੁੱਖ ਪ੍ਰਦਾਨ ਕਰਦੇ ਹਨ :

ਅਪਨੇ ਸਿਰ ਪਰ ਧੂਪ ਸਹਿ, ਬ੍ਰਿਖ ਔਰ ਸੁਖ ਦੇਤ। ਤਿਉ ਤਨ ਪਰ ਦੁਖ ਕੋਟ ਲੈ, ਸੁਜਨ ਔਰ ਸੁਖ ਹੇਤ।

ਇਸ ਲਈ ਰੁੱਖਾਂ ਦਾ ਧਰਤੀ ਉੱਪਰ ਹਰੇ-ਭਰੇ ਰਹਿਣਾ ਸਾਡੀ ਮਨੁੱਖਤਾ ਦੀ ਲੋੜ ਹੈ।

ਮੌਸਮ ਅਨੁਸਾਰ ਬੂਟੇ ਲਾ ਕੇ ਪਾਲ ਰਹੇ ਭਲੇ ਪੁਰਸ਼ਾਂ ਤੇ ਸਭਾ ਸੁਸਾਇਟੀਆਂ ਨੂੰ ਮੁਬਾਰਕ ਹੈ ਪਰ ਰੁੱਖਾਂ ਦਾ ਕਤਲ ਕਰਕੇ ਉਜਾੜ ਰਹੇ ਲੋਕਾਂ ਨੂੰ ਸਮਾਜ ਦੁਰਕਾਰਦਾ ਵੀ ਹੈ। ਅਸੀਂ ਸਭਆਪਣੇ ਤੇ ਆਉਣ ਵਾਲੀਆਂ ਨਸਲਾਂ ਦੇ ਭਲੇ ਲਈ ਘਰਾਂ, ਖੇਤਾਂ ਬੰਨਿਆਂ, ਪਿੰਡਾਂ ਦੇ ਛੱਪੜਾਂ, ਢਾਬਾਂ, ਨਹਿਰਾਂ ਦੇ ਕੰਢੇ, ਪਿੰਡਾਂ ਦੀਆਂ ਸੱਥਾਂ, ਖੂਹ, ਟੋਭੇ, ਸਕੂਲ, ਕਾਲਜ, ਸ਼ਾਮਲਾਟ ਦੀਆਂ ਥਾਵਾਂ, ਗੁਰਦੁਆਰੇ, ਮੰਦਰਾਂ, ਮਸਜਿਦਾਂ, ਆਦਿ ਸਥਾਨਾਂ ‘ਤੇ ਬੂਟੇ ਲਾ ਕੇ ਫਿਰ ਪਿਆਰ ਨਾਲ ਪਾਲ ਕੇ ਧਰਤੀ ਨੂੰ ਸ਼ਿੰਗਾਰਨ ਵਿਚ ਯੋਗਦਾਨ ਪਾ ਸਕਦੇ ਹਾਂ ਅਤੇ ਇਹ ਵੀ ਮਹਾਂ ਧਰਮ ਕਰਮ ਹੈ। ਇਨਾਂ ਰੁੱਖਾਂ ਨਾਲ ਪਿਆਰ ਕਰਕੇ ਮਿੱਤਰਤਾ ਵਧਾਈਏ।

ਭਾਈ ਵੀਰ ਸਿੰਘ ਜੀ ਦੇ ‘ਰੁੱਖ’ ਰਾਹੀਂ ਬੋਲੇ ਤੇ ਰਚੇ ਗਏ ਸ਼ਬਦ ਸਮੂਹ ਮਾਨਵਤਾ ਲਈ

ਪ੍ਰੇਰਨਾਦਾਇਕ ਹਨ :

ਧਰਤੀ ਦੇ ਹੇ ਤੰਗ ਦਿਲ ਲੋਕੋ! ਨਾਲ ਅਸਾਂ ਕਿਉਂ ਲੜਦੇ?
ਚੌੜੇ ਦਾਉ ਅਸਾਂ ਨਹੀਂ ਵਧਣਾ, ਸਿੱਧੇ ਜਾਣਾ ਚੜ੍ਹਦੇ।

ਘੇਰੇ ਤੇ ਫੈਲਾਉ ਅਸਾਡੇ ਵਿਚ ਅਸਮਾਨਾ ਹੋਸਣ
ਗਿੱਠ ਥਾਉਂ ਧਰਤੀ ‘ਤੇ ਮੱਲੀ, ਅਜੇ ਤੁਸੀਂ ਹੋ ਲੜਦੇ?

ਡਾ. ਇੰਦਰਜੀਤ ਸਿੰਘ ਗੋਗੋਆਣੀ