121 views 6 secs 0 comments

ਸਰੰਦਾ (ਸਾਰਿੰਦਾ)

ਲੇਖ
May 26, 2025

ਗੁਰੂ ਕਾਲ ਵਿਚ ਕੀਰਤਨ ਨਾਲ ਪ੍ਰਯੋਗ ਹੋਣ ਵਾਲੇ ਸਾਜ਼ਾਂ ਵਿਚੋਂ ਸਰਦਾ ਇਕ ਹੈ, ਜਿਸਦਾ ਵਧੇਰੇ ਪਰਚਾਰ ਗੁਰੂ ਅਰਜਨ ਦੇਵ ਜੀ ਸਮੇਂ ਰਿਹਾ। ਸਰਦਾ ਉੱਤਰੀ ਭਾਰਤੀ ਤੰਤੀ ਸਾਜ਼ਾਂ ‘ਚ ਪ੍ਰਮੁੱਖ ਸਾਜ਼ ਹੈ ਜਿਸਦਾ ਪ੍ਰਯੋਗ ਢਾਡੀ ਤੇ ਹੋਰ ਲੋਕ ਗਾਇਕ ਆਪਣੇ ਗਾਇਨ ਲਈ ਕਰਦੇ ਰਹੇ। ਇਸ ਸਾਜ਼ ਦੀ ਮੂਲ ਬਣਤਰ ਇਸਦੇ ਲੋਕ ਸਾਜ਼ ਹੋਣ ਦੀ ਪ੍ਰੋੜਤਾ ਕਰਦੀ ਹੈ। ਅੱਜ ਵੀ ਰਾਜਸਥਾਨ, ਪੰਜਾਬ ਤੇ ਹਰਿਆਣਾ ਦੇ ਕੁਝ ਲੋਕ ਗਾਇਕਾਂ ਕੋਲ ਇਸ ਸਾਜ਼ ਦੇ ਦੀਦਾਰ ਕੀਤੇ ਜਾ ਸਕਦੇ ਹਨ । ਮੱਧਕਾਲ ਦੇ ਢਾਡੀਆਂ ਤੇ ਲੋਕ ਗਾਇਕਾਂ ਦੁਆਰਾ ਇਸ ਪਿਆਰੇ ਸਾਜ਼ ਨੂੰ ਗੁਰਮਤਿ ਸੰਗੀਤ ਵਿਚ ਵਿਸ਼ੇਸ਼ ਸਥਾਨ ਪਰਦਾਨ ਕੀਤਾ ਗਿਆ। ਇਸ ਪਰੰਪਰਾ ਵਿਚ ਇਸਦਾ ਪ੍ਰਚਲਨ ਗੁਰੂ ਅਮਰਦਾਸ ਜੀ ਤੋਂ ਮੰਨਿਆ ਜਾਂਦਾ ਹੈ। ‘ਨਗਮਾਤੇ ਆਸਫ਼ੀ’ ਵਿਚ ਏਸ ਸਾਜ਼ ਨੂੰ ਤੀਸਰੇ ਗੁਰੂ ਅਮਰਦਾਸ ਦੀ ਈਜ਼ਾਦ ਮੰਨਿਆ ਗਿਆ ਹੈ। ਇਕ ਹੋਰ ਵਿਦਵਾਨ ਸ਼ਾਹਿੰਦਾ ਬੇਗ਼ਮ ਅਨੁਸਾਰ, ਇਸ ਅਨੋਖੀ ਦਿਖ ਵਾਲੇ ਸਾਜ਼ ਦਾ ਅਵਿਸ਼ਕਾਰ ਅੰਮ੍ਰਿਤਸਰ ਦੇ ਗੁਰੂ ਅਮਰਦਾਸ ਜੀ ਨੇ ਕੀਤਾ ਜਿਨ੍ਹਾਂ ਦਾ ਪ੍ਰਸਿੱਧ ਗੁਰਦੁਆਰਾ ਏਸ ਸ਼ਹਿਰ ਵਿਚ ਹੈ। ਇਹ ਸਾਰਾ ਲੱਕੜ ਦਾ ਬਣਿਆ ਹੁੰਦਾ ਜਿਸ ਦੇ ਹੇਠਾਂ ਅੰਡਾ ਅਕਾਰੀ ਖੋਲ ਹੁੰਦਾ ਅਤੇ ਏਸ ਦੇ ਉੱਤੇ ਇਕ ਲੱਕੜੀ ਦੀ ਪੱਟੀ ਹੁੰਦੀ ਹੈ ਜਿਸਦੇ ਉਤੋਂ ਵਜਾਈਆਂ ਜਾਣ ਵਾਲੀਆਂ ਤਾਰਾਂ ਹੁੰਦੀਆਂ ਹਨ। ਇਸਨੂੰ ਸਾਰੰਗੀ ਵਾਂਗੂ ਰਖਕੇ ਗਜ਼ ਨਾਲ ਵਜਾਇਆ ਜਾਂਦਾ ਹੈ । ਉਂਗਲਾਂ ਦੇ ਨਹੁੰਆਂ ਦੇ ਸਪਰਸ਼ ਨਾਲ ਸੁਰ ਕੱਢੇ ਜਾਂਦੇ ਹਨ।” ਇਸ ਹਵਾਲੇ ਵਿਚ ਭਾਵੇਂ ਸਾਬੰਦੇ ਨੂੰ ‘ਸਾਜਿੰਦਾ’ ਅਤੇ ਗੁਰੂ ਅਮਰਦਾਸ ਸਾਹਿਬ ਨੂੰ ਅੰਮ੍ਰਿਤਸਰ ਦੇ ਵਾਸੀ ਵਜੋਂ ਲਿਖਿਆ ਗਿਆ ਹੈ ਪਰ ਸਾਜਿੰਦਾ ਨਾਮਕ ਹੋਰ ਸਾਜ਼ ਪਰਚੱਲਤ ਨਾ ਹੋਣ ਕਰਕੇ ਏਸ ਹਵਾਲੇ ਨੂੰ ਸਰਦੇ ਦੇ ਪਰਸੰਗ ਵਿਚ ਹੀ ਵਾਚਣਾ ਚਾਹੀਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਹ ਉੱਤਮ ਸਵਰ ਦੇਣ ਵਾਲਾ ਤਾਰਦਾਰ ਸਾਜ਼ ਹੈ ਜਿਸਨੂੰ ਗਜ਼ ਨਾਲ ਵਜਾਈ ਦਾ ਹੈ, ਜਿਸਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੀ ਤਜਵੀਜ਼ ਨਾਲ ਬਣਾ ਕੇ ਸਿੱਖ ਰਾਗੀਆਂ ਨੂੰ ਬਖ਼ਸ਼ਿਆ ਅਤੇ ਵਜਾਉਣਾ ਸਿਖਾਇਆ। ਪੁਰਾਤਨ ਕੁੱਝ ਸਾਖੀਆਂ ਵਿਚ ਵੀ ਪਰਚੱਲਤ ਹੈ ਕਿ ਭਾਈ ਮੋਹਨ ਕੋਲ ਗੋਇੰਦਵਾਲ ਵਿਖੇ ਪੋਥੀਆਂ ਲੈਣ ਲਈ ਜਦੋਂ ਗੁਰੂ ਅਰਜਨ ਦੇਵ ਜੀ ਗਏ ਤਾਂ ਆਪ ਨੇ ਉਹਨਾਂ ਦੇ ਗ੍ਰਹਿ ਦੇ ਬਾਹਰ ਸਰਦੇ ਨਾਲ ਹੀ ਕੀਰਤਨ ਕੀਤਾ ਸੀ।

ਉਕਤ ਵੇਰਵਿਆਂ ਨੂੰ ਇਕੋ ਪ੍ਰਸੰਗ ਵਿਚ ਵਿਸ਼ਲੇਸ਼ਤ ਕਰੀਏ ਤਾਂ ਗੁਰਮਤਿ ਸੰਗੀਤ ਵਿਚ ਇਸ ਸਾਜ਼ ਦਾ ਪ੍ਰਚਲਨ ਗੁਰੂ ਅਮਰਦਾਸ ਜੀ ਤੋਂ ਹੁੰਦਾ ਹੈ ਜਿਨ੍ਹਾਂ ਲੋਕ ਗਵੱਈਆਂ ਦੇ ਇਸ ਲੋਕਪ੍ਰਿਅ ਸਾਜ਼ ਨੂੰ ਸ਼ਬਦ ਕੀਰਤਨ ਨਾਲ ਪ੍ਰਯੋਗ ਕਰਕੇ ਵਿਸ਼ੇਸ਼ ਸਥਾਨ ਦਿਵਾਇਆ। ਇਸ ਪਰੰਪਰਾ ਨੂੰ ਗੁਰੂ ਅਰਜਨ ਦੇਵ ਜੀ ਨੇ ਅਗਾਂਹ ਤੋਰਿਆ ਅਤੇ ਗੁਰੂ ਘਰ ਦੇ ਕੀਰਤਨੀਆਂ ਨੂੰ ਇਸ ਸਾਜ਼ ਨਾਲ ਕੀਰਤਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਸਾਜ਼ ਦਾ ਪਰਚਲਨ ਗੁਰੂ-ਕਾਲ ਵਿਚ ਖੂਬ ਰਿਹਾ ਜਿਸ ਨੂੰ ਰਬਾਬੀਆਂ ਨੇ ਵੀ ਵਜਾਇਆ। 18ਵੀਂ, 19ਵੀਂ ਅਤੇ 20ਵੀਂ ਸਦੀ ਵਿਚ ਭਾਈ ਕਰਮ ਸਿੰਘ, ਭਾਈ ਲਾਭ ਸਿੰਘ, ਭਾਈ ਸੰਗਤ ਸਿੰਘ ਆਦਿ ਤੋਂ ਇਲਾਵਾ ਪ੍ਰਮੁੱਖ ਤੌਰ ‘ਤੇ ਇਸ ਸਾਜ਼ ਦੇ ਵਾਦਕ ਬ੍ਰਹਮ ਗਿਆਨੀ ਬਾਬਾ ਸ਼ਾਮ ਸਿੰਘ ਹੋਏ ਜਿਨ੍ਹਾਂ ਨੇ 70 ਵਰ੍ਹੇ ਏਸ ਸਾਜ਼ ਨਾਲ ਕੀਰਤਨ ਦੀ ਸੇਵਾ ਨਿਭਾਈ। ਵਰਤਮਾਨ ਸਮੇਂ ਭਾਵੇਂ ਇਸ ਸਾਜ਼ ਦਾ ਪ੍ਰਚਲਨ ਨਾ-ਮਾਤਰ ਹੀ ਰਿਹਾ ਹੈ ਪਰ ਪੰਜਾਬ ਦੇ ਕੁਝ ਰਾਗੀਆਂ ਤੋਂ ਇਲਾਵਾ ਰਾਜਸਥਾਨ ਦੇ ਪਰੰਪਰਾਗਤ ਲੋਕ ਗਾਇਕਾਂ (ਢਾਡੀਆਂ) ਵਿਚ ਇਹ ਸਾਜ਼ ਅਜੇ ਵੀ ਪਰਚਾਰ ਵਿਚ ਹੈ। ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਸਰਦਾ ਵਾਦਨ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।

ਗਜ਼ ਨਾਲ ਵਜਾਏ ਜਾਣ ਵਾਲੇ ਇਸ ਸਾਜ਼ ਨੂੰ ਸਾਰੰਗੀ ਦੀ ਸ਼ਰੇਣੀ ਵਿਚ ਰਖਿਆ ਜਾਂਦਾ ਹੈ। ਵਰਤਮਾਨ ਸਾਰੰਗੀ ਕਿਉਂ ਜੋ ਇਕ ਲੋਕ ਸਾਜ਼ ਤੋਂ ਵਿਕਸਤ ਸਾਜ਼ ਹੈ ਇਸ ਲਈ ਇਸ ਦੇ ਵੱਖ-ਵੱਖ ਸਰੂਪ ਪਰਚਾਰ ਵਿਚ ਹਨ ਜਿਨ੍ਹਾਂ ਦੀ ਵੰਡ ਮੁੱਖ ਤੌਰ ‘ਤੇ ਲੋਕ ਸੰਗੀਤ ਵਿਚ ਢਾਡੀ ਗਾਇਕਾਂ ਦੁਆਰਾ ਵਜਾਈ ਜਾਣ ਵਾਲੀ ਸਾਰੰਗੀ ਅਤੇ ਸੰਗੀਤ ਜਗਤ ਵਿਚ ਸਹਾਇਕ ਸਾਜ਼ ਤੇ ਸ਼ਾਸਤਰੀ ਸੰਗੀਤ ਦੀਆਂ ਪੇਸ਼ਕਾਰੀਆਂ ਵਿਚ ਵਜਾਈ ਜਾਣ ਵਾਲੀ ਸਾਰੰਗੀ ਵਜੋਂ ਕੀਤਾ ਜਾ ਸਕਦਾ ਹੈ। ਸਰਦੇ ਦਾ ਸਾਜ਼ਾਤਮਕ ਸੁਭਾ ਤੇ ਗੁਣ ਲੋਕ ਸੰਗੀਤ ਵਿਚ ਵਜਾਈ ਜਾਣ ਵਾਲੀ ਸਾਰੰਗੀ ਨਾਲ ਕਾਫੀ ਮਿਲਦੇ ਹਨ। ਇਥੋਂ ਤੱਕ ਕਿ ਲੋਕ ਸੰਗੀਤ ਵਿਚ ਵਜਾਏ ਜਾਣ ਵਾਲੇ ਸਰਦੇ ਦੇ ਗਜ਼ ਨਾਲ ਵੀ ਘੁੰਗਰੂ ਬੰਨ੍ਹੇ ਜਾਂਦੇ ਹਨ। ਜਦੋਂ ਕਿ ਕੀਰਤਨ ਕਰਨ ਵਾਲੇ ਸਰਦੇ ਨਾਲ ਇਹਨਾਂ ਦਾ ਤਿਆਗ ਕੀਤਾ ਗਿਆ ਹੈ। ਸਰਦੇ ਦਾ ਅਕਾਰ ਲਗਪਗ ਤਿੰਨ ਫੁਟ ਹੁੰਦਾ ਹੈ ਇਸ ਦੇ ਹੇਠਾਂ ਅੰਡ-ਅਕਾਰੀ ਖੋਲ ਦੇ ਤੂੰਬੇ ਦਾ ਪਰਯੋਗ ਕੀਤਾ ਜਾਂਦਾ ਹੈ । ਇਸ ਤੂੰਬੇ ਦੀ ਲੰਬਾਈ ਡੇਢ ਤੋਂ ਦੋ ਫੁਟ ਹੁੰਦੀ ਹੈ। ਤੂੰਬੇ ਨੂੰ ਚਮੜੇ ਨਾਲ ਮੜਿਆ ਜਾਂਦਾ ਹੈ ਅਤੇ ਇਸ ਤੂੰਬੇ ਉਪਰ ਡਾਂਡ ਲਗਾਈ ਜਾਂਦੀ ਹੈ ਜੋ ਕਿ ਇਕ ਫੁਟ ਤੋਂ ਡੇਢ ਫੁਟ ਤੱਕ ਲੰਬੀ ਹੁੰਦੀ ਹੈ। ਇਸ ਉੱਤੇ ਤਾਰਾਂ ਲਗਾਈਆਂ ਜਾਂਦੀਆਂ ਹਨ।

ਸਰਦੇ ਦੇ ਆਰੰਭਕ ਰੂਪ ਵਿਚ ਕਿਤੇ ਕਿਤੇ ਅੱਜ ਵੀ ਲੋਕ ਸੰਗੀਤਕ ਪ੍ਰਯੋਗ ਦੇ ਤਹਿਤ ਇਹ ਤਿੰਨ ਤਾਰਾ ਤਾਂਤ ਦੀਆਂ ਰਹੀਆਂ ਹਨ ਪਰ ਹੁਣ ਮੁਖ ਤਾਰ ਤਾਂਤ ਦੀ ਅਤੇ ਬਾਕੀ ਤਾਰਾਂ ਲੋਹੇ ਦੀਆਂ ਪਾਈਆਂ ਜਾਂਦੀਆਂ ਹਨ। ਸਰਦੇ ਵਿਚ ਵੀ ਹੁਣ ਤਰਬਾਂ ਦਾ ਪ੍ਰਯੋਗ ਹੋਣ ਲਗ ਪਿਆ ਹੈ। ਤਰਬਾਂ ਦੀ ਗਿਣਤੀ ਸਬੰਧੀ ਵਿਦਵਾਨਾਂ ਵਿਚ ਮਤਭੇਦ ਹੈ। ਕੁਝ ਵਿਦਵਾਨ ਇਹਨਾਂ ਦੀ ਗਿਣਤੀ ਦਸ ਅਤੇ ਕੁਝ ਪੰਜ ਸਵੀਕਾਰਦੇ ਹਨ। ਇਸ ਸਾਜ਼ ਵਿਚ ਸੱਜੇ ਹੱਥ ਨਾਲ ਗਜ਼ ਅਤੇ ਖੱਬੇ ਹੱਥ ਦੀ ਪਹਿਲੀ ਉਂਗਲੀ ਅਤੇ ਦੂਸਰੀ ਉਂਗਲੀ ਨੇਹਾ ਦੇ ਸਪਰਸ਼ ਨਾਲ ਤਾਰਾਂ ਤੋਂ ਸੁਰ ਉਤਪੰਨ ਕੀਤੇ ਜਾਂਦੇ ਹਨ। ਇਸ ਸਾਜ਼ ਦਾ ਵਾਇਆ ਕਾਫੀ ਘੱਟ ਹੁੰਦਾ ਹੈ। ਇਸ ਲਈ ਵਿਭਿੰਨ ਸਪਤਕ ਵਿਖਾਉਣ ਲਈ ਵੱਖ ਵੱਖ ਤਾਰਾਂ ਦਾ ਇਸਤੇਮਾਲ ਕਲਾਯੁਕਤ ਵਿਧੀ ਦੁਆਰਾ ਕੀਤਾ ਜਾਂਦਾ ਹੈ । ਇਸ ਸਾਜ਼ ਦੀ ਅਵਾਜ਼ ਗੰਭੀਰ ਹੁੰਦੀ ਹੈ ਜਿਸ ਵਿਚ ਸਾਰੰਗੀ ਵਰਗਾ ਤਿਖੇਰਾਪਣ ਨਹੀਂ ਹੁੰਦਾ। ਇਹ ਸ਼ਬਦ ਕੀਰਤਨ ਲਈ ਅਤਿ ਢੁਕਵਾਂ ਸਾਜ਼ ਹੈ। ਇਸਦੇ ਸੁਤੰਤਰ ਵਾਦਨ ਦੀ ਪਰੰਪਰਾ ਵਿਕਸਤ ਨਹੀਂ ਹੋ ਸਕੀ ਪਰ ਗਾਇਨ ਲਈ ਸੰਗਤ ਵਾਸਤੇ ਇਹ ਸਾਜ਼ ਉਪਯੁਕਤ ਹੈ।

 

ਡਾ. ਗੁਰਨਾਮ ਸਿੰਘ