
ਅਸੀਂ ਅਪਨੇ ਪਹਿਲੇ ਪਰਚਿਆਂ ਵਿਚ ਇਸ ਬਾਤ ਨੂੰ ਬਹੁਤ ਅੱਛੀ ਤਰ੍ਹਾਂ ਪ੍ਰਗਟ ਕਰ ਆਏ ਹਾਂ ਕਿ ਹਿੰਦੂ ਕੌਮ ਦਾ ਅਪਨੇ ਧਰਮ ਪਰ ਪੱਕਾ ਵਿਸ਼੍ਵਾਸ ਨਹੀਂ ਹੈ ਜਿਸ ਦਾ ਫਲ ਇਸ ਨੂੰ ਇਹ ਹੋਇਆ ਹੈ ਜੋ ਦਿਨ ਦਿਨ ਇਸ ਦੀ ਦੁਰਦਿਸ਼ਾ ਹੋ ਰਹੀ ਹੈ, ਪਰੰਤੂ ਜਦ ਅਸੀਂ ਸਿੱਖ ਕੈਮ ਵੱਲ ਭੀ ਨਜ਼ਰ ਕਰਦੇ ਹਾਂ ਤਦ ਇਸ ਦਾ ਹਾਲ ਭੀ ਉਸ ਤੇ ਘੱਟ ਨਹੀਂ ਪਾਯਾ ਜਾਂਦਾ॥
ਮੁਲਤਾਨ ਸਟੇਸ਼ਨ ਪਰ ਸਾਨੂੰ ਜਾਨ ਦਾ ਇਕ ਦਿਨ ਸਮਾਂ ਬਨਿਆ, ਤਦ ਓਥੇ ਬਹੁਤ ਸਾਰੇ ਸਿੱਖ ਦੇਖੇ ਜਿਨ੍ਹਾਂ ਦੇ ਸਿਰ ਪਰ ਕੇਸ ਅਤੇ ਮੂੰਹਾਂ ਪਰ ਦਾੜ੍ਹੇ ਸਜ ਰਹੇ ਸਨ ਅਰ ਡੱਗੀਆਂ ਮਾਰੀਆਂ ਹੋਈਆਂ ਟਿਕਟ ਲੈ ਰਹੇ ਸਨ ਅਰ ਜੋ ਟਿਕਟਾਂ ਵਾਲੀ ਬਾਰੀ ਅਰਥਾਤ ਤਾਕੀ ਪਰ ਸਪਾਹੀ ਖੜਾ ਸੀ ਉਸ ਨੂੰ ਆਖਨ ਕਿ “ਪੀਰ ਭਾਈ ਟਿਕਟ ਦੇਹ’ ਜਿਸ ਪਰ ਸਪਾਹੀ ਆਖਦਾ ਸੀ ਕਿ “ਠਹਰੋ ਮਿਲ ਜਾਏਗਾ’ ਉਨ੍ਹਾਂ ਦੀ ਇਸ ਗੱਲ ਨੂੰ ਸੁਨ ਕੇ ਪੁੱਛਿਆ ਕਿ ਤੁਸੀਂ ਕੌਨ ਹੋ ਉਨ੍ਹਾਂ ਨੇ ਆਖਿਆ ਕਿ “ਜੀ ਅਸੀਂ ਸੇਵਾਦਾਰ ਹਾਂ” ਇਸ ਪਰ ਉਨ੍ਹਾਂ ਨੂੰ ਆਖਿਆ ਕਿ “ਸੇਵਾਦਾਰ ਕੌਣ ਹੁੰਦੇ ਹਨ’ ਜਿਸ ਦਾ ਉੱਤਰ ਇਹ ਦਿੱਤਾ ਕਿ “ਜੀ ਜੋ ਲਾਲਾਂ ਵਾਲੇ ਦੇ ਸੇਵਕ ਹਨ’ ਇਸ ਪਰ ਉਨ੍ਹਾਂ ਨੂੰ ਆਖਿਆ ਕਿ “ਲਾਲਾਂ ਵਾਲਾ ਕੌਣ ਸੀ” ਜਿਸ ਪਰ ਉਨ੍ਹਾਂ ਨੂੰ ਪੁੱਛਣ ਤੇ ਇਹ ਜਬਾਬ ਮਿਲ੍ਯਾ ਕਿ “ਜੀ ਇਹ ਸਖੀ ਸਰਵਰ ਹੈ ਫੇਰ ਜਦ ਓਹ ਇਸੇ ਤਰ੍ਹਾਂ ਆਖਦੇ ਦੇਖੇ ਗਏ ਤਦ ਹਾਰ ਕੇ ਇਹ ਆਖਿਆ ਕਿ “ਓਹ ਕੰਮ ਕੀ ਸਵਾਰਦਾ ਹੈ” ਜਿਸ ਪਰ ਉਨ੍ਹਾਂ ਨੇ ਹੱਸ ਕੇ ਕਿਹਾ ਕਿ ਜੀ ਉਸ ਨੇ “ਦਾਨੀ ਜੱਟੀ ਨੂੰ ਜਿਸ ਦੇ ਪੁੱਤ੍ਰ ਨਹੀਂ ਹੁੰਦਾ ਸੀ ਪੁੱਤ ਬਖਸ਼ਿਆ ਸੀ ਇਸ ਵਾਸਤੇ ਅਸੀਂ ਉਸ ਨੂੰ ਮੰਨਦੇ ਹਾਂ ਇਸ ਕਰਾਮਾਤ ਨੂੰ ਸੁਨ ਕੇ ਉਨ੍ਹਾਂ ਨੂੰ ਇਹ ਪੁੱਛਿਆ ਕਿ ਤੁਸੀਂ ਕਿੱਥੋਂ ਦੇ ਰਹਿਨੇ ਵਾਲੇ ਹੋ? ਇਹ ਗੱਲ ਸੁਨ ਕੇ ਆਖਨ ਲੱਗੇ ਕਿ “ਦੁਆਬੇ ਦੇ ਹੁਸ਼ਿਆਪੁਰ ਦੇ ਜ਼ਿਲੇ ਯਾ ਗੁਰਦਾਸਪੁਰ ਦੇ ਇਲਾਕੇ ਵਿਚ ਸਾਡੇ ਘਰ ਹਨ॥
ਇਤਨੀ ਬਾਤ ਸੁਨ ਕੇ ਉਨ੍ਹਾਂ ਤੇ ਪੁੱਛਿਆ ਕਿ ਆਨੰਦਪੁਰ ਸਾਹਿਬ ਤੁਹਾਥੋਂ ਕਿਤਨੀ ਦੂਰ ਹੈ ਜਿਸ ਪਰ ਓਹ ਬੋਲੇ ਕਿ “ਦਸ ਪੰਦਾਂ ਕੋਹ ਪਰ ਇਹ ਗੱਲ ਸੁਨ ਕੇ ਕਿਹਾ ਗਿਆ ਕਿ ਤੁਸੀਂ ਫੇਰ ਗੁਰੂ ਜੀ ਨੂੰ ਕਿਉਂ ਨਹੀਂ ਮੰਨਦੇ ਜਿਸ ਦਾ ਉੱਤਰ ਉਨ੍ਹਾਂ ਨੇ ਹੱਸ ਕੇ ਦਿੱਤਾ ਕਿ ਜੀ ਮੇਲੇ ਜਾਂਦੇ ਹੁੰਦੇ ਹਾਂ ਅਰ ਮੱਥਾ ਟੇਕ ਛੱਡਦੇ ਹਾਂ॥
ਅਸੀਂ ਅਪਨੇ ਪਿਆਰੇ ਭਾਈਆਂ ਅੱਗੇ ਇਹ ਬਾਤ ਪਰਗਟ ਕਰਦੇ ਹਾਂ ਕਿ ਤੁਸੀਂ ਦੇਖ ਰਹੇ ਹੋ ਜੋ ਸਾਡੇ ਸਿੱਖ ਭਾਈ ਸਿਰਫ ਇਸ ਬਾਤ ਪਰ ਕਿ ਉਸ ਨੇ ਦਾਨੀ ਜੱਟੀ ਨੂੰ ਪੁੱਤ ਦਿੱਤਾ ਸੀ ਉਸ ਨਗਾਹੇ ਵਾਲੇ ਸ਼ੇਖ ਨੂੰ ਮੰਨਨ ਲੱਗ ਗਏ ਹਨ ਤਾਂ ਤੁਸੀਂ ਦੇਖ ਸਕਦੇ ਹੋ ਜੋ ਉਨ੍ਹਾਂ ਦੇ ਆਤਮਾ ਕੇਹੋ ਜੇਹੇ ਕਮਜ਼ੋਰ ਹਨ ਅਰ ਦੀਵੇ ਹੇਠ ਅੰਧੇਰੇ ਦੀ ਤਰ੍ਹਾਂ ਦਸਮ ਗੁਰੂ ਜੀ ਦੇ ਝੰਡੇ ਹੇਠ ਅਜੇਹਾ ਚਮਤਕਾਰ ਦਿਖਲਾਈ ਦੇ ਰਿਹਾ ਹੈ॥
ਇਸ ਪਰ ਅਸੀਂ ਅਪਨੇ ਪਿਆਰੇ ਭਾਈਆਂ ਨੂੰ ਇਹ ਆਖਦੇ ਹਾਂ ਕਿ ਭਾਈਓ ਪੁੱਤ੍ਰ ਧਨ ਅਤੇ ਸੰਸਾਰਕ ਪਦਾਰਥ ਤਾਂ ਬਿਨਾਂ ਹੀ ਕਿਸੇ ਪੀਰ ਦੇ ਮੰਨਨੇ ਤੇ ਤੁਹਾਨੂੰ ਮਿਲ ਸੱਕਨਗੇ, ਪਰੰਤੂ ਓਹ ਸੱਚਾ ਧਰਮ ਜਿਸ ਨੂੰ ਤੁਸੀਂ ਖਾਲਸਾ ਧਰਮ ਕਰਕੇ ਸੱਦਦੇ ਹੋ ਉਸ ਨੂੰ ਛੱਡ ਕੇ ਜੋ ਇਕ ਅੰਨਮਤੀ ਯਾਂ ਅੰਨਪੁਰਖ ਦੇ ਸੇਵਕ ਬਨ ਗਏ ਹੋ ਤਾਂ ਤੁਸੀਂ ਦੇਖ ਸਕਦੇ ਹੋ ਜੋ ਤੁਹਾਡੀ ਕਿਆ ਗਤੀ ਹੋਵੇਗੀ॥
ਕਿੰਤੂ ਜੇ ਕਰਕੇ ਤੁਸੀਂ ਪੁੱਤ੍ਰ ਦੇ ਦੇਨੇ ਕਰਕੇ ਹੀ ਮੰਨਨਾ ਹੈ ਤਾਂ ਤੁਸੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੀਵਨ ਚਰਤ ਨੂੰ ਪੜ੍ਹ ਕੇ ਉਨ੍ਹਾਂ ਦੇ ਸੇਵਕ ਬਨੋ ਜੋ ਉਨ੍ਹਾਂ ਕੋਲ ਇਕ ਸੁਲੱਖਨੀ ਨਾਮੇਂ ਇਸਤ੍ਰੀ ਨੇ ਜਿਸ ਦੇ ਸੰਤਾਨ ਨਹੀਂ ਹੁੰਦੀ ਸੀ ਇਕ ਬੇਟਾ ਹੋਨ ਲਈ ਇਸ ਪਰਕਾਰ ਪ੍ਰਾਰਥਨਾ ਕੀਤੀ ਸੀ ਕਿ “ਸਚੀਏ ਦਾੜੀਏ ਚਿਟੀਏ ਪੱਗੇ। ਮੇਰਾ ਨਾਮ ਸੁਲੱਖਨੀ ਮੈਂ ਵਸਨੀ ਹਾਂ ਚੱਬੇ। ਅਰਜ਼ ਕਰੰਦੀ ਪੂਰੇ ਸਤਿਗੁਰ ਅੱਗੇ। ਅੱਫਲ ਜਾਂਦੀ ਨੂੰ ਕੇਈ ਫਲ ਲੱਗੇ’ ਗੁਰਬਿਲਾਸਾਂ ਵਿਚ ਇਸ ਪਰਕਾਰ ਲਿਖਿਆ ਹੈ ਕਿ ਜਦ ਉਸ ਮਾਈ ਨੇ ਘੋੜੇ ਪਰ ਅਸਵਾਰ ਹੁੰਦਿਆਂ ਇਹ ਪ੍ਰਾਰਥਨਾ ਕੀਤੀ ਤਦ ਗੁਰੂ ਜੀ ਨੇ ਕਾਗਤ ਲੈ ਕੇ ਏਕੇ ਦਾ ਅੰਕ ਪਾਉਨਾ ਚਾਹਿਆ, ਪਰੰਤੂ ਘੋੜੇ ਦਾ ਪੈਰ ਹਿਲਨੇ ਕਰਕੇ ਏਕੇ ਦੀ ਜਗਹ ਸਾਤਾ ਪੈ ਗਿਆ ਜਿਸ ਪਰ ਹੱਸ ਕੇ ਬਚਨ ਕੀਤਾ ਕਿ ਜਾਹ ਮਾਈ ਤੇਰੇ ਘਰ ਸੱਤ ਪੁੱਤ੍ਰ ਹੋਨਗੇ। ਸੋ ਗੁਰੂ ਦਾ ਬਚਨ ਉਸੀ ਪ੍ਰਕਾਰ ਪੂਰਾ ਹੋਇਆ॥
ਤੁਸੀਂ ਦੇਖ ਸਕਦੇ ਹੋ ਜੋ ਉਸ ਸਖੀ ਸਰਵਰ ਨੇ ਤਾਂ ਕੇਵਲ ਇੱਕੋ ਪੁੱਤ ਦਿੱਤਾ ਸੀ, ਪਰੰਤੂ ਗੁਰੂ ਜੀ ਨੇ ਉਸ ਬੁੱਢੀ ਨੂੰ ਜੋ ਇਕ ਪੁੱਤ੍ਰ ਮੰਗਦੀ ਸੀ ਸੋ ਸੱਤ ਬਖਸ਼ੇ ਇਸ ਵਾਸਤੇ ਜੇ ਤੁਸੀਂ ਕੇਵਲ ਪੁੱਤ੍ਰ ਵਾਸਤੇ ਹੀ ਸਖੀ ਸਰਵਰ ਦੇ ਸੇਵਕ ਬਨਨਾ ਹੈ ਤਾਂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਾਸ ਬਨਨੋ ਕਿਉਂ ਡਰਦੇ ਹੋ ਅਤੇ ਸ੍ਰੀ ਅਨੰਦਪੁਰ ਜੋ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਦਾ ਸੱਚਾ ਤਖ਼ਤ ਹੈ ਜਿਸ ਨੇ ਅਪਨੇ ਨ੍ਯਾਇ ਦੇ ਪਰਤਾਪ ਨਾਲ ਇਸ ਭਾਰਤ ਦੇ ਹਜ਼ਾਰਾਂ ਸੱਚੇ ਪੁੱਤ੍ਰ ਮੌਤੋਂ ਬਚਾਏ, ਉਨ੍ਹਾਂ ਦੇ ਦਰਸ਼ਨ ਲਈ ਸੰਗ ਬਨ ਕੇ ਕਿਉਂ ਨਹੀਂ ਤੁਰਦੇ। ਉਠੋ, ਜਾਗੋ, ਤਿਆਰ ਹੋਵੋ ਪੰਜੀਰੀ ਮੱਠੀਆਂ ਬਨਾਓ, ਦਸਮ ਗੁਰੂ ਜੀ ਦੇ ਤਖ਼ਤ ਸ੍ਰੀ ਅਨੰਦਪੁਰ ਸਾਹਿਬ ਦਾ ਦਰਸ਼ਨ ਪਾਓ ਅਤੇ ਹੋਲਾ ਮਹੱਲਾ ਮਨਾਓ ਅਤੇ ਹੋਰਨਾਂ ਭੁੱਲਿਆਂ ਨੂੰ ਭੀ ਇਸ ਰਾਹ ਵਿਚ ਪਾਓ।
ਇਸ ਉਪਰਲੇ ਕਥਨ ਤੇ ਤੁਸੀਂ ਦੇਖ ਸਕਦੇ ਹੋ ਜੋ ਖਾਲਸਾ ਕੌਮ ਕਿਥੋਂ ਤੀਕ ਗਿਰ ਗਈ ਹੈ ਜੋ ਦਸਾਂ ਗੁਰੂਆਂ ਦੀ ਸ਼ਰਨ ਨੂੰ ਤਿਆਗ ਕੇ ਇਕ ਸ਼ੇਖ ਦੇ ਮਗਰ ਲੱਗ ਪਈ ਹੈ। ਸਾਨੂੰ ਆਸ਼ਾ ਪੈਂਦੀ ਹੈ ਜੋ ਸਾਡੇ ਭਾਈ ਇਸ ਕਥਨ ਪਰ ਜਰੂਰ ਧਿਆਨ ਦੇਨਗੇ॥
(ਖ਼ਾਲਸਾ ਅਖ਼ਬਾਰ ਲਾਹੌਰ, ੧੪ ਫਰਵਰੀ ੧੮੯੬, ਪੰਨਾ ੩-੪)
ਗਿਆਨੀ ਦਿੱਤ ਸਿੰਘ