10 views 11 secs 0 comments

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਪ੍ਰਣਾਮ

ਲੇਖ
September 12, 2025

੧੨ ਸਤੰਬਰ ਦੀ ਦੁਪਹਿਰ ਨੂੰ ਸਾਰਾਗੜ੍ਹੀ ਵਾਲੀ ਫੌਜੀ ਟੁਕੜੀ ਨੇ ਸ਼ੀਸ਼ੇ ਦੀ ਲਿਸ਼ਕੋਰ ਮਾਰ ਕੇ ਇਸ਼ਾਰਾ ਕੀਤਾ ਕਿ ਉਨ੍ਹਾਂ ਦਾ ਅਸਲਾ ਖਤਮ ਹੋ ਗਿਆ ਹੈ ।

ਕਮਾਂਡਿੰਗ ਅਫ਼ਸਰ ਕਰਨਲ ਹੇਗਨ ਨੇ ਗੜ੍ਹੀ ‘ਚ ਘਿਰੇ ਹੋਏ ਜਵਾਨਾਂ ਦੀ ਜਦੋਂ ਮਾਯੂਸ ਹਾਲਤ ਦੇਖੀ ਤਾਂ ਉਹ ਆਪਣੇ ਸਾਥੀਆਂ ਦਾ ਬਚਾਓ ਦਲ ਲੈ ਕੇ ਹੰਭਲਾ ਮਾਰਨ ਲੱਗਾ ਪਰ ਉਸ ਨੂੰ ਕਾਮਯਾਬੀ ਨਾ ਮਿਲੀ, ਕਿਉਂਕਿ ਦੁਸ਼ਮਣਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ।

ਇਸੇ ਦੌਰਾਨ ਹਮਲਾਵਰਾਂ ਨੇ ਤੇਜੀ ਨਾਲ ਭਿਅੰਕਰ ਹੱਲਾ ਬੋਲ ਦਿੱਤਾ ਜਿਸ ਨਾਲ ਸਾਰਾਗੜ੍ਹੀ ਦੇ ਜਵਾਨ ਇਕ ਤੋਂ ਬਾਅਦ ਇਕ, ਇਕ-ਇਕ ਕਰਕੇ ਸ਼ਹੀਦ ਹੁੰਦੇ ਗਏ ਪਰ ਫਿਰ ਵੀ ਉਨ੍ਹਾਂ, ਕਬਾਇਲੀਆਂ ਨੂੰ ਚੌਕੀ ‘ਤੇ ਪੂਰੀ ਤਰ੍ਹਾਂ ਕਾਬਜ਼ ਨਾ ਹੋਣ ਦਿੱਤਾ ।

ਅੰਤ ਵਿਚ ਪਿੱਛੇ ਬਚਿਆ ਸਿਗਨਲ ਭੇਜਣ ਵਾਲਾ ਗੁਰਮੁਖ ਸਿੰਘ ਵੀ ਲੜਾਈ ‘ਚ ਕੁੱਦ ਪਿਆ ਤੇ ਉਸ ਨੇ ਆਪਣੇ ਕਮਾਂਡਿੰਗ ਅਫ਼ਸਰ ਨੂੰ ਜਿਹੜਾ ਆਖਰੀ ਸੰਦੇਸ਼ ਭੇਜਿਆ (ਲਿਖਿਆ) ਉਹ ਇਸ ਤਰ੍ਹਾਂ ਸੀ, “ਮੈਂ ਦੁਸ਼ਮਣ ਨੂੰ ਰੋਕ ਕੇ ਰੱਖਾਂਗਾ । ਹੁਣ ਇਥੇ ਮੈਂ ਤੇ ਮੇਰੀ ਰਾਈਫਲ ਅਸੀਂ ਦੋਵੇਂ ਹੀ ਬਾਕੀ ਬਚੇ ਹਾਂ । ਇਸ ਤੋਂ ਬਾਅਦ ਹੁਣ ਮੈਂ ਹੋਰ ਕੋਈ ਸੰਦੇਸ਼ ਨਹੀਂ ਘੱਲ ਸਕਾਂਗਾ । ਕਿਰਪਾ ਕਰਕੇ ਮੈਨੂੰ ਸਿਗਨਲ ਬੰਦ ਕਰਨ ਦੀ ਇਜਾਜ਼ਤ ਦਿੱਤੀ ਜਾਵੇ ।” ਸ. ਕੋਮਲ ਸਿੰਘ ਇਸ ਦਾਸਤਾਨ ਦਾ ਵਰਨਣ ਲਿਖਦਾ ਹੈ ਕਿ “ਦੁਸ਼ਮਣਾਂ ਦੇ ਆਲੇ-ਦੁਆਲੇ ਦੀਆਂ ਝਾੜੀਆਂ ਨੂੰ ਪਹਿਲਾਂ ਹੀ ਅੱਗ ਲਾਈ ਹੋਈ ਸੀ ।

ਦੁਸ਼ਮਣ ਧੂੰਏਂ ਦੇ ਓਹਲੇ ਵਿਚ ਗੜ੍ਹੀ ਦੀ ਕੰਧ ਵਿਚ ਕੀਤੇ ਮਘੋਰੇ ਰਾਹੀਂ ਲਗਭਗ ੩.੪੦ ਵਜੇ ਚੌਕੀ ‘ਤੇ ਉਮਡ ਪਏ । ਗਾਰਡ ਰੂਮ ਵਿਚ ਬੁਰੀ ਤਰ੍ਹਾਂ ਜ਼ਖਮੀਂ ਇਕ ਸਿਪਾਹੀ ਪਿਆ ਹੋਇਆ ਸੀ । ਇਹ ਇੱਕੀ ਜਵਾਨਾਂ ਵਿਚੋਂ ਬਚਿਆ ਹੋਇਆ ਆਖਰੀ ਜਵਾਨ ਸੀ । ਚਾਰ ਹਮਲਾਵਰਾਂ ਨੇ ਉਸ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ । ਸਾਰਾਗੜ੍ਹੀ ਦੇ ਬਹਾਦਰ ਸਿੱਖ ਫੌਜੀਆਂ ਨੇ ਖਾਲਸੇ ਦੀਆਂ ਸੱਚੀਆਂ-ਸੁੱਚੀਆਂ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਬਹੁਤ ਹੀ ਬਹਾਦਰੀ ਅਤੇ ਸਾਹਸ ਨਾਲ ਆਖਰੀ ਗੋਲੀ ਅਤੇ ਆਖਰੀ ਸਿਪਾਹੀ ਤਕ ਯੁੱਧ ਲੜਿਆ । ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ‘ਸਵਾ ਲਖ ਸੇ ਏਕ ਲੜਾਊਂ” ਰਣ-ਖੇਤਰ ਵਿਚ ਅਮਲੀ ਤੌਰ ‘ਤੇ ਸੱਚ ਕਰ ਵਿਖਾਇਆ।”

੩੬ ਸਿੱਖ ਰੈਜਮੈਂਟ ਸੰਨ ੧੮੮੭ ਵਿਚ ਕਰਨਲ ਜੇ. ਐਮ. ਕੁੱਕ ਦੀ ਕਮਾਂਡ ਹੇਠ ਜਲੰਧਰ ਵਿਚ ਖੜ੍ਹੀ ਹੋਈ । ਅਜੇ ਪਲਟਣ ਖੜ੍ਹੀ ਹੋਈ ਨੂੰ ੧੦ ਸਾਲ ਹੀ ਹੋਏ ਸਨ ਕਿ ਸੰਨ ੧੮੯੭ ਵਿਚ ਪਲਟਣ ਨੂੰ ਨਾਰਥ ਵੈਸਟ ਫਰੰਟੀਅਰ ਏਰੀਏ ਵਿਚ ਸੁਮਾਣਾ ਰਿੱਜ ਤੇ ਇਕ ਮੁਸ਼ਕਿਲ ਉਪਰੇਸ਼ਨ ਤੇ ਭੇਜਿਆ ਗਿਆ ਇਸ ਥੋੜ੍ਹੀ ਉਮਰ ਵਿਚ ਹੀ ਪਲਟਣ ਨੇ ਇੰਨੇ ਉੱਚੇ ਦਰਜੇ ਦਾ ਤਜ਼ਰਬਾ ਹਾਸਲ ਕਰ ਲਿਆ ਸੀ ਕਿ ਜਵਾਨਾਂ ਵਿਚ ਜੋਸ਼ ਠਾਠਾਂ ਮਾਰਦਾ ਸੀ।

ਸਮਾਣਾ ਰਿੱਜ ਤੇ ਪਲਟਣ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ । ਸੱਜੇ ਪਾਸੇ ਲੋਕਹਰਟ ਕਿਲ੍ਹੇ ਦੀ ਕਮਾਂਡ ਲੈਫਟੀਨੈਂਟ ਕਰਨਲ ਜੇ. ਹਾਟਨ ਕਰ ਰਹੇ ਸਨ, ਜਦ ਕਿ ਖੱਬੇ ਗੁਲਿਸਤਾਨ ਕਿਲ੍ਹੇ ਦੀ ਜਿੰਮੇਵਾਰੀ ਕੈਪਟਨ ਗਾਰਡਨ ਦੀ ਸੀ ।

ਗੁਲਿਸਤਾਨ ਨੇ ਲੋਕਹਰਟ ਕਿਲ੍ਹੇ ਦੀ ਦੂਰੀ ਨੂੰ ਦੇਖਦਿਆਂ ਹੋਇਆਂ ਇਨ੍ਹਾਂ ਦੋਹਾਂ ਕਿਲ੍ਹਿਆਂ ਵਿਚ ਸ਼ੀਸ਼ੇ ਝੰਡੀ ਨਾਲ ਮਿਲਾਪ ਕਰਨ ਲਈ ਇਕ ਹੋਰ ਕਿਲ੍ਹਾ ਸੀ। ਜੋ ਸਾਰਾਗੜ੍ਹੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ । ਇਸ ਕਿਲ੍ਹੇ ‘ਤੇ ਹਵਾਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ ੨੧ (ਜਵਾਨ ਤਾਇਨਾਤ ਸਨ, ਜਿਨ੍ਹਾਂ ਵਿਚ ਸਿਪਾਹੀ ਗੁਰਮੁਖ ਸਿੰਘ ਸਿਗਨਲ ਵਾਲਾ ਤੇ ਸਿਪਾਹੀ ਦਾਦ ਸਫ਼ਾਈ ਵਾਲਾ ਵੀ ਸ਼ਾਮਲ ਸੀ ।

੧੦ ਸਤੰਬਰ ੧੮੯੭ ਨੂੰ ਆਰਾਕਜਾਈ ਤੇ ਅਫਰੀਦੀ ਇਕੱਠੇ ਹੋ ਕੇ ਹਮਲੇ ਦੀਆਂ ਤਿਆਰੀਆਂ ਕਰਨ ਲੱਗੇ ਤੇ ੧੨ ਸਤੰਬਰ ੧੮੯੭ ਨੂੰ ਸਾਰਾਗੜ੍ਹੀ ਦੇ ਕਿਲ੍ਹੇ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਹਮਲਾ ਕਰਨ ਲੱਗੇ ਪਰ ਜਿਥੇ ਬਾਜ ਉਡਾਰੀਆਂ ਮਾਰਦੇ ਹੋਣ ਉਥੇ ਘੁੱਗੀਆਂ, ਗੁਟਾਰਾਂ ਨਹੀਂ ਟਿਕ ਸਕਦੀਆਂ। ਭਾਵੇਂ ਉਨ੍ਹਾਂ ਦੀ ਗਿਣਤੀ ਲੱਖਾਂ ਦੀ ਕਿਉਂ ਨਾ ਹੋਵੇ ।

ਅਫਰੀਦੀਆਂ ਨੇ ਜ਼ਰ-ਜ਼ਰ ਕਾਈ ਦਾ ਨਾਹਰਾ ਲਾ ਕੇ ਕਈ ਹਮਲੇ ਕੀਤੇ ਪਰ ਹਰ ਵਾਰੀ ਸਾਰਾਗੜ੍ਹੀ ਦੇ ਜਵਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਬੱਬਰ ਸ਼ੇਰ ਵਾਂਗ ਵੈਰੀ ‘ਤੇ ਟੁੱਟ ਪੈਂਦੇ ਤੇ ਹਰ ਹਮਲੇ ਨੂੰ ਖਦੇੜ ਕੇ ਰੱਖ ਦਿੰਦੇ । ਸਾਰਾਗੜ੍ਹੀ ਦਾ ਕਿਲ੍ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੀਆਂ ਆਵਾਜ਼ਾਂ ਨਾਲ ਗੂੰਜ ਉਠਦਾ ।

ਪਠਾਣਾਂ ਦੇ ਸਰਦਾਰ ਨੇ ਸਾਰਾਗੜ੍ਹੀ ਦੇ ਯੋਧਿਆਂ ਨਾਲ ਵਾਇਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਹਥਿਆਰ ਸੁੱਟ ਕੇ ਪੋਸਟ ਨੂੰ ਸਾਡੇ ਹਵਾਲੇ ਕਰ ਦਿਉ ਅਸੀਂ ਤੁਹਾਨੂੰ ਬਿਲਕੁਲ ਸੁਰੱਖਿਅਤ ਰੱਖਾਂਗੇ ਪਰ ਇਸ ਦੇ ਜਵਾਬ ਵਿਚ ਹਰ ਵਾਰੀ ਉਨ੍ਹਾਂ ਨੂੰ ਸਿੱਖ ਯੋਧਿਆਂ

ਦੀਆਂ ਗੋਲੀਆਂ ਦੀ ਬੋਸ਼ਾਰ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਸਿੱਖ ਯੋਧਿਆਂ ਨੂੰ ਬਹਾਦਰੀ ਦੀ ਮੌਤ ਮਰਨ ਦੀ ਹੀ ਗੁੜ੍ਹਤੀ ਦਿੱਤੀ ਗਈ ਸੀ ।

ਜਦੋਂ ਅਫਰੀਦੀਆਂ ਦੀ ਕੋਈ ਵਾਹ ਨਾ ਚੱਲੀ ਤਾਂ ਅਖੀਰ ਉਨ੍ਹਾਂ ਨੇ ਕਿਲੇ ਦੇ ਆਲੇ-ਦੁਆਲੇ ਦੀਆਂ ਝਾੜੀਆਂ ਨੂੰ ਅੱਗ ਲਾ ਕੇ ਧੂੰਏਂ ਦੀ ਦੀਵਾਰ ਤਿਆਰ ਕਰ ਲਈ।

ਚਾਰਪਾਈਆਂ ਲੈ ਕੇ ਉਨ੍ਹਾਂ ‘ਤੇ ਮਿੱਟੀ ਤੇ ਪੱਥਰਾਂ ਦੀ ਦੋ ਫੁੱਟ ਦੀ ਤਹਿ ਚੜ੍ਹਾਈ । ਚਾਰਪਾਈਆਂ ਥੱਲੇ ਛੁਪ ਕੇ ਗੋਲੀਆਂ ਦੇ ਅਸਰ ਤੋਂ ਬਿਨਾਂ ਹੀ ਕਿਲ੍ਹੇ ਦੀ ਦੀਵਾਰ ਤਕ ਪਹੁੰਚ ਕੇ ਦੀਵਾਰ ਨੂੰ ਤੋੜਿਆ ਤੇ ਅੰਦਰ ਜਾਣ ਲੱਗੇ ।

ਇਹ ਉਸ ਲੜਾਈ ਦਾ ਇਕ ਖਤਰਨਾਕ ਮੋੜ ਸੀ। ਉਸ ਸਮੇਂ ਤਕ ਹਵਾਲਦਾਰ ਈਸ਼ਰ ਸਿੰਘ ਤੇ ਸਿਪਾਹੀ ਗੁਰਮੁਖ ਸਿੰਘ ਸਿਗਨਲ ਵਾਲੇ ਤੋਂ ਇਲਾਵਾ ਬਾਕੀ ਸਾਰੇ ਸਿੰਘ ਲੜਦੇ-ਲੜਦੇ ਸ਼ਹੀਦ ਹੋ ਚੁੱਕੇ ਸਨ ।

ਸਿਪਾਹੀ ਗੁਰਮੁਖ ਸਿੰਘ ਜੋ ਕਿ ਇਸ ਸਮੇਂ ਲੋਕਹਰਟ ਕਿਲ੍ਹੇ ਨੂੰ ਸ਼ੀਸ਼ੇ ਝੰਡੀ ਦੁਆਰਾ ਆਪਣੀ ਹਰ। ਮਿੰਟ ਦੀ ਖਬਰ ਦੇ ਰਿਹਾ ਸੀ, ਨੇ ਲੈਫਟੀਨੈਂਟ ਕਰਨਲ ਜੋ ਹਾਟਨ ਤੋਂ ਸਿਗਨਲ ਬੰਦ ਕਰ ਕੇ ਦੁਸ਼ਮਣ ਨਾਲ ਮੁਕਾਬਲਾ ਕਰਨ ਦੀ ਇਜਾਜ਼ਤ ਮੰਗੀ, ਇਜਾਜ਼ਤ ਦੇ ਦਿੱਤੀ ਗਈ । ਸਿਪਾਹੀ ਗੁਰਮੁਖ ਸਿੰਘ ਦਾ ਚਿਹਰਾ ਗੁੱਸੇ ਨਾਲ ਭੱਖ ਰਿਹਾ ਸੀ, ਅੱਖਾਂ ਲਾਲ ਸਨ । ਉਸ ਨੇ ਝੰਡੀ ਨੂੰ ਰੱਖਿਆ ਰਾਈਫਲ ਉਠਾਈ, ਬੈਨਟ ਚੜ੍ਹਾਇਆ ਤੇ ਜਾ ਰਲਿਆ ਆਪਣੇ ਇਕੱਲੇ ਸਾਥੀ ਹਵਾਲਦਾਰ ਈਸ਼ਰ ਸਿੰਘ ਦੇ ਨਾਲ, ਥੋੜ੍ਹੀ ਦੇਰ ਬਾਅਦ ਹਵਾਲਦਾਰ ਈਸ਼ਰ ਸਿੰਘ ਬੱਬਰ ਸ਼ੇਰ ਦੀ ਤਰ੍ਹਾਂ ਦੁਸ਼ਮਣਾਂ ਦੇ ਆਹੂ ਲਾਹੁੰਦਾ ਹੋਇਆ ਸ਼ਹੀਦ ਹੋ ਗਿਆ ਤੇ ਗੁਰਮੁਖ ਸਿੰਘ ਵੀ ਜ਼ਖਮੀਂ ਹੋ ਗਿਆ । ਬੁਰੀ ਤਰ੍ਹਾਂ ਜ਼ਖਮੀਂ ਹਾਲਤ ਵਿਚ ਵੀ ਗੁਰਮੁਖ ਸਿੰਘ ਨੇ ਘੱਟੋ ਘੱਟ ੨੦ ਅਫ਼ਰੀਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਆਪਣੀ ਆਖਰੀ ਗੋਲੀ ਖਤਮ ਹੋਣ ਤੱਕ ਫਾਇਰ ਕਰਦਾ ਰਿਹਾ। ਅਖੀਰ ਆਪਣੀ ਜ਼ੁਬਾਨ ਤੋਂ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ” ਕਹਿੰਦਾ ਹੋਇਆ ਸ਼ਹੀਦ ਹੋ ਗਿਆ ।

ਇਸ ਲੜਾਈ ਵਿਚ ਅਫਰੀਦੀਆਂ ਤੋਂ ਅਰਾਕਜਾਈਆਂ ਦੇ ਹਜ਼ਾਰਾਂ ਜਵਾਨ ਮਾਰੇ ਗਏ ਤੇ ਕਈ ਸੌ ਜ਼ਖਮੀ ਹੋਏ। ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੪੦ ਸਿੰਘ ਮੁਕਤਸਰ ਦੀ ਲੜਾਈ ਵਿਚ ਹਜ਼ਾਰਾਂ ਵੈਰੀਆਂ ਨਾਲ ਮੁਕਾਬਲਾ ਕੀਤਾ ਸੀ ਉਸੇ ਤਰ੍ਹਾਂ ਇਨ੍ਹਾਂ ੨੨ ਬਹਾਦਰ ਯੋਧਿਆਂ ਨੇ ਕਰਕੇ ਦਿਖਾ ਦਿੱਤਾ ਤੇ “ਜਬ ਆਵ ਕੀ ਅਉਧ ਨਿਧਾਨ ਬਨੈ ਅੱਤ ਹੀ ਰਣ ਮੈਂ ਤਬ ਜੂਝ ਮਰੋ” ਵਾਲੀ ਗੱਲ ਸੱਚੀ ਕਰ ਕੇ ਦਿਖਾ ਦਿੱਤੀ ।

ਇਨ੍ਹਾਂ ਦੀ ਬਹਾਦਰੀ ਤੇ ਵਫ਼ਾਦਾਰੀ ਨੂੰ ਦੇਖਦੇ ਹੋਏ ਬ੍ਰਿਟਿਸ਼ ਪਾਰਲੀਮੈਂਟ ਨੇ ਖੜ੍ਹੇ ਹੋ ਕੇ ਇਨ੍ਹਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਤੇ ਉਸ ਸਮੇਂ ਦਾ ਸਭਤੋਂ ਵੱਡਾ ਖਿਤਾਬ “ਆਈ ਓ ਐਮ” ਯਾਨੀ ਇੰਡੀਅਨ ਆਰਡਰ ਆਫ਼ ਮੈਰਿਟ ਦੇ ਕੇ ਸਨਮਾਨਿਤ ਕੀਤਾ। ਜੋ ਅੱਜਕਲ੍ਹ ਦੇ ਪਰਮਵੀਰ ਚੱਕਰ ਦੇ ਬਰਾਬਰ ਸੀ । ਇਸ ਤੋਂ ਇਲਾਵਾ ਸਾਰਾਗੜ੍ਹੀ ਦੇ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ੫੦੦-੫੦੦ ਰੁਪਏ ਤੇ ਦੋ-ਦੋ ਮੁਰੱਬੇ ਜ਼ਮੀਨ ਦਿੱਤੀ ਗਈ।
ਇਹ ਲੜਾਈ ਦੁਨੀਆਂ ਦੀਆਂ ਅੱਠ ਵੱਡੀਆਂ ਤੇ ਖਤਰਨਾਕ ਲੜਾਈਆਂ ਵਿਚੋਂ ਇਕ ਹੈ । ਉਨ੍ਹਾਂ ੨੨ ਜਵਾਨਾਂ ਦੀ ਬੇਮਿਸਾਲ ਬਹਾਦਰੀ ਦੇ ਦਿਨ ਨੂੰ “ਬੈਟਲ ਹਾਨਰ ਡੇ” ਦਾ ਦਰਜਾ ਦਿੱਤਾ ਗਿਆ । ਇਸ ਨੂੰ ਮਨਾਉਣ ਵਾਸਤੇ ਹਰ ਸਿੱਖ ਪਲਟਣ ਵਿਚ ੧੨ ਸਤੰਬਰ ਦੀ ਛੁੱਟੀ ਮਨਾਈ ਜਾਂਦੀ ਹੈ ।

ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਸਾਰਾਗੜ੍ਹੀ ਦੇ ਸਥਾਨ ‘ਤੇ ਉਨ੍ਹਾਂ ਹੀ ਪੱਥਰਾਂ ਨਾਲ ਵਾਰ ਮੈਮੋਰੀਅਲ ਬਣਾਇਆ ਗਿਆ ਹੈ ਜੋ ਅੱਜ ਵੀ ਉਨ੍ਹਾਂ ਸੁਰਵੀਰ ਯੋਧਿਆਂ ਦੀ ਬਹਾਦਰੀ ਦੀ ਅਗਵਾਈ ਦਿੰਦੇ ਹਨ ਤੇ ਰਹਿੰਦੀ ਦੁਨੀਆ ਤੱਕ ਦਿੰਦੇ ਰਹਿਣਗੇ । ਇਸ ਦਾ ਇਕ ਨਮੂਨਾ ਸਿੱਖ ਸੈਂਟਰ ਰਾਮਗੜ੍ਹ ਵਿਚ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿਚ ਵੀ ਇਤਿਹਾਸਕ ਗੁਰਦੁਆਰੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਬਣਾਏ ਗਏ ਹਨ। ਇਨ੍ਹਾਂ ਸਾਰੀਆਂ ਥਾਵਾਂ ‘ਤੇ ੧੨ ਸਤੰਬਰ ਵਾਲੇ ਦਿਨ ਮਿਲਟਰੀ ਤੇ ਸਿਵਲ ਦੇ ਨੁਮਾਇੰਦੇ ਰਲ-ਮਿਲ ਕੇ ਇਸ ਦਿਨ ਨੂੰ ਮਨਾਉਂਦੇ ਹਨ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ।

“ਸ਼ਹੀਦ ਕੀ ਚਿਤਾਓ ਪਰ,
ਲਗੇਂਗੇ ਹਰ ਬਰਸ ਮੇਲੇ
ਵਤਨ ਪੇ ਮਿਟਨੇ ਵਾਲੋ ਕਾ,
ਯਹੀ ਬਾਕੀ ਨਿਸ਼ਾਂ ਹੋਗਾ॥”
“ਸ਼ਹੀਦ ਕੀ ਜੋ ਮੌਤ ਹੈ,
ਵੋ ਕੌਮ ਕੀ ਹਯਾਤ ਹੈ,
ਹਯਾਤ ਤੋ ਹਯਾਤ ਹੈ,
ਮੌਤ ਭੀ ਹਯਾਤ ਹੈ।”

ਸ.ਦਿਲਜੀਤ ਸਿੰਘ ਬੇਦੀ (ਗੁਰਪੁਰਵਾਸੀ)