64 views 0 secs 0 comments

ਸਾਵਣਿ ਸਰਸ ਮਨਾ

ਲੇਖ
July 16, 2025

ਸਾਵਣ ਵਰਖਾ ਰੁਤ ਦਾ ਮਹੀਨਾ, ਅਸਮਾਨ ਦੇ ਵਿੱਚ  ਛਾਏ ਕਾਲੇ  ਬੱਦਲਾਂ ਨੂੰ ਵੇਖ ਕੇ ਮੋਰ ਬਬੀਹੇ ਪ੍ਰਸੰਨਤਾ ਦੇ ਵਿੱਚ ਬੋਲਦੇ ਪੈਲਾਂ ਪਾਉਂਦੇ ਨੇ  ,ਮੀਂਹ ਦੀਆਂ ਕਣੀਆਂ ਧਰਤੀ ਦੀ ਤਪਸ਼ ਨੂੰ ਦੂਰ ਕਰਦੀਆਂ ਨੇ, ਤਲਾਬਾਂ ਨੂੰ ਲਬਾਲਬ ਭਰਦੀਆਂ ਨੇ, ਸੁੱਕੇ ਹੋਏ ਘਾਹ ਨੂੰ ਹਰਿਆ ਭਰਿਆ, ਮਨੁੱਖ ਤੇ ਜਾਨਵਰਾਂ ਦੀ ਪਿਆਸ ਮਿਟਾਉਂਦੀਆਂ ਨੇ ਤੇ ਸ਼ੀਤਲਤਾ ਵੀ ਦਿੰਦੀਆਂ , ਨਾਗਾਂ,ਮਿਰਗਾਂ ਤੇ ਮੱਛੀਆਂ, ਤੇ ਖਾਣ ਦਾ ਰਸ ਮਾਨਣ ਵਾਲਿਆਂ ਨੂੰ ਬੜੀ ਪ੍ਰਸੰਨਤਾ ਹੁੰਦੀ ਹੈ। ਬੱਦਲਾਂ ਦੀ ਚਮਕਦੀ ਹੋਈ ਬਿਜਲੀ ਪਤੀ ਤੋਂ ਵਿਛੜੀ ਹੋਈ ਇਸਤਰੀ ਦੇ ਅੰਦਰ ਡਰ ਪੈਦਾ ਕਰਦੀ ਹੈ, ਜਾਹਰ ਪੀਰ ਜਗਤ ਗੁਰ ਬਾਬਾ ਬੇਰਸ ਹੋ ਚੁੱਕੇ ਮਨ ਨੂੰ ਚਾਰੇ ਪਾਸੇ ਖੁਸ਼ੀ ਰਸ ਵਾਲਾ ਮਾਹੌਲ ਦੇਖ ਕੇ ਰਸ ਭਰਿਆ ਹੋਣ ਦੀ ਪ੍ਰੇਰਨਾ ਕਰਦੇ ਨੇ ।
ਮਨੁੱਖੀ ਜੀਵਨ ਬਚਪਨ ਜਵਾਨੀ ਤੇ ਬਿਰਧ ਤਿੰਨ ਅਵਸਥਾ ਦੇ ਵਿੱਚੋਂ ਦੀ ਲੰਘਦਾ, ਸਹਿਜ ਸੁਭਾਅ ਹੀ ਬਚਪਨ ਦੇ ਵਿੱਚ ਲੀਲਾ  ਰਸ, ਜਵਾਨੀ ਦੇ ਵਿੱਚ ਹੰਕਾਰ ਭਟਕਣਾ, ਤੇ ਬੁਢੇਪੇ ਦੇ ਵਿੱਚ ਪਛਤਾਵਾ ਨਿਰਾਸ਼ਤਾ ਮਨੁੱਖੀ ਮਨ ਦੇ ਵਿੱਚ ਪੈਦਾ ਹੁੰਦੀ ਹੈ. ਮਨੁੱਖ ਵਾਰ ਵਾਰ ਆਪਣੇ ਬਚਪਨ ਦੇ ਆਨੰਦ ਨੂੰ ਯਾਦ ਕਰਦਾ, ਉਹ ਆਪਣਾ ਧਨ ਜਵਾਨੀ ਦੇ ਕੇ ਵੀ ਬਚਪਨ ਦੇ  ਵਿੱਚ ਸਾਵਣ ਦੇ ਮਹੀਨੇ  ਬਾਰਿਸ਼ ਤੇ ਪਾਣੀ ਦੇ ਵਿੱਚ ਛੱਡੀਆਂ ਹੋਈਆਂ ਕਾਗਜ਼ ਦੀਆਂ ਕਿਸ਼ਤੀਆਂ ਵਾਲਾ ਆਨੰਦ ਦੁਬਾਰਾ ਪ੍ਰਾਪਤ ਕਰਨਾ ਚਾਹੁੰਦਾ, ਜੋ ਕਿਸੇ ਵੀ ਹਾਲਤ ਦੇ ਵਿੱਚ ਸੰਭਵ ਨਹੀਂ , ਬਚਪਨ ਅਚੇਤਪੁਣੇ ਦੇ ਕਰਕੇ ਰਸ ਵਾਲਾ ਹੁੰਦਾ ਹੈ।
ਮਨੁੱਖੀ ਮਨ ਦੀ ਤੀਬਰ ਤਾਂਘ ਸਦੀਵੀ ਰਸ ਹੈ, ਇਸ ਦੀ ਪੂਰਤੀ  ਕਈ ਤਰ੍ਹਾਂ ਦੇ ਉਪਰਾਲੇ ਨਾਲ ਕਰਨ ਦਾ ਯਤਨ ਕਰਦਾ,  ਜੀਭ ਦੇ ਨਾਲ ਖਾਣ ਅਤੇ ਭੋਗ ਬਿਲਾਸ ਦਾ ਰਸ ਮਾਣਦਾ, ਅੱਖਾਂ ਦੇ ਨਾਲ ਰੰਗ ਤਮਾਸ਼ਿਆਂ ਨੂੰ ਦੇਖਦਾ,ਕੰਨਾਂ ਦੇ ਨਾਲ ਉਸਤਤ ਤੇ ਨਿੰਦਿਆ ਨੂੰ ਸੁਣਦਾ , ਨੱਕ ਦੇ ਨਾਲ ਬੜੀਆਂ ਸੁਗੰਧੀਆਂ ਨੂੰ ਮਾਣਦਾ,ਪਰ ਗਿਆਨ ਤੇ ਕਰਮ ਇੰਦਰੀਆਂ ਦੀ ਵਰਤੋਂ ਕਰਨ ਦੇ ਬਾਵਜੂਦ ਮਨੁੱਖ ਮਨ ਨੂੰ ਤ੍ਰਿਪਤੀ ਪ੍ਰਾਪਤ ਨਹੀਂ ਹੁੰਦੀ ,   ਰਸ ਦੀ ਇੱਛਾ ਦੇ ਕਰਕੇ ਮਨੁੱਖ ਨਸ਼ਿਆਂ ਦੀ ਵਰਤੋਂ ਕਰਦੇ ਹਨ। , ਇਕੱਲੇ ਪੰਜਾਬ ਦੇ ਲੋਕ, ਇੱਕ ਦਿਨ ਦੇ ਵਿੱਚ 29 ਕਰੋੜ ਦੀ ਸ਼ਰਾਬ ਪੀ ਜਾਂਦੇ ਹਨ, ਉਥੇ ਕੋਕੀਨ ਚਿੱਟੇ ਦੇ ਕਰਕੇ ਕਈ ਜਵਾਨ ਮੌਤਾਂ ਦੀਆਂ ਖਬਰਾਂ ਅਕਸਰ ਹੀ  ਸੁਣਨ ਨੂੰ ਮਿਲਦੀਆਂ ਹਨ, ਭਾਵੇਂ ਸਰਕਾਰਾਂ ਨੇ ਨਸ਼ਾ ਤਸਕਰਾਂ ਨੂੰ ਸਖਤ ਸਜ਼ਾਵਾਂ ਦੇਣ ਦਾ ਵੀ ਪ੍ਰਬੰਧ ਕਰਦੀਆਂ ਨੇ, ਪਰ ਫਿਰ ਵੀ ਮਨੁੱਖਾਂ ਦੇ ਅੰਦਰ ਨਸ਼ਿਆਂ ਦਾ ਰੁਝਾਨ ਬਹੁਤ ਵੱਧ ਰਿਹਾ ਹੈ,  ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ
ਧਾਰਮਿਕ ਜਗਤ ਦੇ ਵਿੱਚ ਵੀ ਮਨੁੱਖ ਨਸ਼ਿਆਂ ਦੀ ਵਰਤੋਂ ਕਰਦੇ ਰਹੇ ਨੇ, ਸਮੁੰਦਰ ਮੰਥਨ ਦੇ ਸਮੇਂ ਨਿਕਲਣ ਵਾਲੇ 14 ਰਤਨਾਂ ਦੇ ਵਿੱਚੋ ਇੱਕ ਰਤਨ  ਮਦ
( ਸ਼ਰਾਬ)  ਹੈ ,ਬਾਬਰ ਪਹਿਲੇ ਪਾਤਸ਼ਾਹ ਦੇ ਅੱਗੋਂ ਭੰਗ, ਭਰਥਰਿ ਜੋਗੀ ਸਤਿਗੁਰਾਂ ਦੇ ਅੱਗੋਂ ਸ਼ਰਾਬ ਦਾ ਪਿਆਲਾ ਰੱਖਦਾ, ਸਤਿਗੁਰੂ ਨਾਨਕ  ਬਾਹਰੀ ਨਸ਼ਿਆਂ ਦੇ ਰਸ ਨੂੰ ਇਹ ਕਹਿ ਕਰਕੇ ਖੰਡਨ ਕਰ ਦਿੰਦੇ ਹਨ ਕਿ ਇਹਨਾਂ ਦਾ ਨਸ਼ਾ ਤੇ ਪ੍ਰਭਾਤ ਦੇ ਹੋਣ ਨਾਲ ਹੀ ਉਤਰ ਜਾਂਦਾ, ਸਗੋਂ ਨਸ਼ਾ ਕਰਨ ਵਾਲਿਆਂ ਨੂੰ ਸਮਝਾਉਂਦੇ ਹਨ ਕਿ ਨਸ਼ਾ ਨਾਮ ਦਾ ਕਰੋ ਜਿਹੜਾ ਦਿਨ ਰਾਤ ਚੜਿਆ ਰਹੇ।
ਭਰਥਰਿ ਦੇ ਪਰਥਾਏ ਸਾਰੇ  ਜਹਾਨ ਦੇ ਵਾਸਤੇ ਸਾਂਝਾ ਉਪਦੇਸ਼ ਉਚਾਰਨ ਕਰਦਿਆਂ ਸਤਿਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਹਿਰਦੇ ਰੂਪੀ ਭਾਂਡੇ ਦੇ ਵਿੱਚ ਗੁਰੂ ਦੇ ਉਪਦੇਸ਼ ਦਾ ਗੁੜ ਹੋਵੇ,  ਧਿਆਨ ਦਾ ਪਾਣੀ ਰਲਾਇਆ ਜਾਵੇ, ਕਰਨੀ ਦੇ ਸਕ ਪਾ ਕੇ ਭਾਵ ਗੁਰੂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਅਮਲੀ ਜਾਮਾ ਪਹਿਨਾਇਆ ਜਾਵੇ , ਸਾਰੇ ਕਿਤੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਣ ਦੀ ਭੱਠੀ  ਹੋਵੇ, ਪ੍ਰੇਮ ਦਾ ਪੋਚਾ ਮਾਰਨ ਦੇ ਨਾਲ,  ਉਹ ਰਸ ਪ੍ਰਗਟ ਹੁੰਦਾ ਹੈ, ਜੋ ਮਨ ਨੂੰ ਸਦੀਵੀ ਮਸਤੀ ਪ੍ਰਦਾਨ ਕਰਦਾ ਹੈ, ਜੋ ਫਿਰ ਦੁਬਾਰਾ ਜੀਵਨ ਦੇ ਵਿੱਚ ਉਤਰਦੀ ਨਹੀਂ,ਦਿਨ ਰਾਤ ਦੀ ਲਿਵ ਲੱਗੀ ਰਹਿੰਦੀ ਹੈ ਤੇ ਅਨਹਦ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ, ਸਹਿਜ ਦੇ ਵਿੱਚ ਟਿਕ ਕੇ ਐਸੇ ਰਸ ਨੂੰ ਚੱਖਣ ਵਾਲਾ ਮਨੁੱਖ ਪੂਰੇ ਸੱਚ ਨੂੰ ਜਾਣ ਲੈਂਦਾ ਹੈ, ਅੰਮ੍ਰਿਤ ਦੇ ਵਾਪਾਰੀ ਬਣ ਕੇ  ਛੋਛੇ ਨਸ਼ਿਆਂ ਦਾ ਭਾਉ ਧਾਰਨ  ਨਹੀਂ ਕਰਦੇ, ਐਸੇ ਰਸ ਨੂੰ ਚੱਖਣ ਵਾਲਾ ਮਨੁੱਖ ਪਰਮਾਤਮਾ ਦੇ ਦਰ ਦਰਸ਼ਨ ਕਾ ਪ੍ਰੀਤਮੁ ਹੁੰਦਾ,  ਆਵਾ ਗਵਣ ਤੋਂ ਮੁਕਤੀ ਤੇ ਬੈਕੁੰਠ ਵੀ ਉਹਨੂੰ ਕਿਸੇ ਕੰਮ ਦੇ ਨਹੀਂ ਲੱਗਦੇ, ਐਸਾ ਮਨੁੱਖ ਆਪਣਾ ਜਨਮ ਜੁਆਰੀ ਦੀ ਤਰ੍ਹਾਂ ਨਹੀਂ ਹਾਰਦਾ,ਸਗੋਂ ਸਾਰੇ ਜਗਤ ਦਾ ਜੇਤੂ ਬਣ ਜਾਂਦਾ  ਹੈ।
ਸਤਿਗੁਰ ਸਾਡੇ ਸਾਰਿਆਂ ਦੇ ਉੱਪਰ ਕਿਰਪਾ ਕਰਨ, ਅਸੀਂ ਆਪ ਆਪਣੇ ਜੀਵਨ ਦੇ ਵਿੱਚ ਸਦੀਵੀ ਰਸ ਦੀ ਪ੍ਰਾਪਤੀ ਕਰ ਸਕੀਏ, ਤੇ ਹੋਰਨਾਂ ਦੇ ਤਾਈ ਇਸ ਰਸ ਦੀ ਪ੍ਰੇਰਨਾ ਦੇ ਸਕੀਏ ਤਾਂ ਜੋ ਮਨੁੱਖਾਂ ਦਾ ਜੀਵਨ ਸਤਿਗੁਰ ਦੇ ਉਪਦੇਸ਼ ਸਾਵਣ ਸਰਸ ਮਨਾ ਵਾਲਾ ਹੋ ਸਕੇ

ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ