53 views 4 secs 0 comments

ਸਾਵਣਿ ਸਰਸੀ ਕਾਮਣੀ…

ਲੇਖ
July 16, 2025

ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥ ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥ ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥ ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬।।{ਅੰਗ੧੩੪}
ਪਦ ਅਰਥ: ਸਾਵਣਿ = ਸਾਵਣ ਵਿਚ। ਸਰਸੀ = ਸ-ਰਸੀ, ਰਸ ਵਾਲੀ, ਹਰਿਆਵਲੀ। ਕਾਮਣੀ = ਜੀਵ-ਇਸਤ੍ਰੀ। ਸਚ ਰੰਗਿ = ਸੱਚੇ ਦੇ ਪਿਆਰ ਵਿਚ। ਆਧਾਰੁ = ਆਸਰਾ। ਬਿਖਿਆ ਰੰਗ = ਮਾਇਆ ਦੇ ਰੰਗ। ਦਿਸਨਿ = ਦਿੱਸਦੇ ਹਨ। ਛਾਰੁ = ਸੁਆਹ। ਸਾਧੂ = ਗੁਰੂ। ਪੀਵਣਹਾਰ = ਪੀਣ ਜੋਗਾ। ਤਿਣੁ = ਘਾਹ। ਮਉਲਿਆ = ਹਰਿਆ-ਭਰਿਆ। ਕਰਮਿ = ਮਿਹਰ ਨਾਲ। ਮਇਆ = ਦਇਆ। ਸਬਦਿ = ਸ਼ਬਦ ਦੀ ਰਾਹੀਂ। ਉਰਿ = ਹਿਰਦੇ ਵਿਚ।
ਅਰਥ: ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ। ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ, ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ। (ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ) ।
ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ, ਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ। ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।
ਹੇ ਨਾਨਕ! (ਬੇਨਤੀ ਕਰ ਤੇ ਆਖ–) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ।
ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿਚ ਪਰਮਾਤਮਾ ਦਾ ਨਾਮ (-ਰੂਪ) ਹਾਰ ਪਾਇਆ ਹੋਇਆ ਹੈ।

ਪ੍ਰੋਫ਼ੈਸਰ ਸਾਹਿਬ ਸਿੰਘ ‎