-ਡਾ. ਸਤਿੰਦਰ ਪਾਲ ਸਿੰਘ*
ਸਦੀਆਂ ਦੀ ਗ਼ੁਲਾਮੀ ਤੋਂ ਮੁਕਤ ਹੋਣਾ ਸੌਖਾ ਨਹੀਂ ਹੈ। ਭਾਰਤ ਜਿਹੇ ਵਿਸ਼ਾਲ ਦੇਸ਼ ਲਈ ਤਾਂ ਹਰਗਿਜ਼ ਨਹੀਂ ਵੱਖ-ਵੱਖ ਧਰਮ, ਸਮਾਜ, ਸਭਿਆਚਾਰ ਇਸ ਨੂੰ ਵਾਧੂ ਔਖਾ ਬਣਾਉਣ ਵਾਲੇ ਸਨ। ਲੋਕਾਂ ਨੂੰ ਜਗਾਉਣਾ ‘ਤੇ ਇੱਕਜੁਟ ਕਰਨਾ ਵੀ ਵੱਡੀ ਔਂਕੜ ਸੀ। ਇਹ ਲੰਮਾ ਸੰਘਰਸ਼ ਸੀ ਜਿਸ ਨੂੰ ਕਾਮਯਾਬ ਬਣਾਉਣ ਲਈ ਪਹਿਲੀ ਲੋੜ ਸੀ ਸਮਾਜ ਅੰਦਰ ਸੁਤੰਤਰਤਾ ਦੀ ਮਹੱਤਤਾ ਦਾ ਅਹਿਸਾਸ ਪੈਦਾ ਕਰਨਾ। ਭਾਰਤ ਅੰਦਰ ਕਈ ਤਾਕਤਾਂ ਸਨ। ਜਿਨ੍ਹਾਂ ਸਮੇਂ-ਸਮੇਂ ’ਤੇ ਮੁਗ਼ਲਾਂ ਤੇ ਉਨ੍ਹਾਂ ਤੋਂ ਬਾਅਦ ਅੰਗਰੇਜ਼ਾਂ ਦਾ ਵਿਰੋਧ ਕੀਤਾ, ਇਸ ਵਿਰੋਧ ਦੇ ਆਪਣੇ ਕਾਰਨ ਸਨ। ਮੁਗ਼ਲ ਰਾਜ ਵਿਚ ਵੀ ਤੇ ਬ੍ਰਿਟਿਸ਼ ਰਾਜ ਵਿਚ ਵੀ ਇਨ੍ਹਾਂ ਵਿਦੇਸ਼ੀ ਸ਼ਾਸਕਾਂ ਦੇ ਤਾਕਤਵਰ ਵਿਰੋਧੀ ਬਣ ਕੇ ਉਭਰੇ ਸਿੱਖਾਂ ਦੀ ਭੂਮਿਕਾ ਵਿਲੱਖਣ ਨਜ਼ਰ ਆਈ ਜਿਸ ਦਾ ਆਗਾਜ਼ ਆਪ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਜ਼ੋਰ, ਜੁਲਮ ਨੂੰ ਸਿੱਧੀ ਚੁਣੌਤੀ ਦੇ ਕੇ ਕੀਤਾ ਸੀ। ਸਾਕਤ ਦੇ ਵਿਰੁੱਧ ਆਪਣੀ ਵੰਗਾਰ ਨੂੰ ਉਨ੍ਹਾਂ ਆਪਣੀ ਬਾਣੀ ਵਿਚ ਵੀ ਦਰਜ ਕਰ ਸਿੱਖਾਂ ਅੰਦਰ ਚੇਤਨਾ ਜਗਾਈ ਗੁਰੂ ਸਾਹਿਬ ਨੇ ਸੱਚ ਨੂੰ ਇਸ ਚੇਤਨਾ ਦਾ ਆਧਾਰ ਬਣਾਇਆ ਜੋ ਪਰਮਾਤਮਾ ਨੂੰ ਪ੍ਰਵਾਨ ਸੀ। ਇਸ ਚੇਤਨਾ ਦਾ ਬਲ ਪਰਮਾਤਮਾ ਦੀ ਟੇਕ ਬਣਿਆ ਗੁਰੂ ਸਾਹਿਬ ਨੇ ਬਚਨ ਕੀਤੇ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ ਸਿੱਖ ਲਈ ਹੁਕਮ ਹੋਇਆ- ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ॥ ਇਸ ਤਰ੍ਹਾਂ ਸਿੱਖ ਚੇਤਨਾ ਕਿਸੇ ਵੀ ਦੁਬਿਧਾ, ਸ਼ੰਕਾ ਤੋਂ ਮੁਕਤ, ਸੱਚ ਲਈ ਖੜ੍ਹੇ ਹੋਣ ਵਾਲੀ ‘ਤੇ ਸੰਕਲਪ ਨਾਲ ਭਰਪੂਰ ਹੋ ਕਿਸੇ ਨਤੀਜੇ ਤਕ ਪੁੱਜਣ ਵਾਲੀ ਬਣੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਰਿਆਈ-ਕਾਲ ਤਕ ਆਉਂਦਿਆਂ ਆਉਂਦਿਆਂ ਇਹ ਚੇਤਨਾ ਚੜ੍ਹਦੀ ਕਲਾ ਦੇ ਸਿਖਰ ਤਕ ਪਹੁੰਚ ਚੁਕੀ ਸੀ। ਚੜ੍ਹਦੀ ਕਲਾ ਇੱਕ ਪਰਿਪੱਕ ‘ਤੇ ਸਦਾ ਸੱਚ ਦੀ ਜਿੱਤ ਤੈਅ-ਸ਼ੁਦਾ ਬਣਾਉਣ ਵਾਲੀ ਅਵਸਥਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਰਬੰਸ ਦਾਨ ਕਰ ਮੁਗ਼ਲ ਰਾਜ ਦਾ ਖਾਤਮਾ ਲਿਖਿਆ। ਚਮਕੌਰ ਦੀ ਕੱਚੀ ਗੜ੍ਹੀ ਤੇ ਸਰਹੰਦ ਤੋਂ ਪੂਰੇ ਭਾਰਤ ਅੰਦਰ ਸਵੈਮਾਣ ਦੀ ਰੋਸ਼ਨੀ ਲਿਸ਼ਕੀ ਸੀ।
ਮੁਗ਼ਲ ਰਾਜ ਦੀ ਕਮਜ਼ੋਰੀ ਤੇ ਪਤਨ ਦਾ ਕਾਰਨ ਪੰਜਾਬ ਬਣਿਆ। ਅਬਦਾਲੀ ਜਿਹੇ ਹਮਲਾਵਰ ਵੀ ਇਸ ਚੇਤਨਾ ਨੇ ਪਸਤ ਕੀਤੇ। ਇਸ ਦੀ ਕੀਮਤ ਵੀ ਸਿੱਖਾਂ ਨੂੰ ਚੁਕਾਣੀ ਪਈ। ਵਾਰ ਵਾਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਹੋਏ। ਲੱਖਾਂ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਪਰ ਕੌਮ ਦੀ ਚੜ੍ਹਦੀ ਕਲਾ ਸਦਾ ਕਾਇਮ ਰਹੀ। ਸਿੱਖ ਦਾ ਧਰਮ ਹੀ ਸੱਚ ਦੀ ਸੰਭਾਲ ਕਰਨਾ ਸੀ। ਬ੍ਰਿਟਿਸ਼ ਰਾਜ ਵਿਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੇ ਜਿੱਥੇ ਚੜ੍ਹਦੀ ਕਲਾ ਦਾ ਨਿਵੇਕਲਾ ਪੱਖ ਪ੍ਰਗਟ ਕੀਤਾ, ਉੱਥੇ ਬ੍ਰਿਟਿਸ਼ ਸਰਕਾਰ ਨੂੰ ਵਾਰ-ਵਾਰ ਪਿੱਛੇ ਪਰਤਨ ਲਈ ਮਜਬੂਰ ਕਰ ਉਸ ਦਾ ਮਨੋਬਲ ਤੋੜਨ ਦਾ ਵੱਡਾ ਕੰਮ ਕੀਤਾ। ਸਾਰੇ ਮੋਰਚੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕਰ ਅਰੰਭ ਹੁੰਦੇ ਅਤੇ ਸਰ ਕੀਤੇ ਜਾਂਦੇ ਰਹੇ। ਜੈਤੋ ਵਿਚ ਲੱਗਣ ਵਾਲੇ ਮੋਰਚੇ ਨੇ ਭਾਰਤ ਦੀ ਅਜ਼ਾਦੀ ਲਈ ਸੰਘਰਸ਼ ਕਰ ਰਹੀ ਕਾਂਗਰਸ ਪਾਰਟੀ ਨੂੰ ਵੀ ਹੈਰਾਨ ਕਰ ਦਿੱਤਾ। ਕਾਂਗਰਸ ਦੇ ਲੀਡਰਾਂ ਲਈ ਯਕੀਨ ਕਰਨਾ ਮੁਸ਼ਕਿਲ ਸੀ ਕਿ ਇੰਨਾ ਲੰਮਾ ਤੇ ਪੂਰਨ ਅਹਿੰਸਕ ਕੋਈ ਅੰਦੋਲਨ ਚਲਾਇਆ ਜਾ ਸਕਦਾ ਹੈ। ਬ੍ਰਿਟਿਸ਼ ਸਰਕਾਰ ਵੀ ਸਾਰਾ ਜ਼ੋਰ, ਜਬਰ ਕਰ ਕੇ ਹਾਰ ਗਈ। ਜੈਤੋ ਮੋਰਚਾ ਫਤਿਹ ਹੋਇਆ। ਇਨ੍ਹਾਂ ਮੋਰਚਿਆਂ ਦਾ ਮਕਸਦ ਭਾਵੇਂ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ, ਪੁਜਾਰੀਆਂ ਕੋਲੋਂ ਖੋਹ ਕੇ ਆਪਣੇ ਹੱਥ ਲੈਣਾ ਸੀ ਪਰ ਟਾਕਰਾ ਅੰਤ ਬ੍ਰਿਟਿਸ਼ ਸਰਕਾਰ ਨਾਲ ਹੀ ਹੋ ਜਾਂਦਾ। ਹਰ ਮੋਰਚੇ ਦੀ ਫਤਿਹ ਤੋਂ ਬਾਅਦ ਜਦੋਂ ਬ੍ਰਿਟਿਸ਼ ਸਰਕਾਰ ਕਮਜ਼ੋਰ ਨਜ਼ਰ ਆਉਂਦੀ ਇਸ ਦਾ ਅਸਰ ਪੂਰੇ ਦੇਸ਼ ਅੰਦਰ ਪੈਂਦਾ। ਵਾਰ ਵਾਰ ਇਹ ਸਾਬਿਤ ਹੁੰਦਾ ਕਿ ਤਾਕਤਵਰ ਸਮਝਣ ਵਾਲੀ ਇਸ ਸਰਕਾਰ ਨੂੰ ਵੀ ਝੁਕਾਇਆ ’ਤੇ ਮਜਬੂਰ ਕੀਤਾ ਜਾ ਸਕਦਾ ਹੈ।
ਸਿੱਖ ਚੇਤਨਾ ਸਦਾ ਹੀ ਜਿੱਤ ਦਾ ਪ੍ਰਤੀਕ ਰਹੀ ਹੈ। ਜਦੋਂ ਸੱਚ ਦਾ ਪੱਖ ਹੋਵੇ ਤੇ ਪਰਮਾਤਮਾ ਦਾ ਭਰੋਸਾ ਹੋਵੇ ਤਾਂ ਕਦੇ ਵੀ ਨਿਰਾਸ਼ਾ ਨੇੜ੍ਹੇ ਨਹੀਂ ਆਉਂਦੀ। ਆਸ ਤੇ ਵਿਸ਼ਵਾਸ ਹੀ ਜਿੱਤ ਦਾ ਕਾਰਨ ਬਣਦੇ ਹਨ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਕਿਸੇ ਵੀ ਮੋਰਚੇ ਵਿਚ ਸਿੱਖ ਸਵੈ-ਪ੍ਰੇਰਨਾ ਨਾਲ ਅੱਗੇ ਆ ਕੇ ਹਿੱਸਾ ਲੈਂਦੇ ਰਹੇ। ਆਗੂਆਂ ਦੀ ਵੀ ਹੋਈ। ਅਜਿਹੇ ਮੌਕੇ ਆਏ ਜਦੋਂ ਮੋਰਚਾ ਲੱਗਣ ਤੋਂ ਪਹਿਲਾਂ ਹੀ ਆਗੂ ਗ੍ਰਿਫਤਾਰ ਹੋ ਗਏ। ਮੋਰਚੇ ਮਿੱਥੇ ਸਮੇਂ ਅਨੁਸਾਰ ਹੀ ਲੱਗੇ ਕਿਉਂਕਿ ਨਵੇਂ ਆਗੂ ਸਾਹਮਣੇ ਆ ਗਏ। ਇਹ ਸਿੱਖਾਂ ਅੰਦਰ ਸਮਾਜਿਕ, ਧਾਰਮਿਕ, ਰਾਜਸੀ ਹਾਲਾਤ ਬਾਰੇ ਉਨ੍ਹਾਂ ਦੀ ਚੇਤਨਾ ਦਾ ਫ਼ਲ ਸੀ।
ਪੂਰੇ ਭਾਰਤ ਅੰਦਰ ਸਿੱਖ ਚੇਤਨਾ ਨੇ ਅਜ਼ਾਦੀ ਲਈ ਸੰਘਰਸ਼ ਦੀ ਸਫਲਤਾ ਦੀ ਆਸ ਜਗਾਈ ’ਤੇ ਸਵੈਮਾਣ ਨਾਲ ਜਿਉਣ ਦੀ ਚਾਹ ਪੈਦਾ ਕੀਤੀ। ਦਰਅਸਲ ਸਿੱਖ ਜਾਣਦੇ ਸਨ ਕਿ ਸੁਤੰਤਰਤਾ ਤੇ ਸਵੈਮਾਣ ਦਾ ਕੀ ਮੋਲ ਹੈ। ਕਾਂਗਰਸ ਨੇ ਅੰਗਰੇਜ਼ਾਂ ਦੇ ਭਾਰਤ ਛੱਡਣ ਦਾ ਨਾਅਰਾ ਸੰਨ ੧੯੪੨ ਵਿਚ ਦਿੱਤਾ ਸੀ ਪਰ ਸਿੱਖ ਆਗੂ ਬਾਬਾ ਖੜਕ ਸਿੰਘ ਨੇ ੬ ਮਾਰਚ ਸੰਨ ੧੯੨੨ ਨੂੰ ਸਿਆਲਕੋਟ ਦੇ ਆਦਮਕੇ ਵਿਚ ਤਕਰੀਰ ਕਰਦਿਆਂ ਹੀ ਕਹਿ ਦਿੱਤਾ ਸੀ ਕਿ ਅੰਗਰੇਜ਼ਾਂ ਨੂੰ ਹੁਣ ਹਿੰਦੁਸਤਾਨ ਵਿਚ ਨਹੀਂ ਰਹਿਣ ਦੇਣਾ ਚਾਹੀਦਾ। ਇਹ ਬਹੁਤ ਹੀ ਹੌਂਸਲੇ ਵਾਲੀ ਗੱਲ ਤੇ ਹਾਲਾਤ ਦਾ ਸੱਚਾ ਮੁਲਾਂਕਣ ਸੀ। ਇਸ ਤਕਰੀਰ ਕਾਰਨ ਬਾਬਾ ਜੀ ’ਤੇ ਮੁਕੱਦਮਾ ਚੱਲਿਆ। ਬਾਬਾ ਖੜਕ ਸਿੰਘ ਨੇ ਅਦਾਲਤ ਵਿਚ ਕੋਈ ਸਫਾਈ ਨਹੀਂ ਦਿੱਤੀ। ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਹੋਈ। ਬਾਬਾ ਖੜਕ ਸਿੰਘ ਜੀ ਨੂੰ ਡੇਰਾ ਗਾਜੀ ਖਾਂ ਜੇਲ੍ਹ ਵਿਚ ਭੇਜ ਦਿੱਤਾ ਗਿਆ। ਜੇਲ੍ਹ ਵਿਚ ਕਾਲੀ ਪੱਗ ਤੇ ਗਾਂਧੀ ਟੋਪੀ ਪਾਉਣ ‘ਤੇ ਰੋਕ ਲਗਾ ਦਿੱਤੀ ਗਈ। ਬਾਬਾ ਜੀ ਨੇ ਵਿਰੋਧ ‘ਚ ਕੱਪੜੇ ਹੀ ਪਾਉਣੇ ਛੱਡ ਦਿੱਤੇ। ਭਾਰੀ ਠੰਡ ਸੀ ਪਰ ਉਨ੍ਹਾਂ ਆਪਣਾ ਸੰਕਲਪ ਨਹੀਂ ਤਿਆਗਿਆ। ਅਫਸਰਾਂ ਨੇ ਹਾਰ ਕੇ ਬਾਬਾ ਜੀ ਨੂੰ ਕਾਲੀ ਪੱਗ ਦੀ ਇਜਾਜ਼ਤ ਦੇ ਦਿੱਤੀ ਪਰ ਉਨ੍ਹਾਂ ਗਾਂਧੀ ਟੋਪੀ ਤੋਂ ਵੀ ਰੋਕ ਵਾਪਿਸ ਲੈਣ ਦੀ ਮੰਗ ਕੀਤੀ। ਬਾਬਾ ਖੜਕ ਸਿੰਘ ਨੇ ਕਿਹਾ ਕਿ ਉਹ ਕਿਸੇ ਦੇ ਵੀ ਸਤਿਕਾਰ ਤੇ ਵਕਾਰ ਨੂੰ ਢਾਹ ਨਹੀਂ ਲੱਗਣ ਦੇਣਾ ਚਾਹੁੰਦੇ। ਇਹ ਸਿੱਖ ਚੇਤਨਾ ਦੀ ਵਿਆਪਕਤਾ ਤੇ ਸ੍ਰੇਸ਼ਟ ਮਿਆਰ ਦਾ ਪ੍ਰਤੀਕ ਸੀ। ਅੱਜ ਅਚਰਜ ਕੀਤਾ ਜਾਂਦਾ ਹੈ ਕਿ ਕਾਲੇ ਪਾਣੀ ਦੀ ਸਜ਼ਾ ਭੋਗਣ ਵਾਲਿਆਂ, ਫਾਂਸੀ ’ਤੇ ਚੜ੍ਹਨ ਵਾਲਿਆਂ ਵਿਚ ਸਿੱਖਾਂ ਦੀ ਤਾਦਾਦ ਅੱਸੀ ਫੀਸਦੀ ਤੋਂ ਜ਼ਿਆਦਾ ਸੀ। ਅਤਿ ਘੱਟ ਅਬਾਦੀ ਹੋਣ ਦੇ ਬਾਵਜੂਦ ਸਿੱਖਾਂ ਦਾ ਮੁੱਖ ਯੋਗਦਾਨ ਉਨ੍ਹਾਂ ਦੀ ਸੋਚ ਤੇ ਭਾਵਨਾ ਦੇ ਕਾਰਨ ਸੀ ਜਿਸ ਨੂੰ ਸਮਝਣ ਲਈ ਸਿੱਖੀ ਸਿਦਕ ਦੀ ਗਹਿਰਾਈ ਤਕ ਜਾਣ ਦੀ ਲੋੜ ਹੈ। ਬਾਬਾ ਖੜਕ ਸਿੰਘ ਜਿਹੇ ਸਿੱਖ ਆਗੂ ਪੰਜਾਬ ਅੰਦਰ ਸਦਾ ਹੀ ਬ੍ਰਿਟਿਸ਼ ਸਰਕਾਰ ਨੂੰ ਕਮਜ਼ੋਰ ਸਾਬਿਤ ਕਰਦੇ ਰਹੇ। ਗੁਰਦੁਆਰਾ ਰਕਾਬਗੰਜ ਸਾਹਿਬ ਨਵੀਂ ਦਿੱਲੀ ਦੀ ਤੋੜੀ ਗਈ ਕੰਧ ਸਰਕਾਰ ਨੇ ਦੁਬਾਰਾ ਮੋਰਚਾ ਅਰੰਭ ਹੋਣ ਤੋਂ ਪਹਿਲਾਂ ਹੀ ਬਣਵਾ ਦਿੱਤੀ ਸੀ। ਸ੍ਰੀ ਨਨਕਾਣਾ ਸਾਹਿਬ ਵਿਚ ਮਹੰਤ ਦੁਆਰਾ ਧੋਖੇ ਨਾਲ ਕੀਤੇ ਸਿੱਖਾਂ ਦੇ ਕਤਲ-ਏ-ਆਮ ਤੋਂ ਬਾਅਦ ਸਿੱਖਾਂ ਦੀ ਫੌਰਨ ਗੁਰਦੁਆਰੇ ਦੀਆਂ ਚਾਬੀਆਂ ਸੌਂਪਣ ਦੀ ਮੰਗ ਸਰਕਾਰ ਨੂੰ ਮੰਨਣ ਲਈ ਮਜਬੂਰ ਹੋਣਾ ਪਿਆ ਸੀ।
ਸਿੱਖ ਭਾਵਨਾ ਜੋ ਮੁਗ਼ਲ ਰਾਜ ਤੇ ਬਾਅਦ ਵਿਚ ਬ੍ਰਿਟਿਸ਼ ਰਾਜ ਅੰਦਰ ਵਿਕਸਿਤ ਹੋਈ ਉਹ ਸਿੱਖ ਕੌਮ ਦਾ ਹੀ ਨਹੀਂ ਪੂਰੇ ਭਾਰਤ ਦਾ ਸਵੈਮਾਣ ਜਾਗ੍ਰਿਤ ਕਰਨ ਤੇ ਵਧਾਉਣ ਵਾਲੀ ਸੀ। ਸਿੱਖ ਕੌਮ ਨੇ ਪ੍ਰਗਟ ਕੀਤਾ ਕਿ ਉਸ ਦੀ ਆਪਣੀ ਸੁਤੰਤਰ ਸੋਚ ਹੈ ਜਿਸ ਨੂੰ ਨਾ ਤਾਂ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਨਾ ਹੀ ਦਬਾਇਆ ਜਾ ਸਕਦਾ ਹੈ ਮੁਗ਼ਲਾਂ ਦੀ ਤਾਕਤ ਅਥਾਹ ਸੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਾਤਰ ਚਾਲ੍ਹੀ ਸਿੱਖਾਂ ਨਾਲ ਦਸ ਲੱਖ ਫੌਜ ਦੀ ਮੁਗ਼ਲ ਫੌਜ ਦਾ ਮੁਕਾਬਲਾ ਕਰ ਸੋਚ ਦੀ ਸਰਵਉੱਚਤਾ ਪ੍ਰਮਾਣਿਤ ਕੀਤੀ। ਬ੍ਰਿਟਿਸ਼ ਰਾਜ ਵਿਚ ਸਿੱਖਾਂ ਦੇ ਮੋਰਚੇ ਸੰਖਿਆ ਬਲ ਨਾਲ ਨਹੀਂ ਅਰਦਾਸ ਤੇ ਸੰਕਲਪ ਦੀ ਤਾਕਤ ਨਾਲ ਜਿੱਤੇ ਗਏ ਸਨ। ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਅੱਜ ਤਕ ਦਾ ਸਿੱਖ ਸੰਘਰਸ਼ ਦਾ ਇਤਿਹਾਸ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਦਾ ਇਤਿਹਾਸ ਕਿਹਾ ਜਾ ਸਕਦਾ ਹੈ। ਸਿੱਖਾਂ ਨੇ ਸੰਸਾਰ ਨੂੰ ਦੱਸਿਆ ਕਿ ਕਿਵੇਂ ਪਾਵਨ ਸੋਚ ਧਾਰਨ ਕੀਤੀ ਜਾ ਸਕਦੀ ਹੈ ਤੇ ਕਿਵੇਂ ਉਸ ਲਈ ਡਟਿਆ ਜਾ ਸਕਦਾ ਹੈ। ਆਪਣੀ ਸੋਚ, ਆਪਣੀ ਪਛਾਣ ਤੇ ਵਿਰਸੇ ’ਤੇ ਮਾਣ ਹੋਣਾ ਚਾਹੀਦੈ ਤਾਂ ਹੀ ਸੰਕਲਪ ਪੈਦਾ ਹੁੰਦਾ ਹੈ।
ਭਾਰਤ ਦੇ ਲੋਕਤੰਤਰ ਦੇ ਬੀਜ ਵੀ ਸਿੱਖ ਫ਼ਲਸਫ਼ੇ ਵਿਚ ਹੀ ਲੱਭੇ ਜਾ ਸਕਦੇ ਹਨ । ਗੁਰੂ ਤੇ ਸਿੱਖ ਦੀ ਅਭੇਦਤਾ ਗੁਰਬਾਣੀ ਅੰਦਰ ਪ੍ਰਗਟ ਹੋਈ ਹੈ। ਸਾਧ-ਸੰਗਤ ਦੀ ਮਹਿਮਾ ਤੇ ਪੰਜ ਪਿਆਰਿਆਂ ਦੀ ਸਾਜਨਾ ਇੱਕ ਨਿਵੇਕਲੀ ਵਿਵਸਥਾ ਦੇ ਜਨਕ ਸਨ। ਸਿੱਖ ਕੌਮ ਨੇ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਹੀ ਆਪਣਾ ਸੰਵਿਧਾਨ ਵੀ ਲਾਗੂ ਕਰ ਦਿੱਤਾ ਸੀ। ਸਿੱਖ ਰਹਿਤ ਮਰਯਾਦਾ ਤਿਆਰ ਤੇ ਪ੍ਰਵਾਨ ਕਰਨ ਵਿਚ ਇਕ ਦਹਾਕੇ ਤੋਂ ਜ਼ਿਆਦਾ ਦਾ ਸਮਾਂ ਲੱਗਿਆ ਸੀ। ਸਿੱਖ ਕੌਮ ਨੇ ਸਿੱਧ ਕੀਤਾ ਕਿ ਉਹ ਲੋਕਤਾਂਤਰਿਕ ਸੋਚ ਵਿਚਾਰ ਵਿਚ ਭਰੋਸਾ ਕਰਦੀ ਹੈ ਤੇ ਫੈਸਲਿਆਂ ’ਤੇ ਪੁੱਜਣਾ ਜਾਣਦੀ ਹੈ। ਸੰਸਾਰ ਅੰਦਰ ਸਿੱਖ ਕੌਮ ਹੀ ਇਕੱਲੀ ਕੌਮ ਹੈ ਜਿਸ ਦੀ ਆਪਣੀ ਪੂਰਨ ਸੋਚ ਵੀਚਾਰ ਨਾਲ ਸਵੀਕਾਰ ਕੀਤੀ ਗਈ ਲਿਖਿਤ ਰਹਿਤ ਮਰਯਾਦਾ ਹੈ। ਭਾਰਤ ਦਾ ਸੰਵਿਧਾਨ ਵੀ ਇਸੇ ਤਰਜ਼ ‘ਤੇ ਤਿਆਰ ਹੋਇਆ ਕਿਹਾ ਜਾ ਸਕਦਾ ਹੈ।
ਸਿੱਖੀ ਸੋਚ ਤੇ ਸੰਕਲਪ ਨੇ ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਹੀ ਪੂਰੇ ਭਾਰਤੀ ਭੂ-ਭਾਗ ਨੂੰ ਪ੍ਰਭਾਵਿਤ ਕੀਤਾ ਤੇ ਜੀਵਨ ਦੇ ਹਰ ਖੇਤਰ ਵਿਚ ਮਾਣ ਬਖਸ਼ਿਆ ਹੈ। ਇਸ ਨੂੰ ਖੁੱਲੇ ਦਿਲ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।