70 views 14 secs 0 comments

ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਿਚ ਗੁਰੂ-ਮਹਿਲਾਂ ਦਾ ਯੋਗਦਾਨ

ਲੇਖ
March 17, 2025

– ਬੀਬੀ ਪ੍ਰਕਾਸ਼ ਕੌਰ

ਸਿੱਖ ਧਰਮ ਦੇ ਪ੍ਰਚਾਰ ਤੇ ਵਿਕਾਸ ਵਿਚ ਗੁਰੂ-ਮਹਿਲਾਂ ਦਾ ਗੁਰਮਤਿ ਦੇ ਸਿਧਾਂਤ ਨੂੰ ਵਿਵਹਾਰਿਕ ਜਾਮਾ ਪਹਿਨਾਉਣ ਵਿਚ ਪੂਰਨ ਯੋਗਦਾਨ ਰਿਹਾ ਹੈ। ਗੁਰੂ-ਮਹਿਲਾਂ ਨੇ ਸਿੱਖੀ ਦੇ ਮਹੱਲ ਨੂੰ ਉਸਾਰਨ ਵਿਚ ਬੁਨਿਆਦ ਦਾ ਕੰਮ ਕੀਤਾ ਹੈ। ਇਸ ਦੀ ਗਵਾਹੀ ਜਨਮ-ਸਾਖੀਆਂ, ਮਹਿਮਾ ਪ੍ਰਕਾਸ਼, ਗੁਰਬਿਲਾਸ, ਪਰੰਪਰਾਵਾਂ ਅਤੇ ਹੁਕਮਨਾਮਿਆਂ ਤੋਂ ਮਿਲਦੀ ਹੈ। ਇਤਿਹਾਸ ਸਾਖੀ ਹੈ ਕਿ ਜਿੱਥੇ ਗੁਰੂ ਸਾਹਿਬਾਨ ਭਗਤੀ ਤੇ ਸ਼ਕਤੀ ਦੇ ਸਾਧਨਾਂ ਰਾਹੀਂ ਲੋਕਾਂ ਨੂੰ ਰੂਹਾਨੀ ਤੇ ਰਾਜਨੀਤਿਕ ਅਗਵਾਈ ਦੇਣ ਵਿਚ ਰੁੱਝੇ ਰਹਿੰਦੇ ਸਨ, ਉੱਥੇ ਗੁਰੂ-ਮਹਿਲ ਗੁਰੂ ਸਾਹਿਬਾਨ ਨੂੰ ਪੂਰਾ-ਪੂਰਾ ਸਹਿਯੋਗ ਦਿੰਦੇ ਸਨ। ਪਰਵਾਰ ਦੀ ਸੰਭਾਲ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਇਲਾਵਾ ਗੁਰੂ-ਦਰਬਾਰ ਦੇ ਪ੍ਰਬੰਧਾਂ ਤੇ ਨਿੱਤ ਦੇ ਕਾਰਜਾਂ ਦਾ ਨਿਰਬਾਹ, ਸੰਗਤਾਂ ਦੀ ਸੇਵਾ-ਸੰਭਾਲ ਬੜੇ ਸੁਚਾਰੂ ਰੂਪ ਨਾਲ ਕਰ ਕੇ ਉਹ ਪੂਰਨ ਯੋਗਦਾਨ ਪਾਉਂਦੇ ਰਹੇ।

ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੱਗਭਗ ੨੦ ਸਾਲ ਦੇ ਜਗਤ-ਭ੍ਰਮਣ ਉਪਰੰਤ ਕਰਤਾਰਪੁਰ ਆ ਧਰਮਸ਼ਾਲਾ ਬਣਾ ਕੇ ਸੰਗਤਾਂ ਦੇ ਮਾਰਗ-ਦਰਸ਼ਨ ਦਾ ਕੰਮ ਅਰੰਭਿਆ ਤਾਂ ਧਰਮਸ਼ਾਲਾ ਤੇ ਲੰਗਰ ਦਾ ਪ੍ਰਬੰਧ ਮਾਤਾ ਸੁਲੱਖਣੀ ਜੀ ਹੀ ਸੰਭਾਲਦੇ ਰਹੇ। ਗੁਰੂ-ਦਰਬਾਰ ਦੇ ਰਖ-ਰਖਾਵ ਤੇ ਨਿੱਤ ਦੇ ਕਾਰਜਾਂ ਦੀ ਜ਼ਿੰਮੇਵਾਰੀ ਮਾਤਾ ਜੀ ਦੀ ਸੀ। ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰੂ-ਕਾਲ ਵਿਚ ਲੰਗਰ ਦੀ ਸੰਸਥਾ ਨੂੰ ਜਿਹੜੀ ਪਰਪੱਕਤਾ ਪ੍ਰਾਪਤ ਹੋਈ ਸੀ, ਉਸ ਦਾ ਸਾਰਾ ਸਿਹਰਾ ਮਾਤਾ ਖੀਵੀ ਜੀ ਨੂੰ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਨੂੰ “ਨੇਕ ਜਨ” ਕਹਿ ਕੇ ਸਲਾਹਿਆ ਗਿਆ ਹੈ। ਅਸਲ ਵਿਚ ਲੰਗਰ ਦਾ ਸਮੁੱਚਾ ਪ੍ਰਬੰਧ ਹੀ ਮਾਤਾ ਖੀਵੀ ਜੀ ਦੇ ਹੱਥ ਵਿਚ ਸੀ ਅਤੇ ਇਸ ਤੱਥ ਦੀ ਪ੍ਰੋੜਤਾ ਭਾਈ ਸੱਤਾ ਜੀ -ਭਾਈ ਬਲਵੰਡ ਜੀ ਦੀ ਵਾਰ ਵਿੱਚੋਂ ਹੁੰਦੀ ਹੈ। ਗੁਰੂ-ਘਰ ਵਿਚ ਇਕ ਪਾਸੇ ਨਾਮ ਦੀ ਦੌਲਤ ਲੋਕਾਂ ਦੀ ਝੋਲੀ ਪੈ ਰਹੀ ਸੀ ਅਤੇ ਦੂਜੇ ਪਾਸੇ ਤਰ੍ਹਾਂ-ਤਰ੍ਹਾਂ ਦੇ ਭੋਜਨ, ਘਿਉ ਵਾਲੀ ਖੀਰ ਆਦਿ ਵੰਡੀ ਜਾ ਰਹੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਸੰਗਤਾਂ ਨੂੰ ਆਤਮਿਕ ਜੀਵਨ ਉਚੇਰਾ ਕਰਨ ਵਾਲੇ ਨਾਮ ਨਾਲ ਜੋੜ ਰਹੇ ਸਨ, ਅਤੇ ਉਨ੍ਹਾਂ ਦੀ ਸੁਪਤਨੀ ਮਾਤਾ ਖੀਵੀ ਜੀ ਸੰਗਤਾਂ ਲਈ ਸੁਆਦਲਾ ਲੰਗਰ ਤਿਆਰ ਕਰ ਰਹੇ ਸਨ।

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥
(ਪੰਨਾ ੯੬੭)

ਮਾਤਾ ਖੀਵੀ ਜੀ ਦੀ ਸਰਪ੍ਰਸਤੀ ਹੇਠ ਲੰਗਰ ਪੂਰੀ ਤਰ੍ਹਾਂ ਵਿਕਸਿਤ ਤੇ ਸੰਪੂਰਨ ਸੰਸਥਾ ਦੇ ਰੂਪ ਵਿਚ ਸਿੱਖ ਪਰੰਪਰਾ ਦਾ ਅੰਗ ਬਣ ਗਿਆ। ਸੇਵਾ ਦੀ ਮੂਰਤ ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ, ਸ੍ਰੀ ਗੁਰੂ ਰਾਮਦਾਸ ਜੀ ਦੀ ਸੁਪਤਨੀ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਬੀਬੀ ਭਾਨੀ ਜੀ ਧੰਨ ਸਨ, ਜਿਨ੍ਹਾਂ ਨੇ ਗੁਰੂ ਦਾ ਭਾਣਾ ਮੰਨ, ਰਜ਼ਾ ਵਿਚ ਰਹਿ ਕੇ ਇਤਿਹਾਸ ਹੀ ਬਦਲ ਦਿੱਤਾ। ਬੀਬੀ ਭਾਨੀ ਜੀ ਦੀ ਭੂਮਿਕਾ ਇਤਿਹਾਸਿਕ ਦ੍ਰਿਸ਼ਟੀ ਤੋਂ ਬੜੀ ਅਹਿਮੀਅਤ ਵਾਲੀ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਮਾਤਾ ਗੰਗਾ ਜੀ ਨੂੰ ਵੀ ਸਿੱਖ ਪਰੰਪਰਾ ਵਿਚ ਬੜਾ ਗੌਰਵਮਈ ਸਥਾਨ ਪ੍ਰਾਪਤ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਵਿਆਹ ਹੋਣ ਤੋਂ ਲੈ ਕੇ ਗੁਰੂ ਸਾਹਿਬ ਦੀ ਸ਼ਹਾਦਤ ਤਕ ਦਾ ੨੭ ਸਾਲ ਦਾ ਸਮਾਂ ਬਣਦਾ ਹੈ। ਇਨ੍ਹਾਂ ਸਾਲਾਂ ਵਿਚ ਮਾਤਾ ਜੀ ਦਿਨ-ਰਾਤ ਗੁਰੂ-ਘਰ ਦੇ ਰਖ-ਰਖਾਵ ਤੇ ਸੰਗਤਾਂ ਦੀ ਸੇਵਾ-ਸੰਭਾਲ ਵਿਚ ਰੁੱਝੇ ਰਹੇ। ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਅਤੇ ਸਿੱਖ ਸੰਗਤਾਂ ਨੂੰ ਇਸ ਮਹਾਨ ਸਿੱਖੀ ਦੇ ਕੇਂਦਰ ਨਾਲ ਜੋੜਨ ਵਿਚ ਮਾਤਾ ਜੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ (ਸੰਨ ੧੬੦੬ ਈ:) ਤੋਂ ਲੈ ਕੇ ਮਾਤਾ ਜੀ ਦੇ ਜੋਤੀ-ਜੋਤ ਸਮਾਉਣ (ਸੰਨ ੧੬੨੮ ਈ:) ਤਕ ਦੇ ੨੨ ਸਾਲ ਦੇ ਸਮੇਂ ਵਿਚ ਮਾਤਾ ਜੀ ਦਾ ਯੋਗਦਾਨ ਬਹੁਤ ਹੀ ਅਹਿਮ ਰਿਹਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਿਆਈ ਸੰਭਾਲੀ ਅਤੇ ਇੱਥੋਂ ਹੀ ਇਕ ਮਹਾਨ ਕ੍ਰਾਂਤੀਕਾਰੀ ਪਰਿਵਰਤਨ ਦੇ ਦੌਰ ਵਿਚ ਮਾਤਾ ਜੀ ਗੁਰੂ-ਘਰ ਦੀ ਹਰ ਘਟਨਾ ਨਾਲ ਸਿੱਧੇ ਰੂਪ ਵਿਚ ਜੁੜੇ ਹੋਏ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਗੁਰਿਆਈ, ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ, ਸਿੱਖ ਲਹਿਰ ਨੂੰ ਹਥਿਆਰਬੰਦ ਹੁੰਦਿਆਂ ਦੇਖਣਾ, ਸਿੱਖਾਂ ਨੂੰ ਇਕ ਫੌਜ ਦੇ ਰੂਪ ਵਿਚ ਸੰਗਠਿਤ ਹੁੰਦਿਆਂ, ਮੁਗ਼ਲ ਹੁਕਮਰਾਨਾਂ ਨੂੰ ਚੁਣੌਤੀ ਦਿੰਦਿਆਂ ਉਨ੍ਹਾਂ ਨੇ ਅੱਖੀਂ ਵੇਖਿਆ। ਇਸ ਕ੍ਰਾਂਤੀਕਾਰੀ ਪਰਿਵਰਤਨ ਦੇ ਚਸ਼ਮਦੀਦ ਗਵਾਹ ਤੇ ਭਾਈਵਾਲ ਸਨ- ਮਾਤਾ ਗੰਗਾ ਜੀ।

ਮਾਤਾ ਗੁਜਰੀ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਦੀ ਸੁਪਤਨੀ ਅਤੇ ਦਸਮ ਪਿਤਾ ਦੀ ਮਾਤਾ ਦੀ ਦੇਣ ਨੂੰ ਕੌਣ ਭੁਲਾ ਸਕਦਾ ਹੈ! ਮਾਤਾ ਜੀ ਨੇ ਲੰਮਾ ਸਮਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਬਾਬੇ ਬਕਾਲੇ ਵਿਖੇ ਸੇਵਾ ਅਤੇ ਸਿਮਰਨ ਵਾਲਾ ਜੀਵਨ ਬਤੀਤ ਕੀਤਾ। ਆਪ ਬੜੇ ਵੱਡੇ ਜਿਗਰੇ ਵਾਲੇ ਸਨ। ਪਤੀ ਦੇ ਸ਼ਹੀਦ ਸੀਸ ਅੱਗੇ ਸਿਰ ਝੁਕਾ ਕੇ ਇਹੋ ਮੰਗ ਕੀਤੀ ਕਿ ਤੁਹਾਡੀ ਨਿਭ ਆਈ, ਬਖ਼ਸ਼ਿਸ ਕਰਨਾ ਮੇਰੀ ਵੀ ਨਿਭ ਜਾਏ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਵਿਰੁੱਧ ਅਵਾਜ਼ ਉਠਾਈ, ਤਾਂ ਆਪ ਨੇ ਭਰਪੂਰ ਅਸੀਸਾਂ ਦਿੱਤੀਆਂ। ਆਪ ਜੀ ਨੇ ਮਾਤਾ ਨਾਨਕੀ ਜੀ (ਸੱਸ ਮਾਤਾ) ਨਾਲ ਮਿਲ ਕੇ ਮਸੰਦਾਂ ਤੇ ਹੋਰ ਗੁਰੂ-ਘਰ ਦੇ ਦੋਖੀਆਂ ਨੂੰ ਤਾੜਨਾ ਵੀ ਕੀਤੀ। ਠੰਡੇ ਬੁਰਜ ਵਿਚ ਮਾਸੂਮ ਪੋਤਰਿਆਂ ਨੂੰ ਨਿਰਭੈਤਾ ਦਾ ਪਾਠ ਪੜ੍ਹਾਇਆ ਤੇ ਸਿੱਖੀ ਵਿਚ ਪ੍ਰਪੱਕ ਕੀਤਾ। ਆਪ ਜੀ ਨੇ ਸ਼ਹਾਦਤ ਪ੍ਰਾਪਤ ਕਰ ਕੇ ਸਿੱਖ ਇਤਿਹਾਸ ਵਿਚ ਪਹਿਲੀ ਇਸਤਰੀ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਕੀਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੁਪਤਨੀ ਮਾਤਾ ਸੁੰਦਰੀ ਜੀ ਨੇ ਖਾਲਸਾ ਪੰਥ ਦੀ ਸਰਬਾਂਗੀ ਰਹਿਨੁਮਾਈ ਕੀਤੀ। ਮਾਤਾ ਜੀ ਦਾ ਯੋਗਦਾਨ ਸਿੱਖ ਧਰਮ ਦੇ ਪ੍ਰਸਾਰ ਵਿਚ ਅਹਿਮ ਸਥਾਨ ਰੱਖਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਲੰਮਾ ਸਮਾਂ ਖਾਲਸਾ ਪੰਥ ਦੀ ਸਫਲ ਰਹਿਨੁਮਾਈ ਕਰ ਕੇ ਅਗਵਾਈ ਦੀ ਪਰੰਪਰਾ ਵਿਚ ਇਕ ਨਵਾਂ ਮੀਲ-ਪੱਥਰ ਕਾਇਮ ਕੀਤਾ। ਆਪ ਜੀ ਦਾ ਸਮੁੱਚਾ ਜੀਵਨ ਸੰਘਰਸ਼ਾਂ ਵਿਚ ਗੁਜ਼ਰਿਆ। ਆਪ ਜੀ ਨੇ ਸਿੱਖਾਂ ਦੇ ਨਾਂ ’ਤੇ ਹੁਕਮਨਾਮੇ ਵੀ ਜਾਰੀ ਕੀਤੇ। ਆਪ ਜੀ ਦਾ ਸਮੁੱਚਾ ਜੀਵਨ ਅਣਖ, ਨਿਰਭੈਤਾ, ਭਗਤੀ, ਸ਼ਕਤੀ, ਉੱਚ-ਆਚਰਨ ਅਤੇ ਦਾਨਸ਼ਮੰਦੀ ਦਾ ਪ੍ਰਤੀਕ ਹੈ। ਮਾਤਾ ਜੀ ਦਾ ਜੀਵਨ ਸਾਡੇ ਸਾਰਿਆਂ ਲਈ ਪਰਮ-ਸਨਮਾਨਯੋਗ ਅਤੇ ਪ੍ਰੇਰਨਾਦਾਇਕ ਹੈ।

ਸਿੱਖ ਪੰਥ ਦੀ ਨੁਹਾਰ ਬਦਲਣ ਵਿਚ ਤੇ ਉਸ ਦੀ ਸਥਾਪਤੀ ਵਿਚ ਗੁਰੂ-ਮਹਿਲਾਂ ਦੀ ਉਚੇਰੀ ਭੂਮਿਕਾ ਰਹੀ ਹੈ। ਸਿੱਖ ਪਰੰਪਰਾ ਵਿਚ ਇਤਿਹਾਸਿਕ ਸਰੋਤਾਂ ਦੇ ਮੁਤਾਬਿਕ ਉਨ੍ਹਾਂ ਦਾ ਆਪਣਾ ਇਕ ਨਿਵੇਕਲਾ ਤੇ ਵਿਲੱਖਣ ਰੁਤਬਾ ਹੈ।