
ਸਿੱਖਾਂ ਦਾ ਨਿਰਾ ਇਹੀ ਉਪਕਾਰ ਨਹੀਂ ਕਿ ਓਹਨਾਂ ਸਾਰੇ ਹਿੰਦ ਨੂੰ, ਖੂਨੀ ਲੁਟੇਰਿਆਂ ਤੋਂ, ਜਿੰਦਾਂ ਹੂਲ ਕੇ ਬਚਾਇਆ। ਸਿੱਖ ਨਿਰੇ ਜੋਧੇ ਹੀ ਨਹੀਂ, ਸਗੋਂ ਏਹਨਾਂ ਨੇ ਕਈ ਤਰ੍ਹਾਂ ਨਾਲ ਦੇਸ ਵਾਸੀਆਂ ਨੂੰ ਜੀਵਨ-ਜਾਚ ਸਿਖਾਈ ।
ਸਭ ਤੋਂ ਪਹਿਲਾਂ, ਗੁਰੂ ਸਾਹਿਬਾਨ ਨੇ ਦੇਸ ਦੀ ਹਾਲਤ ਦੇਖਦਿਆਂ ਸੁਭਾ ਉਸਾਰੀ ਵੱਲ ਖਿਆਲ ਕੀਤਾ । ਇਨਸਾਨ ਨੂੰ ਇਨਸਾਨ ਬਣਾਉਣਾ ਚਾਹਿਆ। “ਸੁਣਿਐ ਅੰਧੇ ਪਾਵਹਿ ਰਾਹੁ” ਵਾਲੀ ਗੱਲ ਹੋਈ। ਰੋਜ਼ ਦੋ ਵੇਲੇ ਦੀਵਾਨ ਸਜਦੇ ਤੇ ਸੰਗਤਾਂ ਉਪਦੇਸ਼ ਲੈਣ ਲੱਗੀਆਂ । ਏਸ ਤਰ੍ਹਾਂ ਹਰ ਵਰਨ ਦੇ ਲੋਕ ਇਕੱਠੇ ਬਹਿਣ ਲੱਗੇ। ਮੁਸਲਮਾਨ ਵੀ ਆ ਜਾਂਦੇ ਸਨ, ਇਹ ਗਲ ‘ਤੜਕਿ-ਜਹਾਂਗੀਰੀ’ ਵਿਚ ਬਾਦਸ਼ਾਹ ਆਪ ਲਿਖਦਾ ਹੈ । ਮੁਕਦੀ ਗੱਲ, ਗੁਰੂਆਂ ਮਿਲ ਕੇ ਬਹਿਣਾ ਸਿਖਾਇਆ । ਵਾਕ ਵੀ ਹੈ :-
‘ਮਿਲਬੇ ਕੀ ਮਹਿਮਾ ਬਰਨਿ ਨ ਸਾਕਉ’
ਉਪਰਲੀਆਂ ਜ਼ਾਤਾਂ ਦੀ ਆਪਾ-ਵਧਾਊ ਬਿਰਤੀ ਤੇ ਨੀਵੀਆਂ ਜਾਤਾਂ ਦੀ ਆਪਾ-ਘਟਾਊ ਬਿਰਤੀ ਦੂਰ ਹੋ ਗਈ। ਸਭ ਆਪਣੇ ਆਪ ਨੂੰ ਇਕੋ ਜਿਹੇ ਸਮਝਣ ਲੱਗ ਪਏ । ਖਾਣ ਪੀਣ ਵੇਲੇ ਪੰਗਤਾਂ ਇਕੱਠੀਆਂ ਲੱਗਣ ਲੱਗੀਆਂ । ਲੰਗਰਾਂ ਤੋਂ ਛੋਹ ਉਡਾਉਣ ਦਾ ਸਿੱਖਾਂ ਨੇ ਕਾਫ਼ੀ ਕੰਮ ਲਿਆ । ਕਬੀਰ ਸਾਹਿਬ ਨੇ ਵਰਨ ਜਾਤ ਦੇ ਖ਼ਿਲਾਫ ਭਰ ਕੇ ਸ਼ਬਦ ਲਿਖੇ ਪਰ ਸਿੱਖਾਂ ਕਿਹਾ ਤੇ ਕਰ ਕੇ ਵੀ ਦੱਸਿਆ। ਪੰਜਾਬ ਵਿਚ ਛੋਹ-ਛਹ-ਛਾਹ ਦਾ ਭਰਮ ਕਾਫ਼ੀ ਮਿਟਿਆ। ਦੋਸ ਉੱਤੇ ਇਹ ਪਹਿਲਾ ਉਪਕਾਰ ਸੀ । ਏਸੇ ਕਰ ਕੇ ਅਸੀਂ ਇਕ ਮੁੱਠ ਹੋਏ ਤੇ ਇਕ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਜਾਣ ਕੇ, ਜਦ ਦੇਸ ਤੇ ਭੀੜ ਬਣੀ, ਅਸੀਂ ਤਲੀਆਂ ‘ਤੇ ਸਿਰ ਰੱਖੀ ਰਣ ਵਿਚ ਗੱਜੇ । ਛੋਹ ਦੂਰ ਕਰਨ ਨਾਲ ਸਾਡਾ ਪਾਲੇਟਿਕਸ ਸਿੱਧਾ ਹੋ ਗਿਆ। ਛੋਹ ਦੂਰ ਕਰਨ ਨਾਲ ਸਿੱਖ ਸਮਾਜ ਬਣਿਆ, ਜਿਸ ਨੇ ਦੇਸ ਵਿਚ ਪੰਚਾਇਤੀ ਰਾਜ ਦਾ ਰੰਗ ਗੁੜਾ ਕੀਤਾ । ਸੋ ਪਹਿਲਾ ਉਪਕਾਰ ਵਰਨ-ਭੇਦ ਗਵਾਉਣਾ ਸੀ, ਜਿਸ ਨਾਲ ਆਪਸ ਵਿਚ ਪਿਆਰ ਤੇ ਹਿੱਤ ਵਧਿਆ।
ਦੂਜਾ ਉਪਕਾਰ ਪੰਚਾਇਤੀ ਰਾਜ ਨੂੰ ਪੱਕਾ ਕਰਨ ਦਾ ਸੀ । ਗੁਰਦੇਵ ਉਪਦੇਸ਼ ਦੇ ਕੇ, ਫੇਰ ਸੰਗਤਾਂ ਦੇ ਝਗੜੇ ਨਿਬੇੜਦੇ ਸਨ । ਅਸਾਂ ਸਿਆਸਤਦਾਨਾਂ ਨੂੰ ਸੂਝ ਕਰਾ ਦਿੱਤੀ ਸੀ ਕਿ ਜਨਤਾ ਨੂੰ ਉਠਾਉਣਾ ਹੋਵੇ, ਤਾਂ ਹਕੂਮਤ ਦੇ ਮੁਕਾਬਲੇ ਉੱਤੇ ਆ ਕੇ ਸੁਖ ਦੇ ਰਾਹ ਕੱਢੋ। ਪੰਜਾਬ ਵਿਚ ਪ੍ਰਚਾਰ ਕਾਫ਼ੀ ਹੋ ਰਿਹਾ ਸੀ । ਏਸੇ ਲਈ ਪੰਜਾਬ ਸਭ ਸੂਬਿਆਂ ਨਾਲੋਂ ਅਗਾਂਹ ਰਿਹਾ, ਸਿਰਫ਼ ਪੰਚਾਇਤੀ ਰਾਜ ਦੇ ਸਿਰ ਸਦਕੇ। ਹੋਰ ਸੂਬੇ ਉੱਦਮ ਮਣਸ ਚੁੱਕੇ ਸਨ । ਆਪ ਤਾਂ ਨਾ ਉੱਠੇ, ਪੰਜਾਬ ਦੇ ਉੱਠਣ ਕਰ ਕੇ ਬਚੇ ਰਹੇ ।
ਤੀਜਾ ਉਪਕਾਰ ਅਸਾਂ ਬਹੁਤਿਆਂ ਇਲਾਕਿਆਂ ਦੀਆਂ ਬੋਲੀਆਂ ਵਿਚ ਪ੍ਰਚਾਰ ਕੀਤਾ, ਜਿਸ ਤੋਂ ਅਨਪੜ੍ਹ ਜਨਤਾ ਨੂੰ ਸੂਝ ਹੋ ਗਈ, ਬੇਇਲਮਿਆਂ ਪੱਲੇ ਕੁਝ ਪੈਂਦਾ ਗਿਆ। ਉਹ ਪਿੱਛੇ ਲੱਗ ਤੁਰੇ ਤੇ ਸਾਡੇ ਪੈਰ ਜੰਮਦੇ ਗਏ । ਲੋਕਾਂ ਦੀ ਸੂਝ ਲਈ ਹੋਰ ਇਲਾਕਿਆਂ ਦੇ ਭਗਤਾਂ ਦੀ ਬਾਣੀ ਇਕੱਠੀ ਕੀਤੀ, ਅਦਬ ਕੀਤਾ ਤੇ ਕਰਾਇਆ। ਇਲਾਕੇ ਤੇ ਬੋਲੀ ਦਾ ਵਿਤਕਰਾ ਨਾ ਰੱਖਿਆ। ਅਸੀਂ ਚਾਹੁੰਦੇ ਸਾਂ ਲੋਕਾਂ ਨੂੰ ਸੁਧਾਰਨਾ, ਉਸ ਵਾਸਤੇ ਹਰ ਹੀਲਾ ਕਰਦੇ ਸਾਂ । ਅਸਾਂ ਆਪਣੇ ਹੀ ਬੰਦਿਆਂ ਦੇ ਖਿਆਲ ਨਹੀਂ ਪ੍ਰਚਾਰੇ, ਸਗੋਂ ਜਿਨ੍ਹਾਂ ਦੇ ਆਪਣੇ ਜਿਹੇ ਖਿਆਲ ਸਨ, ਓਹਨਾਂ ਦਾ ਵੀ ਪਰਚਾਰ ਕੀਤਾ । ਭਗਤ ਵੱਖੋ-ਵੱਖ ਇਲਾਕਿਆਂ ਦੇ ਸਨ ਤੇ ਵੱਖਰੀਆਂ ਬੋਲੀਆਂ ਵੀ ਸਨ । ਅਸਾਂ ਹਰ ਥਾਂ ਦੇ ਬੰਦੇ ਵਾਸਤੇ ਮਸਾਲਾ ਇੱਕਠਾ ਕੀਤਾ । ਏਸ ਤਰ੍ਹਾਂ ਸਾਰੇ ਭਾਰਤ ਨੂੰ ਆਪਣਾ ਸਮਝਿਆ । ਚੌਥਾ ਉਪਕਾਰ ਸਿੰਘ ਬਾਣਾ ਸਜਾ ਕੇ ਦੇਸ ਦੀ ਹਾਲਤ ਸੁਧਾਰੀ । ਅਸੀਂ ਪਹਿਲਾਂ ਤੋਂ ਹੀ ਖ਼ੁਦਾਈ ਖ਼ਿਦਮਤਗਾਰ ਸਾਂ। ਸਮੇਂ ਨੇ ਅਜਿਹਾ ਪਲਟਾ ਖਾਧਾ, ਜੇ ਪ੍ਰਤੱਖ ਵੱਖਰੇ ਹੋ ਕੇ ਦੁੱਖਾਂ ਦਾ ਟਾਕਰਾ ਨਾ ਕਰਦੇ, ਤਾਂ ਨਾ ਅਸੀਂ ਰਹਿੰਦੇ, ਨਾ ਹੀ ਉਹ ਰਹਿਣੇ ਸਨ, ਜਿਨ੍ਹਾਂ ਉਤੇ ਅਸਾਂ ਉਪਕਾਰ ਕੀਤੇ । ਜਦ ਦੇਸ ਉੱਤੇ ਬਿਪਤਾ ਦੇ ਹੜ੍ਹ ਆਉਂਦੇ ਤਾਂ ਕੁਝ ਜਿਗਰੇ ਵਾਲੇ ਸਿੰਘ ਅੱਗਾਂਹ ਆ ਖਲੋਂਦੇ ਸਨ। ਓਹਨਾਂ ਦੀ ਧਾਗੇ ਵਿਚ ਪ੍ਰੋਤੇ ਮਣਕਿਆਂ ਵਾਂਗ ਤਰਤੀਬ ਹੁੰਦੀ ਸੀ । ਉਹ ਅੱਛੀ ਤਰ੍ਹਾਂ ਅੜਦੇ ਸਨ । ਏਹਨਾਂ ਸਦਕਾ ਆਮ ਖ਼ਲਕਤ ਬਚ ਜਾਂਦੀ ਸੀ । ਜੇ ਅਸੀਂ ਵੱਖਰਾ ਰੂਪ ਨ ਧਾਰਦੇ ਤਾਂ ਫ਼ਰੁੱਖਸੀਅਰ ਵੇਲੇ ਏਨੀ ਸੇਵਾ ਨਹੀਂ ਸੀ ਹੋਣੀ, ਜਿੰਨੀ ਕਿ ਹੋਈ।
ਪੰਜਵਾਂ ਉਪਕਾਰ, ਬਾਬੇ ਬੰਦੇ ਵੇਲੇ ਅਸਾਂ ਦਿਖਾਇਆ ਕਿ ਕਦੇ ਕਦੇ ਜ਼ੁਲਮ ਕਰੜੀ ਤਰ੍ਹਾਂ ਹੀ ਜਾਂਦਾ ਹੈ । ਨਿਰਾ ਸ਼ਾਂਤੀ ਨਾਲ ਜਾਂ ਫ਼ੌਜਾਂ ਨਾਲ ਫ਼ੌਜ ਭਿੜਾ ਕੇ ਗੱਲ ਨਹੀਂ ਬਣਦੀ। ਇਹ ਵੀ ਦੱਸਿਆ, ਪਈ ਜਿਸ ਨੇ ਸਿਆਸਤ ਕਰਨੀ ਹੈ, ਓਸ ਨੂੰ ਮੁਲਕ ਸੰਭਾਲਣਾ ਚਾਹੀਦਾ ਹੈ ਤੇ ਥਾਂ-ਥਾਂ ਠਾਣੇ ਬਹਾਣੇ ਚਾਹੀਦੇ ਹਨ । ਮਤਲਬ ਇਹ ਕਿ ਬਾਬੇ ਬੰਦੇ ਵੇਲੇ ਰਾਜਨੀਤੀ ਦੇ ਖੁਲ੍ਹੇ ਅਰਥ ਦੇਸ ਨੂੰ ਦੱਸੇ । ਛੇਵਾਂ ਉਪਕਾਰ ਲਾਹੌਰ ਵਿਚ ਝੰਡਾ ਲਾ ਕੇ ਵੀ ਮੁਸਲਮਾਨਾਂ ਦੇ ਸਿਰਾਂ ਦਾ ਮੁਲ ਨ ਪਾਇਆ, ਜਿਵੇਂ ਕਿ ਕੁਝ ਚਿਰ ਪਹਿਲਾਂ ਸਿੱਖਾਂ ਦੇ ਸਿਰਾਂ ਦਾ ਮੁਲ ਪੈਂਦਾ ਰਿਹਾ ਸੀ । ਸੱਤਵਾਂ ਉਪਕਾਰ, ਜੋ ਕੌਮ ਕੋਮਲ ਹੁਨਰਾਂ ਨਾਲ ਪਿਆਰ ਕਰੇ, ਦਾ ਆਉਣ ਵਾਲੀਆਂ ਪੀੜੀਆਂ ਉਪਕਾਰ ਮੰਨਦੀਆਂ ਹਨ । ਹਰਿਮੰਦਰ ਤੇ ਹੋਰ ਗੁਰਦਵਾਰਿਆਂ ਵਿਚ ਵੀ ਕਵਿਤਾ, ਸੰਗੀਤ (ਸ਼ਬਦ ਕੀਰਤਨ) ਤੇ ਤੀਸਰਾ ਹੁਨਰ ਚਿਤ੍ਰਕਾਰੀ, ਹਾਲੀ ਤੱਕ ਦਿੱਸ ਰਿਹਾ ਹੈ ।
ਅਸਾਂ ਉਪਕਾਰਾਂ ਨੂੰ ਤੱਕ ਤੱਕ ਕੇ ਜੀਉਣਾ ਨਹੀਂ, ਆਪਣੇ ਵਿਚ ਉਹ ਤਾਕਤ ਪੈਦਾ ਕਰਨੀ ਹੈ, ਜਿਸ ਕਰ ਕੇ ਇਹ ਕਾਰਨਾਮੇ ਕਰ ਗੁਜ਼ਰੇ ਸਾਂ ।