
ਜਾਨ ਤੋਂ ਵੱਧ ਪਿਆਰੀਏ, ਭੁੱਲੜ ਭੈਣੇ!
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹ ॥
ਭੈਣ! ਨਾਂ ਤੇਰਾ ਇਸ ਕਰਕੇ ਨਹੀਂ ਲਿਿਖਆ ਕਿਉਂਕਿ ਜੋ ਤੂੰ ਅੱਜ ਆਪਣਾ ਨਾਂ ਰੱਖ ਬੈਠੀ ਏਂ, ਲੈਂਦੇ ਨੂੰ ਮੈਨੂੰ ਸ਼ਰਮ ਆਉਂਦੀ ਏ। ਭੈਣੇ ਲਗਦਾ ਹੈ ਕਿ ਤੇਰਾ ਵੀ ਕੋਈ ਕਸੂਰ ਨਹੀਂ। ਜਿਸ ਦੇ ਵੀਰ ਹੀ ਪਤਿਤ ਹੋਣ, ਉਹ ਭੈਣ ਨੂੰ ਕਿਵੇਂ ਰੋਕਣ? ਪਰ ਭੈਣ, ਤੂੰ ਤਾਂ ਉਸ ਦੀ ਪੁੱਤਰੀ ਸੈਂ, ਜਿਸ ਮਾਤਾ ਨੇ ਆਪਣੇ ਭਟਕੇ ਹੋਏ ਵੀਰਾਂ ਨੂੰ ਪ੍ਰੇਰ-ਪ੍ਰੇਰ ਕੇ ਸ਼ਹੀਦੀ ਜਾਮ ਪੀਣ ਦੀ ਸਪਿਰਟ ਭਰੀ ਤੇ ਉਨ੍ਹਾਂ ਖਿਦਰਾਣੇ ਦੀ ਢਾਬ ’ਤੇ ਜਾ ਕੇ ਗੁਰੂ ਜੀ ਤੋਂ ਮਾਫੀ ਮੰਗੀ। ਪਰ ਪਤਾ ਨਹੀਂ ਲੱਗਾ ਕਿ ਤੂੰ ਕਿਹੜੀ ਗੱਲੋਂ ਡੋਲ ਗਈ ਏਂ?
ਭੈਣੇ! ਮੈਂ ਫੇਰ ਵੀ ਸਹੁੰ ਖਾ ਕੇ ਆਖਦਾ ਹਾਂ ਕਿ ਕਸੂਰ ਤੇਰਾ ਨਹੀਂ, ਕਸੂਰ ਤਾਂ ਸਾਡੇ ਮਾਪਿਆਂ ਦਾ, ਅਧਿਆਪਕਾਂ ਦਾ, ਸਾਡੇ ਪ੍ਰਮੁੱਖ ਅਦਾਰਿਆਂ ਦਾ ਅਤੇ ਕੁਰਸੀ ਖਾਤਰ ਧਰਮ ਵੇਚਣ ਵਾਲੇ ਲੀਡਰਾਂ ਦਾ ਹੈ, ਜਿਨ੍ਹਾਂ ਨੇ ਇਹ ਨਹੀਂ ਦੱਸਿਆ ਕਿ, ਤੈਨੂੰ ਇਸ ਧਾਰਮਿਕ ਜਗਤ ਵਿਚ ਸ਼ੂਦਰ, ਤਾੜਨ ਦੀ ਅਧਿਕਾਰੀ, ਬਘਿਆੜਨ, ਅਗਿਆਨਣ, ਪੈਰ ਦੀ ਜੁੱਤੀ, ਝੂਠ ਦੀ ਮੂਰਤ, ਪਾਪਾਂ ਤੇ ਦੁੱਖਾਂ ਦਾ ਕਾਰਨ, ਮਾਰੂ ਜ਼ਹਿਰ, ਨਸ਼ੀਲੀ ਸ਼ਰਾਬ ਅਤੇ ਹੋਰ ਪਤਾ ਨਹੀਂ ਕੀ ਕਹਿ-ਕਹਿ ਕੇ ਦੁਰਕਾਰਿਆ ਗਿਆ! ਤੂੰ ਮਨੁੱਖ ਦੀ ਦਾਸੀ ਬਣ ਕੇ ਸੇਵਾ ਕਰਦੀ ਰਹੀ, ਮਰੇ ਪਤੀ ਨਾਲ ਸੜ ਕੇ ਸਤੀ ਹੁੰਦੀ ਰਹੀ! ਦੇਵ ਦਾਸੀ ਬਣ ਕੇ ਪੁਜਾਰੀਆਂ ਦੀ ਹਵਸ ਦਾ ਸ਼ਿਕਾਰ ਹੁੰਦੀ ਰਹੀ ਅਤੇ ਤੈਨੂੰ ਪਸ਼ੂਆਂ ਦੀ ਤਰ੍ਹਾਂ ਖਰੀਦਿਆ ਅਤੇ ਵੇਚਿਆ ਜਾਂਦਾ ਰਿਹਾ। ਤੈਨੂੰ ਪਰਦੇ ਵਿਚ ਰੱਖਿਆ ਗਿਆ ਤੇ ਧਰਮ ਅਸਥਾਨਾਂ ਵਿਚ ਵੜਨ ਨਾ ਦਿੱਤਾ ਗਿਆ! ਤੈਨੂੰ ਧਰਮ ਕਰਮ ਨਾ ਕਰਨ ਦਿੱਤੇ ਗਏ! ਤੈਨੂੰ ਆਖਦੇ ਰਹੇ ਕਿ ਤੂੰ ਮੁਕਤੀ ਹੀ ਪ੍ਰਾਪਤ ਨਹੀਂ ਕਰ ਸਕਦੀ!
ਭੈਣੇ! ਤੈਨੂੰ ਕਿਸੇ ਨੇ ਇਹ ਵੀ ਨਹੀਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਵਿਚ ਤੈਨੂੰ ਪੁਰਖ ਦੇ ਬਰਾਬਰ ਦਾ ਦਰਜਾ ਦੇ ਕੇ ਇਕ ਇਨਕਲਾਬੀ ਕੰਮ ਕੀਤਾ।ਤੂੰ ਇਸ ਫੈਸ਼ਨ ਦੇ ਜ਼ਮਾਨੇ ਵਿਚ ਪੜ੍ਹਨ-ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮਨੁੱਖ ਦੇ ਜੀਵਨ ਵਿਚ ਕਿਸੇ ਨਾ ਕਿਸੇ ਰੂਪ ਵਿਚ ਇਸਤਰੀ ਜਾਤੀ ਦਾ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਹੋ ਰਿਹਾ ਹੈ। ਤੇਰੀ ਖਾਤਰ ਹੀ ਤਾਂ ਗੁਰੂ ਨੇ ਆਖਿਆ, ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
”ਮੇਰੀਏ ਭੈਣੇ! ਸਿੱਖ ਧਰਮ ਨੇ ਤੇਰੇ ਹੱਕ ਵਿਚ ਸਤੀ ਪ੍ਰਥਾ ਦਾ ਘੋਰ ਵਿਰੋਧ ਕੀਤਾ ਤੇ ਸਿੱਖ ਇਸਤਰੀਆਂ ਨੂੰ ਘੁੰਡ ਦੀ ਮਨਾਹੀ ਕੀਤੀ। ਪਤੀ ਦੀ ਮੌਤ ਮਗਰੋਂ ਹੋਰ ਵਿਆਹ ਦੀ ਇਜਾਜ਼ਤ ਦਿੱਤੀ। ਸ੍ਰੀ ਗੁਰੂ ਅਮਰਦਾਸ ਜੀ ਨੇ ਇਸਤਰੀਆਂ ਨੂੰ ਪ੍ਰਚਾਰਕ ਨਿਯੁਕਤ ਕੀਤਾ। ਜਿਥੇ ਸਿੱਖ ਇਸਤਰੀਆਂ ਅੰਮ੍ਰਿਤ ਛਕਦੀਆਂ ਤੇ ਸਿੱਖੀ ਨਿਭਾਉਂਦੀਆਂ ਹਨ, ਉੱਥੇ ਆਪਣੇ ਭਰਾਵਾਂ ਨਾਲ ਰਲ ਕੇ ਜੰਗਾਂ-ਯੁੱਧਾਂ ਵਿਚ ਵੀ ਹਿੱਸਾ ਲੈਂਦੀਆਂ ਰਹੀਆਂ ਅਤੇ ਰਾਜ-ਕਾਜ ਚਲਾਉਂਦੀਆਂ ਰਹੀਆਂ ਹਨ।
ਪਰ ਭੈਣੇ! ਲਗਦੈ ਤੈਨੂੰ ਵੀ ਅੱਜ ਟੀ. ਵੀ. ਨੇ ਤੇਰੇ ਸਹੀ ਰਸਤੇ ਤੋਂ ਪਰ੍ਹੇ ਕਰ ਦਿੱਤਾ ਹੈ। ਮੈਂ ਤੇਰੇ ਟੀ.ਵੀ. ਦੇਖਣ ਦੇ ਖਿਲਾਫ ਨਹੀਂ। ਖ਼ਬਰਾਂ ਅਤੇ ਗਿਆਨ ਵਧਾਊ ਪ੍ਰੋਗਰਾਮ ਵੇਖਣ ਵਿਚ ਕੋਈ ਹਰਜ਼ ਨਹੀਂ। ਪਰ ਭੈਣੇ! ਅੱਜ ਟੀ. ਵੀ. ‘ਤੇ ਫਿਲਮਾਂ ਵਿਚ ਪ੍ਰੋਗਰਾਮ ਪੇਸ਼ ਕਰਨ ਵਾਲੀਆਂ ਐਕਟਰੈਸਾਂ, ਜੋ ਖੁਲ੍ਹ ਕੇ ਸਰੀਰ ਦੀ ਨੁਮਾਇਸ਼ ਕਰਦੀਆਂ ਹਨ, ਦੇ ਅਸਰ ਹੇਠ ਆ ਕੇ ਫੈਸ਼ਨਪ੍ਰਸਤੀ ਦੀ ਦੌੜ ਵਿਚ ਸ਼ਾਮਲ ਹੋ ਗਈ ਤੇ ਭਰਵੱਟੇ ਕਟਵਾ ਬੈਠੀ ਗੁੱਤ ਪਤਾ ਨਹੀਂ ਕਿਥੋਂ ਲੁਹਾ ਆਈ ਤੇ ਤੂੰ ਐਸੇ ਪੁੱਠੇ ਸਿੱਧੇ-ਲਿਬਾਸ ਪਹਿਨਣ ਲੱਗ ਪਈ ਜਿਸ ਨੂੰ ਤੱਕ ਕੇ ਤੇਰੇ ਵੀਰਾਂ ਦਾ ਸਿਰ ਨੀਵਾਂ ਹੋ ਗਿਆ।
ਮੇਰੀਏ ਭੈਣੇ! ਇਸ ਸਿੱਖੀ ਦੀ ਖਾਤਰ ਮਾਤਾਵਾਂ ਨੇ ਜ਼ਾਲਮਾਂ ਦੀਆਂ ਜੇਲ੍ਹਾਂ ਅੰਦਰ ਸਵਾ-ਸਵਾ ਮਣ ਦੇ ਪੀਸਣੇ ਪੀਸੇ, ਬੱਚੇ ਟੋਟੇ ਕਰਵਾ ਕੇ ਝੋਲੀਆਂ ਵਿਚ ਪੁਆਏ, ਬੱਚੇ ਮਾਤਾਵਾਂ ਦੇ ਸਾਹਮਣੇ ਨੇਜਿਆਂ ‘ਤੇ ਟੰਗੇ ਗਏ, ਗਲਾਂ ਵਿਚ ਬੱਚਿਆਂ ਦੇ ਟੋਟੇ ਕਰਵਾ ਕੇ ਹਾਰ ਪੁਆਏ, ਪਰ ਸਿਦਕ ਨਹੀਂ ਹਾਰਿਆ। ਸਿੱਖੀ ਧਰਮ ਪਾਲਿਆ ਤੇ ਅੱਜ ਸਾਰਾ ਜੱਗ ਉਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ (ਯਾਦ ਕਰਕੇ) ਬੋਲੋ ਜੀ ਵਾਹਿਗੁਰੂ ਕਹਿ ਰਿਹਾ ਹੈ। ਪਰ ਭੈਣੇ! ਤੂੰ ਆਪ ਦੱਸ! ਜਿਹੜੀਆਂ ਭੈਣਾਂ ਨੇ ਸਵਾ-ਸਵ ਮਣ ਪਾਊਡਰ ਲਾਏ, ਬੱਚੇ ਟੈਲੀਵੀਜ਼ਨ ਮੂਹਰੇ ਬਿਠਾਏ, ਬੱਚਿਆਂ ਨੂੰ ਪਟਕੇ-ਟੋਪੀਆਂ ਪੁਆਈਆਂ, ਕੰਨ ਪੜਵਾਏ, ਸਿੱਖੀ ਸਿਦਕ ਹਾਰਿਆ, ਧਰਮ ਨਹੀਂ ਪਾਲਿਆ, ਉਨ੍ਹਾਂ ਨੂੰ ਦੇਖ ਕੇ ਕੀ ਕਹੀਏ.?
ਭੈਣੇ! ਤੂੰ ਹੀ ਦੱਸ, ਜੇ ਮੈਂ ਕਿਸੇ ਭੈਣ ਨੂੰ ‘ਸਿਰ ਮੁੰਨੀਂ ਆਖਾਂ ਜਾਂ ‘ਤੇਰੇ ਸਿਰ ਖੇਹ ਪਵੇ ਕਹਾਂ ਤਾਂ ਮੈਨੂੰ ਕੋਈ ਭੈਣ ਚੰਗਾ ਸਮਝੇਗੀ? ਫਿਰ ਤੰੂ ਸੋਚ, ਸਿਰ ਤੋਂ ਕੇਸ ਕਤਲ ਕਰਵਾ ਕੇ ਤੰੂ ਆਪ ਹੀ ਸਿਰ-ਮੁੰਨੀਂ ਨਹੀਂ ਹੋ ਗਈ ਅਤੇ ਤੂੰ ਹੀ ਦਸ ਗਲੀਆਂ ਬਜਾਰਾਂ ਵਿੱਚੋਂ ਉਡ ਉਡ ਕੇ ਤੇਰੇ ਨੰਗੇ ਸਿਰ ‘ਤੇ ਖੇਹ ਨਹੀਂ ਪੈ ਰਹੀ?
ਮੇਰੀਏ ਭੈਣੇ! ਹੁਣ ਹੀ ਸਮਝ ਤੇ ਛੱਡ ਆਪਣੀਆਂ ਉਨ੍ਹਾਂ ਸਾਥਣਾਂ ਨੂੰ ਜੋ ਤੈਨੂੰ ਸਿੱਖੀ ਤੋਂ ਲਾਂਭੇ ਲੈ ਗਈਆਂ ਹਨ। ਆਪਣੇ ਘਰ ਆ ਤੇ ਪਤਿਤ ਹੋਏ ਵੀਰਾਂ ਨੂੰ ਵੀ ਮਾਤਾ ਭਾਗ – ਕੌਰ ਵਾਂਗ ਪ੍ਰੇਰ। ਇਹ ਕਾਰਜ ਤੂੰ ਫੇਰ ਹੀ ਕਰ ਸਕਦੀ ਏਂ, ਜੇ ਪਹਿਲਾਂ ਆਪ ਖੰਡੇ ਦੀ ਪਾਹੁਲ ਲਵੇਂ ਤੇ ਸਿੱਖੀ ਵਿਚਾਰਧਾਰਾ ਨਾਲ ਜੁੜੇਂ। ਸਿਆਣਿਆਂ ਦਾ ਕਹਿਣਾ ਹੈ ਕਿ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਤੇਰੇ ਘਰ ਆਉਣ ਵਿਚ ਤੇਰੇ ਵੀਰ ਦਾ ਸਿਰ ਉੱਚਾ ਹੈ!