106 views 7 secs 0 comments

“ਸੇਵਕ ਕੀ ਓੜਕ ਨਿਬਹੀ ਪ੍ਰੀਤ “

ਲੇਖ
June 07, 2025

ਫੌਜ ਵਿਚੋਂ ਰਿਟਾਇਰ ਇੱਕ ਰਿਸ਼ਤੇਦਾਰ ਦਾ ਫੋਨ ਆਇਆ..
ਆਖਣ ਲੱਗਾ ਸੁਬੇਗ ਸਿੰਘ ਦੀ ਫੋਟੋ ਫੇਸ ਬੁਕ ਚੋਂ ਕੱਢ ਦੇ..ਉਹ ਦੇਸ਼ ਦਾ ਬਾਗੀ ਸੀ..ਨਹੀਂ ਤੇ ਮਜਬੂਰਨ ਤੇਰੀ ਫ੍ਰੇਂਡ ਲਿਸਟ ਚੋਂ ਬਾਹਰ ਹੋਣਾ ਪਵੇਗਾ..!

ਉਸ ਨੂੰ ਤੇ ਓਸੇ ਵੇਲੇ ਸਦਾ ਲਈ ਅਲਵਿਦਾ ਆਖ ਦਿੱਤਾ..
ਫੇਰ ਸੋਚਿਆ ਕਿਓਂ ਨਾ ਇਸ ਬਾਗੀ ਦੇ ਜੀਵਨ ਤੇ ਥੋੜੀ ਖੋਜ ਕੀਤੀ ਜਾਵੇ ਤੇ ਜਨਤਾ ਦੀ ਕਚਹਿਰੀ ਵਿਚ ਸਾਂਝੀ ਕੀਤੀ ਜਾਵੇ..ਫੈਸਲਾ ਵੀ ਹੋ ਜਾਵੇਗਾ ਕੇ ਉਹ ਕਿਹਨਾਂ ਹਾਲਾਤਾਂ ਵਿਚ ਬਾਗੀ ਬਣਿਆ ਤੇ ਨਾਲੋਂ ਨਾਲ ਨਵੀਂ ਪੀੜੀ ਦੀ ਜਾਣਕਾਰੀ ਵੀ ਅਪਡੇਟ ਹੋ ਜਾਵੇਗੀ!

1925 ਵਿਚ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਪਿੰਡ ਖਿਆਲਾ ਵਿਚ ਜਨਮੇ ਸੁਬੇਗ ਸਿੰਘ ਦੇ ਪਰਿਵਾਰ ਕੋਲ 100 ਏਕੜ ਦੇ ਕਰੀਬ ਖੁੱਲੀ ਜਮੀਨ ਸੀ..

ਪਰਿਵਾਰਿਕ ਪਿਛੋਕੜ ਹਰਿਮੰਦਰ ਸਾਹਿਬ ਵਿਚ ਵੇਸਵਾਵਾਂ ਨਚਾਉਣ ਵਾਲੇ “ਮੱਸੇ-ਰੰਘੜ” ਦਾ ਸਿਰ ਕਲਮ ਕਰਨ ਵਾਲੇ ਭਾਈ ਮਹਿਤਾਬ ਸਿੰਘ ਮੀਰਾਂ ਕੋਟ ਨਾਲ ਵੀ ਜੁੜਦਾ ਹੈ..
ਹਾਕੀ ਤੇ ਫ਼ੁਟਬਾਲ ਦੇ ਇਸ ਸ਼ਾਨਦਾਰ ਖਿਡਾਰੀ ਨੇ 18 ਸਾਲ ਦੀ ਉਮਰ ਵਿਚ 100 ਮੀਟਰ ਦੌੜ ਦੀ ਇੰਡੀਆ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਸੀ..

ਮਗਰੋਂ 1943 ਵਿਚ ਖਾਲਸਾ ਕਾਲਜ ਅਮ੍ਰਿਤਸਰ ਵਿਚੋਂ ਹਜਾਰਾਂ ਉਮੀਦਵਾਰਾਂ ਵਿਚੋਂ ਕੱਲਾ ਹੀ ਮਿਲਿਟਰੀ ਆਫ਼ਿਸਰ ਟ੍ਰੇਨਿੰਗ ਅਕੈਡਮੀਂ ਵਾਸਤੇ ਚੁਣਿਆ ਗਿਆ!

ਫੇਰ ਦੂਜਾ ਵਿਸ਼ਵ ਯੁੱਧ 1945 ਤੱਕ ਬਹਾਦਰੀ ਨਾਲ ਲੜਿਆ !

ਮੁੜ 1948 ਦੀ ਕਸ਼ਮੀਰ ਵਿਚ ਹੋਈ ਘੁਸਪੈਠ ਨੂੰ ਠੱਲ ਵੀ ਪਾਈ..1962 ਵਿਚ ਚੀਨੀਆਂ ਨਾਲ ਹੋਈ ਜੰਗ ਤਨੋਂ ਮਨੋਂ ਹਿੱਕ ਡਾਹ ਕੇ ਲੜੀ !

1965 ਵਿਚ ਪਾਕ ਨਾਲ ਜੰਗ ਸ਼ੁਰੂ ਹੀ ਹੋਈ ਹੀ ਸੀ ਕੇ ਹਾਜੀ ਪੀਰ ਦੇ ਮੋਰਚੇ ਤੇ ਡਟੇ ਹੋਏ ਇਸ ਜਰਨੈਲ ਨੂੰ ਪਿੰਡੋਂ ਟੈਲੀਗ੍ਰਾਮ ਆ ਗਈ ਕੇ ਪਿਤਾ ਭਗਵਾਨ ਸਿੰਘ ਜੀ ਪੂਰੇ ਹੋ ਗਏ ਨੇ!
ਛੁੱਟੀ ਆਸਾਨੀ ਨਾਲ ਮਿਲ ਸਕਦੀ ਸੀ ਪਰ ਸੁਨੇਹੇ ਵਾਲਾ ਕਾਗਜ ਚੁੱਪ ਚਾਪ ਜੇਬ ਵਿਚ ਪਾ ਲਿਆ ਤੇ ਮੋਰਚੇ ਤੇ ਡਟਿਆ ਰਿਹਾ..!

ਜੰਗ ਮੁੱਕੀ..ਮਗਰੋਂ ਜਦੋਂ ਬਾਕੀਆਂ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਹ ਹੈਰਾਨ ਰਹਿ ਗਏ..ਮਗਰੋਂ ਮਾਤਾ ਸਰਦਾਰਨੀ ਪ੍ਰੀਤਮ ਕੌਰ ਨੂੰ ਹੋਂਸਲਾ ਦੇਣ ਪਿੰਡ ਪੁੱਜ ਗਏ!
ਮਾਂ ਨੇ ਇੱਕ ਵਾਰੀ ਵੀ ਪੁੱਤ ਨਾਲ ਗਿਲਾ ਨਾ ਕੀਤਾ ਕੇ ਬਾਪ ਮੋਏ ਤੇ ਕਿਓਂ ਨਹੀਂ ਅੱਪੜਿਆ..
ਸ਼ਾਇਦ ਢਿੱਡੋਂ ਜਨਮੇ ਦੇ ਸੁਬਾਹ ਤੇ ਫਿਦਰਤ ਤੋਂ ਚੰਗੀ ਤਰਾਂ ਵਾਕਿਫ ਸੀ..1971 ਦੀ ਬੰਗਲਾਦੇਸ਼ ਦੀ ਲੜਾਈ ਵਿਚ ਬ੍ਰਿਗੇਡੀਅਰ ਰੈਂਕ ਤੱਕ ਦੇ ਅਫਸਰ ਹੁੰਦੇ ਹੋਏ “ਸ਼ਾਹ-ਬੇਗ” ਨਾਮ ਦੇ ਇੱਕ ਮੁਸਲਿਮ ਨੌਜੁਆਨ ਵੱਜੋਂ ਵਿੱਚਰ ਕੇ ਮੁਕਤੀ-ਵਾਹਿਨੀ ਨਾਮ ਦੀ ਗੁਰੀਲਾ ਫ਼ੌਜ ਖੜੀ ਕੀਤੀ !
ਮੁੜਕੇ ਸਟੀਕ ਵਿਓਂਤਬੰਦੀ ਕਰਕੇ ਇੱਕ ਲੱਖ ਦੇ ਕਰੀਬ ਪਾਕ ਫੌਜੀਆਂ ਕੋਲੋਂ ਹਥਿਆਰ ਸੁੱਟਵਾਏ.!
ਅਤੀ-ਵਸ਼ਿਸ਼ਟ ਸੇਵਾ ਮੈਡਲ (AVSM) ਅਤੇ ਪਰਮ ਵਸ਼ਿਸ਼ਟ ਸੇਵਾ ਮੈਡਲ (PVSM) ਵਰਗੇ ਬਹੁਮੁਲੇ ਮੈਡਲ ਝੋਲੀ ਪੁਵਾਏ !
ਮਗਰੋਂ ਮਿਲਿਟਰੀ ਸਾਇੰਸ ਤੇ ਓਪ੍ਰੈਸ਼ਨਲ ਟੈਕਟਿਸ ਦੇ ਮਾਹਿਰ ਇਸ ਅਫਸਰ ਨੇ ਕਈ ਹੋਰ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ !
1972 ਵਿਚ GOC (ਜਨਰਲ ਔਫੀਸਰ ਕਮਾਂਡਿੰਗ ਇਨ ਚੀਫ ) ਬਣਾ ਦਿੱਤੇ ਗਏ ਨੂੰ ਮੱਧ-ਪ੍ਰਦੇਸ਼ ,ਬਿਹਾਰ ਤੇ ਉੜੀਸਾ ਦਾ ਚਾਰਜ ਦਿੱਤਾ ਗਿਆ 1973 ਵਿਚ ਇੰਦਰਾ ਗਾਂਧੀ ਨੇ ਹੁਕਮ ਦਿੱਤਾ ਕੇ ਫੌਜ ਉਸਦੇ ਰਾਜਸੀ ਦੁਸ਼ਮਣ ਜੈ ਪ੍ਰਕਾਸ਼ ਨਰਾਇਣ ਨੂੰ ਗ੍ਰਿਫਤਾਰ ਕਰੇ ਕਿਓੰਕੇ ਲੋਕਲ ਪੁਲਸ ਬਾਗੀ ਹੋ ਕੇ ਉਸਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਗਈ ਸੀ!
ਸੁਬੇਗ ਸਿੰਘ ਨੇ ਇਹ ਕਹਿੰਦਿਆਂ ਸਾਫ ਨਾਂਹ ਕਰ ਦਿਤੀ ਕੇ ਫੌਜ ਰਾਜਸੀ ਕੰਮਾਂ ਵਿਚ ਦਖਲ ਨਹੀਂ ਦੇ ਸਕਦੀ!
ਕਦੀ ਵੀ “ਨਾਂਹ” ਨਾ ਸੁਣਨ ਦੀ ਆਦੀ ਇੰਦਰਾ ਨੇ ਗੁੱਸਾ ਖਾ ਕੇ ਉਸਨੂੰ ਕੁਰਪਸ਼ਨ ਦੇ ਮਾਮੂਲੀ (2500 ਰੁਪਈਏ ਦੇ ਗਿਫ਼੍ਟ ਲੈਣ ਦੇ ਦੋਸ਼) ਕੇਸ ਵਿਚ ਫਸਾ ਦਿੱਤਾ !
ਫੇਰ ਸ਼ੁਰੂ ਹੋਇਆ ਇਸ ਬਹਾਦੁਰ ਅਫਸਰ ਨੂੰ ਪੈਰ ਪੈਰ ਤੇ ਜਲੀਲ ਕਰਨ ਦਾ ਨਾ-ਮੁੱਕਣ ਵਾਲਾ ਸਿਲਸਿਲਾ !
ਬੇਇੱਜਤ ਕਰਨ ਖਾਤਿਰ ਕਿੰਨੇ ਸਾਰੇ ਜੂਨੀਅਰ ਅਫਸਰ ਤੱਰਕੀ ਦੇ ਕੇ ਇਸ ਤੋਂ ਸੀਨੀਅਰ ਬਣਾ ਦਿੱਤੇ..ਇਹਨਾ ਨੂੰ ਬਣਦੀ ਤੱਰਕੀ ਤੋਂ ਜਾਣ ਬੁੱਝ ਕੇ ਵਾਂਝਿਆ ਰਖਿਆ ਗਿਆ!
ਮਗਰੋਂ ਗਿਣੀ-ਮਿੱਥੀ ਸਾਜਿਸ਼ ਤਹਿਤ ਕੁਰਪਸ਼ਨ ਦੇ ਇਸ ਮੁਕਦਮੇ ਨੂੰ ਰਿਟਾਇਰਮੈਂਟ ਦੀ ਤਰੀਕ ਯਾਨੀ ਕੇ 1 ਮਈ 1976 ਤੱਕ ਲਮਕਾਇਆ ਗਿਆ !
ਅਜੇ ਵੀ ਬੱਸ ਨਾ ਕੀਤੀ..ਹੋਰ ਜਲੀਲ ਕਰਨ ਖਾਤਿਰ ਰਿਟਾਇਰਮੈਂਟ ਤੋਂ ਐਨ ਇੱਕ ਦਿਨ ਪਹਿਲਾਂ 30 ਅਪ੍ਰੈਲ 1976 ਨੂੰ ਹੀ ਬਿਨਾ ਅਦਾਲਤ ਦਾ ਫੈਸਲਾ ਉਡੀਕਿਆਂ ਨੌਕਰੀ ਤੋਂ ਡਿਸਮਿਸ ਵੀ ਕਰ ਦਿੱਤਾ!
ਇਕ ਦੇਸ਼ ਨੂੰ ਸਮਰਪਿਤ ਫੌਜੀ ਜਰਨੈਲ ਵਾਸਤੇ ਇਸਤੋਂ ਵੱਧ ਨਮੋਸ਼ੀ ਵਾਲੀ ਗੱਲ ਹੋਰ ਕੀ ਸਕਦੀ ਸੀ !
ਇਸੇ ਦੌਰਾਨ ਪਤਨੀ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਸ਼ਿੱਕਾਰ ਹੋ ਗਈ ਤੇ ਬੱਚਿਆਂ ਦੀ ਪੜਾਈ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ !
ਆਖਿਰ ਜਮੀਰ ਤੇ ਡੂੰਘੀਆਂ ਸੱਟਾਂ ਖਾਦੇ ਮਾਝੇ ਦੇ ਇਸ ਜਰਨੈਲ ਦਾ ਮਿਲਾਪ ਉਸ ਜਰਨੈਲ ਨਾਲ ਹੋਇਆ ਜਿਹੜਾ ਸਰੀਰਕ ਮੌਤ ਨੂੰ ਤੁੱਛ ਜਾਣਦਾ ਸੀ!
7 ਜੂਨ 1984 ਨੂੰ ਦੁਪਹਿਰ 12 ਕੁ ਵਜੇ ਜੇਨਰਲ ਸੁਬੇਗ ਸਿੰਘ ਜੀ ਦੀ ਮਿਰਤਕ ਦੇਹ ਨੂੰ ਰੱਸਿਆਂ ਨਾਲ ਬੰਨ ਕੇ ਸ੍ਰੀ ਅਕਾਲ ਤਖ਼ਤ ਸਾਬ ਤੋਂ ਧੂਹ ਕੇ ਬਾਹਰ ਲਿਆਂਦਾ ਗਿਆ!
ਪਹਿਲਾਂ ਮ੍ਰਿਤਕ ਦੇਹ ਨੂੰ ਠੁੱਡ ਮਾਰ ਮਾਰ ਰੱਜ ਕੇ ਬੇਇੱਜਤ ਕੀਤਾ ਗਿਆ ਫੇਰ ਰੱਸੀਆਂ ਬੱਝੀ ਲਾਸ਼ ਨੂੰ ਭੁੰਝੇ ਰੱਖ ਉਸ ਨਾਲ ਫੋਟੋਆਂ ਵੀ ਖਿਚਾਈਆਂ !
ਅਜੀਬ ਇਤਫ਼ਾਕ ਇਹ ਸੀ ਜਿਸ ਫੌਜੀ ਜਰਨੈਲ ਨੇ ਬੰਗਲਾਦੇਸ਼ ਦੀ ਜੰਗ ਵਿਚ 90000 ਦੇ ਕਰੀਬ ਦੁਸ਼ਮਣ ਦੇ ਸਿਪਾਹੀਆਂ ਕੋਲੋਂ ਹਥਿਆਰ ਸੁਟਵਾ ਕੇ ਵੀ ਓਹਨਾ ਦੇ ਫੌਜੀ ਮਾਨ ਸਨਮਾਨ ਦਾ ਪੂਰਾ ਖਿਆਲ ਰਖਿਆ ਓਸੇ ਦੀ ਖੁਦ ਦੀ ਲਾਸ਼ ਓਸੇ ਦੇ ਮਹਿਕਮੇਂ ਵਾਲਿਆਂ ਰੱਜ ਰੱਜ ਪੈਰਾਂ ਵਿਚ ਮਧੋਲੀ!

ਇੱਕ ਹੋਰ ਅਜੀਬ ਇਤਫ਼ਾਕ ਇਹ ਵੀ ਸੀ ਕੇ ਕੁਰਪਸ਼ਨ ਦੇ ਜਿਸ ਦੋਸ਼ ਨੂੰ ਅਧਾਰ ਬਣਾ ਕੇ ਫੌਜ ਵਿਚੋਂ ਬੇਇੱਜਤ ਕਰ ਕੇ ਕੱਢਿਆ ਗਿਆ ਸੀ..ਓਸੇ ਕੇਸ ਵਿਚੋਂ ਸੁਪ੍ਰੀਮ ਕੋਰਟ ਨੇ ਮਗਰੋਂ ਬਾਇੱਜਤ ਬਰੀ ਵੀ ਕਰ ਦਿੱਤਾ ਪਰ ਜਿਸ ਤਰਾਂ ਆਖਿਆ ਜਾਂਦਾ ਏ ਕੇ..”Justice delayed is justice denied”
ਉਸ ਵੇਲੇ ਤੱਕ ਕਾਫੀ ਦੇਰ ਹੋ ਚੁੱਕੀ ਸੀ ਤੇ ਇਹ ਬਾਗੀ ਦੁਨਿਆਵੀ ਅਦਾਲਤਾਂ ਦਾ ਮਖੌਲ ਉਡਾਉਂਦਾ ਹੋਇਆ ਬਹੁਤ ਦੂਰ ਜਾ ਚੁੱਕਾ ਸੀ!

“ਸੇਵਕ ਕੀ ਓੜਕ ਨਿਬਹੀ ਪ੍ਰੀਤ “ਆਖ ਕੌਮ ਦੀ ਅਣਖ ਦੀ ਖਾਤਿਰ ਜਿੰਦਗੀ ਨੂੰ ਹੱਸ ਕੇ ਠੋਕਰ ਮਾਰਨ ਵਾਲਾ ਇਹ ਬਾਗੀ ਆਖਰੀ ਲੜਾਈ ਵਿਚ ਵੀ ਵਿਰੋਧੀਆਂ ਨੂੰ ਬੁਰੀ ਤਰਾਂ ਮਾਤ ਦੇ ਗਿਆ !

ਹਰਪ੍ਰੀਤ ਸਿੰਘ ਜਵੰਦਾ