71 views 13 secs 0 comments

ਸੋਲਾਂ ਕਲਾਵਾਂ ਵਿੱਚੋਂ ਚੌਦ੍ਹਵੀਂ ਕਲਾ ‘ਬ੍ਰਹਮ ਕਲਾ’ ਹੈ।

ਲੇਖ
May 02, 2025
ਸੋਲਾਂ ਕਲਾਵਾਂ ਵਿੱਚੋਂ ਚੌਦ੍ਹਵੀਂ ਕਲਾ 'ਬ੍ਰਹਮ ਕਲਾ' ਹੈ।

-ਡਾ. ਇੰਦਰਜੀਤ ਸਿੰਘ ਗੋਗੋਆਣੀ

ਮਨਿ ਸਾਚਾ ਮੁਖਿ ਸਾਚਾ ਸੋਇ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥1॥ (ਅੰਗ 272)

ਸੋਲਾਂ ਕਲਾਵਾਂ ਵਿੱਚੋਂ ਚੌਦ੍ਹਵੀਂ ਕਲਾ ‘ਬ੍ਰਹਮ ਕਲਾ’ ਹੈ। ‘ਮਹਾਨ ਕੋਸ਼ ਅਨੁਸਾਰ ਬ੍ਰਹਮ ਤੋਂ ਭਾਵ ਸਭ ਤੋਂ ਵਧਿਆ ਹੋਇਆ, ਕਰਤਾਰ, ਜਗਤ ਨਾਥ, ਵਾਹਿਗੁਰੂ ਹੈ। ਇਸ ਤਰ੍ਹਾਂ ਬ੍ਰਹਮ ਗਿਆਤਾ ਜਾਂ ਬ੍ਰਹਮ ਗਿਆਨੀ ਤੋਂ ਭਾਵ ਬ੍ਰਹਮ ਦੇ ਜਾਣਨ ਵਾਲਾ ਤੋਂ ਹੈ ਅਤੇ ਬ੍ਰਹਮ ਗਿਆਨ-ਆਤਮ ਗਿਆਨ ਹੈ। ਸੋਲਾਂ ਕਲਾਵਾਂ ਵਿਚ ਕਲਾ ਤੋਂ ਭਾਵ ਸ਼ਕਤੀ ਹੈ ਤੇ ਬ੍ਰਹਮ ਕਲਾ ਉਹ ਸ਼ਕਤੀ ਹੈ ਜੋ ਬ੍ਰਹਮ ਗਿਆਨੀ ਦੀ ਆਤਮਿਕ ਸ਼ਕਤੀ ਹੈ।
‘ਸਮ-ਅਰਥ ਕੋਸ਼’ ਵਿਚ ਬ੍ਰਹਮ ਗਿਆਨੀ ਦੇ ਸਮਾਨ-ਅਰਥੀ ਸ਼ਬਦ ਅਧਯਾਤਮ ਗਯ, ਆਤਮ ਗਯਾਨੀ, ਤੱਤਵ ਗਯ, ਬ੍ਰਹਮ ਗਯ ਜਾਂ ਬ੍ਰਹਮ ਪਰਾਯਣ ਹੈ। ਬ੍ਰਹਮ ਕਲਾ ਦੀ ਵਿਆਖਿਆ ਇਉਂ ਵੀ ਹੋ ਸਕਦੀ ਹੈ, ਜਿਵੇਂ ਵਿਦਵਾਨਾਂ ਨੇ ਛੇ ਪ੍ਰਕਾਰ ਦੀ ਮੌਤ ਮੰਨੀ ਹੈ, ‘ਸਰੀਰਿਕ ਮੌਤ, ਆਰਥਿਕ ਮੌਤ, ਰਾਜਨੀਤਿਕ ਮੌਤ, ਸਮਾਜਿਕ ਮੌਤ, ਰੂਹਾਨੀ ਮੌਤ ਤੇ ਮਾਨਸਿਕ ਮੌਤ’ । ਅਸੀਂ ਪੰਜਵੀਂ ਮੌਤ ਰੂਹਾਨੀ ਮੌਤ ਦੀ ਵਿਚਾਰ ਕਰੀਏ ਤਾਂ ਇਸ ਸੰਬੰਧੀ ‘ਮਾਝ ਕੀ ਵਾਰ’ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਪਦੇਸ਼ ਦਿੱਤਾ ਹੈ:

ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥ (ਅੰਗ 142)

ਇਕ ਗੱਲ ਸਪੱਸ਼ਟ ਹੈ ਕਿ ਜੇਕਰ ਰੂਹਾਨੀ ਮੌਤ ਹੈ ਤਾਂ ਫਿਰ ਰੂਹਾਨੀ ਜੀਵਨ ਵੀ ਹੈ ਅਤੇ ਜਿਸ ਦਾ ਰੂਹਾਨੀ ਜੀਵਨ ਹੈ ਉਹ ਬ੍ਰਹਮ ਕਲਾ ਦਾ ਧਾਰਨੀ ਹੋਵੇਗਾ। ਜਿਵੇਂ ਸਤਿਗੁਰਾਂ ਨੇ ਬ੍ਰਾਹਮਣ ਵੀ ਬਾਹਰੋਂ ਭੇਖ ਵਾਲੇ ਨੂੰ ਨਹੀਂ ਸਗੋਂ ਬ੍ਰਹਮ ਕਲਾ ਵਾਲੇ ਨੂੰ ਮੰਨਿਆ ਹੈ। ਫ਼ਰਮਾਨ ਹੈ:

ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ॥ ਜਪੁ ਤਪੁ ਸੰਜਮੁ ਕਮਾਵੈ ਕਰਮੁ॥ ਸੀਲ ਸੰਤੋਖ ਕਾ ਰਖੈ ਧਰਮੁ॥
ਬੰਧਨ ਤੋੜੈ ਹੋਵੈ ਮੁਕਤੁ॥ ਸੋਈ ਬ੍ਰਹਮਣੁ ਪੂਜਣ ਜੁਗਤੁ॥ (ਅੰਗ 1411)

ਭਾਵ – ਉਹੀ ਅਸਲ ਬ੍ਰਾਹਮਣ ਹੈ ਜੋ ਬ੍ਰਹਮ (ਪਰਮਾਤਮਾ) ਨਾਲ ਸਾਂਝ ਰੱਖਦਾ ਹੈ। ਜੋ ਜਪ ਕਰਮ, ਤਪ, ਕਰਮ ਤੇ ਸੰਜਮ ਕਰਮ ਪਰਮਾਤਮਾ ਦੀ ਭਗਤੀ ਨੂੰ ਹੀ ਸਮਝਦਾ ਹੈ। ਜੋ ਮਿੱਠੇ ਸੁਭਾਅ ਤੇ ਸੰਤੋਖ ਦਾ ਫ਼ਰਜ਼ ਨਿਭਾਉਂਦਾ, ਮਾਇਆ ਦੇ ਮੋਹ ਦੀਆਂ ਫਾਹੀਆਂ ਤੋੜ ਲੈਂਦਾ ਹੈ ਤੇ ਐਸਾ ਮੁਕਤ ਬ੍ਰਾਹਮਣ ਹੀ ਆਦਰ ਸਤਿਕਾਰ ਦਾ ਹੱਕਦਾਰ ਹੈ।
ਬ੍ਰਹਮ ਗਿਆਨੀ ਦੀ ਅਵਸਥਾ ਦਾ ਵਰਣਨ ਪੰਚਮ ਪਾਤਸ਼ਾਹ ਜੀ ਨੇ ਜੋ ਸੁਖਮਨੀ ਸਾਹਿਬ ਬਾਣੀ ਵਿਚ ਕੀਤਾ ਹੈ, ਉਹੀ ਬ੍ਰਹਮ ਕਲਾ ਦੇ ਗਿਆਨ ਦਾ ਆਧਾਰ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ ਰਹਿੰਦਾ ਹੈ, ਜਿਵੇਂ ਪਾਣੀ ਵਿਚ ਉੱਗੇ ਕਉਲ ਫੁੱਲ, ਉਸ ਦੀ ਸਮਾਨ ਦ੍ਰਿਸ਼ਟੀ ਹਵਾ ਦੀ ਤਰ੍ਹਾਂ ਹੁੰਦੀ ਹੈ ਜੋ ਰਾਜੇ ਤੇ ਕੰਗਾਲ ਲਈ ਇਕ ਸਮਾਨ ਹੈ, ਬ੍ਰਹਮ ਗਿਆਨੀ ਧਰਤ ਦੇ ਸਮਾਨ ਹੁੰਦਾ ਜਿਵੇਂ ਕੋਈ ਉਸ ਨੂੰ ਖੋਤਰਦਾ ਤੇ ਕੋਈ ਚੰਦਨ ਲੇਪ ਕਰਦਾ ਹੈ, ਪਰ ਧਰਤ ਨੂੰ ਕੋਈ ਫ਼ਰਕ ਨਹੀਂ, ਉਹ ਜਲ ਦੇ ਸਮਾਨ ਹੁੰਦਾ ਹੈ ਜੋ ਕਦੀ ਮਲੀਨ ਨਹੀਂ ਹੁੰਦਾ ਸਗੋਂ ਦੂਜਿਆਂ ਦੀ ਮਲ ਧੋਂਦਾ ਹੈ। ਇਸੇ ਤਰ੍ਹਾਂ ਜਿਵੇਂ ਧਰਤੀ ਉਤੇ ਅਕਾਸ਼ ਹਰ ਥਾਂ ਵਿਆਪਕ ਹੈ ਤਿਵੇਂ ਬ੍ਰਹਮ ਗਿਆਨੀ ਦੇ ਮਨ ਵਿਚ ਚਾਨਣ ਹੋ ਜਾਂਦਾ ਹੈ ਕਿ ਪ੍ਰਭੂ ਹਰ ਥਾਂ ਮੌਜੂਦ ਹੈ ਤੇ ਉਸ ਲਈ ਮਿਤ੍ਰ-ਸਤ੍ਰ ਸਮਾਨ ਹੁੰਦੇ ਹਨ। ਇਸ ਅਸਟਪਦੀ ਵਿਚ ਦੋ ਗੰਭੀਰ ਸਵਾਲ ਹਨ ਕਿ ਫਿਰ ਬ੍ਰਹਮ ਗਿਆਨੀ ਕਿਵੇਂ ਬਣਦੇ ਹਨ? ਪਹਿਲਾ ਉੱਤਰ ਹੈ:

ਬ੍ਰਹਮ ਗਿਆਨੀ ਸੇ ਜਨ ਭਏ॥ ਨਾਨਕ ਜਿਨ ਪ੍ਰਭੁ ਆਪਿ ਕਰੇਇ॥ (ਅੰਗ 272)

ਭਾਵ ਉਹੀ ਮਨੁੱਖ ਬ੍ਰਹਮ ਗਿਆਨੀ ਬਣਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ। ਫਿਰ ਦੂਜਾ ਸਵਾਲ ਹੈ ਕਿ ਬ੍ਰਹਮ ਗਿਆਨੀ ਦੀ ਖੁਰਾਕ ਤੇ ਸੁਰਤ ਕਿਸ ਪ੍ਰਕਾਰ ਦੀ ਹੈ? ਉੱਤਰ ਵਿਚ ਫ਼ਰਮਾਨ ਹੈ:

ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥
ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ॥ (ਅੰਗ 273)

ਹੁਣ ਸੋਲ੍ਹਾਂ ਕਲਾਵਾਂ ਵਿਚ ‘ਗਿਆਨ ਪਹਿਲੀ ਕਲਾ ਹੈ ਤੇ ਧਿਆਨ ਦੂਜੀ ਕਲਾ ਹੈ ਤਾਂ ਇਸ ਪਾਂਧੀ ਲਈ ‘ਬ੍ਰਹਮ ਕਲਾ’ ਇਕ ਆਤਮਿਕ ਸ਼ਕਤੀ ਹੈ। ਅੱਗੇ ਦਿੱਤਾ ਹੋਇਆ ਸਵਾਲ ਤੇ ਜਵਾਬ ਸਾਡੇ ਸੰਸਾਰੀ ਬੰਦਿਆਂ ਦੇ ਸ਼ੰਕਿਆਂ ਦਾ ਉੱਤਰ ਵੀ ਹੈ ਜੋ ਪਦਾਰਥਵਾਦੀ ਤੇ ਨਾਸਤਿਕਵਾਦੀ ਬਿਰਤੀ ‘ਚੋਂ ਸ਼ੰਕੇ ਖੜ੍ਹੇ ਕਰ ਕੇ ਕੇਵਲ ਹਲਕੇ ਜਿਹੇ ਪੱਧਰ ਦੀ ਆਲੋਚਨਾ ਤੇ ਤਰਕ ਦਾ ਸ਼ਿਕਾਰ ਹੋ ਚੁੱਕੇ ਹਨ। ਪੰਚਮ ਪਾਤਸ਼ਾਹ ਜੀ ਫ਼ਰਮਾਉਂਦੇ ਹਨ ਕਿ ਫਿਰ ਇਸ ਬ੍ਰਹਮ ਕਲਾ ਵਾਲੇ ਦੀ ਉੱਚੀ ਅਵਸਥਾ ਨੂੰ ਕੌਣ ਜਾਣ ਸਕਦਾ ਹੈ?

ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ॥ (ਅੰਗ 273 )

ਇਸ ਦੇ ਨਾਲ ਹੀ ਉੱਤਰ ਹੈ:

ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ॥ (ਅੰਗ 273 )

ਭਾਵੇਂ ਅਜਿਹੀ ਅਵਸਥਾ ਵਾਲੀਆਂ ਰੂਹਾਂ ‘ਕੋਟਨ ਮੈ ਕੋਊ’ ਹੀ ਹੁੰਦੀਆਂ ਹਨ ਪਰ ਗੁਰੂ ਦੇ ਸਿੱਖਾਂ ਨੂੰ ਸ਼ੰਕਾ ਵੀ ਨਹੀਂ ਹੋਣਾ ਚਾਹੀਦਾ। ਸ਼ੰਕਾਵਾਦੀ ਵਿਚਾਰਾਂ ਵਾਲਿਆਂ ਲਈ ਭਾਈ ਵੀਰ ਸਿੰਘ ਜੀ ਨੇ ‘ਜੀਵਨ ਕਣੀ’ ਵਿਚ ਬਹੁਤ ਸੁੰਦਰ ਲਿਖਿਆ ਹੈ:

‘ਮਨ ਮੰਨੇ ਨਾ ਤਾਂ ਮਨ ਟਿਕੇ ਕਿਵੇਂ? ਟਿਕੇ ਨਾ ਤਾਂ ਉੱਚਾ ਕਿਵੇਂ ਹੋਵੇ? ਉੱਚਾ ਨਾ ਹੋਵੇ ਤਾਂ ਸਾਈਂ ਤਾਰ ਨਾਲ ਸੁਰ ਕਿਵੇਂ ਹੋਵੇ? ਜਿਉਂਦੀ ਤਾਰ ਨਾਲ ਨਾ ਸੁਰ ਹੋਵੇ ਤਾਂ ਆਪ ਜੀਵੇ ਕਿਵੇਂ? ਜੋ ਜੀਵੇ ਨਾ- ਉਹ ਧਰਮ ਪਰਮਾਰਥ ਪਾਵੇ ਕਿਵੇਂ?’
ਅੱਗੇ ਭਾਈ ਵੀਰ ਸਿੰਘ ਜੀ ਲਿਖਦੇ ਹਨ, ‘ਤੂੰ ਆਤਮਾ ਹੈ-ਆਪ ਨੂੰ ਪਛਾਣਿਆ ਕਰ, ਦੂਜਿਆਂ ਵਿਚ ਆਪਣੇ ਵਰਗੀ ਆਤਮਾ ਵੇਖਿਆ ਕਰ। ਦੌਲਤ ਤੇ ਸਰੀਰ ਵਰਗੀ ਆਤਮਾ ਵੇਖਿਆ ਕਰ। ਦੌਲਤ ਤੇ ਸਰੀਰ ਪਰਦੇ ਹਨ ਜੋ ਆਪਣੇ ਆਪ ਨੂੰ ਆਤਮਾ ਦੱਸਣ ਨਹੀਂ ਦੇਂਦੇ, ਇਨ੍ਹਾਂ ਪਰਦਿਆਂ ਨੂੰ ਪਾੜ ਕੇ ਆਤਮਾ ਵੇਖਿਆ ਕਰ।

ਇਸੇ ਤਰ੍ਹਾਂ ਬ੍ਰਹਮ ਕਲਾ ਜਾਂ ਅਧਯਾਤਮ ਪ੍ਰਕਾਸ਼ ਦੀ ਮਹਿਮਾ ਬਿਆਨ ਕਰਦਿਆਂ ਭਾਈ ਸੁੱਖਾ ਸਿੰਘ ਜੀ ਨਿਰਮਲੇ ਨੇ ‘ਅਧਯਾਤਮ ਪ੍ਰਕਾਸ਼ਾ ਵਿਚ ਇਉਂ ਲਿਖਿਆ ਹੈ:
ਜੈਸੇ ਰਵਿ ਕੇ ਤੇਜ ਤੇ ਅੰਧਕਾਰ ਮਿਟ ਜਾਇ। ਅਧਯਾਤਮ ਪ੍ਰਕਾਸ਼ ਤੇ ਤਯੋਂ ਅਗਯਾਨ ਨਸਾਇ।

ਭਾਵ ਜਿਵੇਂ ਸੂਰਜ ਦੇ ਪ੍ਰਕਾਸ਼ ਹੋਣ ‘ਤੇ ਰਾਤ ਦਾ ਹਨੇਰਾ ਮਿਟ ਜਾਂਦਾ ਹੈ, ਇਸੇ ਤਰ੍ਹਾਂ ਬ੍ਰਹਮ ਕਲਾ ਦੇ ਪ੍ਰਕਾਸ਼ ਨਾਲ ਅਗਿਆਨ ਨਾਸ਼ ਹੋ ਜਾਂਦਾ ਹੈ।
ਇਸ ਲੇਖ ਦੇ ਸ਼ੁਰੂ ਵਿਚ ਦਿੱਤੀਆਂ ਪੰਕਤੀਆਂ ਸ੍ਰੀ ਸੁਖਮਨੀ ਸਾਹਿਬ ਬਾਣੀ ਵਿਚ ਸਲੋਕ ਹੈ ਜੋ ‘ਬ੍ਰਹਮ ਕਲਾ’ ਨੂੰ ਸਮਝਣ ਦਾ ਮੁੱਖ ਆਧਾਰ ਹੈ। ਭਾਵ ਜਿਸ ਇਨਸਾਨ ਦੇ ਮਨ ਵਿਚ ਸਦਾ ਥਿਰ ਰਹਿਣ ਵਾਲਾ ਸੱਚਾ ਪ੍ਰਭੂ ਵੱਸਦਾ ਹੈ ਤੇ ਜੋ ਉਸੇ ਦਾ ਨਾਮ ਜਪਦਾ ਤੇ ਇਕ ਅਕਾਲ ਪੁਰਖ ਤੋਂ ਬਿਨਾ ਹੋਰ ਕਿਸੇ ਦੀ ਆਸ ਨਹੀਂ ਤੱਕਦਾ ਤਾਂ ਹੇ ਨਾਨਕ! ਇਹ ਲੱਛਣ ਬ੍ਰਹਮ ਗਿਆਨੀ ਦੇ ਹਨ। ਅੱਗੇ ਸਮੁੱਚੀ ਅਸਟਪਦੀ ਦਾ ਦੀਰਘ ਅਧਿਐਨ ਕਰਨਾ ਜ਼ਰੂਰੀ ਹੈ।