ਡਾ. ਇੰਦਰਜੀਤ ਸਿੰਘ ਗੋਗੋਆਣੀ
ਵਿਦਿਆ ਵੀਚਾਰੀ ਤਾਂ ਪਰਉਪਕਾਰੀ॥
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ॥੧॥
(ਅੰਗ ੩੫੬)
ਸੋਲਾਂ ਕਲਾਵਾਂ ਵਿੱਚੋਂ ਛੇਵੀਂ ਕਲਾ ‘ਵਿੱਦਿਆ ਕਲਾ’ ਹੈ। ਵਿੱਦਿਆ ਤੋਂ ਭਾਵ-ਜਾਣਨਾ ਜਾਂ ਇਲਮ ਹੈ। ‘ਸਮ-ਅਰਥ ਕੋਸ਼’ ਵਿਚ ਇਸ ਦੇ ਸਮਾਨ-ਅਰਥੀ ਸ਼ਬਦ, ‘ਉਪਨੇਤ੍ਰ, ਐਜੂਕੇਸ਼ਨ, ਇਰਫ਼ਾਨ, ਇਲਮ, ਸਿਖਸ਼ਾ, ਸਿੱਖਿਆ, ਗਿਆਨ, ਗਯਾਨ, उड़ ਬੋਧ, ਪ੍ਰਗਿਆ ਬੋਧ, ਯਥਾਰਥ ਗਯਾਨ, ਵਿਦਿਯਾ, ਵੇਦ ਆਦਿ ਹਨ।
ਸਾਡੇ ਵਿੱਦਿਅਕ ਅਦਾਰਿਆਂ ਵਿਚ ਇਕ ਵਿਚਾਰ ਆਮ ਹੀ ਲਿਖਿਆ ਮਿਲਦਾ ਹੈ ਕਿ ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ। ਇਸ ਲਈ ਦੋ ਅੱਖਾਂ ਦੇ ਹੁੰਦਿਆਂ ਜੇਕਰ ਤੀਜੇ ਨੇਤਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਦੀ ਸ਼ਕਤੀ ਵੀ ਜ਼ਰੂਰ ਹੈ। ਵਿਦਵਾਨਾਂ ਦੇ ਬਚਨ ਹਨ ਕਿ ਜਦ ਤਕ ਤੀਜਾ ਨੇਤਰ ਨਹੀਂ ਖੁੱਲ੍ਹਦਾ ਤਾਂ ਪਸ਼ੂ ਤੇ ਮਨੁੱਖ ਵਿਚ ਕੋਈ ਫ਼ਰਕ ਵੀ ਨਹੀਂ ਹੈ। ਚੀਨੀ ਮੁਹਾਵਰਾ ਹੈ ਕਿ ‘ਗਿਆਨ ਨੂੰ ਛੱਡ ਕੇ ਮਨੁੱਖ ਵੀ ਬਾਕੀ ਸਾਰੇ ਜਾਨਵਰਾਂ ਵਰਗਾ ਹੀ ਹੁੰਦਾ ਹੈ।” ਤੱਤਸਾਰ ਵਜੋਂ ਵਿੱਦਿਆ ਕਲਾ ਇਕ ਮਹਾਨ ਸ਼ਕਤੀ ਹੈ। ਵਿੱਦਿਆ ਭਾਵ ਗਿਆਨ ਜਾਂ ਇਲਮ ਦੀ ਸੀਮਾ ਕੋਈ ਨਹੀਂ ਹੈ। ਇਹ ਅਸੀਮ ਤੇ ਬੇਅੰਤ ਪ੍ਰਕਾਰ ਦੀ ਹੈ।
ਮਹਾਨ ਵਿਦਵਾਨ-ਸ਼ਹੀਦ ਭਾਈ ਮਨੀ ਸਿੰਘ ਜੀ ਨੇ ਜਨਮਸਾਖੀ ਵਿਚ ਚੌਦਾਂ ਪ੍ਰਕਾਰ ਦੀ ਵਿੱਦਿਆ ਦਾ ਜ਼ਿਕਰ ਕੀਤਾ ਹੈ: ਅੱਖਰ ਵਿੱਦਿਆ, ਪਾਣੀ ਵਿਚ ਤੈਰਨਾ, ਵੈਦਗੀ, ਰਸਾਇਣੀ ਭਾਵ ਲੋਹੇ ਤੋਂ ਸੋਨਾ ਬਣਾ ਲੈਣਾ, ਜੋਤਿਸ਼ ਵਿੱਦਿਆ, ਰਾਗ ਵਿੱਦਿਆ, ਕਾਮ ਸ਼ਾਸਤਰ, ਵਿਆਕਰਣ ਵਿੱਦਿਆ, ਸਾਜ ਵਜਾਉਣੇ, ਘੋੜੇ ਦੁੜਾਉਣੇ, ਨਟ ਬਾਜ਼ੀਆਂ, ਨ੍ਰਿਤ ਵਿੱਦਿਆ, ਧਨੁਸ਼ ਵਿੱਦਿਆ, ਗਿਆਨ ਚਰਚਾ ‘ਚ ਸਿਆਣਾ ਹੋਣਾ ਆਦਿ। ਹੁਣ ਅੱਗੇ ਇਨ੍ਹਾਂ ਦੇ ਬਹੁ ਭੇਦ ਹਨ, ਜਿਵੇਂ ਸਾਜ਼ ਵਜਾਉਣਾ ਤੇ ਸਾਜ਼ਾਂ ਦੇ ਬਹੁ ਪ੍ਰਕਾਰ ਹਨ। ਅੱਖਰ ਵਿੱਦਿਆ ਦੀ ਗੱਲ ਕਰੀਏ ਤਾਂ ਭਾਸ਼ਾਵਾਂ ਬੇਅੰਤ ਹਨ। ਇਸੇ ਤਰ੍ਹਾਂ ਗਿਆਨ ਚਰਚਾ ਤਾਂ ਕਿਸੇ ਵੀ ਵਿਸ਼ੇ ਉੱਪਰ ਹੋ ਸਕਦੀ ਹੈ ਪਰ ਚੌਦਾਂ ਪ੍ਰਕਾਰ ਦੀ ਵਿੱਦਿਆ ਕਿਸੇ ਖਿੱਤੇ ਦੇ ਮਨੁੱਖ ਲਈ ਚੰਗੀ ਜੀਵਨ-ਜਾਚ ਤੇ ਸਮੂਹ ਨਾਲ ਡੂੰਘਾ ਸੰਬੰਧ ਰੱਖਦੀ ਹੈ। ਸੂਖਸ਼ਮ ਰੂਪ ਵਿਚ ਮਨੁੱਖਤਾ ਲਈ ਸਿੱਖਿਆ ਵੀ ਹੈ ਕਿ ਕੇਵਲ ਇਕ ਕਿਸਮ ਦੀ ਵਿੱਦਿਆ ਪਾ ਕੇ ਹੰਕਾਰ ਨਹੀਂ ਕਰ ਲੈਣਾ, ਸਗੋਂ ਵਿੱਦਿਆ ਹੋਰ ਵੀ ਬਹੁਤ ਪ੍ਰਕਾਰ ਦੀ ਹੈ। ਇਸ ਪਿੱਛੇ ਮਹਾਂਪੁਰਖਾਂ ਦੀਆਂ ਭਾਵਨਾਵਾਂ ਵੀ ਹਨ ਕਿ ਸਮਾਜ ਦਾ ਬਹੁਪੱਖੀ ਗਿਆਨਵਾਨ ਹੋਣਾ ਜ਼ਰੂਰੀ ਹੈ।
ਦਸਮ ਪਾਤਸ਼ਾਹ ਜੀ ਨੇ ਤਾਂ ਸਾਬੋ ਕੀ ਤਲਵੰਡੀ ਵਿਖੇ ਬਹੁਤ ਸਾਰੀਆਂ ਕਲਮਾਂ ਘੜ੍ਹ ਕੇ ਸਰੋਵਰ ਵਿਚ ਸੁੱਟ ਦਿੱਤੀਆਂ ਤੇ ਬਚਨ ਕੀਤੇ ਸਨ ਕਿ ਇਹ ਗੁਰੂ ਕੀ ਕਾਸ਼ੀ ਹੋਵੇਗੀ। ਭਾਵਨਾ ਇਹੋ ਕਿ ਮੇਰਾ ਕੋਈ ਵੀ ਸਿੱਖ ਵਿੱਦਿਆ ਤੋਂ ਵਾਂਝਾ ਨਾ ਰਹੇ। ਵਿੱਦਿਆ ਪ੍ਰਾਪਤੀ ਸ਼ਹਿਦ ਦੀਆਂ ਮੱਖੀਆਂ ਵਾਂਗ ਇਕ ਲਗਨ ਹੈ। ਸ਼ੇਖ ਸਾਅਦੀ ਨੇ ਗੁਲਸਤਾਂ ਵਿਚ ਲਿਖਿਆ, “ਲੋਕਾਂ ਨੇ ਅਮਾਮ ਗਜ਼ਾਲੀ ਤੋਂ ਪੁੱਛਿਆ ਕਿ ਵਿਦਵਤਾ ਵਿਚ ਤੂੰ ਇੰਨੀ ਵੱਡੀ ਪਦਵੀ ਕਿਵੇਂ ਪ੍ਰਾਪਤ ਕੀਤੀ? ਉਸ ਨੇ ਉੱਤਰ ਦਿੱਤਾ ਕਿ ਜੋ ਕੁਝ ਮੈਨੂੰ ਪਤਾ ਨਹੀਂ ਸੀ, ਮੈਂ ਉਸ ਬਾਰੇ ਪੁੱਛਣ ਵਿਚ ਸ਼ਰਮ ਨਹੀਂ ਕੀਤੀ।” ਦੂਜੇ ਪਾਸੇ ਅਜੋਕੇ ਯੁੱਗ ਵਿਚ ਵਿੱਦਿਆ ਦਾ ਭਾਵੇਂ ਵੱਡਾ ਪਾਸਾਰਾ ਹੈ ਪਰ ਬੁਰਾਈਆਂ ਵਧ ਰਹੀਆਂ ਹਨ, ਜਿਵੇਂ: ਬੇਚੈਨੀ, ਚਿੰਤਾ, ਰੋਗ, ਝਗੜੇ, ਭ੍ਰਿਸ਼ਟਾਚਾਰ, ਮਿਲਾਵਟਖੋਰੀ, ਭਰਮ ਪਾਖੰਡ, ਫੋਕਟ ਕਰਮਕਾਂਡ, ਕਤਲੋਗਾਰਤ, ਦੁਰਘਟਨਾਵਾਂ, ਈਰਖਾ, ਹੰਕਾਰ, ਲੁੱਟ ਖੋਹ, ਤਲਾਕ, ਨਸ਼ੇ, ਭਿਆਨਕ ਰੋਗ ਤੇ ਸਭ ਤੋਂ ਵੱਧ ਆਮ ਮਨੁੱਖਤਾ ਦਾ ਮਨੁੱਖਾਂ ਹੱਥੋਂ ਸ਼ੋਸ਼ਣ। ਲੋਕ ਚਰਚਾ ਹੈ ਕਿ ਕਿਸੇ ਸਮੇਂ ਵਿੱਦਿਆ ਵਿਹੂਣੇ ਸਮਾਜ ਵਿਚ ਬੁਰਿਆਈਆਂ ਘੱਟ ਸਨ ਤੇ ਹੁਣ ਵਿੱਦਿਆ ਦੇ ਪਾਸਾਰ ਨਾਲ ਸਗੋਂ ਬੁਰਿਆਈਆਂ ਵਧ ਗਈਆਂ ਹਨ, ਜੋ ਕਿ ਘਟਣੀਆਂ ਚਾਹੀਦੀਆਂ ਸਨ। ਹੁਣ ਇੱਥੇ ਕਸੂਰ ਵਿੱਦਿਆ ਦਾ ਨਹੀਂ, ਸਗੋਂ ਨੀਵੀਂ ਸੋਚ ਦਾ ਹੈ। ਜਿਵੇਂ ਅੱਗ ਇਕ ਸ਼ਕਤੀ ਹੈ, ਜੇਕਰ ਭਲੇ ਪੁਰਸ਼ ਦੇ ਹੱਥ ਵਿਚ ਆ ਜਾਏ ਤਾਂ ਉਹ ਰੋਸ਼ਨੀ ਵੀ ਕਰ ਸਕਦਾ ਤੇ ਕਿਸੇ ਦਾ ਭੋਜਨ ਵੀ ਪਕਾ ਸਕਦਾ ਹੈ, ਪਰ ਜੇ ਉਹ ਬੁਰੇ ਪੁਰਸ਼ ਦੇ ਹੱਥ ਆ ਜਾਵੇ ਤਾਂ ਉਸੇ ਹੀ ਅੱਗ ਨਾਲ ਕਿਸੇ ਦਾ ਘਰ ਸਾੜ ਕੇ ਸੁਆਹ ਵੀ ਕਰ ਸਕਦਾ ਹੈ।
ਉਪਰੋਕਤ ਪੰਕਤੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹੋ ਹੀ ਸਿੱਖਿਆ ਬਖ਼ਸ਼ਿਸ਼ ਕੀਤੀ ਹੈ ਕਿ (ਵਿੱਦਿਆ ਪ੍ਰਾਪਤ ਕਰ ਕੇ) ਜੇ ਮਨੁੱਖ ਦੂਜਿਆਂ ਪ੍ਰਤੀ ਪਰਉਪਕਾਰੀ ਭਾਵ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ। ਜਿਵੇਂ ਤੀਰਥਾਂ ’ਤੇ ਨਿਵਾਸ ਰੱਖਣ ਵਾਲਾ ਤਦ ਹੀ ਸਫ਼ਲ ਹੈ, ਜੇ ਉਸ ਨੇ ਪੰਜ ਕਾਮਾਦਿਕ ਵੱਸ ਕਰ ਲਏ ਹਨ। ਇਸ ਲਈ ਮਨੁੱਖ ਵਾਸਤੇ ਵਿੱਦਿਆ ਕਲਾ ਅਤਿ ਜ਼ਰੂਰੀ ਹੈ ਪਰ ਇਸ ਦੇ ਨਾਲ ਆਪਣੇ ਧਰਮ `ਚ ਪ੍ਰਪੱਕਤਾ, ਨੈਤਿਕ ਕਦਰਾਂ-ਕੀਮਤਾਂ ਤੇ ਚੰਗੀ ਜੀਵਨ-ਜਾਚ ਦੇ ਨਿਯਮਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ। ਹੱਥ ਵਿਚ ਜਗਦਾ ਦੀਪ ਲੈ ਕੇ ‘ਖੂਹ ਵਿਚ ਡਿੱਗੇ ਹੋਏ ਨੂੰ ਕਿਸੇ ਨੇ ਸਿਆਣਾ ਨਹੀਂ ਕਹਿਣਾ। ਤੱਤਸਾਰ ਵਜੋਂ ਹਰ ਮਨੁੱਖ ਤੇ ਸਮਾਜ ‘ਵਿੱਦਿਆ ਕਲਾ’ ਨਾਲ ਹੀ ਚੰਗਾ ਬਣਦਾ ਹੈ ਪਰ ਸ਼ਰਤ ਇਹ ਕਿ ਉੱਚ ਕਦਰਾਂ-ਕੀਮਤਾਂ ਦਾ ਪੱਲਾ ਨਾ ਛੱਡਿਆ ਜਾਵੇ।