– ਡਾ. ਇੰਦਰਜੀਤ ਸਿੰਘ ਗੋਗੋਆਣੀ
ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ॥ ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ॥
(ਅੰਗ ੯੪੮)
ਸੋਲਾਂ ਕਲਾਵਾਂ ਅਨੁਸਾਰ ਵਿਚਾਰ ਕਰੀਏ ਤਾਂ ਚੌਥੀ ਕਲਾ ‘ਸੰਜਮ ਕਲਾ ਹੈ। ਮਾਨਵੀ ਜੀਵਨ ਜਾਚ ਵਿਚ ਸੰਜਮ ਜਾਂ ਸੰਤੋਖ ਦਾ ਵੱਡਾ ਆਧਾਰ ਹੈ। ਮਹਾਨ ਕੋਸ਼ ਦੇ ਕਰਤਾ ਅਨੁਸਾਰ ਸੰਜਮ-ਸੰਖ ਸੰ-ਯਮ. ਸੰਯਮ-ਚੰਗੀ ਤਰਾਂ ਬੰਨਣ ਦੀ ਕਿਰਿਆ ਮਨ ਇੰਦਰੀਆ ਨੂੰ ਵਿਕਾਰਾਂ ਤੋਂ ਰੋਕਣਾ ਪਰਹੇਜ਼ ਉਪਾਯ, ਯਤਨ ਤਰੀਕਾ ਢੰਗ ਆਦਿ ਹਨ। ਸੰਜਮ-ਪਰਹੇਜ਼ ਜਾਂ ਢੰਗ ਤੋਂ ਵਿਹੂਣਾ ਮਨੁੱਖੀ ਜੀਵਨ ਕਿਸੇ ਕੰਮ ਦਾ ਨਹੀ ਹੁੰਦਾ। ਸੰਜਮ ਵਿਹੂਣੇ ਸਮਾਜ ਦੀ ਤਸਵੀਰ ਵੀ ਸਾਡੇ ਸਾਹਮਣੇ ਹੈ।
ਖਾਣ-ਪੀਣ ਲਈ ਵੀ ਸੰਜਮ ਦੀ ਲੋੜ ਹੈ ਨਹੀਂ ਤਾਂ ਬੇਲੋੜੀਆਂ ਬੀਮਾਰੀਆ ਚਿੰਬੜ ਰਹੀਆਂ ਹਨ। ਪਹਿਨਣ ਲਈ ਵੀ ਸੰਜਮ ਜ਼ਰੂਰੀ ਹੈ ਕਿਉਂਕਿ ਨੰਗੇਜ਼ਵਾਦ ਨੇ ਸਮਾਜਿਕ ਕਦਰਾਂ-ਕੀਮਤਾਂ ਦਾ ਘਾਣ ਕਰ ਦਿੱਤਾ ਹੈ। ਲੇਖਕਾਂ ਲਈ ਸੰਜਮ ‘ਚ ਰਹਿਣਾ ਜ਼ਰੂਰੀ ਹੈ. ਕੁਝ ਕੁ ਦੀਆਂ ਲਿਖਤਾਂ ਨੇ ਬੇਲੋੜੇ ਵਾਦ-ਵਿਵਾਦ ਤੇ ਆਪਸੀ ਉਲਝਣਾਂ ਤੋਂ ਇਲਾਵਾ ਕੁਝ ਨਹੀਂ ਸਵਾਰਿਆ। ਧਾਰਮਿਕ ਤੇ ਰਾਜਨੀਤਿਕ ਲੋਕਾਂ ਦਾ ਸਤਿਕਾਰ ਸੰਜਮ ਨੇ ਹੀ ਕਾਇਮ ਰੱਖਣਾ ਹੈ, ਨਹੀਂ ਤਾਂ ਧਾਰਮਿਕ ਡੇਰਿਆਂ ਤੇ ਕੁਝ ਰਾਜਨੀਤਿਕਾਂ ਦੇ ਅਰਬਾਂ-ਖਰਬਾਂ ਦੀਆਂ ਜਾਇਦਾਦਾਂ ਦੇ ਘੁਟਾਲੇ ਲੁੱਟ-ਖਸੁੱਟ ਤੇ ਭ੍ਰਿਸ਼ਟਾਚਾਰ ਦੇ ਮੂੰਹ-ਬੋਲਦੇ ਤੱਥ ਹਨ ਕਿ ਸੰਜਮ ਸੰਤੋਖ ਨਹੀਂ ਰਿਹਾ। ਹਰੇਕ ਧਰਮ, ਉਥੋਂ ਦਾ ਸਾਹਿਤ, ਇਤਿਹਾਸ, ਫਿਲਾਸਫੀ ਤੇ ਕਥਾ-ਕਹਾਣੀਆਂ ਵਾਰ-ਵਾਰ ਮਨੁੱਖੀ ਜੀਵਨ ਜਿਉਣ ਨੂੰ ਸੰਜਮ ਲਈ ਪ੍ਰੇਰਦੀਆਂ ਹਨ। ਦਾਨਸ਼ਵਰਾਂ ਦਾ ਤੱਥ ਹੈ ਕਿ ਸੰਜਮ ਨਾਲ ਵਰਤਿਆ ਜ਼ਹਿਰ ਵੀ ਦਵਾਈ ਬਣ ਇਲਾਜ ਕਰ ਸਕਦਾ ਹੈ ਅਤੇ ਬਿਨਾਂ ਸੰਜਮ ਤੋਂ ਵਰਤਿਆ ਸ਼ਹਿਦ ਵੀ ਇਕ ਵੱਡਾ ਰੋਗ ਪੈਦਾ ਕਰ ਸਕਦਾ ਹੈ। ਅਜੋਕੇ ਯੁੱਗ ਦੀਆਂ ਕਈ ਗੰਭੀਰ ਬੀਮਾਰੀਆਂ ਦੁੱਧ-ਘਿਉ ਤੇ ਮਿੱਠੇ ਦੀ ਦੁਰਵਰਤੋਂ ਤੇ ਆਰਾਮਪ੍ਰਸਤ ਜੀਵਨ ਦੀ ਪੈਦਾਇਸ਼ ਹਨ। ਵੱਡੀ ਗਿਣਤੀ ਵਿਚ ਮਾਨਸਿਕ ਰੋਗੀ, ਸੀਲ-ਸੰਜਮ ਤਿਆਗ ਕੇ ਪਦਾਰਥਵਾਦੀ ਦੌੜ ੜ ਦੀ ਦੇਣ ਹਨ। ਧਾਰਮਿਕ ਜਗਤ ਵਿਚ ਪੰਜ ਦੋਖ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਾਰਨ ਤੋਂ ਭਾਵ ਵੀ ਸੰਜਮ ਵਿਚ ਰਹਿਣ ਦੀ ਹੀ ਪ੍ਰੇਰਨਾ ਹੈ। ਜਦ ਸੰਜਮ ਨਾ ਰਿਹਾ ਤਾਂ ਕਾਮ ਤੋਂ ਏਡਜ਼ ਵਰਗੀਆਂ ਭਿਆਨਕ
ਬੀਮਾਰੀਆਂ ਕ੍ਰੋਧ ਤੋਂ ਲੜਾਈਆਂ ਝਗੜੇ, ਕਤਲ-ਓ-ਗਾਰਤ, ਲੋਭ ਤੋਂ ਮਿਲਾਵਟਖੋਰੀ, ਭ੍ਰਿਸ਼ਟਾਚਾਰ ਨੇ ਜਨਮ ਲਿਆ। ਮੋਹ ਤੋਂ ਪਦਾਰਥਵਾਦੀ ਦੌੜ ਤੇ ਚਿੰਤਾ ਅਤੇ ਹੰਕਾਰ ਵਿਚ ਮਨੁੱਖ ਨੇ ਮਨੁੱਖ ਤੋਂ ਦੂਰੀਆਂ ਬਣਾ ਲਈਆਂ। ਬੇਲੋੜੇ ਹੰਕਾਰ ਨੇ ਕਈਆਂ ਵਿਚ ‘ਏਕ ਨੂਰ ਤੇ ਸਭੁ ਜਗੁ ਉਪਜਿਆ’ ਦੀ ਭਾਵਨਾ ਪੈਦਾ ਹੀ ਨਹੀਂ ਹੋਣ ਦਿੱਤੀ। ਤੱਤਸਾਰ ਵਜੋਂ ਗੱਲ ਕਰੀਏ ਤਾਂ ਸੰਜਮ ਨਦੀ ਦੇ ਕਿਨਾਰਿਆਂ ਵਾਂਗ ਹੈ ਜੇਕਰ ਕਿਨਾਰੇ ਨਾ ਹੋਣ ਤਾਂ ਨਦੀ ਦੀ ਵੀ ਹੋਂਦ ਕੋਈ ਨਹੀਂ ਹੁੰਦੀ। ਕਈ ਵਾਰ ਜਦ ਬੇਸੰਜਮਾ ਪਾਣੀ ਦਾ ਵਹਾਉ ਆਪਣੇ ਕਿਨਾਰੇ ਖੋਰ ਲੈਂਦਾ ਹੈ ਤਾਂ ਆਪਣੀ ਹੀ ਹੋਂਦ ਮਿਟਾ ਬਹਿੰਦਾ ਹੈ। ਬੱਸ ਇਸੇ ਤਰਾਂ ਮਨੁੱਖ ਦੀ ਹੋਂਦ ਹੈ ਕਿ ਉਸ ਦੇ ਲਈ ਵੀ ਸੰਜਮ ‘ਚ ਰਹਿਣਾ ਜ਼ਰੂਰੀ ਹੈ।
ਜਿਸ ਇਨਸਾਨ ਦਾ ਸੋਣਾ ਜਾਗਣਾ ਖਾਣਾ, ਪੀਣਾ. ਪਹਿਨਣਾ ਬੋਲਣਾ. ਵਿਚਰਨਾ ਪੜਨਾ ਸੁਣਨਾ ਰਹਿਣਾ ਆਦਿ ਸੰਜਮ ਵਿਚ ਹੈ. ਉਹ ਕਿੱਧਰੇ ਨੁਕਸਾਨ ਵੀ ਨਹੀਂ ਉਠਾਉਂਦਾ ਪਰ ਇਸ ਦੇ ਵਿਪਰੀਤ ਬੇਸੰਜਮੀਆਂ ਲਈ ਦੁੱਖ ਹੀ ਦੁੱਖ ਹਨ। ਨਿੱਕੀ ਜਿਹੀ ਗੱਲ ਸੜਕਾਂ ਉਤੇ ਚੱਲਦੀਆਂ ਗੱਡੀਆਂ ਦੀ ਸਪੀਡ ਜਦ ਸੰਜਮ ਵਿਚ ਨਹੀਂ ਰਹਿੰਦੀ ਤਾਂ ਰੋਜ਼ਾਨਾ ਹੀ ਕਿੰਨੀਆਂ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਹਨ। ਬੇਲੋੜੇ ਨਸ਼ੇ, ਫੈਸ਼ਨ, ਦਾਜ ਦਹੇਜ ਸਭ ਸੰਜਮ ਵਿਹੂਣਿਆਂ ਦੀ ਮਿਸਾਲ ਹੈ। ਸੰਜਮੀ ਜੀਵਨ ਸਦਾ ਸੁਖਾਲਾ ਹੁੰਦਾ ਹੈ ਅਤੇ ਬੇ-ਸੰਜਮੀ ਸਦਾ ਹੀ ਦੁੱਖ ਭੋਗਦਾ ਹੈ।
ਸ੍ਰੀ ਗੁਰੂ ਅਮਰਦਾਸ ਜੀ ਉਪਰੋਕਤ ਪੰਕਤੀਆਂ ਵਿਚ ਫਰਮਾਉਂਦੇ ਹਨ ਕਿ ਇਸ ਜਗਤ ਵਿਚ ਜਗਤ ਵੱਲੋਂ ਜੀਉਂਦਿਆਂ ਮਰਨ ਦੀਆਂ ਗੱਲਾ ਹਰ ਕੋਈ ਕਰਦਾ ਹੈ ਪਰ ਇਹ ਜੀਵਨ ਮੁਕਤੀ ਦੀ ਅਵਸਥਾ ਪ੍ਰਾਪਤ ਕਿਵੇਂ ਹੋਵੇ?
ਦੂਸਰੀ ਪੰਕਤੀ ਵਿਚ ਉੱਤਰ ਹੈ ਕਿ ਜੇਕਰ ਇਨਸਾਨ ਦੁਨੀਆਂ ਦੇ ਚਸਕਿਆ ਦੀ ਵਿਹੁ ਨੂੰ ਦੂਰ ਕਰਨ ਲਈ ਪਰਮਾਤਮਾ ਦਾ ਭਾਉ (ਪਿਆਰ) ਰੂਪੀ ਦਾਰੂ (ਦਵਾਈ) ਵਰਤੇ ਅਤੇ ਪ੍ਰਭੂ ਦੇ ਭੈ (ਡਰ) ਦਾ ਸੰਜਮ (ਪਰਹੇਜ਼) ਬਣਾਏ ਤਾਂ ਹਰ ਰੋਜ਼ ਸਹਜੇ ਪ੍ਰਭੂ ਦੇ ਗੁਣ ਗਾਉਂਦਾ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ। ਇਸ ਲਈ ਸੰਜਮ ਇਕ ਸ਼ਕਤੀ ਹੈ ਜੋ ਈਹਾਂ- ਊਹਾ ਸਦਾ ਸਹਾਈ ਹੁੰਦੀ ਹੈ। ਜੇਕਰ ਹਰ ਇਨਸਾਨ ਨੂੰ ਸੰਜਮ ਕਲਾ ਦਾ ਗਿਆਨ ਵੀ ਹੋਵੇ ਅਤੇ ਅਮਲੀ ਜੀਵਨ ਵਿਚ ਜਿਉਣ ਦੀ ਕਲਾ ਵੀ ਆ ਜਾਵੇ ਤਾਂ ਹਰ ਮੈਦਾਨ ਫਤਿਹ ਹੋਵੇਗੀ।