132 views 12 secs 0 comments

ਸੋਲਾਂ ਕਲਾਵਾਂ – ਹਠ ਕਲਾ

ਲੇਖ
January 20, 2025

-ਡਾ. ਇੰਦਰਜੀਤ ਸਿੰਘ ਗੋਗੋਆਣੀ

ਘਾਣੀ ਤਿਲੁ ਪੀੜਾਇ ਤੇਲੁ ਕਢਾਇਆ।
ਦੀਵੈ ਤੇਲੁ ਜਲਾਇ ਅਨ੍ਹੇਰੁ ਗਵਾਇਆ।

-ਭਾਈ ਗੁਰਦਾਸ ਜੀ

ਸੋਲਾਂ ਕਲਾਵਾਂ ਵਿੱਚੋਂ ਤੀਸਰੀ ਕਲਾ ਹਠ ਕਲਾ ਹੈ। ਹਠ ਦੇ ਸਮਾਨਾਰਥੀ ਸ਼ਬਦ ਅੜੀ ਆਗ੍ਰਹ, ਸਾਹਸ, ਹੋਡ ਜ਼ਿੱਦ ਦ੍ਰਿੜਤਾ ਵੀ ਹਨ। ‘ਮਹਾਨ ਕੋਸ਼’ ਦੇ ਕਰਤਾ ਅਨੁਸਾਰ ਹਠੀ ਦੋ ਪ੍ਰਕਾਰ ਦੇ ਹਨ. ‘ਇਕ ਅੰਧ-ਵਿਸ਼ਵਾਸੀ ਜੋ ਯਥਾਰਥ ਜਾਣਨ ਪੁਰ ਭੀ ਅਗਿਆਨ ਨਾਲ ਦ੍ਰਿੜ ਕੀਤੀ ਗੱਲ ਨੂੰ ਨਾ ਤਿਆਗੇ ਇਹ ‘ਨਿੰਦਤ ਹਠੀ’ ਹੈ।

ਦੂਜਾ ‘ਉੱਤਮ ਹਠੀ’ ਹੈ ਜੋ ਸਤਯ ਵਿਚਾਰ ਨੂੰ ਕਿਸੇ ਲਾਲਚ ਅਥਵਾ ਭੈ ਕਰਕੇ ਨਹੀਂ ਤਿਆਗਦਾ ਅਤੇ ਆਤਮਿਕ ਕਮਜ਼ੋਰੀ ਨਹੀਂ ਦਿਖਾਉਂਦਾ-ਅਜਿਹੇ ਹਠੀਏ ਦਾ ਹੀ ਨਾਉਂ ਅਰਦਾਸ ਵਿਚ ਸਿੱਖ ਸਿਮਰਦੇ ਹਨ। ਇਸ ਪਵਿੱਤਰ ਹਠ ਦੀ ਉਦਾਹਰਨ ਹੈ. ਸੀਸੁ ਦੀਆ ਪਰ ਸਿਰਰੁ ਨ ਦੀਆ॥’

ਇੱਥੇ ਅਸੀਂ ਉੱਤਮ ਹਠੀ ਦੀ ਹੀ ਗੱਲ ਕਰਦੇ ਹਾਂ। ਸੰਸਾਰ ਵਿਚ ਦ੍ਰਿੜ ਵਿਸ਼ਵਾਸੀ ਹੋਣਾ ਇਕ ਉੱਤਮ ਗੁਣ ਮੰਨਿਆ ਗਿਆ ਹੈ। ਦ੍ਰਿੜ ਇਰਾਦੇ ਵਾਲਾ ਹੀ ਜੀਵਨ ਦੀ ਬਾਜ਼ੀ ਜਿੱਤਦਾ ਹੈ। ਹਠੀ ਹੀ ਅਡੋਲ ਤੇ ਅਟੱਲ ਰਹਿ ਸਕਦਾ ਹੈ। ਸੁਭ ਕਰਮਨ ਤੇ ਕਬਹੂੰ ਨ ਟਰੋਂ।” ਦੀ ਜੋਦੜੀ ਦ੍ਰਿੜਤਾ ਤੇ ਸਾਹਸ ਦੀ ਹੀ ਉੱਤਮ ਮਿਸਾਲ ਹੈ। ਹਠੀ ਆਪਣੇ ਆਦਰਸ਼ਾਂ ਤੋਂ ਪਿੱਛੇ ਨਹੀਂ ਹਟਦਾ ਤੇ ਸਿੱਖ ਵਿਚਾਰਧਾਰਾ ਵਿਚ ਇਸੇ ਨੂੰ ਸਿਰੜ ਕਿਹਾ ਹੈ। “ਸਿਰੁ ਦੀਜੈ ਕਾਣਿ ਨ ਕੀਜੈ” ਇਹ ਸਿਦਕੀਆਂ ਦੇ ਹੀ ਬੋਲ ਹਨ ਅਤੇ “ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ” ਇਕ ਹਠੀ ਦੀ ਆਤਮਿਕ ਅਵਸਥਾ ਦੀ ਸਿਖਰ ਹੈ। ਇਸੇ ਤਰ੍ਹਾਂ ‘ਉਰ ਨ ਭੀਜੈ ਪਗੁ ਨਾ ਖਿਸੈ” ਉੱਤਮ ਹਠ ਦੀ ਸੱਦ ਹੈ ਤੇ “ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ” ਇਕ ਸਾਹਸੀ ਮਨੁੱਖ ਹੀ ਗਾ ਸਕਦਾ ਹੈ।

ਚੀਨੀ ਵਿਚ ਹਠ ਪ੍ਰਤੀ ਲੋਕ ਮੁਹਾਵਰਾ ਹੈ ਕਿ, ਲੋਹੇ ਦੀ ਇੱਟ ਨੂੰ ਵੀ ਲਗਾਤਾਰ ਤਿੱਖਾ ਕਰਨ ਨਾਲ ਸੂਈ ਬਣਾਈ ਜਾ ਸਕਦੀ ਹੈ। ਪੰਜਾਬੀ ਲੋਕ ਸਾਹਿਤ ਵਿਚ ਇਕ ਕਵੀ ਨੇ ਸਾਹਸੀ ਬੋਲ ਉਚਾਰੇ ਹਨ, “ਦੀਵਾ ਆਖੇ ਰਾਤ ਨੂੰ ਕਰ ਨਾ ਤੂੰ ਹੰਕਾਰ- ਮੈਂ ਕੱਲਾ ਹੀ ਬਹੁਤ ਹਾਂ ਚਾਨਣ ਦੇਊਂ ਖਿਲਾਰ ।” ਹੁਣ ਏਨੀ ਦ੍ਰਿੜਤਾ ਤੇ ਹਠ ਮਨੁੱਖ ਦੇ ਵਿਚਾਰਾਂ ਵਿਚ ਹੋਵੇ ਤਾਂ ਹਰ ਅਸੰਭਵ ਨੂੰ ਸੰਭਵ ਬਣਾਇਆ ਜਾ ਸਕਦਾ ਹੈ। ਖਿਆਲਾਂ ਦੀ ਸ਼ਕਤੀ ਹੀ ਇਨਸਾਨ ਦੇ ਸਭ ਕੰਮਾਂ ਦੀ ਬੁਨਿਆਦ ਹੈ। ਹਿੰਮਤ ਤੇ ਦ੍ਰਿੜਤਾ ਉਹ ਰਿਸ਼ਤਾ ਹੈ ਜਿਸ ਨੇ ਵੀ ਇਸ ਦਾ ਪੱਲਾ ਫੜ ਲਿਆ ਉਹ ਮੰਜ਼ਲ ‘ਤੇ ਜਾ ਪਹੁੰਚਿਆ। ਜਿਸ ਇਨਸਾਨ ਵਿਚ ਹਠ ਜਾਂ ਸਾਹਸ ਨਹੀਂ ਉਸ ਨੇ ਪ੍ਰਾਪਤ ਵੀ ਕੁਝ ਨਹੀਂ ਕੀਤਾ। ਖੇਤਰ ਕੋਈ ਵੀ ਹੋਵੇ ਧਾਰਮਿਕ ਰਾਜਨੀਤਿਕ, ਸਮਾਜਿਕ ਜਾਂ ਸਾਹਿਤਕ ਇਸ ਵਿਚ ਹੋਂਦ ਸਾਹਸੀ ਤੇ ਹਠੀਆਂ ਨੇ ਹੀ ਬਣਾਈ ਹੈ। ਭਾਵੇਂ ਤੇਜ ਹਵਾਵਾਂ ਵੀ ਰੋਕਣ ਦਾ ਯਤਨ ਕਰਨ ਹਠੀਏ ਦਾ ਦੀਪਕ ਜਲੇਗਾ ਹੀ ਜਲੇਗਾ। ਹਠ ਵਿਕਾਸ ਦਾ ਆਧਾਰ ਹੈ। ‘ਰੋਂਦੇ ਘੋੜੀ ਚੜਾਏ ਕਦੀ ਜੰਗ ਜਿੱਤ ਕੇ ਨਹੀਂ ਆਏ’ ਤੇ ਇਸ ਦੇ ਵਿਪਰੀਤ ਸਾਹਸੀ ਤੇ ਹਠਧਾਰੀਆਂ ਦੀ ਜਿੱਤ ਉੱਪਰ ਜਿੱਤ ਦੀਆਂ ਧੁਨਾਂ ਸਦਾ ਹੀ ਗੂੰਜਦੀਆਂ ਹਨ।

ਇਸ ਲਈ ਹਠ ਇਕ ਸ਼ਕਤੀ ਹੈ ਤੇ ‘ਉੱਤਮ ਹਠੀ’ ਹੋਣਾ ਨਿੱਜ ਦਾ ਵਿਕਾਸ ਹੈ। ਸਮੇਂ ਦੀ ਕਦਰ, ਜੀਵਨ ਦੀ ਨਿਯਮਾਵਲੀ ਬਚਨ ਕੇ ਬਲੀ ਹੋਣਾ ਹਰ ਰੁਕਾਵਟ ਨਾਲ ਨਜਿੱਠਣ ਦਾ ਇਰਾਦਾ ਵਿਚਾਰਾਂ ਦੀ ਮਜ਼ਬੂਤੀ ਮਨ ਦੀ ਇਕਾਗਰਤਾ ਸ਼ਰਧਾ ,ਸਿਦਕ, ਗੁਰੂ ਭਰੋਸਾ, ਆਪਣੀ ਸਮਰੱਥਾ ਦਾ ਗਿਆਨ, ਮਿਸ਼ਨ ਦੀ ਸਪੱਸ਼ਟਤਾ ਤੇ ਸਹੀ ਨੀਅਤ, ਇਸ ਦਾ ਮੂਲ ਆਧਾਰ ਹਨ। ਇਸੇ ਨੂੰ ਧਨੀ ਰਾਮ ਚਾਤ੍ਰਿਕ ਕਹਿੰਦਾ ਹੈ ਕਿ “ਹਿੰਮਤ ਵਾਲੇ ਪਰਬਤਾਂ ਨੂੰ ਚੀਰ ਲਿਜਾਂਦੇ” ਅਤੇ ਇਸੇ ਨੂੰ ਸ਼ਾਇਰਾਂ ਨੇ ਲਿਖਿਆ “ਦਾਨਾ ਖਾਕ ਮੇਂ ਮਿਲ ਕਰ ਗੁਲੋ ਗੁਲਜ਼ਾਰ ਹੋਤਾ ਹੈ। ਪਹਿਲਾਂ ਖ਼ਾਕ ‘ਚ ਖ਼ਾਕ ਹੋਣਾ ਫਿਰ ਪੁੰਗਰਨਾ ਵਿਕਾਸ ਕਰਨਾ ਤੇ ਫਿਰ ਖਿੜਨ ਤੱਕ ਦੇ ਪਿਛੋਕੜ ਵਿਚ ਹਠ ਤੇ ਸਾਹਸ ਹੀ ਤਾਂ ਹੈ।

ਉਪਰੋਕਤ ਪੰਕਤੀਆਂ ਵਿਚ ਭਾਈ ਗੁਰਦਾਸ ਜੀ ਨੇ ਤਿਲ ਦਾ ਦ੍ਰਿਸ਼ਟਾਂਤ ਦੇ ਕੇ ਉੱਤਮ ਹਠੀ ਦਾ ਹੀ ਜ਼ਿਕਰ ਕੀਤਾ ਹੈ ਭਾਵ ਕਿ, ਤਿਲ ਨੇ ਕੋਹਲੂ ਦੀ ਘਾਣੀ ਵਿਚ ਆਪਣੇ ਆਪ ਨੂੰ ਪਿੜਵਾ ਕੇ ਤੇਲ ਕਢਵਾਇਆ, ਫਿਰ ਤੇਲ ਨੇ ਆਪਣੇ ਆਪ ਨੂੰ ਦੀਵੇ ਵਿਚ ਸੜਵਾ ਕੇ ਆਪਣੇ ਪ੍ਰਕਾਸ਼ ਨਾਲ ਅੰਧਕਾਰ ਦੂਰ ਕੀਤਾ। ਜੇਕਰ ਹਠ ਨਾ ਹੁੰਦਾ ਤਾਂ ਪ੍ਰਕਾਸ਼ ਵੀ ਨਾ ਹੁੰਦਾ। “ਬਾਬਾਣੀਆ ਕਹਾਣੀਆ’ ਹਰ ਧਰਤੀ ਦੇ ਲੋਕਾਂ ਲਈ ਪ੍ਰੇਰਕ ਸ਼ਕਤੀ ਹੁੰਦੀਆਂ ਹਨ। ਸਿੱਖ ਪੰਥ ਦੀ ਅਰਦਾਸ ਅਜਿਹੇ ਯੋਧਿਆਂ ਨੂੰ ਹੀ ਨਮਸਕਾਰ ਹੈ। ਖੋਜ. ਵਿੱਦਿਆ, ਖੇਤੀ , ਭਗਤੀ, ਬੰਦਗੀ, ਵਣਜ ਤੇ ਅੰਮ੍ਰਿਤ ਵੇਲੇ ਦਾ ਜਾਗਣਾ ਭਾਵ ਕੁਝ ਵੀ ਹਠ ਤੋਂ ਬਿਨਾਂ ਨਹੀ ਹੋ ਸਕਦਾ। ਇਸ ਲਈ ‘ਉੱਤਮ ਹਠ’ ਮਨੁੱਖੀ ਜੀਵਨ ਲਈ ਵਰਦਾਨ ਹੈ ਅਤੇ ਜਿਸ ਨੇ ਜੀਵਨ ਵਿਚ ਕੁਝ ਕਰਨਾ ਹੈ ਉਸ ਨੂੰ ‘ਹਠ ਕਲਾ’ ਦੀ ਬਰਕਤ ਤੋਂ ਜਾਣੂ ਹੋਣਾ ਜ਼ਰੂਰੀ ਹੈ।