ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਹੱਕਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਪੰਜਾਬੀਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਵਿਚ ਵੱਡੀ ਭੂਮਿਕਾ ਗੈਰ-ਪੰਜਾਬੀ ਮੀਡੀਆ ਦੇ ਇੱਕ ਹਿੱਸੇ ਵੱਲੋਂ ਨਿਭਾਈ ਜਾ ਰਹੀ ਹੈ। ਕਿਉਂਕਿ ਉਸ ਮੀਡੀਆ ਨੂੰ ਪੰਜਾਬ-ਵਿਰੋਧੀ ਤਾਕਤਾਂ ਪ੍ਰਭਾਵਿਤ ਕਰ ਰਹੀਆਂ ਹਨ। ਭਾਵੇਂ ਕਿ ਭਾਰਤ ਇੱਕ ਵੱਡਾ ਲੋਕਤੰਤਰੀ ਤੇ ਧਰਮ-ਨਿਰਪੱਖ ਦੇਸ਼ ਹੈ ਪਰੰਤੂ ਫਿਰ ਵੀ ਪੰਜਾਬ-ਵਿਰੋਧੀ ਝੂਠੇ ਬਿਰਤਾਂਤ ਸਿਰਜੇ ਜਾ ਰਹੇ ਹਨ।
ਅਜਿਹੇ ਹਾਲਾਤ ਵਿਚ ਪੰਜਾਬ ਦਾ ਆਪਣਾ ਆਜ਼ਾਦ ਮੀਡੀਆ ਸਥਾਪਿਤ ਹੋਣ ਨਾਲ ਹੀ ਪੰਜਾਬ-ਪੰਜਾਬੀਆਂ ਦੇ ਹੱਕਾਂ-ਹਿੱਤਾਂ ਦੀ ਆਵਾਜ਼ ਬੁਲੰਦ ਹੋ ਸਕਦੀ ਹੈ ਅਤੇ ਪੰਜਾਬ-ਪੰਜਾਬੀਆਂ ਵਿਰੁੱਧ ਫੈਲਾਏ ਜਾਂਦੇ ਝੂਠ ਦਾ ਖੰਡਨ ਕੀਤਾ ਜਾ ਸਕਦਾ ਹੈ। ਪੰਜਾਬ ਦੀ ਆਵਾਜ਼ ਬੁਲੰਦ ਕਰਨ ਲਈ ਸਥਾਪਿਤ ਕੀਤੇ ਗਏ ‘ਖ਼ਾਲਸਾ ਅਖ਼ਬਾਰ’ ਦੀ ਆਰੰਭਤਾ ਹੋਣ ‘ਤੇ ਜਿੱਥੇ ਮੈਂ ਸਮੂਹ ਪੰਜਾਬੀਆਂ ਨੂੰ ਵਧਾਈ ਦਿੰਦਾ ਹਾਂ ਉਥੇ ਹੀ ਆਸ ਕਰਦਾ ਹਾਂ ਕਿ ‘ਖ਼ਾਲਸਾ ਅਖ਼ਬਾਰ‘ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਤੇ ਹਿੱਤਾਂ ਦੀ ਪਹਿਰੇਦਾਰੀ ਲਈ ਸੰਜੀਦਗੀ ਨਾਲ ਕਾਰਜਸ਼ੀਲ ਹੋਵੇਗਾ।
ਭਾਈ ਸਰਬਜੀਤ ਸਿੰਘ ਖ਼ਾਲਸਾ
ਮੈਂਬਰ ਪਾਰਲੀਮੈਂਟ, ਹਲਕਾ ਫਰੀਦਕੋਟ, ਪੰਜਾਬ।