
ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ-ਮਜ਼ਦੂਰ ਮੋਰਚਾ ਨੇ ਦਾਅਵਾ ਕੀਤਾ ਕਿ ਪਿਛਲੇ 7 ਦਿਨਾਂ ਤੋਂ, ਭੁੱਖ ਹੜਤਾਲ ’ਤੇ ਬੈਠੇ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਨਹੀਂ ਮਿਲ ਰਹੀ ਕਿਉਂਕਿ ਡਾਕਟਰਾਂ ਨੂੰ ਉਨ੍ਹਾਂ ਦੇ ਹੱਥਾਂ-ਪੈਰਾਂ ਦੀ ਨਾੜ ਨਹੀਂ ਲੱਭ ਰਹੀ। ਦੋਵੇਂ ਕਿਸਾਨ ਜਥੇਬੰਦੀਆਂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਸਰਦਾਰ ਡੱਲੇਵਾਲ ਦੀਆਂ ਨਾੜਾਂ ਬਲੌਕ ਹੋਣ ਕਰਕੇ ਡਰਿੱਪ ਲਗਾਉਣ ਵਿੱਚ ਮੁਸ਼ਕਲ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਮੈਡੀਕਲ ਸਹਾਇਤਾ ਪੂਰੀ ਤਰ੍ਹਾਂ ਰੁਕੀ ਹੋਈ ਹੈ।
ਐੱਸਕੇਐੱਮ ਦੇ ਕਨਵੀਨਰ ਸਰਦਾਰ ਡੱਲੇਵਾਲ 26 ਨਵੰਬਰ ਤੋਂ ਮਰਨ ਵਰਤ ’ਤੇ ਬੈਠੇ ਹੋਏ ਹਨ ਅਤੇ ਇਹ ਮੰਗ ਕਰ ਰਹੇ ਹਨ ਕਿ ਸਰਕਾਰ ਫ਼ਸਲਾਂ ਦੀ ਐੱਮਐੱਸਪੀ ’ਤੇ ਖ਼ਰੀਦ ਦੀ ਕਾਨੂੰਨੀ ਗਾਰੰਟੀ ਦੇਵੇ। 18 ਜਨਵਰੀ ਨੂੰ ਕੇਂਦਰੀ ਸੰਯੁਕਤ ਸਕੱਤਰ (ਖੇਤੀਬਾੜੀ) ਪ੍ਰਿਯਾ ਰੰਜਨ ਵੱਲੋਂ ਐੱਸਕੇਐੱਮ (ਗ਼ੈਰ-ਸਿਆਸੀ) ਅਤੇ ਕੇਐੱਮਐੱਮ ਨੂੰ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਗੱਲਬਾਤ ਲਈ ਸੱਦਾ ਦਿੱਤਾ ਗਿਆ। ਇਸ ਮੀਟਿੰਗ ਦੀ ਖ਼ਬਰ ਆਉਣ ਤੋਂ ਬਾਅਦ, ਸਰਦਾਰ ਡੱਲੇਵਾਲ ਮੈਡੀਕਲ ਸਹਾਇਤਾ ਲੈਣ ਲਈ ਤਿਆਰ ਹੋਏ, ਪਰ ਉਨ੍ਹਾਂ ਨੇ ਆਪਣੀ ਭੁੱਖ ਹੜਤਾਲ ਜਾਰੀ ਰੱਖੀ। ਪਹਿਲਾਂ ਉਨ੍ਹਾਂ ਨੂੰ ਡਰਿੱਪ ਲਗਾ ਕੇ ਮੈਡੀਕਲ ਏਡ ਦਿੱਤੀ ਜਾ ਰਹੀ ਸੀ, ਪਰ ਹੁਣ ਇਹ ਵੀ ਬੰਦ ਹੋ ਗਈ ਹੈ।
ਇਸ ਦੇ ਨਾਲ ਹੀ, ਕਿਸਾਨ ਯੂਨੀਅਨ ਵੱਲੋਂ 11 ਫਰਵਰੀ ਨੂੰ ਰਾਜਸਥਾਨ ਦੇ ਰਤਨਪੁਰਾ, 12 ਫਰਵਰੀ ਨੂੰ ਖਨੌਰੀ ਬਾਰਡਰ ਅਤੇ 13 ਫਰਵਰੀ ਨੂੰ ਸ਼ੰਭੂ ਬਾਰਡਰ ’ਤੇ ਕਿਸਾਨ ਮਹਾਪੰਚਾਇਤਾਂ ਲਈ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ।