97 views 1 sec 0 comments

ਸੰਸਾਰ ਬੇਵਿਸਾਹੀ ਨਾਲ ਨਹੀਂ ਚੱਲ ਸਕਦਾ

ਲੇਖ
January 20, 2025

-ਡਾ. ਜਸਵੰਤ ਸਿੰਘ ਨੇਕੀ

ਇਹ ਵਾਕਿਆ ਮੇਰੇ ਬਚਪਨ ਦਾ ਹੈ। ਉਦੋਂ ਮੈਂ ਕੋਈ ਬਾਰਾਂ ਤੇਰ੍ਹਾਂ ਕੁ ਵਰ੍ਹਿਆਂ ਦਾ ਸਾਂ। ਅਸੀਂ ਕੋਇਟਾ (ਬਲੋਚਿਸਤਾਨ) ਵਿਚ ਰਹਿੰਦੇ ਸਾਂ। ਮੇਰੇ ਬਾਬਾ ਜੀ ਦਾ ਓਥੇ ਤਕੜਾ ਕਾਰੋਬਾਰ ਸੀ ਜੋ ਦੱਖਣ ਵਿਚ ਰਿਆਸਤ ਕੱਲਾਤ ਤਕ ਤੇ ਪੱਛਮ ਵਿਚ ਈਰਾਨ ਤਕ ਫੈਲਿਆ ਹੋਇਆ ਸੀ। ਕੱਲਾਤ ਦਾ ਬਾਹਰਲਾ ਇਲਾਕਾ ਰੇਗਿਸਤਾਨ ਹੀ ਸੀ। ਓਧਰ ਨਾ ਕੋਈ ਰੇਲ ਜਾਂਦੀ ਸੀ ਨਾ ਕੋਈ ਸੜਕ। ਕੇਵਲ ਊਠਾਂ ‘ਤੇ ਹੀ ਆਵਾਜਾਈ ਸੀ ਤੇ ਊਠਾਂ ਵਾਲੇ ਕਾਫ਼ਲੇ ਬਣਾ ਕੇ ਆਇਆ- ਜਾਇਆ ਕਰਦੇ ਸਨ।

ਇੱਕ ਵੇਰਾਂ ਮੇਰੇ ਬਾਬੇ ਨੇ ਰਿਆਸਤ ਕੱਲਾਤ ਦੇ ਖ਼ਾਨ ਨੂੰ ਪੰਜ ਸੋ ਮੁਹਰਾਂ ਭੇਜਣੀਆਂ ਸਨ। ਉਹਨਾਂ ਦਿਨਾਂ ਵਿਚ ਅਜੇ ਸੋਨੇ ਦੀਆਂ ਮੋਹਰਾਂ ਦਾ ਸਿੱਕਾ ਚਲਦਾ ਸੀ। ਬਾਬੇ ਨੂੰ ਪਤਾ ਲੱਗਾ ਕਿ ਇਕ ਕਾਫ਼ਲਾ ਓਧਰ ਜਾਣ ਵਾਲਾ ਹੈ। ਸੋ ਬਾਬਾ, ਤੁਰਨ ਲੱਗੇ ਕਾਫ਼ਲੇ ਦੇ ਸਾਲਾਰ ਨੂੰ ਜਾ ਮਿਲਿਆ। ਮੈਂ ਉਦੋਂ ਬਾਬੇ ਦੇ ਨਾਲ ਸਾਂ।

ਬਾਬੇ ਨੇ ਸਾਲਾਰ ਨੂੰ ਕਿਹਾ, “ਮੈਂ ਇਹ ਗੁੱਥੀ ਕੱਲਾਤ ਦੇ ਖਾਨ ਨੂੰ ਭੇਜਣੀ ਹੈ, ਤੁਸੀਂ ਲੈ ਜਾਓਗੇ?” ਉਸ ਨੇ ਕਿਹਾ, “ਲੈ ਜਾਵਾਂਗਾ।” ਬਾਬੇ ਨੇ ਕਿਹਾ, “ਇਸ ਗੁੱਥੀ ਵਿੱਚ ਪੰਜ ਸੌ ਮੋਹਰਾਂ ਹਨ ਤੇ ਨਾਲ ਖਾਨ ਵੱਲ ਲਿਖੀ ਹੋਈ ਚਿੱਠੀ ਹੈ। ਇਸ ਵਿਚ ਮੈਂ ਲਿਖਿਆ ਹੈ ਕਿ ਦੋ ਮੋਹਰਾਂ ਖ਼ਾਨ ਤੈਨੂੰ ਕਿਰਾਏ ਵਜੋਂ ਦੇ ਦੇਵੇ।” ਬਾਬੇ ਨੇ ਗੁੱਥੀ ਤੇ ਚਿੱਠੀ ਉਸ ਨੂੰ ਫੜਾ ਦਿੱਤੀਆਂ ਤੇ ਘਰ ਵੱਲ ਪਰਤ ਪਿਆ।

ਮੈਂ ਬਾਬੇ ਨੂੰ ਪੁੱਛਿਆ, “ਜਿਸ ਨੂੰ ਤੁਸਾਂ ਮੋਹਰਾਂ ਦਿੱਤੀਆਂ ਹਨ, ਉਸ ਦਾ ਨਾਂ ਪਤਾ ਜਾਣਦੇ ਹੋ?” ਬਾਬੇ ਨੇ ਬੇਪਰਵਾਹੀ ਜਿਹੀ ਨਾਲ ਕਿਹਾ, “ਨਹੀਂ।” ਮੈਂ ਕਿਹਾ, “ਫਿਰ ਤੁਸੀਂ ਪੰਜ ਸੌ ਮੋਹਰਾਂ ਦੀ ਗੁੱਥੀ ਉਸ ਨੂੰ ਪਕੜਾ ਕਿਵੇਂ ਆਏ?” ਬਾਬੇ ਨੇ ਕਿਹਾ, “ਇਤਬਾਰ ਕਰਕੇ।”

ਮੈਂ ਪੁੱਛਿਆ, “ਤੁਸੀਂ ਉਸਨੂੰ ਜਾਣਦੇ ਤਕ ਨਹੀਂ, ਤਾਂ ਇਤਬਾਰ ਕਰ ਲਿਆ। ਤੁਹਾਨੂੰ ਕਿਵੇਂ ਪਤਾ ਹੈ ਉਹ ਤੁਹਾਡੀਆਂ ਮੋਹਰਾਂ ਖਾਨ ਨੂੰ ਪਹੁੰਚਾ ਦੇਵੇਗਾ?” ਬਾਬਾ ਮੁਸਕਰਾਇਆ ਤੇ ਕਹਿਣ ਲੱਗਾ, “ਮੈਨੂੰ ਉਸ ਦੀਆਂ ਅੱਖਾਂ ਵਿਚ ਭਲਮਾਣਸੀ ਝਲਕਦੀ ਪ੍ਰਤੀਤ ਹੋਈ ਸੀ।”

ਮੈਂ ਕਿਹਾ, “ਭਲਮਾਣਸੀ ਪ੍ਰਤੀਤ ਹੋਣ ਵਿਚ ਗ਼ਲਤੀ ਵੀ ਤਾਂ ਲੱਗ ਸਕਦੀ ਹੈ। ਆਖਰ ਪੰਜ ਸੌ ਮੋਹਰਾਂ ਦੀ ਗੱਲ ਹੈ, ਕੋਈ ਛੋਟੀ-ਮੋਟੀ ਰਕਮ ਨਹੀਂ। ਤੁਸਾਂ ਇਤਬਾਰ ਕਿਵੇਂ ਕਰ ਲਿਆ?”  ਬਾਬਾ ਕਹਿਣ ਲੱਗਾ, “ਰੱਬ ਆਸਰੇ”