40 views 0 secs 0 comments

ਸੱਚੀ ਪ੍ਰੀਤੀ ਦੇ ਨਸ਼ਾਨ

ਲੇਖ
July 03, 2025

ਇਕ ਮਹਾਤਮਾ ਦਾ ਵਾਕ ਹੈ ਕਿ ਦੇਸ ਯਾ ਕੌਮ ਦਾ ਸੱਚਾ ਪਿਆਰਾ ਉਹ ਨਹੀਂ ਹੁੰਦਾ ਜੋ ਉਨ੍ਹਾਂ ਪਰ ਦੁੱਖ ਬਨੇ ਤੇ ਆਪ ਕਨਾਰਾ ਕਰ ਜਾਏ, ਕਿੰਤੂ ਸੱਚਾ ਖ਼ੈਰ ਖੁਆਹ ਓਹ ਹੋ ਸਕਦਾ ਹੈ ਜੋ ਉਸ ਦੇ ਦੁੱਖ ਦੂਰ ਕਰਨ ਲਈ ਅਪਨੇ ਪ੍ਰਾਣਾਂ ਤੱਕ ਭੀ ਕੁਰਬਾਨੀ ਕਰ ਦੇਵੇ ਜੋ ਪੁਰਖ ਇਸ ਪ੍ਰਕਾਰ ਨਹੀਂ ਕਰਦਾ ਸੋ ਉਸ ਕੁੱਤੇ ਦੀ ਤਰ੍ਹਾਂ ਹੈ ਜੋ ਸਦਾ ਹੀ ਇਕ ਘਰ ਦਾ ਰਾਖਾ ਰਹਿੰਦਾ ਹੈ ਅਤੇ ਸੁਖ ਭੋਗਦਾ ਹੈ, ਪਰੰਤੂ ਜਦ ਉਸ ਘਰ ਨੂੰ ਅੱਗ ਲੱਗਦੀ ਹੈ ਤਦ ਛਾਲ ਮਾਰ ਕੇ ਦੂਜੇ ਘਰੀਂ ਜਾਇ ਵੜਦਾ ਹੈ॥

ਦੂਜੀ ਪ੍ਰਕਾਰ ਜਦ ਅਸੀਂ ਬੱਚੇ ਦੀ ਪ੍ਰੀਤੀ ਵੱਲ ਦੇਖਦੇ ਹਾਂ ਤਦ ਭੀ ਸਾਨੂੰ ਇਕ ਹੋਰ ਦ੍ਰਿਸ਼ਟਾਂਤ ਮਿਲਦਾ ਹੈ ਕਿ ਦੇਖੋ ਇਕ ਲੜਕਾ ਜੋ ਵੱਡੇ ਗ਼ਰੀਬ ਦਾ ਪੁੱਤ੍ਰ ਹੈ, ਜਿਸ ਨੂੰ ਦੋਨੋਂ ਵਕਤ ਰੱਜ ਕੇ ਖਾਨ ਲਈ ਭੀ ਨਹੀਂ ਮਿਲਦਾ, ਪਰੰਤੂ ਓਹ ਲੜਕਾ ਅਪਨੇ ਉਨ੍ਹਾਂ ਗ਼ਰੀਬ ਮਾਤਾ ਪਿਤਾ ਦੇ ਨਾਲ ਅਪਨੀ ਅਜੇਹੀ ਸੱਚੀ ਪ੍ਰੀਤੀ ਰੱਖਦਾ ਹੈ ਜੋ ਸਾਰੇ ਦੇਸ ਦੇ ਮਾਲਕ ਰਾਜਾ ਅਤੇ ਰਾਣੀ ਦੀ ਛੱਬ ਨੂੰ ਭੀ ਉਨ੍ਹਾਂ ਪਰ ਕੁਰਬਾਨ ਕਰ ਸਿੱਟਦਾ ਹੈ ਅਰ ਅਪਨੀ ਸਮਰੱਥਾ ਪਾ ਕੇ ਭੀ ਉਨ੍ਹਾਂ ਹੀ ਗਰੀਬਾਂ ਦੀ ਝੌਂਪੜੀ ਨੂੰ ਸ਼ੀਸ਼ ਮਹਲ ਅਤੇ ਉਨ੍ਹਾਂ ਦੀ ਨੰਗ ਭੁੱਖ ਨੂੰ ਹੀ ਆਸੂਦਾ ਹਾਲ ਵਿਚ ਕਰਨ ਲਈ ਯਤਨ ਕਰਦਾ ਅਤੇ ਗਰੀਬੀ ਤੇ ਲੈ ਕੇ ਅਮੀਰੀ ਦੇ ਸਮ ਤਕ ਉਨ੍ਹਾਂ ਦਾ ਹੀ ਪੁੱਤ੍ਰ ਅਖਾ ਕੇ ਅਪਨੇ ਤਾਈਂ ਅਨੰਦ ਮੰਨਦਾ ਹੈ।
ਸੋ ਅਸੀਂ ਅੱਜ ਕੱਲ ਜਦ ਖਾਲਸਾ ਕੌਮ ਦੇ ਪੁੱਤ੍ਰਾਂ ਵੱਲ ਦੇਖਦੇ ਹਾਂ ਤਦ ਕਈਆਂ ਨੂੰ ਅਜੇਹੇ ਪਾਉਂਦੇ ਹਾਂ ਜੋ ਉਹ ਇਸ ਨਾਲ ਸੱਚਾ ਪਿਆਰ ਨਹੀਂ ਰੱਖਦੇ ਅਰ ਆਖਦੇ ਹਨ ਕਿ ਇਹ ਕੌਮ ਹੋਰਨਾਂ ਕੌਮਾਂ ਨਾਲੋਂ ਬਹੁਤ ਗਿਰੀ ਹੋਈ ਹੈ ਅਰ ਇਸ ਵਿਚ ਅਜੇ ਬਹੁਤ ਜਹਾਲਤ ਛਾਇ ਰਹੀ ਹੈ, ਇਸ ਵਾਸਤੇ ਇਸ ਵਿਚ ਰਹਨਾ ਕੋਈ ਅਕਲ ਦੀ ਬਾਤ ਨਹੀਂ ਹੈ। ਫੇਰ ਕਿਉਂ ਨਾ ਉਸ ਕੌਮ ਵਿਚ ਜਾਇ ਕੇ ਮਿਲ ਜਾਈਏ ਜੋ ਵਿਦ੍ਯਾ ਦਾਨਾਈ ਅਤੇ ਸਮਰੱਥਾ ਦੀ ਧਨੀ ਹੈ ਇਸੀ ਪ੍ਯਾਲ ਨੂੰ ਅੱਗੇ ਰੱਖ ਕੇ ਸਾਡੀ ਕੌਮ ਦੇ ਕਈ ਇਕ ਅੱਛੇ-ਅੱਛੇ ਅਮੀਰ ਅਤੇ ਧਨੀ ਪੁਰਖਾਂ ਨੇ ਇਸ ਖਾਲਸਾ ਕੌਮ ਨਾਲੋਂ ਅਪਨੀ ਪ੍ਰੀਤੀ ਤੋੜ ਕੇ ਦੂਸਰੀਆਂ ਕੌਮਾਂ ਨਾਲ ਗੰਢ ਲੀਤੀ ਹੈ ਜਿਸ ਤੇ ਉਨ੍ਹਾਂ ਦੀ ਦੌਲਤ ਅਰ ਲਿਆਕਤ ਦੇ ਹਿੱਸੇ ਦਾ ਉਨ੍ਹਾਂ ਦੀ ਕੌਮ ਨੂੰ ਕੁਝ ਭੀ ਲਾਭ ਨਹੀਂ ਪਹੁੰਚਾ ਹੈ, ਇਸ ਤੇ ਉਲਟ ਦੂਸਰੇ ਲੋਗਾਂ ਨੇ ਹੀ ਉਸ ਤੇ ਆਨੰਦ ਲਾਭ ਕੀਤਾ ਹੈ॥
ਪਰੰਤੂ ਇਸ ਬਾਤ ਪਰ ਅਸੀਂ ਇਤਨਾ ਆਖ ਸਕਦੇ ਹਾਂ ਕਿ ਉਨ੍ਹਾਂ ਲੋਕਾਂ ਦੇ ਦਿਲ ਵਿਚ ਅਪਨੀ ਕੌਮ ਦੀ ਕੁਝ ਭੀ ਪ੍ਰੀਤੀ ਨਹੀਂ ਸੀ ਜੇ ਕਰ ਹੁੰਦੀ ਤਦ ਜਰੂਰੀ ਸੀ ਜੋ ਉਹ ਇਸ ਕੌਮ ਦੀ ਬੁਰੀ ਹਾਲਤ ਨੂੰ ਅੱਛੀ ਬਨਾਉਨ ਪਰ ਯਤਨ ਕਰਦੇ ਅਰ ਇਸ ਦੀ ਜਹਾਲਤ ਨੂੰ ਦੂਰ ਕਰਕੇ ਵਿਦਯਾ ਦੇ ਪ੍ਰਕਾਸ਼ ਵਿਚ ਲਿਆਉਨ ਦਾ ਯਤਨ ਕਰਦੇ॥

ਇਸ ਵਾਸਤੇ ਅਸੀਂ ਅਪਨੇ ਪ੍ਯਾਰੇ ਭਾਈਆਂ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਜੇ ਕਰ ਆਪ ਅਪਨੀ ਕੌਮ ਨੂੰ ਪ੍ਯਾਰੀ ਸਮਝਦੇ ਹੋ ਤਦ ਇਸ ਦੀ ਬੁਰੀ ਸ਼ਕਲ ਦੇਖ ਕੇ ਛਡਨ ਦਾ ਯਤਨ ਨਾ ਕਰੋ, ਪਰੰਤੂ ਇਸ ਨੂੰ ਸਰਬ ਪ੍ਰਕਾਰ ਸੁੰਦਰ ਬਨਾ ਕੇ ਹੋਰਨਾਂ ਕੌਮਾਂ ਵਿਚ ਸ਼ਿਰੋਮਣੀ ਬਨਾਉਨ ਦਾ ਪੁਰਖਾਰਥ ਕਰੋ॥

(ਖ਼ਾਲਸਾ ਅਖ਼ਬਾਰ ਲਾਹੌਰ, ੧ ਮਈ ੧੮੯੬, ਪੰਨਾ ੩)

ਗਿਆਨੀ ਦਿੱਤ ਸਿੰਘ