
ਅਗਮ ਅਗੋਚਰ, ਸਰਬ-ਵਿਆਪਕ, ਸਰਬ-ਸ਼ਕਤੀਮਾਨ ਅਕਾਲ ਪੁਰਖ ਸਾਰੇ ਦੇਸ਼ਾਂ, ਸਾਰੇ ਭਵਨਾਂ, ਪਾਣੀ, ਧਰਤੀ ਅਤੇ ਪੁਲਾੜ ਵਿਚ ਹਰ ਥਾਂ ਵੱਸ ਰਿਹਾ ਹੈ। ਉਹ ਕੀੜੀ, ਹਾਥੀ ਅਤੇ ਪੱਥਰਾਂ ਵਿਚ ਵੱਸਦੇ ਜੰਤਾਂ ਵਿਚ ਮੌਜੂਦ ਹੈ। ਉਹ ਕਿਸੇ ਜੀਵ ਤੋਂ ਦੂਰ ਨਹੀਂ ਹੈ। ਸਭ ਜੀਵਾਂ ਦੇ ਨਾਲ ਵੱਸਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਦੀ ਇਸ ਮਹਿਮਾ ਦਾ ਬਖਾਨ ਕਰ ਰਹੇ ਹਨ:
-ਜਹ ਦੇਖਉ ਤਹ ਸੰਗਿ ਏਕੋ ਰਵਿ ਰਹਿਆ॥
ਘਟ ਘਟ ਵਾਸੀ ਆਪਿ ਵਿਰਲੈ ਕਿਨੈ ਲਹਿਆ॥ (ਪੰਨਾ 458)
-ਲਾਲ ਲਾਲ ਮੋਹਨ ਗੋਪਾਲ ਤੂ॥
ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ॥1॥ਰਹਾਉ॥
ਨਹ ਦੂਰਿ ਪੂਰਿ ਹਜੂਰਿ ਸੰਗੇ॥ ਸੁੰਦਰ ਰਸਾਲ ਤੂ॥1॥
ਨਹ ਬਰਨ ਬਰਨ ਨਹ ਕੁਲਹ ਕੁਲ॥ ਨਾਨਕ ਪ੍ਰਭ ਕਿਰਪਾਲ ਤੂ॥ (ਪੰਨਾ 1231)
ਜੀਵ ਦੀ ਪਰਮਾਤਮਾ ਦੇ ਨਾਲ ਬੜੇ ਨੇੜੇ ਦੀ ਸਾਂਝ ਹੈ। ਸਾਡੀਆਂ ਨਿੱਤ ਦੀਆਂ ਕ੍ਰਿਆਵਾਂ ਇਸ ਸਾਂਝ ਨੂੰ ਦਰਸਾਉਂਦੀਆਂ ਹਨ। ਅਕਾਲ ਪੁਰਖ ਸਦਾ ਅੰਗ-ਸੰਗ ਹੈ। ਉਹ ਕੋਈ ਥਾਂ ਨਹੀਂ ਜਿੱਥੇ ਪ੍ਰਭੂ ਕੋਲੋਂ ਬਚਿਆ ਜਾ ਸਕੇ। ਪ੍ਰਭੂ ਕੋਲੋਂ ਲੁਕ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ:
-ਮੇਰੇ ਮਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ ਕਹੁ ਕਿਥੈ ਹਰਿ ਪਹੁ ਨਸੀਐ॥
(ਪੰਨਾ 170)
-ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ॥ (ਪੰਨਾ 547)
-ਨਿਕਟਿ ਜੀਅ ਕੈ ਸਦ ਹੀ ਸੰਗਾ॥ ਕੁਦਰਤਿ ਵਰਤੈ ਰੂਪ ਅਰੁ ਰੰਗਾ॥
(ਪੰਨਾ 376)
ਉਸ ਦੀ ਹੀ ਕਲਾ ਸਭ ਰੂਪਾਂ ਵਿਚ, ਸਭ ਰੰਗਾਂ ਵਿਚ ਕੰਮ ਕਰ ਰਹੀ ਹੈ:
ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹ ਦਿਸ ਪੂਰਨੁ ਸਦ ਸਦਾ॥ (ਪੰਨਾ 457)
ਸਦਾ ਨੇੜੇ ਤੇ ਅੰਗ-ਸੰਗ ਵੱਸਦੇ ਅਕਾਲ ਪੁਰਖ ਦੀ ਹੋਂਦ ਦਾ ਅਨੁਭਵ ਹਰੇਕ ਮਨੁੱਖ ਨੂੰ ਨਹੀਂ ਹੁੰਦਾ। ਜੀਵ ਪਰਮਾਤਮਾ ਨੂੰ ਆਪਣੇ ਤੋਂ ਦੂਰ ਵੱਸਦਾ ਪ੍ਰਤੀਤ ਕਰਦਾ ਹੈ ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ਇਸ ਲਈ ਜੀਵ ਬਾਹਰ ਭਟਕਦਾ ਫਿਰਦਾ ਹੈ ਅਤੇ ਫੋਕਟ ਕਰਮ-ਕਾਂਡਾਂ ਵਿਚ ਫਸਿਆ ਰਹਿੰਦਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਦੁਹਾਗਣ ਇਸਤਰੀ ਆਪਣੇ ਸਰੀਰ ਦਾ ਤਾਂ ਸ਼ਿੰਗਾਰ ਕਰਦੀ ਹੈ ਪਰ ਅਸਲ ਵਿਚ ਪਤੀ-ਪਿਆਰ ਨੂੰ ਪ੍ਰਾਪਤ ਨਹੀਂ ਕਰ ਸਕਦੀ, ਇਸੇ ਤਰ੍ਹਾਂ ਵਿਖਾਵੇ ਦੇ ਧਾਰਮਿਕ ਕਰਮ ਕਰਦਾ ਹੋਇਆ ਮਨਮੁਖ ਪ੍ਰਭੂ ਦੀ ਨੇੜਤਾ ਪ੍ਰਾਪਤ ਨਹੀਂ ਕਰ ਸਕਦਾ:
ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ॥
ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ॥
ਪਿਰ ਕਾ ਮਹਲੁ ਨ ਪਾਵਈ ਨਾ ਦੀਸੈ ਘਰੁ ਬਾਰੁ॥ (ਪੰਨਾ 31)
ਅਸਲ ਵਿਚ ਪਰਮਾਤਮਾ ਦੀ ਸੇਵਾ-ਭਗਤੀ ਨਾ ਕਰਨੀ ਹੀ ਵਿਛੋੜੇ ਦਾ ਮੁੱਖ ਕਾਰਨ ਹੈ:
ਹਰਿ ਨ ਸੇਵਹਿ ਤੇ ਹਰਿ ਤੇ ਦੂਰਿ॥
ਦਿਸੰਤਰੁ ਭਵਹਿ ਸਿਿਰ ਪਾਵਹਿ ਧੂਰਿ॥ (ਪੰਨਾ 1172)
ਪਰਮਾਤਮਾ ਦੀ ਸੇਵਾ ਕੀ ਹੈ ਅਤੇ ਉਹ ਕਿਵੇਂ ਕੀਤੀ ਜਾਵੇ? ਤਾਂਕਿ ਅਕਾਲ ਪੁਰਖ ਦੀ ਨੇੜਤਾ ਪ੍ਰਾਪਤ ਹੋ ਜਾਏ:
ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ ਬਿਿਧ ਕਿਤੁ ਪਾਵਉ ਦਰਸਾਰੇ॥
(ਪੰਨਾ 738)
ਗੁਰੂ ਸਾਹਿਬ ਸਮਝਾ ਰਹੇ ਹਨ ਕਿ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਹੀ ਪ੍ਰਭੂ ਦੀ ਸੇਵਾ ਹੈ:
ਹਰਿ ਕੀ ਟਹਲ ਕਮਾਵਣੀ ਜਪੀਐ ਪ੍ਰਭ ਕਾ ਨਾਮੁ॥ (ਪੰਨਾ 300)
ਗੁਰੂ ਜੀ ਸਮਝਾਉਂਦੇ ਹਨ ਕਿ ਅਕਾਲ ਪੁਰਖ ਦਾ ਨਾਮ ਸਿਮਰਦਾ ਰਹੋ, ਅਕਾਲ ਪੁਰਖ ਦਾ ਧਿਆਨ ਧਰਦਾ ਰਹੋ, ਬੇਅੰਤ ਪਰਮਾਤਮਾ ਕਦੇ ਵੀ ਮਨ ਤੋਂ ਨਾ ਵਿਸਰੇ, ਤਾਂ ਅਨੁਭਵ ਹੋਵੇਗਾ ਕਿ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ:
-ਸੋ ਪ੍ਰਭੁ ਨੇਰੈ ਹੂ ਤੇ ਨੇਰੈ॥
ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ॥ (ਪੰਨਾ 530)
-ਸਿਮਰਤ ਸਿਮਰਤ ਸਿਮਰੀਐ ਸੋ ਪੁਰਖੁ ਦਾਤਾਰੁ॥
ਮਨ ਤੇ ਕਬਹੁ ਨ ਵੀਸਰੈ ਸੋ ਪੁਰਖੁ ਅਪਾਰੁ॥ (ਪੰਨਾ 814)
ਅਕਾਲ ਪੁਰਖ ਰੂਪ-ਰੰਗ ਤੋਂ ਰਹਿਤ ਹੈ। ਉਸ ਨੂੰ ਵੇਖਿਆ ਨਹੀਂ ਜਾ ਸਕਦਾ। ਅਜਿਹੇ ਵਿਚ ਉਸ ਦੀ ਉਸਤਤ ਕਿਵੇਂ ਕੀਤੀ ਜਾ ਸਕਦੀ ਹੈ? ਉਸ ਦਾ ਨਾਮ ਕਿਵੇਂ ਸਿਮਰਿਆ ਜਾ ਸਕਦਾ ਹੈ? ਗੁਰੂ ਸਾਹਿਬ ਸਮਝਾਉਂਦੇ ਹਨ ਕਿ ਗੁਰੂ-ਸ਼ਬਦ ਦੀ ਵਿਚਾਰ ਕਰ ਕੇ ਹੀ ਪਰਮਾਤਮਾ ਬਾਰੇ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ। ਗਿਆਨ ਹੀਣ ਤਾਂ ਅਗਿਆਨਤਾ ਦੀ ਹੀ ਕਮਾਈ ਕਰਦੇ ਹਨ। ਜੇਕਰ ਸਤਿਗੁਰੂ ਦੇ ਸ਼ਬਦ ਨੂੰ ਪਛਾਣੀਏ ਤੇ ਸਮਝੀਏ ਤਾਂ ਹੀ ਹਰਿ ਦਾ ਨਾਮ ਮਨ ਵਿਚ ਵੱਸਦਾ ਹੈ:
ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ ਪਾਇ॥
ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ॥
ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ॥ (ਪੰਨਾ 646)
ਹਰਿ-ਨਾਮ ਨੂੰ ਅੰਦਰ ਵਸਾਉਣ ਲਈ ਸ਼ਬਦ ਦੀ ਕਮਾਈ ਜ਼ਰੂਰੀ ਹੈ:
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ॥ (ਪੰਨਾ 509)
ਜਿਹੜੇ ਜੀਵ ਹਿਰਦੇ ਵਿਚ ਪੇ੍ਰਮ ਰੱਖ ਕੇ ਗੁਰੂ-ਸ਼ਬਦ ਵਿਚ ਜੁੜ ਕੇ ਗੁਰਮਤਿ ਅਨੁਸਾਰ ਤੁਰਦੇ ਹੋਏ ਹਰ ਵੇਲੇ ਸਦਾ-ਥਿਰ ਅਕਾਲ ਪੁਰਖ ਦੇ ਗੁਣ ਗਾਉਂਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ਅਤੇ ਪਰਮਾਤਮਾ ਦੀ ਕਿਰਪਾ ਪ੍ਰਾਪਤ ਕਰ ਲੈਂਦੇ ਹਨ:
ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ॥
ਗੁਰ ਕਿਰਪਾ ਤੇ ਨਿਰਮਲੁ ਹੋਆ ਜਿਿਨ ਵਿਚਹੁ ਆਪੁ ਗਵਾਇਆ॥
ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ॥ (ਪੰਨਾ 599)
ਬਹੁਤ ਸਾਰੇ ਮਨੁੱਖ ਅੰਮ੍ਰਿਤ ਵੇਲੇ ਉੱਠਦੇ ਹਨ। ਨਿਤਨੇਮ ਦੀਆਂ ਬਾਣੀਆਂ ਦਾ ਪਾਠ ਵੀ ਕਰਦੇ ਹਨ; ਵਾਹਿਗੁਰੂ ਗੁਰੂ-ਮੰਤਰ ਦੇ ਜਾਪ ਵਿਚ ਮਨ ਨੂੰ ਜੋੜਨ ਦਾ ਯਤਨ ਕਰਦੇ ਹਨ, ਪਰ ਫਿਰ ਵੀ ਇਹੀ ਕਹਿੰਦੇ ਸੁਣੇ ਜਾਂਦੇ ਹਨ ਕਿ ਉਨ੍ਹਾਂ ਦਾ ਮਨ ਟਿਕਦਾ ਨਹੀਂ, ਸਦਾ ਭਟਕਦਾ ਰਹਿੰਦਾ ਹੈ ਅਤੇ ਮਾਨਸਿਕ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਇਸ ਦਾ ਕਾਰਨ ਇਹੀ ਹੈ ਕਿ ਗੁਰਬਾਣੀ ਦਾ ਪਾਠ ਕਰਦੇ ਹੋਏ ਜੋ ਉਚਾਰਿਆ ਜਾ ਰਿਹਾ ਹੈ ਉਸ ਨੂੰ ਸਮਝਿਆ ਨਹੀਂ ਜਾਂਦਾ, ਉਸ ਦੀ ਵਿਚਾਰ ਨਹੀਂ ਕੀਤੀ ਜਾਂਦੀ। ਇਸੇ ਤਰ੍ਹਾਂ ਅਕਾਲ ਪੁਰਖ ਦੇ ਨਾਮ ਦਾ ਜਾਪ ਕਰਦੇ ਸਮੇਂ ਪਰਮਾਤਮਾ ਦੇ ਗੁਣਾਂ ਨੂੰ ਅੰਦਰ ਵਸਾਇਆ ਨਹੀਂ ਜਾਂਦਾ, ਪਰਮਾਤਮਾ ਦਾ ਨਾਮ ਅੰਦਰ ਵੱਸਦਾ ਨਹੀਂ। ਇਹੀ ਨਹੀਂ ਮਨ ਸਾਰਾ ਦਿਨ ਮਾਇਆਵੀ ਸੁਖ, ਸੋਭਾ, ਵਡਿਆਈਆਂ ਅਤੇ ਉੱਚ-ਪਦਵੀਆਂ ਦੇ ਚੱਕਰ ਵਿਚ ਉਲਝਿਆ ਰਹਿੰਦਾ ਹੈ, ਇਸ ਲਈ ਮਨ ਦੀ ਇਕਾਗ੍ਰਤਾ ਨਹੀਂ ਬਣਦੀ। ਬਹੁਤੇ ਧਨ, ਮਾਇਆ, ਮਾਣ ਅਤੇ ਵਡਿਆਈਆਂ ਦੀ ਚਾਹਤ, ਚਿੰਤਾ, ਫਿਕਰ, ਤਨਾਓ ਅਤੇ ਈਰਖਾ-ਦ੍ਵੈਸ਼ ਦਾ ਕਾਰਨ ਬਣਦੀ ਹੈ ਅਤੇ ਮਨ ਨੂੰ ਭਟਕਾਉਂਦੀ ਹੈ। ਜਿੰਨਾ ਚਿਰ ਮਨੁੱਖ ਆਪਣੇ ਆਪ ਨਾਲ ਜੁੜਿਆ ਰਹਿੰਦਾ ਹੈ; ਇਹ ਮੈਂ ਕੀਤਾ ਹੈ, ਇਹ ਮੈਂ ਕਰਦਾ ਹਾਂ, ਦੀ ਭਾਵਨਾ ਹੈ, ਹਊਮੈਂ ਹੈ, ਆਪਣੇ ਆਪ ਪ੍ਰਤੀ ਕਰਤਾਪਨ ਦਾ ਅਹਿਸਾਸ ਹੈ, ਨਿਮਰਤਾ ਦੀ ਘਾਟ ਬਣੀ ਰਹਿੰਦੀ ਹੈ, ਮਨ ਦੀ ਇਕਾਗ੍ਰਤਾ ਨਹੀਂ ਬਣਦੀ, ਮਨ ਵਿਚ ਅਕਾਲ ਪੁਰਖ ’ਤੇ ਪੂਰਾ ਭਰੋਸਾ ਬਣਦਾ ਅਤੇ ਪਰਮਾਤਮਾ ਦੂਰ ਭਾਸਦਾ ਹੈ:
-ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ॥
(ਪੰਨਾ 564)
-ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ॥
ਸਬਦੈ ਸਾਦੁ ਨ ਆਇਓ ਸਚਿ ਨ ਲਗੋ ਭਾਉ॥
ਸਤਿਗੁਰੁ ਪਿਆਰਾ ਨ ਲਗਈ ਮਨਹਠਿ ਆਵੈ ਜਾਇ॥ (ਪੰਨਾ 1246)
ਨਾਮ ਨੂੰ ਅੰਦਰ ਵਸਾਉਣ ਲਈ ਮਨ ਦੀ ਇਕਾਗਰਤਾ ਬਹੁਤ ਜ਼ਰੂਰੀ ਹੈ ਅਤੇ ਇਕਾਗਰਤਾ ਲਈ ਗੁਰੂ-ਸ਼ਬਦ ਦੀ ਵਿਚਾਰ ਅਤੇ ਗੁਰਮਤਿ ਅਨੁਸਾਰ ਜੀਵਨ-ਜਾਚ ਬਣਾਉਣੀ ਲਾਜ਼ਮੀ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਮਨ ਨੂੰ ਵੱਸ ਵਿਚ ਕਰ ਅਤੇ ਵਿੰਗੀਆਂ-ਟੇਢੀਆਂ ਗੱਲਾਂ ਛੱਡ ਕੇ ਗੁਰੂ ਦੇ ਸ਼ਬਦ ਨੂੰ ਸਮਝ:
. . . ਏਹੁ ਮਨੁ ਇਕਤੁ ਘਰਿ ਆਣਿ॥
ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ॥ (ਪੰਨਾ 646)
ਗੁਰੂ-ਸ਼ਬਦ ਦੀ ਵਿਚਾਰ ਕਰਨ ਨਾਲ ਮਨ ਗੁਰਮੁਖਾਂ ਦੀ ਸੰਗਤ ਲੋਚਦਾ ਹੈ ਅਤੇ ਅੱਠੇ ਪਹਿਰ ਪਰਮਾਤਮਾ ਨਾਲ ਜੁੜੇ ਰਹਿਣ ਦਾ ਯਤਨ ਕਰਦਾ ਹੈ। ਇਸ ਤਰ੍ਹਾਂ ਕਰਨ ਨਾਲ ਆਪਣੇ ਆਪ ਨੂੰ ਪਰਖਣ ਦੀ ਜਾਚ ਆ ਜਾਂਦੀ ਹੈ। ਅਕਾਲ ਪੁਰਖ ਨਾਲ ਜੁੜਨ ਲਈ ਆਪੇ ਦੀ ਪੜਤਾਲ ਬਹੁਤ ਜ਼ਰੂਰੀ ਹੈ:
ਅਪਣਾ ਆਪੁ ਨ ਪਛਾਣਈ ਹਰਿ ਪ੍ਰਭੁ ਜਾਤਾ ਦੂਰਿ॥
ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ॥ (ਪੰਨਾ 854)
ਮਨ ਦੀ ਚੰਚਲਤਾ, ਮਾਇਆ ਦਾ ਮੋਹ, ਵੱਖਰਾਪਨ, ਮੇਰ-ਤੇਰ ਆਦਿਕ ਔਗੁਣ ਗੁਰਮਤਿ-ਮਾਰਗ ’ਤੇ ਤੁਰਨ ਨਾਲ ਹੌਲੀ-ਹੌਲੀ ਸਮਾਪਤ ਹੋ ਜਾਂਦੇ ਹਨ, ਪ੍ਰਭੂ ’ਤੇ ਭਰੋਸਾ ਬਣ ਜਾਂਦਾ ਹੈ। ਮਨੁੱਖ ਬਾਹਰਲੀ ਦੁਨੀਆ ਤੋਂ ਅੰਦਰ ਵੱਲ ਪਰਤਦਾ ਹੈ, ਆਪਣੇ ਮਨ ਨੂੰ ਖੋਜਦਾ ਹੈ। ਆਪਣੇ ਸਰੀਰ ਦੇ ਮੋਹ ਨੂੰ ਤਿਆਗ ਕੇ, ਸਰੀਰ ਨਾਲ ਜੁੜੀਆਂ ਹੋਈਆਂ ਖਵਾਹਿਸ਼ਾਂ, ਦੁਨਿਆਵੀ ਚਿੰਤਾਵਾਂ, ਭਟਕਣਾ ਆਦਿਕ ਤੋਂ ਮਨ ਨੂੰ ਵਰਜ ਕੇ ਨਾਮ-ਜਪਣ ਵਿਚ ਲੱਗਦਾ ਹੈ, ਅੰਤਰ-ਆਤਮੇ ਜੁੜਦਾ ਹੈ। ਗੁਰਬਾਣੀ ਦਾ ਪਾਠ ਕਰਨਾ, ਸੁਣਨਾ ਅਤੇ ਗੁਰਬਾਣੀ ਦੁਆਰਾ ਪਰਮਾਤਮਾ ਦੀ ਸਿਫਤ-ਸਾਲਾਹ ਕਰਨੀ ਪਰਮਾਤਮਾ ਦੇ ਨਾਮ-ਸਿਮਰਨ ਦਾ ਪਹਿਲਾ ਚਰਨ ਹੈ। ਨੇਮ ਨਾਲ ਗੁਰਬਾਣੀ ਗਾਉਣ-ਸੁਣਨ ਨਾਲ ਅਕਾਲ ਪੁਰਖ ਦੀ ਸਿਫਤ-ਸਾਲਾਹ ਕਰਨ ਨਾਲ ਅਕਾਲ ਪੁਰਖ ਨਾਲ ਸੰਬੰਧ ਬਣਦਾ ਹੈ, ਪਿਆਰ ਦੀ ਗੰਢ ਪੈਂਦੀ ਹੈ:
ਸਿਫਤੀ ਗੰਢੁ ਪਵੈ ਦਰਬਾਰਿ॥ (ਪੰਨਾ 143)
ਗੁਰੂ-ਮੰਤਰ ਜਾਂ ਮੂਲ-ਮੰਤਰ ਦਾ ਜਾਪ ਸਿਮਰਨ ਦਾ ਦੂਸਰਾ ਚਰਨ ਹੈ। ਰਸਨਾ ਦੁਆਰਾ ਜਪ-ਜਪ ਕੇ ਹੀ ਨਾਮ ਹਿਰਦੇ ਵਿਚ ਵੱਸਦਾ ਹੈ। ਕਿਰਤ-ਕਾਰ ਕਰਦੇ ਹੋਏ ਵੀ ਰਸਨਾ ਨਾਲ ਜਾਪ ਕਰਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਪਰਮਾਤਮਾ ਦਾ ਭਉ ਅਤੇ ਭਾਓ ਬਣਿਆ ਰਹਿੰਦਾ ਹੈ। ਅਕਾਲ ਪੁਰਖ ਦੀ ਹਜੂਰੀ ਵਿਚ ਰਹਿਣ ਦੀ ਜਾਚ ਆ ਜਾਂਦੀ ਹੈ। ਅਕਾਲ ਪੁਰਖ ਦੀ ਨੇੜਤਾ ਪ੍ਰਾਪਤ ਕਰਨ ਲਈ ਹਜ਼ੂਰੀ ਵਿਚ ਰਹਿਣਾ ਬਹੁਤ ਜ਼ਰੂਰੀ ਹੈ। ਉੱਠਦੇ-ਬੈਠਦੇ ਹਰ ਕੰਮ ਕਰਨ ਵੇਲੇ ਪਰਮਾਤਮਾ ਨੂੰ ਯਾਦ ਰੱਖਣਾ ਹੀ ਹਜੂਰੀ ਵਿਚ ਰਹਿਣਾ ਹੈ। ਇਹੀ ਸੁਆਸ-ਸੁਆਸ ਸਿਮਰਨ ਦੀ ਸੇਵਾ ਅਕਾਲ ਪੁਰਖ ਦੀ ਨੇੜਤਾ ਪ੍ਰਦਾਨ ਕਰਦੀ ਹੈ ਠਾਕੁਰ ਜਾ ਸਿਮਰਾ ਤੂੰ ਤਾਹੀ ਰਸਨਾ ਨਾਲ ਜਪਦੇ-ਜਪਦੇ ਜਦੋਂ ਸੁਰਤਿ ਟਿਕ ਜਾਂਦੀ ਹੈ, ਅਭਿਆਸ ਦੁਆਰਾ ਹੌਲੀ-ਹੌਲੀ ਨਾਮ ਅੰਦਰ ਵੱਸ ਜਾਂਦਾ ਹੈ ਤਾਂ ਮਨ ਵਿਚ ਆਪਣੇ ਆਪ ਜਾਪ ਹੁੰਦਾ ਰਹਿੰਦਾ ਹੈ, ਇਸ ਨੂੰ ਅਜਪਾ ਜਾਪ ਕਿਹਾ ਜਾਂਦਾ ਹੈ। ਜਦੋਂ ਅਜਪਾ ਜਾਪ ਦੀ ਅਵਸਥਾ ਲਗਾਤਾਰ ਬਣੀ ਰਹੇ ਤਾਂ ਇਹ ਸਿਮਰਨ ਬਣ ਜਾਂਦਾ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਨਾਮ ਜਪਦੇ-ਜਪਦੇ ਜਿਸ ਦਾ ਨਾਮ ਜਪੀਦਾ ਹੈ ਉਸ ਨਾਮੀ ਪ੍ਰਭੂ ਨਾਲ ਪਿਆਰ ਹੋ ਜਾਏ ਤਾਂ ਜਾਪ ਸਿਮਰਨ ਬਣ ਜਾਂਦਾ ਹੈ। ਪਿਆਰ ਅਤੇ ਸ਼ਰਧਾ ਨਾਲ ਹਰ ਪਲ ਅਕਾਲ ਪੁਰਖ ਨੂੰ ਸਿਮ੍ਰਤੀ ਵਿਚ ਰੱਖਣਾ, ਮਨ, ਬਚਨ, ਕਰਮ ਰਾਹੀਂ ਅੱਠੇ ਪਹਿਰ ਹਰ ਵੇਲੇ ਯਾਦ ਰੱਖਣਾ ਹੀ ਸਿਮਰਨ ਹੈ। ਮਨ ਵਿਚ ਪ੍ਰਭੂ ਦੀ ਯਾਦ ਰਹਿਣ ਦਾ ਭਾਵ ਹੈ ਮਨ ਵਿਚ ਅਕਾਲ ਪੁਰਖ ਦਾ ਡਰ ਅਤੇ ਪਿਆਰ ਰਹਿਣਾ, ਕੋਈ ਮੰਦਾ ਵਿਚਾਰ ਮਨ ਵਿਚ ਨਾ ਲਿਆਉਣਾ, ਕਿਸੇ ਦਾ ਮੰਦਾ ਨਾ ਚਿਤਵਨਾ, ਕਿਸੇ ਗਲਤ ਕੰਮ ਨੂੰ ਕਰਨ ਬਾਰੇ ਨਾ ਸੋਚਣਾ, ਸਦਾ ਸ਼ੁਭ ਵਿਚਾਰ ਅਤੇ ਪਰਉਪਕਾਰ ਦੀ ਭਾਵਨਾ ਅੰਦਰ ਰੱਖਣਾ।
ਬਚਨ ਰਾਹੀਂ ਅਕਾਲ ਪੁਰਖ ਨੂੰ ਯਾਦ ਰੱਖਣ ਦਾ ਮਤਲਬ ਹੈ ਬਚਨਾਂ ਰਾਹੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣੀ, ਝੂਠ ਨਾ ਬੋਲਣਾ, ਨਿੰਦਾ-ਚੁਗਲੀ ਨਾ ਕਰਨੀ, ਸਦਾ ਸੱਚ ਬੋਲਣਾ, ਸੁਆਸ-ਸੁਆਸ ਨਾਮ ਜਪਣਾ, ਸਦਾ ਚੰਗੇ ਕਲਿਆਣਕਾਰੀ ਬੋਲ ਬੋਲਣੇ। ਗੁਰਮਤਿ ਅਨੁਸਾਰ ਜੀਵਨ-ਘਾੜਤ ਘੜਣੀ ਅਤੇ ਸ਼ੁਭ ਕਰਮ ਕਰਨੇ ਹੀ ਕਰਮ ਰਾਹੀਂ ਪ੍ਰਭੂ ਨੂੰ ਯਾਦ ਰੱਖਣਾ ਹੈ।
ਜਿਹੜੇ ਗੁਰਮੁਖ ਆਪਣਾ ਮਨ ਅਰਪਣ ਕਰ ਕੇ, ਇਕਾਗ੍ਰਚਿੱਤ ਹੋ ਕੇ ਹਰਿ ਦਾ ਨਾਮ ਸਿਮਰਦੇ ਹਨ, ਸਦਾ ਹਜ਼ੂਰੀ ਵਿਚ ਰਹਿੰਦੇ ਹਨ, ਉਹ ਅੰਦਰੋਂ ਪ੍ਰਭੂ-ਨਾਮ ਵਿਚ ਰੰਗੇ ਜਾਂਦੇ ਹਨ:
ਜੋ ਹਰਿ ਨਾਮੁ ਧਿਆਇਦੇ ਸੇ ਹਰਿ ਹਰਿ ਨਾਮਿ ਰਤੇ ਮਨ ਮਾਹੀ॥ (ਪੰਨਾ 649)
ਉਹ ਉੱਚ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ। ਮਾਇਆ-ਮੋਹ ਤੋਂ ਪੈਦਾ ਹੋਣ ਵਾਲੇ ਦੁਖ ਅਤੇ ਮਾਇਆ ਦੀ ਭੁੱਖ ਉਨ੍ਹਾਂ ਨੂੰ ਵਿਆਕੁਲ ਨਹੀਂ ਕਰਦੀ। ਉਹ ਹਰ ਸਮੇਂ ਚੜ੍ਹਦੀ ਕਲਾ ਵਿਚ ਵਿਚਰਦੇ ਹਨ:
ਹਰਿ ਸੇਵੇ ਸੋ ਹਰਿ ਕਾ ਲੋਗੁ॥ ਸਾਚੁ ਸਹਜੁ ਕਦੇ ਨ ਹੋਵੈ ਸੋਗੁ॥ (ਪੰਨਾ 1172)
ਜਦੋਂ ਸਿਮਰਨ ਜੀਵਨ ਦਾ ਆਧਾਰ ਬਣ ਜਾਵੇ ਤਾਂ ਹਉਮੈਂ ਨਸ਼ਟ ਹੋ ਜਾਂਦੀ ਹੈ, ਨਿਮਰਤਾ ਆ ਜਾਂਦੀ ਹੈ, ਮਾਨਸਿਕ ਸ਼ਾਂਤੀ ਅਤੇ ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ:
-ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ॥
ਮਨੁ ਤਨੁ ਸੀਤਲੁ ਸਾਂਤਿ ਸਹਜ ਲਾਗਾ ਪ੍ਰਭ ਕੀ ਸੇਵ॥
ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾ ਕੇ ਕਾਮ॥
ਦੁਰਮਤਿ ਮਿਟੀ ਹਉਮੈ ਛੁਟੀ ਸਿਮਰਤ ਹਰਿ ਕੋ ਨਾਮ॥ (ਪੰਨਾ 300)
-ਜਿਨ ਜਪਿਆ ਇਕ ਮਨਿ ਇਕ ਚਿਿਤ ਤਿਨ ਲਥਾ ਹਉਮੈ ਭਾਰੁ॥
(ਪੰਨਾ 302)
ਅਜਿਹੀ ਅਵਸਥਾ ਹਾਸਲ ਹੋ ਜਾਣ ’ਤੇ ਪਿਆਰਾ ਪ੍ਰਭੂ ਹਰ ਥਾਂ ਵਿਆਪਕ ਦਿੱਸਦਾ ਹੈ:
ਭਗਤਿ ਕਰੇ ਸਦ ਵੇਖੈ ਹਜੂਰਿ॥ ਮੇਰਾ ਪ੍ਰਭੁ ਸਦ ਰਹਿਆ ਭਰਪੂਰਿ॥
(ਪੰਨਾ 1173)
ਜੀਵ ਨੂੰ ਸਮਝ ਆ ਜਾਂਦੀ ਹੈ ਕਿ ਨਾਮ ਤੋਂ ਬਿਨਾ ਸਾਰੇ ਰਸਮ-ਰਿਵਾਜ ਅਤੇ ਵਿਹਾਰ ਵਿਅਰਥ ਹਨ:
ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ॥ (ਪੰਨਾ 682)
ਇਸ ਲਈ ਸਾਰੇ ਵਿਚਾਰ ਛੱਡ ਕੇ ਅਕਾਲ ਪੁਰਖ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ। ਇਹੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਹੈ:
ਨਾਨਕ ਨਾਮੁ ਧਿਆਈਐ ਸਚੀ ਵਡਿਆਈ॥ (ਪੰਨਾ 956)
ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੇ ਭਾਈ! ਗੁਰੂ ਦੀ ਸ਼ਰਨ ਵਿਚ ਆ ਕੇ ਪ੍ਰਭੂ-ਚਰਨਾਂ ਨਾਲ ਪ੍ਰੀਤ ਜੋੜੋ, ਮਨ ਵਿੱਚੋਂ ਭਟਕਣਾ ਦੂਰ ਕਰੋ, ਆਪਣੇ ਆਪ ਦੀ ਪਛਾਣ ਕਰੋ, ਆਪਣੇ ਜੀਵਨ ਨੂੰ ਪੜਤਾਲਦੇ ਰਹੋ। ਪਰਮਾਤਮਾ ਨੂੰ ਸਦਾ ਨੇੜੇ ਪ੍ਰਤੱਖ ਅੰਗ-ਸੰਗ ਵੱਸਦਾ ਸਮਝੋ। ਇਹੀ ਸਹੀ ਜੀਵਨ-ਰਾਹ ਹੈ:
ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ॥
ਨਿਕਟਿ ਕਰਿ ਜਾਣਹੁ ਸਦਾ ਪ੍ਰਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ॥
(ਪੰਨਾ 883)
ਵੱਡੀ ਕਿਸਮਤ ਨਾਲ ਹੀ ਨਾਮ-ਸਿਮਰਨ ਦਾ ਸੰਜੋਗ ਪ੍ਰਾਪਤ ਹੁੰਦਾ ਹੈ। ਅਕਾਲ ਪੁਰਖ ਆਪ ਦਿਆਲ ਹੋਵੇ, ਕਿਰਪਾ ਕਰੇ ਤਾਂ ਹੀ ਉਸ ਦਾ ਧਿਆਨ ਧਰਿਆ ਜਾ ਸਕਦਾ ਹੈ ਅਤੇ ਸਿਮਰਨ ਦਾ ਫ਼ਲ ਪ੍ਰਾਪਤ ਹੁੰਦਾ ਹੈ:
-ਜਾ ਕਉ ਕਿਰਪਾ ਕਰਹੁ ਪ੍ਰਭ ਤਾ ਕਉ ਲਾਵਹੁ ਸੇਵ॥ (ਪੰਨਾ 814)
-ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ॥
ਜਿਸੁ ਕ਼੍ਰਿਪਾ ਕਰਹਿ ਬਸਹਿ ਤਿਸੁ ਨੇਰਾ॥ (ਪੰਨਾ 743)
ਇਸ ਲਈ ਅਕਾਲ ਪੁਰਖ ਦੀ ਮਿਹਰ ਪ੍ਰਾਪਤ ਕਰਨ ਲਈ ਨਿੱਤ ਦੋਵੇਂ ਸਮੇਂ ਆਪਣੇ ਸਾਰੇ ਔਗੁਣਾਂ ਨੂੰ ਸਵੀਕਾਰ ਕਰ ਕੇ ਪੂਰੀ ਨਿਮਰਤਾ ਦੇ ਨਾਲ ਹਊਮੈਂ ਦਾ ਤਿਆਗ ਕਰ ਕੇ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਚਾਹੀਦੀ ਹੈ:
ਕਰਹੁ ਕ਼੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ॥ (ਪੰਨਾ 1120)
-ਡਾ. ਪਰਮਜੀਤ ਕੌਰ*