ਹਰ ਇਕ ਪੁਰਖ ਜੋ ਇਸ ਜਗਤ ਵਿਚ ਆਉਂਦਾ ਹੈ ਸੋ ਇਸ ਕੰਮ ਵਾਸਤੇ ਬਹੁਤ ਪੁਰਖਾਰਥ ਕਰਦਾ ਹੈ ਕਿ ਮੈਂ ਸੰਸਾਰ ਪਰੋਂ ਅੰਤ ਵੇਲੇ ਸੁਖੀ ਜਾਵਾਂ ਅਤੇ ਮਨ ਵਿਚ ਕੋਈ ਵਾਸ਼ਨਾ ਨਾ ਰਹਿ ਜਾਵੇ॥
ਕਿਤਨੇ ਆਦਮੀ ਪੁੰਨ ਦਾਨ ਕਰਕੇ ਅਭਿਮਾਨ ਕਰਦੇ ਹਨ ਕਿ ਅਸੀਂ ਅੰਤ ਨੂੰ ਸੁਖੀ ਹੋਵਾਂਗੇ, ਪਰੰਤੂ ਜਦ ਉਨ੍ਹਾਂ ਦਾ ਅੰਤ ਸਮ ਆਉਂਦਾ ਹੈ ਤਦ ਇਤਨਾ ਆਖਦੇ ਸੁਨੇ ਜਾਂਦੇ ਹਨ ਕਿ ਹਾਇ ਅਸੀਂ ਫਲਾਨੀ ਗੱਲ ਨਾ ਕਰ ਲੀਤੀ, ਜਿਸ ਦੇ ਹੱਥੋਂ ਅਸੀਂ ਦੁਖੀ ਚਲੇ ਹਾਂ॥
ਜਦ ਕੋਈ ਵੱਡੇ ਪਰਵਾਰ ਵਾਲਾ ਆਦਮੀ ਬੁੱਢਾ ਹੋ ਕੇ ਮਰਦਾ ਹੈ ਤਦ ਭਾਵੇਂ ਉਸ ਨੇ ਸੰਸਾਰ ਦੇ ਸਾਰੇ ਸੁਖ ਭੀ ਭੋਗ ਲੀਤੇ ਹੋਨ, ਪਰੰਤੂ ਅੰਤ ਨੂੰ ਇਹ ਆਖ ਕੇ ਮਰਦਾ ਹੈ ਕਿ ਹਾਇ ਮੈਂ ਅਪਨੇ ਫਲਾਨੇ ਪੁੱਤ੍ਰ ਯਾਂ ਪੋਤੇ ਦਾ ਪੁੱਤ੍ਰ ਖੇਲਦਾ ਦੇਖ ਕੇ ਸੁਖੀ ਹੋ ਕੇ ਪ੍ਰਾਨ ਨਾ ਦਿੱਤੇ। ਇਸ ਤੇ ਬਿਨਾਂ ਬਹੁਤ ਸਾਰੇ ਆਦਮੀ ਅਪਨੇ-ਅਪਨੇ ਖ੍ਯਾਲਾਂ ਦੇ ਅਨੁਸਾਰ ਸੰਸਾਰ ਦੇ ਪਦਾਰਥਾਂ ਨੂੰ ਭੋਗ-ਭੋਗ ਕੇ ਅਪਨਾ ਸੁਖ ਜਾਨਦੇ ਹਨ, ਪਰੰਤੂ ਜਦ ਉਹ ਅੰਤ ਨੂੰ ਮਰਦੇ ਹਨ ਤਦ ਇਹ ਆਖਦੇ ਹਨ ਕਿ (ਹਾਇ) ਉਨ੍ਹਾਂ ਸੁੱਖਾਂ ਵਿੱਚੋਂ ਸਾਡੇ ਪਾਸ ਅੱਜ ਇਕ ਭੀ ਨਹੀਂ ਹੈ ਜੋ ਇਸ ਸ ਸੁਖਦਾਈ ਅਤੇ ਸਹਾਈ ਹੋਵੇ॥
ਹਜ਼ਾਰਾਂ ਸੂਰਬੀਰ ਜਿਨ੍ਹਾਂ ਨੇ ਯੁੱਧ ਜੰਗ ਨਾਲ ਅਪਨੇ ਸ਼ਤੂਆਂ ਦਾ ਨਾਸ ਕਰਕੇ ਉਨ੍ਹਾਂ ਨੂੰ ਧੂਰ ਨਾਲ ਮਿਲਾ ਦਿੱਤਾ ਅਰ ਸੰਸਾਰ ਪਰ ਯਸ ਪਾਇਆ, ਪਰੰਤੂ ਉਹ ਪੁਰਖ ਭੀ ਅੰਤ ਦੀ ਵੇਲਾ ਇਹ ਕਹਿ ਕੇ ਮਰਦੇ ਸੁਨੇ ਗਏ ਹਨ ਕਿ (ਹਾਇ) ਸਾਡੀ ਸੂਰਬੀਰਤਾ ਦੀ ਐਥੇ ਕੋਈ ਪੇਸ਼ ਨਾ ਗਈ, ਜਿਸ ਤੇ ਅੱਜ ਮੈਂ ਭੀ ਇਸ ਮੌਤ ਦੇ ਸ਼ਤੂ ਨੇ ਪਕੜ ਕੇ ਅਪਨੇ ਪੈਰਾਂ ਹੇਠ ਕੁਚਲ ਦਿੱਤਾ ਹਾਂ। ਇਸੀ ਪ੍ਰਕਾਰ ਕਿਤਨੇ ਬਿਪਾਰੀ ਲੋਗਾਂ ਨੇ ਅਪਨੇ ਜੀਵਨ ਵਿਚ ਧਨ ਨੂੰ ਇਕੱਤ੍ਰ ਕੀਤਾ ਅਤੇ ਇਹ ਆਸ਼ਾ ਰੱਖੀ ਕਿ ਅਸੀਂ ਅੰਤ ਦੇ ਵੇਲੇ ਸੁਖੀ ਜਾਏਂਗੇ, ਪਰੰਤੂ ਇਸ ਅੰਤ ਦੇ ਸ ਪਰ ਉਹ ਭੀ ਪਛਤਾਉਂਦੇ ਗਏ। ਫੇਰ ਮਹਮੂਦ ਗਜ਼ਨਵੀ ਜੈਸੇ ਪਾਤਸ਼ਾਹ ਨੇ ਹਿੰਦੁਸਤਾਨ ਪਰ ਵਡੇ ਭਾਰੀ ਹਮਲੇ ਕੀਤੇ ਜਿਨ੍ਹਾਂ ਵਿਚ ਅਜੇਹੀ ਲੁੱਟ ਮਚਾਈ ਜੋ ਕਰੋੜਾਂ ਰੁਪਯੇ ਇਸ ਦੇਸ ਦੇ ਲੁੱਟ ਕੇ ਗਜ਼ਨੀ ਨੂੰ ਲੈ ਗਿਆ ਅਰ ਬਜ਼ਾਰਾਂ ਵਿਚ ਜਵਾਹਰਾਤ ਦੇ ਢੇਰ ਲਗਾ ਦਿੱਤੇ ਅਰ ਟਕੇ-ਟਕੇ ਨੂੰ ਇਸ ਦੇਸ ਦਾ ਆਦਮੀ ਮੁੱਲ ਵਿਕ੍ਯਾ, ਜਿਸ ਤੇ ਉਸ ਨੂੰ ਇਹ ਆਸ਼ਾ ਥੀ ਕਿ ਮੈਂ ਅੰਤ ਨੂੰ ਸਭ ਤਰ੍ਹਾਂ ਸੁਖੀ ਜਾਵਾਂਗਾ, ਪਰੰਤੂ ਉਸ ਨੇ ਭੀ ਅੰਤ ਦੇ ਵੇਲੇ ਸਾਰੀ ਜਵਾਹਰਾਤ ਆਪਨੇ ਸਾਮੂਨੇ ਰੱਖ ਕੇ ਸਾਰੇ ਅਮੀਰ ਵਜ਼ੀਰ ਬੁਲਾਏ ਅਰ ਅੰਤ ਨੂੰ ਦੋਨੋਂ ਮੁੱਠੀਆਂ ਖਾਕ ਦੀਆਂ ਭਰ ਕੇ ਆਖ੍ਯਾ ਕਿ ਮੈਂ ਅੰਤ ਨੂੰ ਸਭ ਕੁਝ ਏਥੇ ਹੀ ਛੱਡ ਕੇ ਚੱਲਿਆ ਹਾਂ ਜਿਸ ਵਿੱਚੋਂ ਮੇਰੇ ਨਾਲ ਇਕ ਦਮੜੀ ਭੀ ਨਹੀਂ ਚੱਲੀ, ਪਰੰਤੂ ਓੜਕ ਏਹ ਖਾਕ ਹੀ ਮੇਰੇ ਹੱਥ ਵਿਚ ਆਈ ਹੈ, ਜਿਸ ਤੇ ਇਹ ਸਿੱਧ ਹੋਇਆ ਕਿ ਅੰਤ ਨੂੰ ਉਹ ਪਛਤਾ ਕੇ ਇਸ ਸੰਸਾਰ ਥੋਂ ਗਿਆ ਤੇ ਇਸ ਸੰਸਾਰਕ ਦੌਲਤ ਅਤੇ ਹਕੂਮਤ ਨੇ ਉਸ ਨੂੰ ਕੁਝ ਭੀ ਸੁਖ ਨਾ ਦਿੱਤਾ॥
ਪ੍ਯਾਰੇ ਪਾਠਕੋ ਜਦ ਅਸੀਂ ਸੰਸਾਰ ਪਰੋਂ ਉਨ੍ਹਾਂ ਮਹਾਤਮਾਂ ਦਾ ਜਾਣਾ ਦੇਖਦਾ ਹਾਂ ਜਿਨ੍ਹਾਂ ਨੇ ਆਪਨਾ ਜੀਵਨ ਅਕਾਲ ਪੁਰਖ ਦੇ ਅਰਾਧਨ ਪਰ ਅਰਪਨ ਕੀਤਾ ਹੈ ਤਦ ਏਹੋ ਨਜ਼ਰ ਆਉਂਦਾ ਹੈ ਕਿਉਂ ਨਾ ਮਹਾਤਮਾਂ ਨੇ ਇਸ ਸੰਸਾਰ ਪਰ ਜਾਂਦੇ ਹੋਏ ਇਹ ਬਚਨ ਕੀਤੇ ਕਿ ਅਸੀਂ ਏਥੋਂ ਬਹੁਤ ਆਨੰਦ ਚੱਲੇ ਹਾਂ ਜਿਸ ਤੇ ਸਾਨੂੰ ਮੌਤ ਦਾ ਕੁਝ ਭੀ ਭੈ ਨਹੀਂ ਹੈ। ਜੈਸਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਕਥਨ ਹੈ :
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰ ਨਹੀ ਕੋਇ॥ ੧॥
(ਅੰਗ ੧੪੨੮)
ਕਬੀਰਾ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥ ੨॥
(ਅੰਗ ੧੩੬੫)
ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥ ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ॥
(ਅੰਗ ੧੩੬੫)
ਪ੍ਯਾਰੇ ਪਾਠਕੋ ਆਪ ਨੂੰ ਭੀ ਚਾਹੀਦਾ ਹੈ ਜੋ ਉਸ ਨਿਰਭੈ ਪਦ ਵੱਲ ਅਪਨੇ ਆਤਮਾ ਨੂੰ ਲਗਾਓ, ਜਿਸ ਵੱਲ ਲਗਾਉਨੇ ਕਰਕੇ ਅੰਤ ਨੂੰ ਨਿਰਭੈ ਹੋ ਕੇ ਇਸ ਸੰਸਾਰ ਤੇ ਜਾਓ॥
(ਖ਼ਾਲਸਾ ਅਖ਼ਬਾਰ ਲਾਹੌਰ, ੪ ਸਤੰਬਰ ੧੮੯੬, ਪੰਨਾ ੩)
ਗਿਆਨੀ ਦਿੱਤ ਸਿੰਘ
