71 views 13 secs 0 comments

ਸੰਗਤ ਤੇ ਪੰਗਤ

ਲੇਖ
January 04, 2026

ਸੰਸਾਰ ਦੇ ਲੱਗਭੱਗ ਸਾਰੇ ਧਰਮਾਂ ਅਤੇ ਧਰਮ ਗ੍ਰੰਥਾਂ ਵਿੱਚ ਵਿਅਕਤੀ ਦੇ ਸ਼ੁੱਧ ਆਚਰਣ, ਪਤਿਤ ਦੇ ਉਧਾਰ ਅਤੇ ਮੁਕਤੀ ਵਾਸਤੇ ‘ਸੰਗਤ’ ਦੀ ਮਹੱਤਤਾ ‘ਤੇ ਕਾਫੀ ਜ਼ੋਰ ਦਿੱਤਾ ਗਿਆ ਹੈ, ਪਰ ਸਿੱਖ ਧਰਮ ਪਹਿਲਾ ਧਰਮ ਹੈ, ਜਿਸਨੇ ਸੰਗਤ ਦੇ ਨਾਲ ਨਾਲ ‘ਪੰਗਤ’ ਨੂੰ ਵੀ ਜੋੜਿਆ। ਪੰਗਤ ਦਾ ਅਰਥ ਹੈ ਗੁਰਦੁਆਰੇ ਵਿੱਚ ਲੰਗਰ ਵਾਲੇ ਅਸਥਾਨ ‘ਤੇ ਊਚ-ਨੀਚ, ਜਾਤ-ਪਾਤ, ਅਮੀਰ-ਗਰੀਬ ਦੇ ਭੇਦ ਭਾਵ ਤੋਂ ਬਿਨ੍ਹਾਂ ਸ਼ਰਧਾਲੂਆਂ ਦੁਆਰਾ ਲੰਗਰ ਤਿਆਰ ਕਰਨਾ, ਫਰਸ਼ ‘ਤੇ ਇਕੋ ਪੰਕਤੀ ਵਿੱਚ ਬੈਠ ਕੇ ਪ੍ਰੇਮ ਅਤੇ ਸ਼ਰਧਾ ਭਾਵ ਨਾਲ ਲੰਗਰ ਛਕਣਾ ਅਤੇ ਲੰਗਰ ਦੇ ਜੂਠੇ ਭਾਂਡਿਆਂ ਨੂੰ ਮਾਂਜਣ ਦੀ ਸੇਵਾ ਕਰਨਾ।

ਸੰਗਤ ਦੇ ਨਾਲ ਪੰਗਤ ਦੀ ਲੋੜ ਗੁਰੂ ਸਾਹਿਬਾਨ ਨੂੰ ਕਿਉਂ ਪਈ? ਇਸ ਦੇ ਪਿੱਛੇ ਇਕ ਪੂਰੀ ਸਮਾਜਿਕ ਪਿੱਠਭੂਮੀ ਹੈ।

ਮੱਧਕਾਲ ਵਿੱਚ ਭਾਰਤੀ ਸਮਾਜ ਜਾਤਾਂ ਵਿੱਚ ਵੰਡਿਆ ਹੋਇਆ ਸੀ। ਉੱਚੀਆਂ ਜਾਤਾਂ ਦੇ ਲੋਕ ਅਖੌਤੀ ਛੋਟੀ ਜਾਤ ਦੇ ਲੋਕਾਂ ਨੂੰ ਤਿਰਸਕਾਰ ਦੀ ਨਜ਼ਰ ਨਾਲ ਦੇਖਦੇ ਸਨ। ਉਹਨਾਂ ਦੇ ਨਾਲ ਖਾਣਾ-ਪੀਣਾ ਤੇ ਦੂਰ, ਉੱਠਣਾ-ਬੈਠਣਾ ਵੀ ਪਸੰਦ ਨਹੀਂ ਕਰਦੇ ਸਨ। ਮਨੁੱਖ-ਮਨੁੱਖ ਦੇ ਵਿਚਕਾਰ ਇਸ ਘੋਰ ਵਿਤਕਰੇ ਨੂੰ ਮਿਟਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਦੇ ਨਾਲ ਪੰਗਤ ਦੀ ਕ੍ਰਾਂਤੀਕਾਰੀ ਅਤੇ ਸਮਾਜ ਸੁਧਾਰਵਾਦੀ ਪ੍ਰੰਪਰਾ ਸ਼ੁਰੂ ਕੀਤੀ। ਇਸ ਦਾ ਉਦੇਸ਼ ਸੀ ਕਿ ਲੋਕਾਂ ਦੇ ਵਿੱਚ ਮਨੁੱਖੀ ਬਰਾਬਰੀ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਨਾ ਅਤੇ ਵਿਕਸਿਤ ਕਰਨਾ। ਲੋਕਾਂ ਦੇ ਦਿਲੋ-ਦਿਮਾਗ ਵਿਚੋਂ ਅਹੰਕਾਰ, ਅਮੀਰ-ਗਰੀਬ, ਊਚ-ਨੀਚ ਦੀ ਭਾਵਨਾ ਪੂਰੀ ਤਰ੍ਹਾਂ ਖਤਮ ਕਰਨ ਦੇ ਉਦੇਸ਼ ਨਾਲ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ
ਦਰਬਾਰ ਦਾ ਅਸੂਲ ਬਣਾ ਦਿੱਤਾ-ਪਹਿਲਾਂ ਪੰਗਤ, ਪਿੱਛੋਂ ਸੰਗਤ। ਅਰਥਾਤ ਗੁਰੂ ਸਾਹਿਬ ਦੇ ਦਰਸ਼ਨ ਅਤੇ ਦਰਬਾਰ ਵਿੱਚ ਸਤਸੰਗ ਦੀ ਇਜਾਜ਼ਤ ਉਦੋਂ ਹੀ ਮਿਲਦੀ ਸੀ, ਜਦੋਂ ਕਿ ਵਿਅਕਤੀ ਪਹਿਲਾਂ ਸਭ ਨਾਲ ਇਕੋ ਪੰਗਤ ਵਿੱਚ ਬੈਠ ਕੇ ਲੰਗਰ ਛਕ ਲੈਂਦਾ ਸੀ।

ਸਾਖੀ ਹੈ ਕਿ ਇਕ ਵਾਰ ਬਾਦਸ਼ਾਹ ਅਕਬਰ ਨੇ ਜੋ ਗੁਰੂ ਘਰ ਦਾ ਪਰਮ ਸ਼ਰਧਾਲੂ ਸੀ, ਆ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਜ਼ਾਹਿਰ ਕੀਤੀ। ਉਸ ਨੂੰ ਵੀ ਕਿਹਾ ਗਿਆ ਕਿ ਗੁਰੂ ਦਰਬਾਰ ਦਾ ਸਭ ਲਈ ਇਕੋ ਹੀ ਨਿਯਮ ਹੈ ਪਹਿਲਾਂ ਪੰਗਤ ਪਿੱਛੋਂ ਸੰਗਤ। ਕਿਉਂਕਿ ਅਕਬਰ ਸੱਚੇ ਮਨ ਨਾਲ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ ਸੀ। ਇਸ ਲਈ ਕੁੱਝ ਦੇਰ ਲਈ ਇਹ ਭੁੱਲ ਕੇ ਕਿ ‘ਮੈਂ ਬਾਦਸ਼ਾਹ ਹਾਂ’ ਉਸਨੇ ਲੰਗਰ ਅਸਥਾਨ ‘ਤੇ ਜਾ ਕੇ ਆਮ ਸ਼ਰਧਾਲੂ ਦੀ ਤਰ੍ਹਾਂ ਲੰਗਰ ਛਕਿਆ ਅਤੇ ਉਹ ਇਸ ਵਿਵੱਸਥਾ ਤੋਂ ਬਹੁਤ ਪ੍ਰਭਾਵਿਤ ਹੋਇਆ। ਇਸ ਤੋਂ ਬਾਅਦ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਪ੍ਰਸੰਨ ਚਿੱਤ ਹੋ ਕੇ ਰਾਜ ਮਹਿਲ ਪਰਤਿਆ।

ਭਾਰਤ ਦੇ ਸਮਾਜਿਕ ਪਰਿਵਰਤਨ ਅਤੇ ਸੁਧਾਰ ਵਿੱਚ ਲੰਗਰ ਪ੍ਰਥਾ ਦਾ ਅਮੁੱਲਾ ਯੋਗਦਾਨ ਹੈ। ਮੱਧਕਾਲ ਵਿੱਚ ਸ਼ੁਰੂ ਹੋਈ ਇਹ ਪ੍ਰਥਾ ਅੱਜ ਆਧੁਨਿਕ ਕਾਲ ਵਿੱਚ ਵੀ ਬਦਸਤੂਰ ਕਾਇਮ ਹੈ ਅਤੇ ਗੁਰਦੁਆਰਿਆਂ ਵਿੱਚ ਦੋਨੋਂ ਵਕਤ ਅਮੀਰ-ਗਰੀਬ ਸ਼ਰਧਾਲੂ, ਅਪੰਗ, ਅਸਹਾਯ, ਸਾਧਨਹੀਨ ਵਿਅਕਤੀ ਗੁਰੂ ਦੇ ਪ੍ਰਸ਼ਾਦਿ ਦੇ ਰੂਪ ਵਿੱਚ ਲੰਗਰ ਛਕਦੇ ਹਨ। ਲੰਗਰ ਵਾਸਤੇ ਸ਼ਰਧਾਲੂ ਆਪਣੀ ਸਮਰੱਥਾ ਅਨੁਸਾਰ ਤਨ, ਮਨ ਅਤੇ ਧਨ ਨਾਲ ਸੇਵਾ ਕਰਦੇ ਹਨ। ਕਦੀ ਕਦੀ ਵਿਸ਼ੇਸ਼ ਮੌਕੇ ‘ਤੇ ਕਿਸੀ ਗੁਰਦੁਆਰੇ ਵਿੱਚ ਕਿਸੀ ਇਕ ਵਿਅਕਤੀ ਜਾਂ ਪਰਿਵਾਰ ਦੁਆਰਾ ਸ਼ਰਧਾ ਨਾਲ ਪੂਰੇ ਲੰਗਰ ਦੀ
ਵਿਵੱਸਥਾ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਇਹ ‘ਗੁਰੂ ਕਾ ਲੰਗਰ’ ਅਖਵਾਂਦਾ ਹੈ, ਵਿਵੱਸਥਾ ਕਰਨ ਵਾਲੇ ਵਿਅਕਤੀ ਜਾਂ ਪਰਿਵਾਰ ਵਿਸ਼ੇਸ਼ ਦਾ ਨਹੀਂ।

ਹੁਣ ਸੰਗਤ ਦੀ ਗੱਲ ਕਰਦੇ ਹਾਂ। ਹਰ ਮਨੁੱਖ ਦਾ ਮਨ ਸੰਗਤ ਕਰਨ ਨੂੰ ਕਰਦਾ ਹੈ। ਸੰਗਤ ਵਿੱਚ ਵਿਚਰਨਾ, ਉੱਠਣਾ-ਬੈਠਣਾ ਮਨੁੱਖ ਦੀ ਸਹਿਜ ਕਿਰਿਆ ਹੈ। ਸੰਗਤ ਦੀ ਰੰਗਤ ਮਨੁੱਖ ’ਤੇ ਬਹੁਤ ਜਲਦੀ ਚੜ੍ਹਦੀ ਹੈ। ਇਸੇ ਲਈ ਧਰਮ ਸ਼ਾਸਤਰ ਅਤੇ ਗ੍ਰੰਥ ਮਨੁੱਖ ਨੂੰ ਚੰਗੀ ਸੰਗਤ ਨਾਲ ਜੁੜਨ ਅਤੇ ਬੁਰੀ ਸੰਗਤ ਤੋਂ ਬਚਣ ਜਾਂ ਉਸਦੇ ਤਿਆਗ ਕਰਨ ਦਾ ਉਪਦੇਸ਼ ਦਿੰਦੇ ਹਨ।

ਸਿੱਖ ਗੁਰੂਆਂ ਨੇ ਆਪਣੀ ਬਾਣੀ ਵਿੱਚ ਸੰਗਤ ਜਾਂ ਸਾਧ ਸੰਗਤ (ਸਾਧ ਜਨਾਂ ਦਾ ਸੰਗ) ਦੀ ਮਹੱਤਤਾ ‘ਤੇ ਕਾਫੀ ਜ਼ੋਰ ਦਿੱਤਾ ਹੈ। ਗੁਰਬਾਣੀ ਦੇ ਅਨੁਸਾਰ ਸਾਧੂ ਜਾਂ ਸੰਤ ਜਨਾਂ ਦੀ ਸੰਗਤ ਕਰਨ ਨਾਲ ਮਨੁੱਖ ਦੇ ਸਾਰੇ ਪਾਪ ਧੋਤੇ ਜਾਂਦੇ ਹਨ, ਮਨ ਗੰਗਾ ਜਲ ਵਾਂਗ ਪਵਿੱਤਰ ਹੋ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਇਹ ਪੰਜ ਵਿਕਾਰ ਕਾਬੂ ਵਿੱਚ ਆ ਜਾਂਦੇ ਹਨ। ਮਨ ਵਿਚੋਂ ਹਉਮੈ (ਅਹੰਕਾਰ) ਦੀ ਮੈਲ ਉੱਤਰ ਜਾਂਦੀ ਹੈ ਤੇ ਉਸਦੀ ਜਗ੍ਹਾ ‘ਤੇ ਵਾਹਿਗੁਰੂ ਦੇ ਨਾਮ ਦੀ ਰੰਗਣ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ। ਸਾਧ ਜਨਾਂ ਕੀ ਸੰਗਤ ਕਰਨ ਨਾਲ ਅਠਸਠ ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਪੁੰਨ ਪ੍ਰਾਪਤ ਹੁੰਦਾ ਹੈ, ਨਾਮ ਸਿਮਰਨ ਦੀ ਵਿਧੀ ਆ ਜਾਂਦੀ ਹੈ ਅਤੇ ਆਲੇ-ਦੁਆਲੇ ਭਟਕਦਾ ਮਨ ਵਾਹਿਗੁਰੂ ਦੀ ਭਗਤੀ ਅਤੇ ਬੰਦਗੀ ਵਿੱਚ ਸਥਿਰ ਹੋ ਜਾਂਦਾ ਹੈ। ਇਸ ਪ੍ਰਕਾਰ ਮਨੁੱਖ ਭਵਸਾਗਰ ਨੂੰ ਪਾਰ ਕਰਕੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ :

ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ॥ ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ॥
(ਅੰਗ ੪੭)

ਲੇਕਿਨ ਭਗਵੇਂ ਅਥਵਾ ਚਿੱਟੇ ਕੱਪੜੇ ਪਾਉਣ ਨਾਲ ਸੰਸਾਰ ਨੂੰ ਛੱਡ ਕੇ ਜੰਗਲ ਪਰਬਤ ਜਾਂ ਗੁਫਾ ਵਿੱਚ ਨਿਵਾਸ ਕਰਨ ਨਾਲ ਅਤੇ ਮੰਗ ਕੇ ਖਾਣ ਨਾਲ ਕੋਈ ਸਾਧੂ ਜਾਂ ਸੰਤ ਨਹੀਂ ਬਣ ਜਾਂਦਾ। ਗੁਰਬਾਣੀ ਐਸੇ ਦੰਭੀ ਅਤੇ ਪਾਖੰਡੀ ਸਾਧੂ ਸੰਤਾਂ ਦੀ ਸੰਗਤ ਤੋਂ ਬਚਣ ਦੀ ਚਿਤਾਵਨੀ ਦਿੰਦੀ ਹੈ। ਤਾਂ ਸੱਚੇ ਸਾਧੂ ਜਨ ਦੀ ਪਛਾਣ ਕੀ ਹੈ? ਗੁਰਬਾਣੀ ਵਿੱਚ ਆਖਿਆ ਗਿਆ ਹੈ :

ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ॥੧॥
(ਅੰਗ ੩੧੯)

ਅਰਥਾਤ, ਜੋ ਵਿਅਕਤੀ ਹਰ ਪਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ ਉਹ ਧੰਨ ਹੈ ਅਤੇ ਉਹੀ ਪੂਰਨ ਸੰਤ ਵੀ ਹੈ। ਇਸੀ ਪ੍ਰਕਾਰ ਉਹ ਵਿਅਕਤੀ ਸਾਧੂ ਅਤੇ ਵੈਰਾਗੀ ਹੈ, ਜਿਸਨੇ ਆਪਣੇ ਹਿਰਦੇ ਵਿਚੋਂ ਅਹੰਕਾਰ ਦਾ ਤਿਆਗ ਕਰਕੇ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ :

ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ॥ ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਇ॥
(ਅੰਗ ੨੯)

ਐਸੇ ਸਾਧੂ ਦੀ ਸੰਗਤ ਤੋਂ ਮਨੁੱਖ ਨੂੰ ਨਾ ਸਿਰਫ ਜਨਮ ਮਰਨ ਦੇ ਦੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ, ਬਲਕਿ ਸੰਸਾਰ ਰੂਪੀ ਸਾਗਰ ਨੂੰ ਵੀ ਪਾਰ ਕਰ ਜਾਂਦਾ ਹੈ। ਗੁਰੂਵਾਕ ਇਸ ਗੱਲ ਦੀ ਪ੍ਰੋੜ੍ਹਤਾ ਕਰਦਾ ਹੈ।

ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ॥

ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ॥੧॥
(ਅੰਗ ੩੧੮)

ਸ. ਜਗਜੀਤ ਸਿੰਘ