views 4 secs 0 comments

ਗੁਰਦੁਆਰਾ ਰੋੜੀ ਸਾਹਿਬ, ਪਿੰਡ ਜਾਹਮਣ, ਲਾਹੌਰ – ਸਾਡੀ ਇਤਿਹਾਸਕ ਵਿਰਾਸਤ ਜੋ ਸਾਡੀਆਂ ਅੱਖਾਂ ਸਾਮਣੇ ਖਤਮ ਹੋ ਗਈ

ਲੇਖ
May 28, 2026

ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਾਨਕਾ ਪਿੰਡ ਡੇਰਾ ਚਾਹਲ ਹੈ, ਜੋ ਕਿ ਲਾਹੌਰ ਦੇ ਬਿਲਕੁਲ ਨਾਲ ਹੀ ਲੱਗਦਾ ਹੈ। ਅਜੇ ਵੀ ਉੱਥੇ ਬੇਬੇ ਨਾਨਕੀ ਜੀ ਦਾ ਜਨਮ ਅਸਥਾਨ ਮੌਜੂਦ ਹੈ। ਆਪਣੇ ਨਾਨਕੇ ਪਿੰਡ ਨੂੰ ਜਾਂਦਿਆਂ ਤਿੰਨ ਵਾਰੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਨਾਲ ਡੇਰਾ ਚਾਹਲ ਤੋਂ 13 ਕਿਲੋਮੀਟਰ ਦੇ ਫ਼ਾਸਲੇ ਤੇ ਵੱਸੇ ਪਿੰਡ ਜਾਹਮਣ ਵਿਚ ਰੁਕੇ ਸਨ। ਇਤਿਹਾਸਕ ਸ੍ਰੋਤ ਦੱਸਦੇ ਹਨ ਕਿ ਪਿੰਡੋਂ ਬਾਹਰਲੇ ਪਾਸੇ ਰੋੜੀ ਪਈ ਹੋਈ ਸੀ। ਉਸ ਅਸਥਾਨ ਤੇ ਪਾਤਸ਼ਾਹ ਨੇ ਆਰਾਮ ਕੀਤਾ ਅਤੇ ਬੰਦਗੀ ਕੀਤੀ। ਇਸ ਅਸਥਾਨ ਨੂੰ ਹੀ ਗੁਰਦੁਆਰਾ ਰੋੜੀ ਸਾਹਿਬ ਦੇ ਨਾਮ ਤੋਂ ਜਾਣਿਆਂ ਜਾਂਦਾ ਹੈ।

ਸ਼ੇਰ ਏ ਪੰਜਾਬ ਸਰਕਾਰ ਰਣਜੀਤ ਸਿੰਘ ਦੇ ਵੇਲੇ ਇੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕੀਤੀ ਗਈ। ਨਾਲ ਬਹੁਤ ਹੀ ਵੱਡਾ ਸਰੋਵਰ ਸੀ। ਵੰਡ ਤੋਂ ਕੁਝ ਕੁ ਸਮਾਂ ਪਹਿਲਾਂ ਇੱਥੇ ਨਵੀਂ ਇਮਾਰਤ ਬਣਾਈ ਜਾ ਰਹੀ ਸੀ। ਅਜੇ ਉਸਾਰੀ ਦਾ ਕਾਰਜ ਪੂਰਾ ਨਹੀਂ ਸੀ ਹੋਇਆ ਜਦੋਂ ਪੰਜਾਬ ਦੀ ਵੰਡ ਹੋ ਗਈ ਅਤੇ ਸਿੱਖਾਂ ਨੂੰ ਪਿੰਡ ਛੱਡ ਕੇ ਚੜ੍ਹਦੇ ਪੰਜਾਬ ਆਉਣਾ ਪਿਆ।

ਮੈਂ ਪਹਿਲੀ ਵਾਰ ਇਸ ਪਿੰਡ ਜੂਨ 2020 ਵਿੱਚ ਗਈ ਸੀ। ਉਸ ਵੇਲੇ ਤੱਕ ਇਹ ਇਮਾਰਤ ਠੀਕ ਠਾਕ ਸੀ। ਹਾਲਾਂਕਿ ਕਮਜ਼ੋਰ ਹੋ ਚੁੱਕੀ ਸੀ। ਪ੍ਰਕਾਸ਼ ਅਸਥਾਨ ਦੇ ਹੇਠਾਂ ਬੇਸਮੇਂਟ ਵੀ ਸੀ ਜੋ ਕਿ ਮਿੱਟੀ ਨਾਲ ਬੰਦ ਹੋ ਚੁੱਕੀ ਸੀ। ਨੀਹਾਂ ਅਜੇ ਮਜ਼ਬੂਤ ਸਨ ਪਰ ਉੱਤੇ ਇਮਾਰਤ ਕਮਜ਼ੋਰ ਹੋਈ ਦਾ ਸਾਫ਼ ਪਤਾ ਲੱਗਦਾ ਸੀ। ਇਸ ਤੋਂ ਬਾਅਦ ਲਗਾਤਾਰ ਆਉਣਾ ਜਾਣਾ ਹੁੰਦਾ ਰਿਹਾ।

ਆਖ਼ਰੀ ਵਾਰੀ ਮੈਂ ਫਰਵਰੀ 2023 ਵਿੱਚ ਵੀਰ ਜੀ ਨਿਸ਼ਾਨ ਸਿੰਘ ਆਸਟ੍ਰੇਲੀਆ ਵਾਲਿਆਂ ਨਾਲ ਇੱਥੇ ਗਈ ਸੀ। ਜੁਲਾਈ 2023 ਵਿੱਚ ਇੱਕ ਦਿਨ ਸਵੇਰੇ ਜਦੋਂ ਵਟਸਐਪ ਖੋਲ੍ਹਿਆ ਤੇ ਕਿਸੇ ਨੇ ਮੈਸੇਜ ਵਿੱਚ ਇਕ ਵੀਡੀਓ ਭੇਜੀ ਹੋਈ ਸੀ। ਵੇਖ ਕੇ ਦਿਲ ਰੋ ਪਿਆ। ਉਨ੍ਹਾਂ ਦਿਨਾਂ ਵਿੱਚ ਬਹੁਤ ਤੇਜ਼ ਮੀਂਹ ਪਿਆ ਸੀ। ਆਪਣੇ ਸਿੱਖਾਂ ਨੂੰ ਉਡੀਕਦੀ ਇਸ ਇਮਾਰਤ ਦੀ ਉਡੀਕ ਸ਼ਾਇਦ ਹੁਣ ਮੁੱਕ ਚੁੱਕੀ ਸੀ। ਤੇਜ਼ ਮੀਂਹ ਹਨੇਰੀ ਵਿੱਚ ਇਹ ਇਮਾਰਤ ਢਹਿ ਗਈ। ਗੁੰਬਲ ਅਤੇ ਇਮਾਰਤ ਦਾ ਵੱਡਾ ਹਿੱਸਾ ਡਿੱਗ ਗਏ ਅਤੇ ਸਿਰਫ਼ ਕੰਧਾਂ ਦਾ ਕੁਝ ਹਿੱਸਾ ਹੀ ਖੜਾ ਰਹਿ ਗਿਆ।

ਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਕਿ ਇਹ ਅਸਥਾਨ ਦੇਸ ਪੰਜਾਬ ਦੀ ਹਿੱਕ ਤੇ ਵਾਹੀ ਖੂਨੀ ਲਕੀਰ, ਜਿਸ ਨੂੰ ਸਰਹੱਦ ਕਹਿ ਦਿੰਦੇ ਨੇ, ਤੋਂ ਸਿਰਫ਼ 3 ਕਿਲੋਮੀਟਰ ਦੇ ਫ਼ਾਸਲੇ ਤੇ ਹੈ ਅਤੇ ਚੜ੍ਹਦੇ ਪੰਜਾਬ ਦੇ ਪਿੰਡਾਂ ਤੋਂ ਸਾਮਣੇ ਸਾਫ਼ ਨਜ਼ਰ ਆਉਂਦਾ ਹੈ।

ਪੰਜਾਬ ਦੀ ਵੰਡ ਦਾ ਸਭ ਤੋਂ ਵੱਡਾ ਘਾਟਾ ਜਾਨੀ ਨੁਕਸਾਨ ਨਹੀਂ, ਜ਼ਮੀਨਾਂ ਖੁੱਸਣਾ ਨਹੀਂ ਸੀ, ਘਰ ਛੱਡਣਾ ਨਹੀਂ ਸੀ, ਅਸਲ ਵਿੱਚ ਸਭ ਤੋਂ ਵੱਡਾ ਘਾਟਾ ਸੀ ਇਨ੍ਹਾਂ ਇਤਿਹਾਸਕ ਅਸਥਾਨਾਂ ਦਾ ਵੀਰਾਨ ਹੋਣਾ, ਖੰਡਰਾਂ ਵਿੱਚ ਤਬਦੀਲ ਹੋਣਾ ਅਤੇ ਅਖ਼ੀਰ ਨੂੰ ਖਤਮ ਹੋ ਜਾਣਾ।

Jeevay Sanjha Punjab ਵੱਲੋਂ ਅਸੀਂ ਇਨ੍ਹਾਂ ਅਸਥਾਨਾਂ ਦੀ ਬਕਾਇਦਾ ਲਿਸਟ ਬਣਾਉਣੀ ਸ਼ੁਰੂ ਕੀਤੀ ਅਤੇ ਇਨ੍ਹਾਂ ਦੀ documentation ਸ਼ੁਰੂ ਕੀਤੀ। ਕੱਲੇ ਲਾਹੌਰ ਜ਼ਿਲ੍ਹੇ ਵਿੱਚ 42 ਸਿੱਖ ਇਤਿਹਾਸਕ ਅਸਥਾਨ ਸਨ, ਜਿਨ੍ਹਾਂ ਵਿਚੋਂ 8 ਪੂਰੀ ਤਰ੍ਹਾਂ ਖ਼ਤਮ ਹੋ ਗਏ ਹਨ, 15 ਬਿਲਕੁਲ ਖੰਡਰ ਬਣੇ ਹੋਏ ਹਨ, ਅਤੇ 8 ਕਿਸੇ ਹੋਰ ਕੰਮ ਲਈ ਵਰਤੇ ਜਾ ਰਹੇ ਹਨ। ਇਸੇ ਤਰ੍ਹਾਂ ਅਸੀਂ ਹੋਰ ਜ਼ਿਲ੍ਹਿਆਂ ਤੇ ਵੀ ਵਾਰੀ ਵਾਰੀ ਕੰਮ ਕਰ ਰਹੇ ਹਾਂ। ਲਾਹੌਰ ਦੀ ਲਿਸਟ ਤੁਸੀਂ ਇੱਥੇ ਵੇਖ ਸਕਦੇ ਹੋ: https://jeevaysanjhapunjab.com/sikh-heritage-archives/

ਹੋਰਨਾਂ ਜ਼ਿਲ੍ਹਿਆਂ ਦੀ ਲਿਸਟ ਵੀ ਇੱਕ ਇੱਕ ਕਰਕੇ ਅਸੀਂ ਇੱਥੇ ਪਾਉਂਦੇ ਰਹਾਂਗੇ। ਤਾਂ ਕਿ ਜਦੋਂ ਤੱਕ ਇਨ੍ਹਾਂ ਦੀ ਸਾਰ ਨਹੀਂ ਲਈ ਜਾਂਦੀ, ਘੱਟੋ ਘੱਟ ਸਭ ਨੂੰ ਪਤਾ ਰਹੇ ਕਿ ਸਾਡੇ ਇਹ ਅਸਥਾਨ ਹੈ ਨੇ। ਜਿਹੜੇ ਖਤਮ ਵੀ ਹੋ ਗਏ, ਪਤਾ ਰਹੇ ਕਿ ਇਸ ਅਸਥਾਨ ਤੇ ਹੁੰਦੇ ਸਨ।

ਪਾਤਸ਼ਾਹ ਮਿਹਰ ਕਰਨ, ਜਿਹੜੀ ਅਸੀਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਦੀ ਅਰਦਾਸ ਕਰਦੇ ਹਾਂ, ਉਹ ਪੂਰੀ ਹੋਵੇ। ਦਰਸ਼ਨ ਦੀਦਾਰ ਸੌਖੇ ਹੋਣ, ਇਹ ਅਸਥਾਨ ਸਾਂਭੇ ਜਾਣ।

ਪੁਰਵਾ ਮਸੂਦ (ਜੀਵੇ ਸਾਂਝਾ ਪੰਜਾਬ)