
ਯੂਕੇ ਪੁੱਜਣ ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੰਗਤ ਵੱਲੋਂ ਭਰਵਾਂ ਸੁਆਗਤ
ਲੰਡਨ, 18 ਜੁਲਾਈ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਿਹਕਾਮੀ ਸੇਵਾ ਟ੍ਰਸਟ ਯੂਕੇ ਦੇ ਸੱਦੇ ’ਤੇ ਤਿੰਨ ਦਿਨਾਂ ਦੇ ਦੌਰੇ ਲਈ ਯੂਕੇ ਪੁੱਜੇ। ਲੰਡਨ ਹਵਾਈ ਅੱਡੇ ’ਤੇ ਸਥਾਨਕ ਸਿੱਖ ਸੰਗਤ ਅਤੇ ਨੌਜਵਾਨਾਂ ਨੇ ਸਿਰੋਪਾਓ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਤਿੰਨ ਦਿਨਾਂ ਦੇ ਦੌਰੇ ਦੌਰਾਨ ਜਥੇਦਾਰ ਗੜਗੱਜ ਗੁਰਦੁਆਰਾ ਗੁਰੂ ਗ਼ਰੀਬ ਨਿਵਾਜ, ਹਯੇਜ਼ (ਲੰਡਨ) ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਸੰਗਤ ਨੂੰ ਸੰਬੋਧਨ ਕਰਨਗੇ ਅਤੇ ਵਿਚਾਰ ਸਾਂਝੇ ਕਰਨਗੇ। ਇਹ ਸਮਾਗਮ ਨਿਹਕਾਮੀ ਸੇਵਾ ਟ੍ਰਸਟ ਯੂਕੇ, ਜੱਥਾ ਪੰਜ ਪਿਆਰੇ ਸਾਹਿਬਾਨ ਯੂਕੇ, ਗੁਰੂ ਹਰਿਗੋਬਿੰਦ ਸਾਹਿਬ ਟ੍ਰਸਟ ਯੂਕੇ ਅਤੇ ਸਮੂਹ ਸਾਧ-ਸੰਗਤ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਜਥੇਦਾਰ ਗੜਗੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਹੋਣ ਵਾਲੇ ਸਮਾਗਮ ਵਿੱਚ ਵੀ ਹਾਜ਼ਰੀ ਭਰਨਗੇ ਅਤੇ ਸਥਾਨਕ ਸੰਗਤ ਨਾਲ ਵਿਚਾਰ-ਵਟਾਂਦਰਾ ਕਰਨਗੇ। ਉਨ੍ਹਾਂ ਦੇ ਨਾਲ ਮੀਡੀਆ ਸਲਾਹਕਾਰ ਜਸਕਰਨ ਸਿੰਘ ਵੀ ਯੂਕੇ ਦੌਰੇ ’ਤੇ ਪੁੱਜੇ ਹਨ।





