147 views 7 secs 0 comments

ਅਣਖੀਲੇ ਪੰਥ ਦੀ ਵਾਰ

ਲੇਖ
January 10, 2025

ਸਨ ਬੈਠੇ ਤਖ਼ਤ ਅਕਾਲ ਤੇ, ਸਿੰਘ ਸ਼ਸਤਰ-ਧਾਰੀ।
ਰਣ-ਗਾਖੇ ਸ਼ੁੱਕਰ-ਚੱਕੀਏ, ਰਣ-ਤੇਗ਼ ਖਿਡਾਰੀ।
ਰਾਮਗੜ੍ਹੀਏ ਭੰਗੀ ਸੂਰਮੇ, ਧਰਮੀ ਉਪਕਾਰੀ।
ਸੀ ਮਿਸਲ ਘਨੱਈਆ ਦੇ ਰਹੀ, ਛਬ ਖੂਬ ਨਿਆਰੀ।
ਨਾ ਭੁੰਏਂ ਪਏ ਤਿੱਲ ਸੁੱਟਿਆ, ’ਕਠ ਹੋਇਆ ਭਾਰੀ।
ਗੁਰ-ਜਲਵਾ ਨੈਣੀਂ ਸਭ ਦੀ, ਪਿਆ ਲਾਵੇ ਤਾਰੀ।
ਜਦ ਚੱਕਰ ਚਮਕਣ ਸਿਰਾਂ ‘ਤੇ, ਚੰਦ ਜਾਵੇ ਵਾਰੀ।
ਪਈ ਟਹਿਲ ਕਮਾਵੇ ਪੰਥ ਦੀ, ਹੋਣੀ ਪਨਿਹਾਰੀ।

ਜਿਉਂ ਕਲਸ ਸੁਨਹਿਰੀ ਮੰਦਰੀਂ, ਤਿਉਂ ਸਿਰੀਂ ਦੁਮਾਲੇ।
ਵਾਹ ਬਾਣੇ ਖਿੜੀ ਬਸੰਤ ਜਿਉਂ, ਖਿੜ ਰੰਗ ਵਿਖਾਲੇ।
ਇਉਂ ਮੁੱਛਾਂ ਕੁੰਢੀਆਂ ਕਾਲੀਆਂ, ਜਿਉਂ ਫਨੀਅਰ ਕਾਲੇ।
ਇਉਂ ਹੱਥੀਂ ਤੇਗ਼ਾਂ ਨੰਗੀਆਂ, ਇਉਂ ਚਮਕਣ ਭਾਲੇ,
ਜਿਉਂ ਟੁੱਟਦੇ ਤਾਰੇ ਰਾਤ ਨੂੰ, ਭਖ ਲੌਣ ਹੁਨਾਲੇ।
ਜਿਉਂ ਬਗਲੇ ਉੱਡਣ ਝੀਲ ‘ਤੇ, ਖੰਭ ਤਾਣ ਨਿਰਾਲੇ।
ਅੱਜ ਜਾਪਣ ਪੁੱਤ ਅਕਾਲ ਦੇ, ਜਮ ਦੇ ਸਰਬਾਲ੍ਹੇ।
ਸਭ ਬੈਠੇ ਸੁਰਤਾਂ ਜੋੜ ਕੇ, ਗੁਰੂ ਗ੍ਰੰਥ ਦਵਾਲੇ।

ਇੱਕ ਅਚਨਚੇਤੀ ਆ ਪਈ, ਕੰਨੀਂ ਇਉਂ ਬਾਣੀ :
“ਓ ਬਹੁੜੀਂ ਪੰਥਾ ਅਣਖੀਆ! ਤੂੰ ਬਿਰਦ ਪਛਾਣੀਂ।
ਤੂੰ ਸਿੰਘ ਗੁਰੂ ਦਸਮੇਸ਼ ਦਾ, ਮੈਂ ਗਊ ਨਿਮਾਣੀ।
ਕੰਨ ਦੇ ਕੇ ਗਊ ਗ਼ਰੀਬ ਦੀ, ਸੁਣ ਦਰਦ-ਕਹਾਣੀ।
ਮੈਂ ਸਿਹਰਾ ਅਜੇ ਨਾ ਖੋਲ੍ਹਿਆ, ਨਹੀਂ ਸੱਧਰ ਮਾਣੀ।
ਮੇਰਾ ਰਾਹ ਵਿੱਚ ਡੋਲਾ ਲੁੱਟਿਆ, ਹੋਣੀ ਜਰਵਾਣੀ।
ਪਾ ਲਈ ਨਵਾਬ ਕਸੂਰ ਨੇ, ਮਹਿਲੀਂ ਪੰਡਤਾਣੀ।
ਮੇਰੀ ਡੁੱਬੀ ਬੇੜੀ ਖ਼ਾਲਸਾ! ਤੂੰ ਬੰਨੇ ਲਾਣੀ।

ਤੈਨੂੰ ਬਖ਼ਸ਼ਸ਼ ਗੁਰ ਦਸਮੇਸ਼ ਦੀ, ਤੂੰ ਅਣਖਾਂ ਵਾਲਾ।
ਜਦ ਕੱਢੇ ਤੇਗ਼ ਮਿਆਨ ‘ਚੋਂ, ਜਦ ਚੁੱਕੇ ਭਾਲਾ।
ਜਦ ਤੇਰੇ ਸਿੱਖੀ ਜੋਸ਼ ਦੀ, ਪਏ ਭੜਕ ਜਵਾਲਾ।
ਜਦ ਤੇਰੀ ਸਿੱਖੀ ਬੀਰਤਾ, ਖਾ ਜਾਏ ਉਛਾਲਾ।
ਤਦ ਜ਼ਾਲਮ ਥਰ ਥਰ ਕੰਬਦੇ, ਜਿਉਂ ਪੋਹ ਦਾ ਪਾਲਾ।
ਤਦ ਪੈਰਾਂ ਤੋਂ ਹਿੱਲ ਜਾਂਵਦਾ, ਡਰ ਨਾਲ ਹਿਮਾਲਾ।
ਤੇਰੇ ਇੱਕ ਹੱਥ ਤੇ ਤੇਗ਼ ਸੁਹਾਂਵਦੀ, ਹੱਥ ਦੂਜੇ ਮਾਲਾ।
ਮੇਰੀ ਮੋੜੀਂ ਗਈ ਬ੍ਰਾਹਮਣੀ, ਕਰ ਨਾਮ ਉਜਾਲਾ।”

ਜਦ ਸੁਣੇ ਨਵਾਬ ਕਸੂਰ ਦੇ, ਇਹ ਜ਼ੁਲਮੀ ਕਾਰੇ।
ਤਦ ਸਿੰਘ ਗੁਰੂ ਦੇ ਹੋ ਗਏ, ਭਖ ਨਾਲ ਅੰਗਾਰੇ।
ਉਨ੍ਹਾਂ ਛੱਡੇ ਅਰਸ਼ ਹਿਲਾਉਣੇ, ਪੰਜ ਸੈ ਜੈਕਾਰ।
ਉਨ੍ਹਾਂ ਕਢੇ “ਵਹੀ” ਨਵਾਬ ਦੇ, ਖੰਡੇ ਦੋ ਧਾਰੇ।
ਉਨਾਂ ਚਿੱਲ੍ਹੇ ਚਾੜ੍ਹੇ ਖਿੱਚ ਕੇ, ਉਨ੍ਹਾਂ ‘ਤੀਰ’ ਸਵਾਰੇ।
ਉਨ੍ਹਾਂ ਖਿੱਚ ਮਿਆਨੋਂ ਕੱਢੀਆਂ, ਜੋ ਤੋੜਨ ਤਾਰੇ।
ਕਰ ਉੱਚੇ ਨੇਜ਼ੇ ਬਰਛੀਆਂ, ਉਹ ਬੋਲੇ ਸਾਰੇ :

“ਹੁਣ ਮੌਤ ਕੁੱਤੇ ਦੀ ਮਰਨਗੇ, ਜ਼ਾਲਮ ਹਤਿਆਰੇ।”

ਅਰਦਾਸਾ ਕੀਤਾ ਪੰਥ ਨੇ, ਪੜ੍ਹ ਗੁਰ ਦੀ ਬਾਣੀ।
ਰਲ ਆਖਿਆ : ਬਾਜਾਂ ਵਾਲਿਆ, ਤੂੰ ਬਿਰਦ ਪਛਾਣੀਂ।
ਅਸਾਂ ਡਿੱਠੀਆਂ ਅੱਖਾਂ ਰੋਂਦੀਆਂ, ਹੁਣ ਅੱਖ ਨਹੀਂ ਲਾਣੀ।
ਅਸਾਂ ਬੁਰਕੀ ਮੂੰਹ ਨਹੀਂ ਪਾਵਣੀ, ਨਹੀਂ ਪੀਣਾ ਪਾਣੀ।
ਅਸਾਂ ਰੱਤ ਜ਼ਾਲਮ ਦੀ ਰਿੜਕਣੀ, ਪਾ ਤੇਗ਼-ਮਧਾਣੀ।
ਅਸਾਂ ਇੱਕ ਇੱਕ ਗੜ੍ਹੀ ਕਸੂਰ ਦੀ, ਧੂੰ ਵਾਂਗ ਉਡਾਣੀ।
ਅਸਾਂ ਅਗੋਂ ਲਈ ਨਵਾਬ ਨੂੰ, ਤੌਬਾ ਕਰਵਾਣੀ।
ਜਾਂ ਮਰ ਜਾਣਾ ਜਾਂ ਬਾਹਮਣੀ, ਅੱਜ ਮੋੜ ਲਿਆਣੀ।

ਇਉਂ ਚੜ੍ਹਿਆ ਪੰਥ ਅਕਾਲ ਦਾ, ਭੰਨਣ ਲਈ ਅੜੀਆਂ।
ਇੱਕ ਬਾਹਮਣ ਆਜਜ਼ ਵਾਸਤੇ, ਪੰਜ ਮਿਸਲਾਂ ਚੜੀਆਂ।
ਉਹ ਪਹੁੰਚੇ ਉੱਡ ਕਸੂਰ ਤੇ, ਹੱਥ ਤੇਗ਼ਾਂ ਫੜੀਆਂ।
ਉਹ ਤੇਗ਼ਾਂ ਬਣ ਕੇ ਨਾਗਣਾਂ, ਜਿਸ ਜਿਸ ਨੂੰ ਲੜੀਆਂ।
ਉਸ ਪਾਣੀ ਮੂਲ ਨੂੰ ਮੰਗਿਆ, ਭੰਨ ਟੁਰਿਆ ਘੜੀਆਂ।
ਢਾਹ ਰੜੀਆਂ ਕੀਤੀਆਂ ਖ਼ਾਲਸੇ, ਬਾਰ੍ਹਾਂ ਈ ਗੜ੍ਹੀਆਂ।
ਉੱਥੇ ਤੇਗਾਂ ਢਾਲਾਂ ਤੋਲੀਆਂ, ਸਿਰ ਧੜ ਦੀਆਂ ਧੜੀਆਂ।
ਇਕ ਦਿਨ ਵਿੱਚ ਹੋਈਆਂ ਰੰਡੀਆਂ, ਕਈ ਕਿਸਮਤ-ਸੜੀਆਂ।

ਰਣ ਜਿੱਤਿਆ, ਕਰ ਪਰਤੱਗਿਆ, ਵਾਹ ਤੇਗਾਂ ਵਾਹੀਆਂ।
ਸਰ ਕੀਤਾ ਖੂਬ ਕਸੂਰ ਨੂੰ, ਸਭ ਗੜ੍ਹੀਆਂ ਢਾਹੀਆਂ।
ਉਨ੍ਹਾਂ ਦਿੱਤਾ ਡੰਨ ਨਵਾਬ ਨੂੰ, ਫੜ ਅਲਖਾਂ ਲਾਹੀਆਂ।
ਕੱਢ ਲੀਤੀ ਮਹਿਲੋਂ ਬਾਮ੍ਹਣੀ, ਵੱਢ ਜ਼ੁਲਮੀ ਫਾਹੀਆਂ।
ਉਨ੍ਹਾਂ ਲੁੱਟੇ ਮਹਿਲ ਨਵਾਬ ਦੇ, ਚੌ-ਤਰਫ਼ਾਂ ਗਾਹੀਆਂ।
ਪਾ ਪੱਲੇ ਗਲੀਂ ਨਵਾਬਣਾਂ, ਰੋਈਆਂ ਇਕ-ਸਾਹੀਆਂ।
ਲੈ ਬਾਹਮਣ ਟੁਰਿਆ ਬਾਹਮਣੀ, ਜੱਗ ਦਏ ਵਧਾਈਆਂ।
ਤਦ ਯਸ ਗਾਵਿਆ ਪੰਥ ਦਾ, ਰਾਹ ਜਾਂਦੇ ਰਾਹੀਆਂ।