134 views 0 secs 0 comments

ਧੜਾ         

ਲੇਖ
June 21, 2025

ਆਮ ਬੋਲ ਬੋਲ ਚਾਲ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਧੜਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ 12 ਵਾਰ ਮੌਜੂਦ ਹੈ, ਚੌਥੀ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਆਸਾ ਰਾਗ ਦੇ ਅੰਦਰ  ਚਹੁ ਵਰਨਾ ਦੇ ਸਾਂਝੇ ਉਪਦੇਸ਼ ਦੇ ਵਿੱਚ 10 ਵਾਰ ਧੜਾ ਸ਼ਬਦ ਦੀ ਵਰਤੋਂ ਕਰਦੇ ਹਨ , ਜਦ ਕਿ ਬਾਣੀ ਦੇ ਬੋਹਿਥ ਗੁਰੂ ਅਰਜਨ ਦੇਵ ਸਾਹਿਬ ਜੀ ਖਸਮ ਦੇ ਬੋਲਾਂ ਨੂੰ ਪ੍ਰਗਟ ਕਰਦਿਆਂ ਕੇਵਲ ਦੋ ਵਾਰ ਧੜਾ  ਸ਼ਬਦ ਉਚਾਰਨ ਕਰਦੇ ਹਨ। ਜਦੋਂ ਕਿਸੇ ਦੇ ਬਾਰੇ ਜ਼ਿਕਰ ਕਰਦੇ ਆਂ,ਮਨੁੱਖ ਕਹਿੰਦਾ, ਇਹ ਤੇ ਫਲਾਨੇ ਧੜੇ ਦੇ ਨਾਲ ਸੰਬੰਧ ਰੱਖਦਾ ਹੈ, ਇਸ ਤਰ੍ਹਾਂ ਦੀਆਂ ਕਹਾਵਤਾਂ ਵੀ ਸੁਣਨ ਨੂੰ ਮਿਲਦੀਆਂ ਕਿ ਇਕੱਲਾ ਨਾ ਹੋਵੇ ਪੁੱਤ ਮਨੁੱਖ ਦੇ, ਇਕੱਲੀ ਨਾ ਹੋਵੇ ਬਣਨ ਦੇ ਵਿੱਚ ਲਕੜੀ।
ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਵਿੱਚ ਧੜਾ ਦੇ ਅਰਥ ਸਹਾਇਕ ਟੋਲਾ ਕਰਦੇ ਨੇ, ਸਤਿਕਾਰਯੋਗ ਭਾਈ ਵੀਰ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਧੜਾ ਦੀ ਵਿਆਖਿਆ ਪੱਖ, ਸਾਕ ਲਿਖਦੇ ਨੇ, ਪ੍ਰੋਫੈਸਰ ਸਾਹਿਬ ਸਿੰਘ ਗੁਰਬਾਣੀ ਪਾਠ ਦਰਪਣ ਦੇ ਵਿੱਚ ਧੜਾ ਨੂੰ ਸਾਥ ਲਿਖਦੇ ਹਨ
ਧੜਾ ਧਿਆਨ ਖੜਾ ਦਾ ਸੰਖੇਪ ਹੈ।
ਮਨੁੱਖ ਦਾ ਜਿੱਥੇ ਧਿਆਨ ਖੜਾ ਹੈ, ਉਹੀ ਮਨੁੱਖ ਦਾ ਧੜਾ ਹੈ,ਕਿਸੇ ਨੇ ਮਿੱਤਰ ਦੇ ਨਾਲ, ਸੁਤ ( ਪੁੱਤਰ) ਦੇ ਨਾਲ, ਕਿਸੇ  ਦਾ ਭਰਾ ਦੇ ਨਾਲ ਧੜਾ ਹੈ, ਸਕੇ ਕੁੜਮ ਜਵਾਈ ਦੇ ਨਾਲ ਕਿਸੇ ਦਾ ਧਿਆਨ ਖੜਾ ਦਿਖਾਈ ਪੈਂਦਾ, ਉਹ ਵਾਰ-ਵਾਰ ਆਪਣੇ ਕੁੜਮਾ,  ਜਵਾਈ ਦੀ ਬੁੱਧ ਤਾਕਤ ਉਸਤਤ ਕਰਦਾ ਰਹਿੰਦਾ। ਆਪਣੇ ਗਰਜ ਦੇ ਵਾਸਤੇ ਸਿਕਦਾਰ ਪਿੰਡ ਦੇ ਚੌਧਰੀ ਦੇ ਨਾਲ ਕਿਸੇ ਨੇ ਧੜਾ ਬਣਾਇਆ ਹੋਇਆ, ਸਰਬ ਵਿਆਪਕ ਸਮਾਏ ਹੋਏ ਪਰਮਾਤਮਾ ਦੇ ਨਾਲ ਅਸੀਂ ਆਪਣਾ ਧੜਾ ਬਣਾਇਆ
ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ ||
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ||
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ
ਨਾਲਿ ਆਪਣੈ ਸਵਾਈ ||
ਹਮਾਰਾ ਧੜਾ ਹਰਿ ਰਹਿਆ ਸਮਾਈ ||
(  ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 366)

ਜਿਸ ਜਿਸ ਨਾਲ ਵੀ ਮਨੁੱਖ ਆਪਣਾ ਧੜਾ ਬਣਾਉਂਦਾ ਉਹ ਸਮਾਂ ਪਾ ਕਰਕੇ ਇਥੋਂ ਚਲਾ ਜਾਂਦਾ, ਧੜਾ ਸਥਿਰ ਨਹੀਂ ਰਹਿੰਦਾ ਬਣਾਉਣ ਵਾਲਾ ਮਨੁੱਖ ਅਖੀਰ ਦੇ ਵਿੱਚ ਪਛਤਾਉਦਾ ਹੈ. ਇੱਕ ਧੜਾ ਦੂਸਰੇ ਦੇ ਨਾਲ ਲੜਦਾ ਵੀ ਰਹਿੰਦਾ, ਗੁਰੂ ਦੀ ਕਿਰਪਾ ਦੇ ਨਾਲ ਜਦੋਂ ਮਨੁੱਖ ਦਾ ਧਿਆਨ ਵਿਆਪਕ ਪਰਮਾਤਮਾ ਤੇ ਖੜ ਜਾਂਦਾ, ਤਾ  ਸੰਸਾਰ ਦੀ ਧੜੇ ਸੁਰਤ ਦੇ ਵਿੱਚੋਂ ਨਾਸ ਹੋ ਜਾਂਦੇ ਹਨ।

ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ, ਖਾਲਸਾ ਅਖਬਾਰ