ਲਾਵਾਂ ਸੂਹੀ ਰਾਗ ਵਿਚ ਗੁਰੂ ਰਾਮਦਾਸ ਜੀ ਦਾ ਇਕ ਛੰਤ ਹੈ ਅਤੇ ਇਹ ਗ੍ਰਿਹਸਤ ਧਰਮ ਵਿਚ ਪ੍ਰਵੇਸ਼ ਲਈ ਨਿਸਚਿਤ ਬਾਣੀ ਹੈ। ਗੁਰੂ ਰਾਮਦਾਸ ਜੀ ਪ੍ਰਮੁਖ ਰੂਪ ਵਿਚ ਬ੍ਰਿਹਾ ਤੇ ਵੈਰਾਗ ਦੇ ਕਵੀ ਹਨ। ਆਪ ਦਾ ਪ੍ਰਮੁੱਖ ਵਿਸ਼ਾ ਪ੍ਰਭੂ ਪਿਆਰ ਹੈ ਅਤੇ ਅਜਿਹਾ ਪਿਆਰ ਇਨ੍ਹਾਂ ਲਾਵਾਂ ਵਿਚੋਂ ਵੀ ਸਪੱਸ਼ਟ ਨਜ਼ਰ ਆਉਂਦਾ ਹੈ।
ਸੂਹੀ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਐਸਾ ਰਾਗ ਹੈ ਜਿਸ ਦਾ ਸੰਬੰਧ ਉਚੇਚੇ ਤੌਰ ਤੇ ਗ੍ਰਿਹਸਤ ਜੀਵਨ ਦੀ ਖੁਸ਼ੀ ਨਾਲ ਤੇ ਵਿਆਹ ਦੀ ਰਸਮ ਨਾਲ ਹੈ ਜਿਸ ਤੋਂ ਗ੍ਰਿਹਸਤ ਜੀਵਨ ਸ਼ੁਰੂ ਹੁੰਦਾ ਹੈ। ਮੇਰੇ ਵਿਚਾਰ ਵਿਚ ਲਾਵਾਂ ਦੀ ਵਿਧੀ ਮੁੱਖ ਤੌਰ ਤੇ ਇਸਤ੍ਰੀ ਪੁਰਖ ਦਾ ਸੰਜੋਗ ਹੈ। ਭਾਵੇਂ ਕਿਸੇ ਹੱਦ ਤਕ ਇਸ ਨੂੰ ਜਗਿਆਸੂ ਰੂਪੀ ਇਸਤ੍ਰੀ ਦੀ ਆਤਮਾ ਦਾ ਪ੍ਰਮਾਤਮਾ ਨਾਲ ਮੇਲ ਦੀ ਵਿਧੀ ਵੀ ਮਿੱਥ ਸਕਦੇ ਹਾਂ। ਪਰ ਜੇਕਰ ਇਤਿਹਾਸ ਤੋਂ ਲਾਵਾਂ ਦੇ ਉਚਾਰਨ ਦਾ ਸਮਾਂ ਦੇਖਿਆ ਜਾਵੇ ਤਾਂ ਇਹ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਗੁਰੂ ਰਾਮਦਾਸ ਜੀ ਨੇ ਲਾਵਾਂ ਦੀ ਵਿਧੀ ਸੰਸਾਰਕ ਤੌਰ ਤੇ ਇਸਤ੍ਰੀ ਪੁਰਖ ਦੇ ਸੰਜੋਗ ਲਈ ਦਰਸਾਈ ਹੈ। ਜਦੋਂ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਦਾ ਵਰ ਲੱਭ ਲਿਆ ਤਾਂ ਪੰਡਿਤਾਂ ਤੇ ਬ੍ਰਾਹਮਣਾਂ ਦੀ ਰੀਤੀ ਨੂੰ ਖ਼ਤਮ ਕਰਨ ਦੇ ਲਈ ਅਨੰਦ ਸਾਹਿਬ ਦੀ ਬਾਣੀ ਰਚੀ ਤੇ ਸ੍ਰੀ ਗੁਰੂ ਰਾਮਦਾਸ ਨੇ ਉਸ ਰਸਮ ਨੂੰ ਹੋਰ ਪੱਕਿਆਂ ਕਰਨ ਦੇ ਲਈ ਰਾਗ ਸੂਹੀ ਵਿਚ ਚਾਰ ਲਾਵਾਂ ਲਿਖੀਆਂ ਜਿਨ੍ਹਾਂ ਰਾਹੀਂ ਜੀਵਨ ਸਫ਼ਰ ਵਿਚ ਦੰਪਤੀ ਨੂੰ ਕਾਮਯਾਬੀ ਦਾ ਰਸਤਾ ਦਸਿਆ ਹੈ।
ਲਾਵਾਂ ਦਾ ਛੰਤ ਹਰ ਤਰਾਂ ਪੰਜਾਬੀ ਸਭਿਆਚਾਰ, ਰਵਾਇਤ ਅਤੇ ਲੋਕ ਕਾਵਿ ਰੂਪ ਉਸੇ ਮੌਕੇ ਦਾ ਰਾਗ ਹੈ। ਛੰਤ ਪੰਜਾਬੀ ਲੋਕ ਕਾਵਿ ਰੂਪ ਹੈ ਜੋ ਵਿਵਾਹ ਦੇ ਮੌਕੇ ਨਾਲ ਹੀ ਸਬੰਧਤ ਹੈ ਅਤੇ ਗੁਰੂ ਰਾਮਦਾਸ ਜੀ ਜੋ ਸ੍ਰੀ ਗ੍ਰੰਥ ਸਾਹਿਬ ਵਿਚ ਬ੍ਰਿਹਾ ਤੇ ਪ੍ਰੇਮ ਦੇ ਸਰੂਪ ਹਨ, ਨੇ ਇਸ ਛੰਤ ਦੀ ਰਚਨਾ ਕੀਤੀ ਹੈ।
ਲਾਵਾਂ ਦੀ ਬਾਣੀ ਦੇ ਛੰਤ ਦੇ ਚਾਰ ਬੰਦ ਹਨ। ਹਰ ਬੰਦ ਵਿਚ ਦੰਪਤੀ ਜੀਵਨ ਦੀ ਸਫ਼ਲਤਾ ਲਈ ਕੋਈ ਨਾ ਕੋਈ ਸ਼ਰਤ ਦੱਸੀ ਹੈ। ਇਹ ਸ਼ਰਤਾਂ ਪੂਰੀਆਂ ਹੋਣ ਤੇ ਹੀ ਗ੍ਰਿਹਸਤ ਜੀਵਨ ਸਫ਼ਲ ਹੋ ਸਕਦਾ ਹੈ ਅਤੇ ਇਹ ਸ਼ਰਤਾਂ ਇੰਝ ਹਨ।
ਲਾਵਾਂ ਦੇ ਪਹਿਲੇ ਬੰਦ ਵਿਚ ਦੋ ਜ਼ਰੂਰੀ ਗੱਲਾਂ ਕਹੀਆਂ ਹਨ। ਪਹਿਲੀ ਇਹ ਕਿ ਭਾਵੇਂ ਹਾਲਾਤ ਕੁਝ ਵੀ ਹੋਣ, ਗ੍ਰਿਹਸਤ ਜੀਵਨ ਦਾ ਤਿਆਗ ਨਹੀਂ ਕਰਨਾ। ਪਰਵਿਰਤ ਰਹਿਣਾ ਹੈ ਅਤੇ ਸੰਘਰਸ਼ ਕਰਨਾ ਹੈ। ਮੁਸ਼ਕਲਾਂ ਤੇ ਦੁੱਖ ਆ ਸਕਦੇ ਹਨ। ਅਜੋੜਤਾ ਤੇ ਨਾਰਾਜ਼ਗੀ ਵੀ ਹੋ ਸਕਦੀ ਹੈ ਪਰ ਪਰਵਿਰਤ ਰਹਿਣਾ ਹੈ ਅਤੇ ਸਫਲਤਾ ਲਈ ਯਤਨ ਕਰਦੇ ਰਹਿਣਾ ਹੈ ਕਿਸ ਗੱਲ ਲਈ ਯਤਨ ਕਰਨਾ ਹੈ। ਧਰਮ, ਦ੍ਰਿੜਹੁ, ਪਾਪ ਤਜਾਇਆ ਲਈ। ਭਾਵ ਧਰਮ ਨੂੰ ਗ੍ਰਹਿਣ ਕਰਨ ਲਈ ਅਤੇ ਅਧਰਮ ਦਾ ਤਿਆਗ ਕਰਨ ਲਈ ਪਤੀ ਪਤਨੀ ਨੇ ਇਕ ਦੂਜੇ ਨਾਲ ਆਪਣੇ ਮਾਤਾ ਪਿਤਾ, ਦੇਸ਼ ਕੌਮ ਤੇ ਸੰਸਾਰ ਨਾਲ ਆਪਣਾ ਧਰਮ ਨਿਭਾਣਾ ਹੈ। ਇਕ ਦੂਜੇ ਨਾਲ ਵਫਾਦਾਰ ਹੋਣਾ ਤੇ ਵਿਸ਼ਵਾਸ਼ਘਾਤ ਨਾ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ।
ਲਾਵਾਂ ਦੇ ਦੂਜੇ ਬੰਦ ਵਿਚ ਦੰਪਤੀ ਜੀਵਨ ਦੀ ਸਫ਼ਲਤਾ ਦਾ ਆਧਾਰ ‘ਨਿਰਭਉ ਭੈ’ ਤੇ ‘ਨਿਰਮਲ ਭਉ’ ਰਖੇ ਹਨ। ਭਾਵ ਪਤੀ ਪਤਨੀ ਦੇ ਹਿਰਦੇ ਵਿਚ ਇਕ ਦੂਜੇ ਲਈ ਸਦਾ ਸਤਿਕਾਰ ਤੇ ਸ਼ਰਮ ਬਣੇ ਰਹਿਣੇ ਚਾਹੀਦੇ ਹਨ ਅਤੇ ਇਹ ਤਦੇ ਹੀ ਹੋ ਸਕਦਾ ਹੈ ਜੇਕਰ ਅਸੀਂ ਇਸ ਵਿਸ਼ਵਾਸ਼ ਤੇ ਨਿਸਚਾ ਰਖੀਏ ਕਿ-
“ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ॥”
ਇਕ ਦੂਜੇ ਵਿਚ ਬਾਹਰਮੁਖੀ ਅਤੇ ਅੰਤਰਮੁਖੀ ਪ੍ਰਮਾਤਮਾ ਦਾ ਹੀ ਰੂਪ ਨਜ਼ਰ ਆਵੇ।
ਲਾਵਾਂ ਦੇ ਤੀਜੇ ਬੰਦ ਵਿਚ ਲਾਵਾਂ ਦੰਪਤੀ ਜੀਵਨ ਦੀ ਸ਼ਰਤ “ਮਨਿ ਚਾਉ ਭਇਆ ਬੈਰਾਗੀਆ” ਰੱਖੀ ਹੈ। ਇਸ ਦਾ ਭਾਵ ਇਹ ਹੈ ਖੁਸ਼ੀ ਦੂਜੇ ਲਈ ਕੁਰਬਾਨੀ ਕਰਨ ਵਿਚ ਹੈ। ਖੁਸ਼ੀ ਵੈਰਾਗ ਵਿਚ ਹੈ। ਇਕ ਦੂਜੇ ਦੇ ਜ਼ਜਬਿਆਂ ਪ੍ਰਤੀ ਕੁਰਬਾਨੀ ਕਰਕੇ ਇਕ ਦੂਜੇ ਦੀ ਕਦਰ ਕਰਨ ਵਿਚ ਹੈ ਕਿਉਂਕਿ ਕੁਰਬਾਨੀ ਹੀ ਜੀਵਨ ਨੂੰ ਰਸ ਭਰਪੂਰ ਬਣਾ ਸਕਦੀ ਹੈ। ਆਪਣੇ ਸੁਖ ਆਰਾਮ ਨੂੰ ਸਾਥੀ ਦੇ ਸੁਖ ਆਰਾਮ ਲਈ ਕੁਰਬਾਨ ਕਰਨਾ ਹੀ ਖੁਸ਼ੀ ਦਾ ਮਾਰਗ ਹੈ।
ਲਾਵਾਂ ਦੇ ਚੌਥੇ ਬੰਦ ਵਿਚ ਸਹਿਜ ਅਵਸਥਾ ਬਾਰੇ ਦਸਿਆ ਹੈ ਕਿ ਸਫਲ ਦੰਪਤੀ ਜੀਵਨ ਵਿਚ ਕਿਸੇ ਪਾਸੇ ਉਲਾਰ ਨਹੀਂ ਹੋਣਾ ਚਾਹੀਦਾ ਹੈ। ਜ਼ਜਬਾਤੀ, ਮਾਨਸਕ, ਧਾਰਮਿਕ ਤੇ ਸਦਾਚਾਰਕ ਤੌਰ ਤੇ ਸਾਂਝਾ ਪੱਧਰ ਰਹਿਣ ਵਿਚ ਹੀ ਖੁਸ਼ੀ ਹੈ। ਸਹਿਜ ਦੀ ਅਵਸਥਾ ਮਨੁਖੀ ਜੀਵਨ ‘ਚ ਤਾਂ ਹੀ ਪੈਦਾ ਹੁੰਦੀ ਹੈ ਜੇ ਹਿਰਦੇ ਵਿਚ ਨਾਮ ਦਾ ‘ਵਿਗਾਸ’ ਹੋਵੇ। “ਧਨ ਹਿਰਦੈ ਨਾਮਿ ਵਿਗਾਸੀ” ਅਤੇ “ਪ੍ਰਭ ਅਵਿਨਾਸੀ” ਦੀ ਪਹਿਚਾਨ ਹੋਵੇ ਅਤੇ “ਅਨਦਿਨੁ ਹਰਿ ਲਿਵ ਲਾਈ” ਹੋਵੇ। ਉਹ ਆਦਰਸ਼ ਮਿਠੇ ਲੱਗਣ ਤਾਂ ਹੀ ਜੀਵਨ ਵਿਚ ਸਹਿਜ ਦੀ ਅਵਸਥਾ ਪੈਦਾ ਹੁੰਦੀ ਹੈ ਅਤੇ ਜੀਵਨ ਰਸ ਦੀ ਪ੍ਰਾਪਤੀ ਹੁੰਦੀ ਹੈ।
ਸੋ ਧਰਮ ਪਾਲਣਾ, ਸਤਿਕਾਰ ਕਰਨਾ, ਕੁਰਬਾਨੀ ਕਰਨਾ ਅਤੇ ਸਹਿਜ ਵਿਚ ਵਿਚਰਨਾ ਖੁਸ਼ੀ ਭਰਪੂਰ ਜੀਵਨ ਦੀਆਂ ਸ਼ਰਤਾਂ ਹਨ। ਇਹ ਚਾਰੇ ਪ੍ਰਣ ਲਾਵਾਂ ਵਿਚ ਨਿਭਾਣੇ ਦਸੇ ਗਏ ਹਨ। ਜੋ ਕੋਈ ਇਸ ਪ੍ਰਣ ਨੂੰ ਨਿਭਾਏਗਾ, ਉਹ ਖੁਸ਼ ਜੀਵਨ ਪ੍ਰਾਪਤ ਕਰੇਗਾ।
ਜਿੱਥੋਂ ਤਕ ਵਿਧੀ ਦਾ ਸਬੰਧ ਹੈ, ਇਸ ਵਿਧੀ ਵਿਚ ਬੜੇ ਡੂੰਘੇ, ਅੰਤ੍ਰੀਵ ਭਾਵ ਹਨ। ਲਾਵਾਂ ਭਾਵ ਪ੍ਰਕਰਮਾ ਜਾਂ ਫੇਰੇ ਤਾਂ ਬਾਹਰਮੁਖੀ ਰੂਪ ਹੈ। ‘ਸੰਸਾਰ ਸ਼ਬਦ ਦਾ ਭਾਵ ਹੀ ਚੱਕਰ ਲਾਣਾ ਜਾਂ ਫੇਰੇ ਲਾਣਾ ਹੈ ਅੰਗਰੇਜ਼ੀ ਸ਼ਬਦ Universe ਦਾ ਭਾਵ ਹੀ ਇਹ ਹੈ ਕਿ ਇਕ (Uni) ਦੇ ਦੁਆਲੇ Verse ਚੱਕਰ ਲਾਉਣਾ। ਸਾਰਾ ਸੰਸਾਰ ਪ੍ਰਮਾਤਮਾ ਦੀ ਆਗਿਆ ਅਧੀਨ ਉਸ ਦੇ ਦੁਆਲੇ ਚੱਕਰ ਲਾਉਂਦਾ ਹੈ ਅਤੇ ਉਸ ਦੇ ਰਾਜ ਨੂੰ ਪ੍ਰਵਾਨ ਕਰਦਾ ਹੈ। ਸੋ ਕਿਸੇ ਮਹਾਨ ਵਿਅਕਤੀ ਦੇ ਦੁਆਲੇ ਫੇਰੇ ਲੈਣ ਦਾ ਭਾਵ ਇਹ ਹੈ ਕਿ ਉਸ ਦੀ ਮਹਾਨਤਾ ਨੂੰ ਪ੍ਰਵਾਨ ਕਰਨਾ। ਇਸੇ ਤਰਾਂ ਸਿੱਖ ਜੋੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਫੇਰੇ ਲੈਂਦਾ ਹੈ ਅਤੇ ਪ੍ਰਣ ਕਰਦਾ ਹੈ ਕਿ ਉਹ ਸਾਰਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਧਾਨਤਾ ਪ੍ਰਵਾਨ ਕਰਨਗੇ ਅਤੇ ਉਨ੍ਹਾਂ ਦੇ ਹੁਕਮ ਤੇ ਫੁਲ ਚੜਾਉਣਗੇ।
ਸੋ ਲਾਵਾਂ ਲੈਣਾ ਇਕ ਪ੍ਰਣ ਹੁੰਦਾ ਹੈ ਅਤੇ ਸਾਰੀ ਸੰਗਤ ਇਸ ਪ੍ਰਣ ਦੀ ਸਾਖੀ ਹੁੰਦੀ ਹੈ।
ਸਿੰਘ ਸਾਹਿਬ ਗਿ. ਕ੍ਰਿਪਾਲ ਸਿੰਘ
