65 views 6 secs 0 comments

ਇਕ ਦਾਨਵੀਰ ਦੀ ਬਾਤ

ਲੇਖ
December 31, 2025

ਡਾ. ਮਨਮੋਹਨ ਸਿੰਘ ਉਦੋਂ ਰਾਜ ਸਭਾ ਵਿੱਚ ਵਿਰੋਧੀ ਧੜੇ ਦੇ ਲੀਡਰ ਸਨ, ਜਦ ਉਨ੍ਹਾਂ ਭਾਈ ਵੀਰ ਸਿੰਘ ਸਾਹਿਤ ਸਦਨ ਦੀ ਪ੍ਰਧਾਨਗੀ ਸਵੀਕਾਰ ਕਰਨ ‘ਤੇ ਬੇਨਤੀ ਪ੍ਰਵਾਨ ਕੀਤੀ। ਉਦੋਂ ਉਪਰੋਕਤ ਸਦਨ ਦੀ ਕਾਰਜ-ਕਾਰਣੀ ਸਭਾ ਵਿੱਚ ਕਈ ਉੱਚ-ਪੱਧਰੇ ਮਨੁੱਖ ਸਨ। ਉਨ੍ਹਾਂ ਵਿੱਚ ਸ੍ਰ: ਗੁਰਬਚਨ ਸਿੰਘ ਪੂਰਵ ਰਾਜਦੂਤ, ਡਾ: ਅਮਰੀਕ ਸਿੰਘ ਪੂਰਵ ਵਾਈਸ-ਚਾਂਸਲਰ, ਭਾਈ ਮੋਹਨ ਸਿੰਘ ਇੰਡਸਟ੍ਰੀਅਲਿਸਟ, ਜਨਰਲ ਅਰੋੜਾ ਸਾਹਿਬ, ਜਨਰਲ ਜੋਗਿੰਦਰ ਸਿੰਘ, ਆਦਿ ਸ਼ਾਮਿਲ ਸਨ। ਅਮਰੀਕਾ ‘ਚੋਂ ਸਿੰਘ ਸਾਹਿਬ ਹਰਭਜਨ ਸਿੰਘ ਯੋਗੀ ਜੀ, ਡਾ: ਕਪਾਨੀ ਸਾਹਿਬ ਤੇ ਡਾ. ਅਮਰਜੀਤ ਸਿੰਘ ਮਰਵਾਹ ਉਚੇਚੇ ਮਹਿਮਾਨ ਹੋਇਆ ਕਰਦੇ ਸਨ। ਡਾ. ਮਨਮੋਹਨ ਸਿੰਘ ਹੋਰਾਂ ਮੈਨੂੰ ਸਦਨ ਦੀ ਆਨਰੇਰੀ ਜਨਰਲ ਸਕੱਤਰ ਦੀ ਸੇਵਾ ਦੇ ਦਿੱਤੀ ।

ਤਦ ਸਾਨੂੰ ਪਤਾ ਚੱਲਿਆ ਕਿ ਸਦਨ ਨੇ ਪਿਛਲੇ ਸਾਲਾਂ ਵਿੱਚ ਪ੍ਰਾਪਰਟੀ ਟੈਕਸ ਅਦਾ ਨਹੀਂ ਕੀਤਾ ਤੇ ਉਹ ਰਕਮ 45 ਲੱਖ ਦੇ ਕਰੀਬ ਹੋ ਗਈ ਹੈ। ਡਾ: ਸਾਹਿਬ ਨੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਬੁਲਾਈ ਤੇ ਉਸ ਵਿੱਚ ਕਿਹਾ ਕਿ ਟੈਕਸ ਨਾ ਦੇਣਾ ਗੁਨਾਹਗਾਰੀ ਤੋਂ ਘੱਟ ਨਹੀਂ ਹੈ ਤੇ ਮੈਂ ਇਸ ਗੁਨਾਹਗਾਰੀ ਦਾ ਭਾਗੀ ਨਹੀਂ ਬਣਨਾ ਚਾਹੁੰਦਾ । ਉਦੋਂ ਉਸ ਸਮੇਂ ਉਪਰੋਕਤ ਤਿੰਨੋਂ ਜਣੇ ਅਮਰੀਕਾ ਤੋਂ ਆਏ ਹੋਏ ਸਨ। ਉਨ੍ਹਾਂ ਆਸ਼ਵਾਸਨ ਦਿਵਾਇਆ ਕਿ ਇਹ ਕੋਈ ਵੱਡੀ ਰਕਮ ਨਹੀਂ ਜੇ ਇਕ ਗੇੜਾ ਅਮਰੀਕਾ ਦਾ ਮਾਰ ਦਿਓ ਤਾਂ ਇਸ ਤੋਂ ਵੱਧ ਉਗਰਾਹੀ ਕਰਵਾ ਦਿਆਂਗੇ ।

ਕੁਝ ਦਿਨਾਂ ਬਾਅਦ ਮੈਂ ਡਾ: ਸਾਹਿਬ ਨੂੰ ਕਿਹਾ ਕਿ ਮੈਂ ਆਪਣੇ ਖ਼ਰਚ ‘ਤੇ ਅਮਰੀਕਾ ਦਾ ਚੱਕਰ ਲਗਾ ਆਉਂਦਾ ਹਾਂ ਤੇ ਜੋ ਉੱਥੋਂ ਪ੍ਰਾਪਤ ਹੋਇਆ ਲੈਂਦਾ ਆਵਾਂਗਾ । ਡਾ. ਸਾਹਿਬ ਨੇ ਮੇਰੀ ਤਜਵੀਜ਼ ਨੂੰ ਸਰਾਹਿਆ ਤੇ ਸ਼ੁੱਭ-ਇੱਛਾਵਾਂ ਨਾਲ ਤੋਰਿਆ।

ਮੈਂ ਅਮਰੀਕਾ ਜਾ ਕੇ ਆਪਣੀ ਬੇਟੀ ਕੋਲ ਸੇਨ ਹੋਜ਼ੇ ਨਗਰ ਵਿੱਚ ਠਹਿਰਿਆ। ਸਭ ਤੋਂ ਪਹਿਲਾਂ ਉੱਥੋਂ ਪਾਲੋ ਆਲਟੋ ਵਿਖੇ ਡਾ. ਕਪਾਨੀ ਸਾਹਿਬ ਨੂੰ ਮਿਲਣ ਗਿਆ। ਉਨ੍ਹਾਂ ਬੜਾ ਵਧੀਆ ਖਾਣਾ ਖੁਆਇਆ, ਪਰ ਜਦ ਮੈਂ ਉਨ੍ਹਾਂ ਪਾਸ ਆਉਣ ਦਾ ਸਬੱਬ ਦੱਸਿਆ ਤਾਂ ਕਹਿਣ ਲੱਗੇ, “ਮੈਂ ਤਿੰਨ ਅਮਰੀਕੀ ਯੂਨੀਵਰਸਿਟੀਆਂ ਵਿੱਚ ਸਿੱਖੀ ਦੀ ਕੁਰਸੀ ਸਥਾਪਿਤ ਕਰਨ ਲਈ ਬਹੁਤ ਸਾਰੀ ਰਕਮ ਲਾ ਬੈਠਾ ਹਾਂ। ਐਤਕੀਂ ਤਾਂ ਸਦਨ ਦੀ ਮਦਦ ਕਰਨੀ ਮੁਸ਼ਕਲ ਹੈ। ਕੁਝ ਚਿਰ ਮਗਰੋਂ ਸ਼ਾਇਦ ਸੰਭਵ ਹੋ ਸਕੇ। ਮੈਂ ਮਾਯੂਸ ਤਾਂ ਹੋਇਆ, ਪਰ ਮੈਨੂੰ ਇਕ ਪੁਰਾਣੀ ਗੱਲ ਯਾਦ ਆ ਗਈ ਕਿ ਕੋਇਟੇ ਸ਼ਹਿਰ ਵਿੱਚ ਸਿੰਘ ਸਭਾ ਵਾਲੇ ਸਾਲਾਨਾ ਦੀਵਾਨ ਕਰਵਾਇਆ ਕਰਦੇ ਸਨ ਤੇ ਉਸ ਦੇ ਲਈ ਉਗਰਾਹੀ ਕਰਦੇ ਸਨ। ਗੁਰਦੁਆਰੇ ਵਿੱਚ ਅਪੀਲ ਕਰਦੇ ਤੇ ਲੋਕੀਂ ਨਕਦ ਦਿੰਦੇ ਜਾਂ ਇਕਰਾਰ ਕਰਦੇ ਤੇ ਸਕੱਤਰ ਸਾਹਿਬ ਐਲਾਨ ਕਰੀ ਜਾਂਦੇ, ਫਲਾਣੇ ਸਿੰਘ ਦੇ ਏਨੇ ਰੁਪਏ ਨਕਦ, ਜਾਂ ਏਨੇ ਰੁਪਏ ਇਕਰਾਰੀ । ਇਕ ਸਿੰਘ ਐਸੇ ਵੀ ਸਨ ਜੋ ਇਕਰਾਰ ਤਾਂ ਹਰ ਵਾਰ ਕਰ ਦਿੰਦੇ ਸਨ, ਪਰ ਪੂਰਾ ਨਹੀਂ ਸਨ ਕਰਦੇ। ਉਨ੍ਹਾਂ ਇਸ ਵਾਰ ਫੇਰ ਇਕ ਵੱਡੀ ਰਕਮ ਦਾ ਇਕਰਾਰ ਕਰ ਦਿੱਤਾ। ਸਕੱਤਰ ਸਾਹਿਬ ਉਨ੍ਹਾਂ ਦੀ ਰਕਮ ਦਾ ਐਲਾਨ ਕਰਨ ਲੱਗੇ ਤਾਂ ਸਹਿਵਨ ਹੀ ਉਨ੍ਹਾਂ ਦੇ ਮੂੰਹ ‘ਚੋਂ ‘ਇਕਰਾਰੀ’ ਦੀ ਥਾਂ ‘ਇਨਕਾਰੀ’ ਨਿਕਲ ਗਿਆ ।

ਤਦ ਮੈਂ ਸੇਨ ਹੋਜ਼ੇ ਤੋਂ ਲਾਸ ਐਂਜਲਿਸ਼ ਬਾਕੀ ਦੇ ਦੋਹਾਂ ਸੱਜਣਾਂ ਨੂੰ ਮਿਲਣ ਚਲਾ ਗਿਆ । ਉਨ੍ਹਾਂ ਪਾਸੋਂ ਵੀ ਕੁਝ ਹਾਸਲ ਨਾ ਹੋਇਆ। ਤਦ ਮੈਂ ਘਰ ਆ ਕੇ ਅਰਦਾਸ ਕੀਤੀ, “ਸੱਚੇ ਪਾਤਸ਼ਾਹ ! ਮੈਂ ਜਿਸ ਕੰਮ ਆਇਆ ਹਾਂ ਤੇਰਾ ਆਸਰਾ ਲੈ ਕੇ ਆਇਆ ਹਾਂ, ਮੈਨੂੰ ਅਸਫਲ ਕਿਵੇਂ ਮੋੜ ਦੇਵੇਂਗਾ ਮਾਲਕਾ ?” ਤਦ ਮੈਂ ਪਰਤ ਕੇ ਸੇਨ ਹੋਜੇ ਆ ਗਿਆ ਕਿਉਂਕਿ ਮੇਰੇ ਦੋਹਤੇ ਦਾ ਜਨਮ ਦਿਨ ਸੀ ਤੇ ਮੇਰੀ ਬੇਟੀ ਨੇ ਘਰ ਕੀਰਤਨ ਕਰਵਾਉਣਾ ਸੀ।

ਮੈਂ ਆਇਆ ਤੇ ਮੇਰੀ ਬੇਟੀ ਨੇ ਕਿਹਾ, “ਕੀਰਤਨ ਤੋਂ ਬਾਅਦ ਪੰਜ-ਦਸ ਮਿੰਟ ਤੁਸੀਂ ਵੀ ਬੋਲ ਦੇਣਾ ।”ਮੈਂ ਕਿਹਾ, “ਖੁਸ਼ੀ ਨਾਲ ! ਜ਼ਰੂਰ ਬੋਲਾਂਗਾ” ।

ਕੀਰਤਨ ਹੋਇਆ । ਕੀਰਤਨੀ ਸਿੰਘਾਂ ਨੇ ਪਹਿਲਾ ਸ਼ਬਦ ਲਾਇਆ, “ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ”, ਦੂਜਾ ਸ਼ਬਦ ਲਾਇਆ, “ਮੇਰੀ ਇਛ ਪੁਨੀ”, ਤੀਜਾ ਸ਼ਬਦ ਲਾਇਆ, “ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੇਰਾ”। ਮੈਨੂੰ ਲੱਗਾ, ਗੁਰੂ ਜੀ ਮੇਰੀ ਅਰਦਾਸ ਪੂਰੀ ਕਰਨ ਦਾ ਆਸ਼ਵਾਸਨ ਦਿਵਾ ਰਹੇ ਹਨ।

ਫਿਰ ਮੈਨੂੰ ਦਸ ਮਿੰਟ ਬੋਲਣ ਦਾ ਆਦੇਸ਼ ਹੋਇਆ । ਪਤਾ ਨਹੀਂ ਮੇਰੇ ‘ਤੇ ਕੀ ਅਸਰ ਹੋਇਆ ਸੀ, ਮੈਂ ਸਤਿਗੁਰੂ ਦੀ ਮਿਹਰ ਬਾਰੇ ਹੀ ਬੋਲਿਆ ।

ਭੋਗ ਪਿਆ ਤੇ ਇਕ ਗੁਰਮੁਖ ਸੱਜਣ ਡਾ: ਇੰਦਰ ਮੋਹਨ ਸਿੰਘ ਜੀ ਪ੍ਰਧਾਨ ਚੜ੍ਹਦੀ ਕਲਾ ਸੰਸਥਾ ਮੇਰੇ ਪਾਸ ਆਏ ਤੇ ਪੁੱਛਣ ਲੱਗੇ, “ਡਾ: ਸਾਹਿਬ, ਤੁਸੀਂ ਏਥੇ ਕੇਵਲ ਬੱਚਿਆਂ ਨੂੰ ਮਿਲਣ ਹੀ ਆਏ ਹੋ ਕਿ ਹੋਰ ਕਿਸੇ ਕੰਮ ਵੀ ਆਏ ਹੋ?” ਮੈਂ ਉਨ੍ਹਾਂ ਨੂੰ ਅਮਰੀਕਾ ਆਉਣ ਦਾ ਅਸਲ ਕਾਰਨ ਦੱਸਿਆ । ਉਨ੍ਹਾਂ ਪੁੱਛਿਆ, “ਟੈਕਸ ਤਾਰਨ ਵਾਸਤੇ ਕਿੰਨੀ ਰਕਮ ਚਾਹੀਦੀ ਹੈ।” ਮੈਂ ਦੱਸਿਆ, “ਕੋਈ 45 ਕੁ ਲੱਖ ਰੁਪਏ।” ਤਦ ਉਨ੍ਹਾਂ ਆਪਣੀ ਜੇਬ ਵਿੱਚੋਂ ਚੈਕ ਬੁੱਕ ਕੱਢ ਕੇ ਇਕ ਲੱਖ ਡਾਲਰ ਦਾ ਚੈੱਕ ਕੱਟ ਕੇ ਮੈਨੂੰ ਦੇ ਦਿੱਤਾ। ਇਕ ਪਾਸੇ ਤਾਂ ਮੇਰੇ ਮਨ ਵਿੱਚ ਖ਼ਿਆਲ ਆਇਆ ਕਿ ਵਾਹਿਗੁਰੂ ਨੇ ਮੇਰੀ ਅਰਦਾਸ ਸੁਣ ਲਈ ਹੈ । ਦੂਜੇ ਪਾਸੇ ਇਹ ਖ਼ਿਆਲ ਆਇਆ ਕਿ ਜਦ ਤਕ ਐਸੇ ਦਾਨੀ ਵੀਰ ਕੌਮ ਵਿੱਚ ਮੌਜੂਦ ਹਨ, ਕੌਮ ਚੜ੍ਹਦੀਆਂ ਕਲਾਂ ਵਿੱਚ ਹੀ ਜਾਵੇਗੀ।

ਡਾ. ਜਸਵੰਤ ਸਿੰਘ ਨੇਕੀ