ਐਮ.ਪੀ. ਭਾਈ ਸਰਬਜੀਤ ਸਿੰਘ ਖਾਲਸਾ ਉੱਤੇ ਕੀਤੀ ਟਿੱਪਣੀ ਬੇਬੁਨਿਆਦ, ਮੱਖਣ ਬਰਾੜ ਦਾ ਕਾਂਗਰਸ ਪ੍ਰਧਾਨ ਨੂੰ ਕਰਾਰਾ ਜਵਾਬ

ਪੰਜਾਬ
October 30, 2025

ਮੋਗਾ /ਧਰਮਕੋਟ-ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਸੰਸਦ ਮੈਂਬਰ ਸ. ਸਰਬਜੀਤ ਸਿੰਘ ਖਾਲਸਾ ‘ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਤਰਨ ਤਾਰਨ ਜਿਮਨੀ ਚੋਣ ਦੌਰਾਨ ਕੀਤੀ ਗਈ ਟਿੱਪਣੀ ਦਾ ਸ਼ਿਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਸੂਬਾ ਜਨਰਲ ਸਕੱਤਰ ਅਤੇ ਹਲਕਾ ਧਰਮਕੋਟ ਦੇ ਇੰਚਾਰਜ, ਬਰਜਿੰਦਰ ਸਿੰਘ ਬਰਾੜ ਨੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਨੀਚ ਪੱਧਰ ਦੀ ਰਾਜਨੀਤੀ ਕੀਤੀ ਹੈ ਅਤੇ ਹੁਣ ਜਦੋਂ ਚੋਣਾਂ ਨੇੜੇ ਹਨ, ਉਹ ਪੰਥਕ ਧਿਰਾਂ ਅਤੇ ਖਾਲਸਾ ਵਰਗੇ ਸੱਚੇ ਆਗੂਆਂ ਉੱਤੇ ਝੂਠੇ ਦੋਸ਼ ਲਗਾ ਕੇ ਲੋਕਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਸ. ਸਰਬਜੀਤ ਸਿੰਘ ਖਾਲਸਾ ਕੋਈ ਆਮ
ਵਿਅਕਤੀ ਨਹੀਂ ਸਗੋਂ ਇੱਕ ਐਸੀ ਸ਼ਖਸੀਅਤ ਹਨ ਜਿਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਕੁਰਬਾਨੀ ਤੇ ਨਿਸ਼ਠਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਖਾਲਸਾ ਦੇ ਪਰਿਵਾਰ ਨੇ ਸਿੱਖ ਕੌਮ ਲਈ ਜੋ ਬੇਮਿਸਾਲ ਬਲੀਦਾਨ ਦਿੱਤਾ ਹੈ, ਉਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਫਰੀਦਕੋਟ ਹਲਕੇ ਦੇ ਲੋਕਾਂ ਨੇ ਉਨ੍ਹਾਂ ਦੀ ਕੁਰਬਾਨੀ ਅਤੇ ਇਮਾਨਦਾਰੀ ਨੂੰ ਦੇਖਦਿਆਂ ਹੀ ਉਨ੍ਹਾਂ ਨੂੰ ਸੰਸਦ ਵਿੱਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਖਾਲਸਾ ਨੇ ਆਪਣੇ ਕਾਰਜਕਾਲ ਦੌਰਾਨ ਸੰਸਦੀ ਫੰਡਾਂ ਦੀ ਵੰਡ ਪਾਰਦਰਸ਼ੀ ਤਰੀਕੇ ਨਾਲ ਕੀਤੀ ਹੈ ਅਤੇ ਹਰ ਪਿੰਡ, ਹਰ ਇਲਾਕੇ ਨੂੰ ਬਰਾਬਰ ਹਿੱਸਾ ਮਿਲਿਆ ਹੈ। ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਮੁਲ ਮਸਲੇ ਛੱਡ ਕੇ ਵਿਅਕਤਿਗਤ ਟਿੱਪਣੀਆਂ ਕਰਨ ਲੱਗੀ ਹੈ, ਜੋ ਉਸਦੀ ਘਬਰਾਹਟ ਦਰਸਾਉਂਦਾ ਹੈ। ਉਨਾਂ ਕਿਹਾ ਕਿ ਫਰੀਦਕੋਟ ਹਲਕੇ ਦੇ ਲੋਕ ਜਾਣਦੇ ਹਨ ਕਿ ਸ. ਸਰਬਜੀਤ ਸਿੰਘ ਖਾਲਸਾ ਦੀ ਸਾਫ਼-ਸੁਥਰੀ ਛਵੀ, ਨਿਮਰ ਸੁਭਾਅ ਅਤੇ ਲੋਕਾਂ ਨਾਲ ਜੁੜਾਵ ਹੀ ਉਸਦੀ ਅਸਲੀ ਤਾਕਤ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਉਸ ਵਰਗੇ ਸਮਰਪਿਤ ਆਗੂ ਉੱਤੇ ਉਂਗਲੀ ਚੁੱਕਦੇ ਹਨ, ਉਹ ਲੋਕਾਂ ਦੇ ਸਾਮ ?ਹਣੇ ਕਦੇ ਵੀ ਸੱਚੇ ਨਹੀਂ ਹੋ ਸਕਦੇ। ਸ. ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਕਾਲੀ ਦਲ ਪੁਨਰਸੁਰਜੀਤ ਹਮੇਸ਼ਾਂ ਸੱਚਾਈ, ਸਿੱਖ ਮਰਿਆਦਾ ਅਤੇ ਲੋਕ ਸੇਵਾ ਦੀ ਨੀਵ ‘ਤੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਟਿੱਪਣੀਆਂ ਨਾਲ ਨਾ ਤਾਂ ਸਰਬਜੀਤ ਸਿੰਘ ਖਾਲਸਾ ਦੀ ਇਮਾਨਦਾਰੀ ਤੇ ਨਾ ਹੀ ਉਨ੍ਹਾਂ ਦੀ ਲੋਕਪ੍ਰਿਯਤਾ ‘ਤੇ ਕੋਈ ਅਸਰ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਤਰਨ ਤਾਰਨ ਦੀ ਜਿਮਨੀ ਚੋਣ ਵਿੱਚ ਲੋਕ ਕਾਂਗਰਸ ਨੂੰ ਉਸਦੀ ਨਕਾਰਾਤਮਕ ਰਾਜਨੀਤੀ ਦਾ ਮੂੰਹਤੋੜ ਜਵਾਬ ਦੇਣਗੇ।