ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ 41 ਸਾਲ ਪੂਰੇ ਹੋ ਜਾਣ ਦੇ ਬਾਵਜੂਦ ਸਿੱਖ ਕੌਮ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੈ ਅਤੇ ਇਸ ਲਈ ਮੁੱਖ ਰੂਪ ਵਿਚ ਸਿੱਖ ਲੀਡਰਸ਼ਿਪ ਜ਼ਿੰਮੇਵਾਰ ਹੈ। ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਸਿੱਖ ਲੀਡਰਸ਼ਿਪ ਦੀ ਵੱਡੀ ਗਲਤੀ ਹੈ। ਇਹ ਲੀਡਰਸ਼ਿਪ 15 ਸਾਲ ਸਰਕਾਰ ਦਿਵਾਉਣ ਵਿੱਚ ਅਸਮਰੱਥ ਰਹੀ ਹੈ। ਚਲਾ ਕੇ ਵੀ ਕੌਮ ਨੂੰ ਇਨਸਾਫ ਦਿਵਾਉਣ ਵਿੱਚ ਅਸਮਰੱਥ ਰਹੀ ਹੈ।
ਉਨ੍ਹਾਂ ਕਿਹਾ ਕਿ ਅਜਿਹੀ ਲੀਡਰਸ਼ਿਪ ਨੂੰ ਬੰਦੀ ਸਿੰਘ ਉਸ ਵੇਲੇ ਯਾਦ ਆਉਂਦੇ ਹਨ ਜਦੋਂ ਉਹ ਸੱਤਾ ਤੋਂ ਬਾਹਰ ਹੁੰਦੇ ਹਨ ਅਤੇ ਜਦੋਂ ਸੱਤਾ ਮਿਲ ਜਾਂਦੀ ਹੈ ਫਿਰ ਬੰਦੀ ਸਿੰਘ ਭੁੱਲ ਜਾਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਿੱਖ ਲੀਡਰਸ਼ਿਪ ਦਾ ਦੋਹਰਾ ਕਿਰਦਾਰ ਹੈ। ਸ਼੍ਰੋਮਣੀ ਕਮੇਟੀ ਆਮ ਇਜਲਾਸ ਬਾਰੇ ਗੱਲ ਕਰਦਿਆਂ । ਉਨ੍ਹਾਂ ਕਿਹਾ ਕਿ ਇਸ ਬਾਰੇ ਪਾਰਟੀ ਪਲੇਟਫਾਰਮ ‘ਤੇ ਪਹਿਲਾਂ ਵਿਚਾਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਲੋਕਤੰਤਰੀ ਵਿਵਸਥਾ ਹੈ। ਅਜਿਹਾ ਨਹੀਂ ਕਿ ਪ੍ਰਧਾਨ ਨੇ ਜੋ ਵੀ ਫੈਸਲਾ ਕਰ ਲਿਆ ਉਹ ਆਖਰੀ ਫੈਸਲਾ ਹੈ। ਪਾਰਟੀ ਪਲੇਟਫਾਰਮ ‘ਤੇ ਇਸ ਸਬੰਧੀ ਜੋ ਵੀ ਫੈਸਲਾ ਹੋਵੇਗਾ, ਉਸ ‘ਤੇ ਅਮਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਡੇਰਾ ਬਾਬਾ ਭੂਰੀ ਵਾਲਿਆਂ ਵਿਖੇ ਹੋਏ ਗੁਰਮਤਿ ਸਮਾਗਮ ਵਿਚ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਨਾਲ ਰਘਬੀਰ ਸਿੰਘ ਰਾਜਾਸਾਂਸੀ, ਜਸਬੀਰ ਸਿੰਘ ਘੁੰਮਣ ਤੇ ਬਲਵਿੰਦਰ ਸਿੰਘ ਜੌੜਾ ਵੀ ਹਾਜ਼ਰ ਸਨ।
