16 views 3 secs 0 comments

ਕੰਮ ਅਤੇ ਉਸ ਦਾ ਫਲ

ਲੇਖ
November 11, 2025

ਅਸੀਂ ਜਦ ਹਰ ਇਕ ਕੰਮ ਦੇ ਕਰਨੇ ਪਰ ਉਸ ਦੇ ਨਤੀਜੇ ਵਿਚ ਖਿਆਲ ਕਰਦੇ ਹਾਂ ਤਦ ਜ਼ਰੂਰ ਹੀ ਇਹ ਸੋਚਨਾ ਪੈਂਦਾ ਹੈ ਕਿ ਉਹ ਕੰਮ ਕੀਤਾ ਜਾਏ ਜਿਸ ਦਾ ਫਲ ਅੱਛਾ ਲਾਭਦਾਇਕ ਨਿਕਲੇ ਅਰ ਜਿਸ ਕੰਮ ਦਾ ਫਲ ਕੋਈ ਐਸਾ ਚੰਗਾ ਨਾ ਨਿਕਲੇ ਜੈਸਾ ਕਿ ਮਨ ਦਾ ਮਨੋਰਥ ਹੈ ਉਸ ਦਾ ਤਿਆਗ ਕਰਨਾ ਜੋਗ ਹੈ॥

ਇਸੀ ਪ੍ਰਕਾਰ ਇਕ ਕਾਰਜ ਅਜਿਹੇ ਢੰਗ ਪਰ ਕੀਤਾ ਗਿਆ ਹੋਵੇ ਤਦ ਉਹ ਬਹੁਤ ਆਨੰਦ-ਦਾਇਕ ਹੁੰਦਾ ਹੈ ਅਰ ਜੇ ਓਹੋ ਕੰਮ ਬੇਤਰਤੀਬਾ ਕੀਤਾ ਜਾਏ ਤਦ ਸਗੋਂ ਦੁੱਖਾਂ ਦਾ ਸਾਧਨ ਹੋ ਜਾਂਦਾ ਹੈ, ਜੈਸਾ ਕਿ ਵਾਣ ਵੱਟਨੇ ਅਰ ਤਿੱਲੇ ਦੇ ਵੱਟਨ ਵਿਚ ਭਾਵੇਂ ਵਕਤ ਅਤੇ ਮਿਹਨਤ ਤਾਂ ਇਕੋ ਜੇਹੀ ਹੁੰਦੀ ਹੈ, ਪ੍ਰੰਤੂ ਤਿੱਲੇ ਦੀ ਆਮਦਨ ਉਸ ਵਾਣ ਨਾਲੋਂ ਬਹੁਤ ਕੀਮਤ ਰੱਖਦੀ ਹੈ। ਇਸੀ ਪ੍ਰਕਾਰ ਰਸੋਈ ਅੱਛੇ ਤਰੀਕੇ ਪਰ ਪਕਾਈ ਹੋਈ ਮਹਾਂ ਆਨੰਦ-ਦਾਇਕ ਹੁੰਦੀ ਹੈ ਅਰ ਅੰਨੋ ਕੁਅੰਨ ਕੀਤੀ ਹੋਈ ਬੇ-ਸੁਆਦੀ ਹੋ ਕੇ ਚਿੱਤ ਨੂੰ ਖਰਾਬ ਕਰ ਦੇਂਦੀ ਹੈ॥

ਇਸੇ ਪ੍ਰਕਾਰ ਸਾਡੇ ਕੰਮ ਭੀ ਐਸੇ ਹਨ ਜਿਨ੍ਹਾਂ ਵਿਚ ਸਾਨੂੰ ਭੀ ਸੋਚਨਾ ਚਾਹੀਦਾ ਹੈ ਕਿ ਇਸ ਕੰਮ ਵਿਚ ਕਿਆ ਲਾਭ ਹੋਵੇਗਾ। ਜਿਸ ਕੰਮ ਦੇ ਕਰਨੇ ਵਿਚ ਲਾਭ ਥੋੜਾ ਅਤੇ ਹਾਨੀ ਬਹੁਤੀ ਹੈ ਉਸ ਦਾ ਕਰਨਾ ਠੀਕ ਨਹੀਂ ਸਮਝਿਆ ਜਾਂਦਾ, ਕਿਉਂਕਿ ਬਿਨਾਂ ਪ੍ਰਯੋਜਨ ਤੇ ਪਸ਼ੂ ਭੀ ਕਿਸੇ ਪਾਸੇ ਨੂੰ ਨਹੀਂ ਜਾਂਦਾ ਫਿਰ ਜੇ ਮਨੁੱਖ ਕਹਾ ਕੇ ਨਿਰਾਰਥਕ ਕੰਮ ਕਰਦਾ ਹੈ ਸੋ ਅਯੰਤ ਹੀ ਗਿਰੀ ਹੋਈ ਹਾਲਤ ਵਿਚ ਸਮਝਿਆ ਜਾਂਦਾ ਹੈ॥

ਸਭ ਤੇ ਪਹਲੇ ਸਿੰਘ ਸਭਾ ਦੇ ਸਾਲਯਾਨੇ ਜਲਸੇ ਹਨ ਜਿਨ੍ਹਾਂ ਤੇ ਪੰਥ ਨੂੰ ਬਹੁਤ ਹੀ ਲਾਭਪਹੁੰਚ ਸਕਦਾ ਹੈ ਅਰ ਇਹ ਜਲਸੇ ਹੀ ਹਨ ਜਿਨ੍ਹਾਂ ਵਿਚ ਮਿਲ ਕੇ ਹਰ ਇਕ ਭਾਈ ਪੰਥ ਦੀ ਭਲਾਈ ਪਰ ਵਿਚਾਰ ਕਰ ਸਕਦਾ ਹੈ, ਕਿਉਂਕਿ ਸਾਡੇ ਮੁਕਾਬਲੇ ਪਰ ਗਿਰੀਆਂ ਹੋਈਆਂ ਕੌਮਾਂ ਦੇ ਆਦਮੀਆਂ ਨੇ ਅਪਨੀ ਸਭਾ ਅਤੇ ਸਮਾਜ ਬਨਾ ਕੇ ਅਰ ਜਲਸੇ ਕਰਕੇ ਐਸੇ ਲਾਭ ਉਠਾਏ ਹਨ ਜਿਨ੍ਹਾਂ ਤੇ ਉਹ ਸਿਆਣੇ ਸਮਝੇ ਜਾਂਦੇ ਹਨ, ਕਿਉਂਕਿ ਉਨ੍ਹਾਂ ਦੇ ਕਾਲਜ, ਸਕੂਲ, ਪ੍ਰੈਸ ਅਤੇ ਉਪਦੇਸ਼ਕ ਆਦਿਕ ਕੇਵਲ ਸਾਲਯਾਨੇ ਜਲਸਿਆਂ ਪਰ ਹੀ ਨਿਰਭਰ ਰੱਖਦੇ ਹਨ ਜਿਸ ਤੇ ਉਹ ਐਸੇ ਮੌਕਿਆਂ ਪਰ ਹਜ਼ਾਰਾਂ ਰੁਪੱਯਾ ਇਕੱਤ੍ਰ ਕਰਕੇ ਅਪਨਾ ਕੰਮ ਚਲਾ ਰਹੇ ਹਨ॥

ਪ੍ਰੰਤੂ ਸਾਡੇ ਜਲਸੇ ਭੀ ਉਨ੍ਹਾਂ ਦੇ ਵਾਂਗ ਹੀ ਹੁੰਦੇ ਹਨ ਜਿਨ੍ਹਾਂ ਵਿਚ ਸ਼ਬਦ ਕੀਰਤਨ ਅਤੇ
ਕਥਾ ਵੱਖ੍ਯਾਨਾਂ ਆਦਿਕਾਂ ਦਾ ਵੱਡਾ ਭਾਰੀ ਜ਼ੋਰ ਸ਼ੋਰ ਰਹਿੰਦਾ ਹੈ ਅਰ ਐਥੋਂ ਤਕ ਧੂਮ ਧਾਮ ਹੁੰਦੀ ਹੈ ਜੋ ਹਜ਼ਾਰਾਂ ਸਿੰਘ ਇਕੱਤ੍ਰ ਹੋ ਜਾਂਦੇ ਜਿਸ ਤੇ ਵਾਹ ਖਾਲਸਾ ਅਤੇ ਧੰਨ ਖਾਲਸਾ ਜੀ ਦੀ ਪੁਕਾਰ ਪੈਂਦੀ ਸੁਣੀ ਜਾਂਦੀ ਹੈ ਅਰ ਉਸ ਵੇਲੇ ਦੇਖਨੇ ਵਾਲੇ ਆਖਦੇ ਹਨ ਕਿ ਹੁਣ ਵੱਡੀ ਹੀ ਉੱਨਤੀ ਹੋ ਰਹੀ ਹੈ, ਪਰ ਅਸਲ ਵਿਚ ਨਤੀਜਾ ਇਹ ਨਿਕਲਦਾ ਹੈ ਜੋ ਬਾਹਰਲੇ ਆਦਮੀਆਂ ਦਾ ਤਾਂ ਪੰਜ-ਪੰਜ ਦਸ-ਦਸ ਰੁਪਏ ਕਰਾਇਆ ਪੁੱਟਿਆ ਜਾਂਦਾ ਹੈ ਅਰ ਜਲਸੇ ਵਾਲ੍ਹਾਂ ਦਾ ਪੰਜ ਛੇ ਸੌ ਰੁਪੱਯੇ ਦਾ ਅੰਨ ਆਟਾ ਖਰਚ ਹੋ ਜਾਂਦਾ ਹੈ ਜਿਸ ਤੇ ਦਸ ਯਾਰਾਂ ਸੌ ਰੁਪਏ ਪਰ ਪਾਣੀ ਫਿਰ ਜਾਂਦਾ ਹੈ ਅਰ ਉਹ ਜਲਸੇ ਦੇ ਪ੍ਯਾਰੇ ਘਰੋ ਘਰੀ ਜਾ ਕੇ ਫਿਰ ਓਸੇ ਧੰਦੇ ਵਿਚ ਪੈ ਜਾਂਦੇ ਹਨ ਅਰ ਹੌਲੇ-ਹੌਲੇ ਸਭ ਕੁਝ ਮਨੋ ਭੁਲਾ ਬੈਠਦੇ ਹਨ॥

ਇਸ ਤੇ ਅੱਛਾ ਹੋਵੇ ਕਿ ਜੇ ਸਾਡੇ ਭਾਈ ਅਪਨੇ ਜਲਸਿਆਂ ਵਿਚ ਪੰਥ ਦੀ ਉੱਨਤੀ ਦੀਆਂ ਤਜਵੀਜ਼ਾਂ ਸੋਚਨ ਅਰ ਫਿਰ ਸੋਚ ਕੇ ਹੀ ਨਾ ਬੈਠੇ ਰਹਨ, ਕਿੰਤੂ ਉਨ੍ਹਾਂ ਦੇ ਪੂਰਾ ਕਰਨੇ ਦੇ ਯਤਨ ਭੀ ਕਰਨ, ਕਿਉਂਕਿ ਕਰਨਾ ਅਤੇ ਕਹਣਾ ਆਪਸ ਵਿਚ ਵੱਡਾ ਹੀ ਭੇਦ ਰੱਖਦਾ ਹੈ। ਅਸੀਂ ਹਰ ਇਕ ਸਿੰਘ ਸਭਾ ਦੇ ਅੱਗੇ ਅਪੀਲ ਕਰਦੇ ਹਾਂ ਕਿ ਆਪ ਨਿਰੇ ਜਲ ਪਰ ਹੀ ਜ਼ੋਰ ਨਾ ਪਾਓ ਕਿੰਤੂ ਉਨ੍ਹਾਂ ਦੇ ਨਤੀਜੇ ਚੰਗੇ ਨਿਕਾਲੋ ਅਰ ਉਹ ਕਮੀਆਂ ਪੂਰੀਆਂ ਕਰੋ ਜਿਨ੍ਹਾਂ ਦੀ ਪੰਥ ਨੂੰ ਲੋੜ ਹੈ। ਆਸ਼ਾ ਹੈ ਜੋ ਸੱਜਨ ਜਨ ਇਸ ਪਰ ਧ੍ਯਾਨ ਦੇਨਗੇ॥

(ਖਾਲਸਾ ਅਖਬਾਰ ਲਾਹੌਰ, ੮ ਮਾਰਚ ੧੯੦੧, ਪੰਨਾ ੩)

ਗਿਆਨੀ ਦਿੱਤ ਸਿੰਘ