45 views 0 secs 0 comments

ਮਾਮਲਾ 328 ਸਰੂਪਾਂ ਦਾ

ਲੇਖ
January 14, 2026

328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਕੁਝ ਮੀਡੀਆ ਅਦਾਰਿਆਂ ਵੱਲੋਂ ਇਹ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ ਕਿ 50-60 ਸਰੂਪਾਂ ਬਾਰੇ ਪਤਾ ਲੱਗਾ ਹੈ। ਇਸ ਦੇ ਅਧਾਰ ਉੱਤੇ ਹੀ ਕਈ ਸੱਜਣ ਮਿੱਤਰ ਵੀ ਇਸ ਗੱਲ ਨੂੰ ਅਗਾਂਹ ਵਧਾ ਰਹੇ ਹਨ। ਚਰਚਾ ਕਰਨੀ ਚੰਗੀ ਗੱਲ ਹੈ ਪਰੰਤੂ ਤਸਦੀਕ ਕੀਤੀ ਗਈ ਜਾਂ ਅਧਿਕਾਰਤ ਰੂਪ ਵਿੱਚ ਜਾਰੀ ਕੀਤੀ ਗਈ ਜਾਣਕਾਰੀ ਨੂੰ ਹੀ ਅਗਾਂਹ ਵਧਾਉਣਾ ਚਾਹੀਦਾ ਹੈ, ਨਹੀਂ ਤਾਂ ਸੰਗਤ ਵਿੱਚ ਦੁਵਿਧਾ ਬਣੀ ਰਹੇਗੀ।
ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਬਣਾਈ ਗਈ ਜਾਂਚ ਟੀਮ ਦੇ ਮੁਖੀ ਸ੍ਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜੀਪੀਐੱਸ ਭੁੱਲਰ ਨਾਲ ਅੱਜ ਸਵੇਰੇ ਹੀ ਗੱਲ ਹੋਈ, ਜਿਨ੍ਹਾਂ ਇਹ ਕਿਹਾ ਹੈ ਕਿ ਪੁਲਿਸ ਜਾਂਚ ਦੌਰਾਨ ਦੋਆਬਾ ਅਤੇ ਮਾਲਵਾ ਦੇ ਇਲਾਕੇ ਵਿੱਚ ਕੁਝ ਪਾਵਨ ਸਰੂਪਾਂ ਦੇ ਹੋਣ ਦਾ ਪਤਾ ਚੱਲਿਆ ਹੈ ਜਿਨ੍ਹਾਂ ਉੱਤੇ ਨੰਬਰ ਆਦਿ ਮੌਜੂਦ ਨਹੀਂ ਹਨ। ਹਾਲੇ ਗੱਲ ਕੱਚੀ ਹੈ, ਇਨ੍ਹਾਂ ਪਾਵਨ ਸਰੂਪਾਂ ਨੂੰ ਤਸਦੀਕ ਕਰਨ ਲਈ ਪੁਲਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਜਾਣਕਾਰੀ ਲੈਣੀ ਪਵੇਗੀ ਅਤੇ ਇਹ ਤੱਥ ਸਥਾਪਤ ਹੋਣ ਉੱਤੇ ਕਿ ਇਹ ਪਾਵਨ ਸਰੂਪ 328 ਪਾਵਨ ਸਰੂਪਾਂ ਨਾਲ ਸਬੰਧਤ ਹੀ ਹਨ, ਤੋਂ ਬਾਅਦ ਹੀ ਕੋਈ ਗੱਲ ਅਧਿਕਾਰਤ ਰੂਪ ਵਿੱਚ ਕੀਤੀ ਜਾ ਸਕਦੀ ਹੈ।
ਇਸ ਮਾਮਲੇ ਦੇ ਚੱਲਦਿਆਂ ਮੀਡੀਆ ਦੇ ਸਾਥੀਆਂ, ਸਿੱਖ ਸ਼ਖ਼ਸੀਅਤਾਂ ਅਤੇ ਪੁਲਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਧਿਆਨ ਵਿੱਚ ਰੱਖਦਿਆਂ ਪਾਵਨ ਸਰੂਪਾਂ ਬਾਰੇ ਕਿਤੇ ਪਤਾ ਲੱਗਣ ਅਤੇ ਉੱਥੋਂ ਉਨ੍ਹਾਂ ਨੂੰ ਹਾਸਲ ਕਰਨ ਸਬੰਧੀ ਬਰਾਮਦਗੀ ਜਾਂ ਰਿਕਵਰੀ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਬਲਕਿ ਇਹ ਕਿਹਾ ਜਾਵੇ ਕਿ ਪਾਵਨ ਸਰੂਪਾਂ ਬਾਰੇ ਪਤਾ ਲੱਗਾ ਹੈ, ਇਸ ਦੀ ਜਾਂਚ ਚੱਲ ਰਹੀ ਹੈ ਅਤੇ ਮਰਯਾਦਾ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਜਾਂ ਜਾ ਰਹੀ ਹੈ।
ਹੋਣਾ ਕੀ ਚਾਹੀਦਾ ਹੈ ਕਿ ਜੇਕਰ ਪਾਵਨ ਸਰੂਪ ਅਜਿਹੀ ਜਗ੍ਹਾ ਮਿਲਦੇ ਹਨ ਜਿੱਥੇ ਉਹ ਪੂਰਨ ਮਰਯਾਦਾ ਅਤੇ ਸਤਿਕਾਰ ਨਾਲ ਸੁਸ਼ੋਭਿਤ ਹਨ ਤਾਂ ਉਨ੍ਹਾਂ ਸਬੰਧੀ ਜਾਣਕਾਰੀ ਸ਼੍ਰੋਮਣੀ ਕਮੇਟੀ ਪਾਸੋਂ ਤਸਦੀਕ ਕਰਨ ਉਪਰੰਤ ਰਿਕਾਰਡ ਕਾਇਮ ਕੀਤਾ ਜਾਵੇ, ਪਰੰਤੂ ਪਾਵਨ ਸਰੂਪ ਜਿੱਥੇ ਹਨ ਉੱਥੇ ਹੀ ਰਹਿਣ ਅਤੇ ਸੰਗਤ ਨੂੰ ਤੋੜਿਆ ਨਾ ਜਾਵੇ।
ਜੇਕਰ ਪਾਵਨ ਸਰੂਪ ਕਿਤੇ ਅਜਿਹੀ ਜਗ੍ਹਾ ਹੈ ਜਿੱਥੇ ਮਰਯਾਦਾ ਦੀ ਉਲੰਘਣਾ ਹੈ ਅਤੇ ਸਤਿਕਾਰ ਵਿੱਚ ਕਮੀ ਹੈ ਤਾਂ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕਰਕੇ ਉੱਥੋਂ ਪਾਵਨ ਸਰੂਪ ਸਿੱਖ ਸੰਸਥਾ ਦੇ ਪ੍ਰਬੰਧ ਵਾਲੇ ਕਿਸੇ ਨੇੜਲੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤੇ ਜਾਣੇ ਚਾਹੀਦੇ ਹਨ। ਸਬੰਧਤਾਂ ਵਿਰੁੱਧ ਮਰਯਾਦਾ ਦੀ ਉਲੰਘਣਾ ਦੀ ਬਣਦੀ ਕਾਰਵਾਈ ਕੀਤੀ ਜਾਵੇ। ਮਰਯਾਦਾ ਵਿਹੂਣੀ ਥਾਂ ਉੱਤੇ ਜਿਨ੍ਹਾਂ ਪਾਸੋਂ ਪਾਵਨ ਸਰੂਪ ਮਿਲੇ ਹੋਣ ਉਨ੍ਹਾਂ ਪਾਸੋਂ ਇਹ ਜਾਣਕਾਰੀ ਤਸਦੀਕ ਕੀਤੀ ਜਾਵੇ ਕਿ ਉਨ੍ਹਾਂ ਪਾਵਨ ਸਰੂਪ ਕਿਵੇਂ ਹਾਸਲ ਕੀਤੀ, ਜੇਕਰ ਕੜੀ ਮਾਮਲੇ ਵਿੱਚ ਦੋਸ਼ੀ ਅਧਿਕਾਰੀਆਂ/ਮੁਲਾਜ਼ਮਾਂ ਨਾਲ ਜੁੜਦੀ ਹੈ ਤਾਂ ਬਿਆਨ ਦਰਜ ਕਰਕੇ ਰਿਕਾਰਡ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਅਗਲੀ ਕਾਰਵਾਈ ਸਮਾਂ ਆਉਣ ਉੱਤੇ ਅਮਲ ਵਿੱਚ ਲਿਆਂਦੀ ਜਾ ਸਕੇ।

~ਜਸਕਰਨ ਸਿੰਘ